ਪੰਨਾ:ਅੰਧੇਰੇ ਵਿਚ.pdf/137

ਇਹ ਸਫ਼ਾ ਪ੍ਰਮਾਣਿਤ ਹੈ

ਉਸਦੇ ਹੱਥ ਪੈਰ ਸੁੱਜ ਗਏ ਤਾਂ ਗੁਣੇਇੰਦ੍ਰ ਨੂੰ ਬੜੀ ਚਿੰਤਾ ਹੋਈ। ਉਸ ਦਿਨ ਸਲੋਚਨਾ ਨੇ ਵੀ ਗੁਣੇਇੰਦ੍ਰ ਨੂੰ ਇਕੇਲਿਆਂ ਵੇਖ ਕੇ ਆਖਿਆ ਕਿਓਂ ਵਾਧੂ ਕੋਸ਼ਸ਼ ਕਰ ਰਹੇ ਹੋ ਬੇਟਾ, ਘੱਟੀਆਂ ਦੇ ਦਾਰੂ ਕਿੱਥੇ? ਮੈਨੂੰ ਹੁਣ ਸ਼ਾਂਤੀ ਨਾਲ ਤੁਰ ਜਾਣ ਦਿਓ।

ਗੁਣੇਇੰਦ੍ਰ ਨੇ ਅਥਰੂ ਰੋਕ ਦਿਆਂ ਹੋਇਆਂ ਆਖਿਆ, 'ਮਾਂ ਐਨਾ ਦਿਲ ਕਿਉਂ ਛਡ ਦਿਤਾ ਹੈ, ਜਦ ਤਕ ਸਾਸ ਤਦ ਤਕ ਆਸ ਪ੍ਰਮਾਤਮਾ ਦੇ ਘਰ ਕੀ ਘਾਟਾ ਹੈ, 'ਪ੍ਰਭ ਭਾਵੇ ਬਿਨ ਸਾਸ ਦੇ ਰਾਖੇ।'

‘ਮਾਂ’ ਨੇ ਕਿਹਾ, ਬਚਾ ਤੂੰ ਹੀ ਦੱਸ ਹੁਣ ਮੈਂ ਜੀਉਣ ਦੀ ਆਸ ਕਿਸ ਲਈ ਬੰਨ੍ਹਾਂ, ਮੇਰੇ ਪਾਸ ਰਹਿ ਕੀ ਗਿਆ ਹੈ? ਗੁਣੇਇੰਦ੍ਰ ਸਿਰ ਨੀਵਾਂ ਪਾਈ ਚੁਪ ਚਾਪ ਬੈਠਾ ਰਿਹਾ।

{{gap}ਸਲੋਚਨਾ ਨੇ ਆਖਿਆ, 'ਬੱਚਾ ਮੈਂ ਨਿਆਣੀ ਨਹੀਂ ਮੈਂ ਜਿਹੜਾ ਪਾਪ ਕੀਤਾ ਹੈ ਇਹ ਮੈਨੂੰ ਅੰਦਰ ਹੀ ਅੰਦਰ ਸਾੜ ਰਿਹਾ ਹੈ।'

ਕੁਝ ਚਿਰ ਚੁਪ ਰਹਿਕੇ ਫੇਰ ਬੋਲੀ, ਇਕ ਗਲ ਮੈਨੂੰ ਸੱਚ ਸੱਚ ਦਸਣਾ, ਗੁਣੀ! ਮੈਂ ਸਮਝਦੀ ਹਾਂ ਕਿ ਕਿਸੇ ਦਿਨ ਤੂੰ ਮੇਰੀ ਹੇਮ ਨੂੰ ਪਿਆਰ ਕਰਦਾ ਸੈਂ। ਇਕ ਵਾਰ ਫੇਰ ਕੋਸ਼ਸ਼ ਕਰਕੇ ਉਹਨੂੰ ਫੇਰ ਪਿਆਰ ਨਹੀਂ ਕਰ ਸਕਦਾ?

ਗੁਣੇਇੰਦ੍ਰ ਨੇ ਸਿਰ ਨੀਵਾਂ ਪਾਈ ਕਿਹਾ, ਉਹਨਾਂ ਨੂੰ ਤਾਂ ਮੈਂ ਚਰੋਕਣਾ ਹੀ ਪਿਆਰ ਕਰਦਾ ਸਾਂ। ਹੁਣ ਵੀ ਕਰਦਾ ਹਾਂ ਤੇ ਅਗੇ ਨੂੰ ਵੀ ਕਰਦਾ ਰਹਾਂਗਾ। ਮਾਂ ਤੂੰ ਉਸਦਾ ਫਿਕਰ ਨ ਕਰ, ਮੇਰੇ ਜੀਊਦਿਆਂ ਉਹਨੂੰ ਕੋਈ ਤਕਲੀਫ ਨਹੀਂ ਹੋਵੇਗੀ।

ਸਲੋਚਨਾ ਨੇ ਆਖਿਆ, ਇਹ ਮੈਂ ਜਾਣਦੀ ਹਾਂ। ਚੰਗਾ ਤੁਹਾਡੇ ਦੋਹਾਂ ਵਾਸਤੇ ਮੇਰਾ ਇਕ ਆਖਰੀ ਸੁਨੇਹਾ ਹੈ।