ਪੰਨਾ:ਅੱਜ ਦੀ ਕਹਾਣੀ.pdf/5

ਇਹ ਸਫ਼ਾ ਪ੍ਰਮਾਣਿਤ ਹੈ

ਪਰਵੇਸ਼

ਮੈਂ ਗਿਆਨੀ ਜਸਵੰਤ ਸਿੰਘ ਜੀ ਦੀਆਂ ਕਹਾਣੀਆਂ ਕਈ ਸਾਲਾਂ ਤੋਂ ਸੁਣਦਾ ਹਾਂ, ਓਦੋਂ ਤੋਂ ਜਦੋਂ ਇਨ੍ਹਾਂ ਪਹਿਲੀ ਵਾਰੀ 'ਵੇਸਵਾ ਕਿ ਭੈਣ' ਨਾਂ ਦੀ ਕਹਾਣੀ ਗਿਆਨੀ ਜਮਾਤ ਦੀ ਹਫ਼ਤਾ ਵਾਰ ਮੀਟਿੰਗ ਵਿਚ ਸੁਣਾਈ। ਮੈਂ ਉਸ ਵੇਲੇ ਵੇਖਿਆ ਕਿ ਸਾਦੀ ਬੋਲੀ ਵਿਚ ਨਵੇਂ ਪਲਾਟ ਦਸਣ ਦਾ ਕੁਝ ਕੁਦਰਤੀ ਜਿਹਾ ਝੁਕਾ ਇਸ ਨੌਜਵਾਨ ਵਿਚ ਹੈ। ਅਜ ਕਈ ਸਾਲ ਬਾਹਦ ਉਹ ਤੇ ਹੋਰ ਕਈ ਨਵੀਆਂ ਕਹਾਣੀਆਂ ਕਿਤਾਬੀ ਸ਼ਕਲ ਵਿਚ ਪੇਸ਼ ਹੋਈਆਂ ਵੇਖ ਕੇ ਮੈਨੂੰ ਬੜੀ ਖੁਸ਼ੀ ਹੋਈ ਹੈ। ਮੈਂ ਇਨ੍ਹਾਂ ਕਹਾਣੀਆਂ ਨੂੰ ਮੁਢੋਂ ਲੈ ਕੇ ਅਖ਼ੀਰ ਤਕ, ਸਾਰੀਆਂ ਨੂੰ ਨਵੇਂ ਸਿਰੇ ਪੜ੍ਹਿਆ ਹੈ। ਤੇ ਇਕੋ ਵਾਰੀ ਬਹਿ ਕੇ ਸਾਰੀਆਂ ਕਹਾਣੀਆਂ ਮੁਕਾ ਕੇ ਉਠਿਆ ਹਾਂ, ਮੇਰੀ ਨਜ਼ਰ ਵਿਚ ਇਹੋ ਇਕ ਗਲ ਇਨ੍ਹਾਂ ਕਹਾਣੀਆਂ ਦੇ ਆਮ ਪ੍ਰਚਲਤ ਹੋਣ ਦੀ ਉਮੈਦ ਦਵਾਂਈ ਹੈ। ਪੰਜਾਬੀ ਦਾ ਆਮ ਪਾਠਕ ਕਹਾਣੀਆਂ ਤੋਂ ਕੇਵਲ ਏਨੀ ਮੰਗ ਕਰਦਾ ਹੈ ਕਿ ਉਹ ਉਸ ਦਾ ਦਿਲ ਲਾਈ ਰਖਣ। ਏਸ ਘਸਵੱਟੀ ਤੇ ਆ ਕੇ ਕਈ ਉਚ ਦਰਜੇ ਦੀਆਂ ਸਾਹਿਤਕ ਕਹਾਣੀਆਂ ਪੰਜਾਬੀ ਦੇ ਆਮ ਅਧਪੜ੍ਹ ਤੇ ਥਕੇ ਟੁਟੇ ਪਾਠਕ ਨੂੰ ਫਿਕੀਆਂ ਲੀਕਾਂ ਜਾਪਣ ਲਗ ਪੈਂਦੀਆਂ ਹਨ। ਉਨ੍ਹਾਂ ਦੇ ਪਾਸੇ ਦਾ ਸੋਨਾ ਹੋਣ ਵਿਚ ਤਾਂ ਸ਼ੱਕ ਨਹੀਂ, ਪਰ ਘਸਵੱਟੀ ਤੇ ਸਰਾਫ਼ ਦੀ ਮੰਗ ਹੀ ਜਦ ਹੋਰ ਕੁਝ ਹੋਵੇ ਤਾਂ ਕੀ ਕੀਤਾ ਜਾਵੇ ?

ਇਹ ਸਭੇ ਕਹਾਣੀਆਂ ਇਕ ਤਾਂ ਬਹੁਤ ਛੋਟੀਆਂ ਛੋਟੀਆਂ ਹਨ ਇਸ ਲਈ ਵਧ ਤੋਂ ਵਧ ਰੁਝੇਵੇਂ ਵਾਲਾ ਮਨੁੱਖ ਭੀ ਇਨ੍ਹਾਂ ਨੂੰ ਪੜ੍ਹਨਾ ਸ਼ੁਰੂ ਕਰਨ ਦਾ ਹੌਸਲਾ ਕਰ ਲੈਂਦਾ ਹੈ। ਲੇਖਕ ਨੇ ਨਜ਼ਾਰਿਆਂ ਜਾਂ ਪਾਤਰਾ ਦੀ ਸ਼ਕਲ ਸੂਰਤ ਜਾਂ ਪਿਛੋਕੜ ਦਾ ਬਿਆਨ ਕਰ ਕੇ ਉਨ੍ਹਾਂ ਦੀਆਂ ਲਫਜ਼ੀ ਤਸਵੀਰਾਂ ਸਾਨੂੰ ਨਹੀਂ ਵਿਖਾਈਆਂ। ਲੇਖਕ ਤਾਂ ਇਕ ਅੰਗੀ ਨਾਟਕਾਂ