ਪੰਨਾ:ਅੱਗ ਦੇ ਆਸ਼ਿਕ.pdf/145

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਇਹ ਗੱਲਾਂ ਕਰਨ ਵਾਲੇ ਲੋਕਾਂ ਦੇ ਪਿਛੇ, ਹੱਥ ਵਿਚ ਪਾਣੀ ਦੀ ਗੜਵੀ ਫੜੀ ਅਮਰ ਵਿਰੜ੍ਹੇ ਕਰਦੀ ਜਾਂਦੀ ਸੀ!

'ਮੇਰੇ ਪੁੱਤ ਦੇ ਦੁਸ਼ਮਣੋ!......ਬਾਬਾ ਵਜੀਦਪੁਰ ਆਲਾ ਪਛਾਣੇ ਤੁਹਾਨੂੰ!!... ਤੁਹਾਡਾ ਕੱਖ ਨਾ ਰਵੇ, ਵੇ ਮੇਰੇ ਪੁੱਤ ਦੇ ਵਹੀਓ!!! ਹਾਏ, ਤੂੰ ਵੀ ਨਾ ਮੁੜਓਂ ਮੇਰੇ ਸਿਰ ਦਿਆਂ ਸਾਈਂਆਂ!!! ਉਹਦੇ ਕਿਰੂੰ ਕਿਰੂੰ ਕਰਦੇ ਸਰੀਰ ਨੂੰ, ਉਹਦੇ ਪੈਰ ਬਦੋ-ਬਦੀ ਧੂਹੀ ਲਈ ਜਾਂਦੇ ਲਗਦੇ ਸਨ।

ਲੋਕਾਂ ਦਾ ਹਜੂਮ ਜਿਵੇਂ ਗ਼ਮ ਤੇ ਗੁੱਸੇ ਦਾ ਹੜ। ਤੁਰੇ ਜਾਂਦੇ, ਨਿੱਕੀਆਂ ਨਿੱਕੀਆਂ ਗੱਲਾਂ ਨਾਲ ਮਨੋ-ਭਾਵਨਾ ਕਢਦੇ ਉਹ ਹਸਪਤਾਲ ਪਹੁੰਚ ਗਏ।

ਡਾਕਟਰ ਨੇ ਖੂਨ ਮੰਗਿਆ ਤਾਂ ਹਰ ਇਕ ਦਾ ਜਿਵੇਂ ਅੰਗ ਅੰਗ ਖੂਨ ਦੇਣ ਲਈ ਫਰਕ ਉਠਿਆ ਹੋਵੇ।

ਹਸਪਤਾਲ ਖਲੋਤੇ ਲੋਕਾਂ ਨੂੰ ਛਾਹ-ਵੇਲਾ ਹੋ ਗਿਆ। 'ਪੁਲਿਸ ਨੂਰਾਂ ਨੂੰ ਚੁਕ ਖੜਿਆ।' ਨੂਰ ਪੁਰ ਤੋਂ ਦੌੜ ਕੇ ਆਇਆ ਇਕ ਫੌਜੀ ਇਹ ਮਨਹੂਸ ਸੁਨੇਹਾ ਅਮਰੋ ਨੂੰ ਦੇ ਰਿਹਾ ਸੀ। 'ਗਡੀਓ ਉਤਰ ਕੇ ਜਦੇ ਘਰ ਪਹੁੰਚਾ, ਜਦੇ ਕੇਸਰੋ ਨੇ ਇਹ ਗਲ ਦਸੀ, ਮੈਂ ਡੱਬਲ ਲਾ ਕੇ ਏਥੇ ਆ ਗਿਆ ਸਾਹਬ।' ਸਾਹੋ ਸਾਹੀ ਹੋਇਆ ਬੀਰਾ ਆਪਣੀ ਵਾਹੀ ਜਾ ਰਿਹਾ ਸੀ ਅਤੇ ਲੋਕ ਬਿੱਟ ਬਿੱਟ ਉਹਦੇ ਮੂੰਹ ਵਲ ਝਾਕ ਰਹੇ ਸਨ। ਅਮਰੋ ਕਲੇਜਾ ਘੁੱਟ ਕੇ ਬਹਿ ਗਈ। ਗੁਸੇ ਵਿਚ ਲੋਕਾਂ ਦੀਆਂ ਮੁੱਠੀਆਂ ਪੀੜ੍ਹੀਆਂ ਗਈਆਂ। ਉਹਨਾਂ ਨੂੰ ਆਪਣਾ ਖੂਨ ਰਗਾਂ

ਵਿਚ ਦੋੜਦਾ ਪ੍ਰਤੀਤ ਹੋ ਰਿਹਾ ਸੀ ਅਤੇ ਕੰਵਰ ਦੀ ਘਿਨੌਣੀ ਸ਼ਕਲ ਉਹਨਾਂ ਦੀਆਂ ਅੱਖਾਂ ਅਗੋਂ ਦੀ ਲੰਘ ਰਹੀ ਸੀ।

੧੪੦