ਪੰਨਾ:ਅੰਧੇਰੇ ਵਿਚ.pdf/134

ਇਹ ਸਫ਼ਾ ਪ੍ਰਮਾਣਿਤ ਹੈ

(੧੪੮)

ਨ ਮੰਨਿਆਂ ਉਹਨੂੰ ਕਲਕੱਤੇ ਜ਼ਰੂਰੀ ਕੰਮ ਸੀ ਸੋ ਜਾ ਨ ਸਕਿਆ।

ਮਧੂਪੁਰ ਜਾ ਕੇ ਸਲੋਚਨਾ ਥੋੜਿਆਂ ਹੀ ਦਿਨਾਂ ਵਿਚ ਨੌਂ ਬਰਨੌਂ ਹੋ ਗਈ। ਨਵਦੀਪ ਤੇ ਕਲਕੱਤੇ ਉਹਨੇ ਚਿੱਠੀਆਂ ਪਾਈਆਂ। ਉਹਨੇ ਲਿਖਿਆ, ਮਾਘ ਦੇ ਅਖੀਰ ਤਕ ਮੈਂ ਕਲਕੱਤੇ ਵਾਪਸ ਆ ਜਾਵਾਂਗੀ।

ਪਿਛਲੇ ਸਾਲ ਫੱਗਣ ਸੁਦੀ ਦਸਵੀਂ ਨੂੰ ਹੇਮ ਦਾ ਵਿਆਹ ਹੋਇਆ ਸੀ, ਸਾਲ ਪਿਛੋਂ ਫੱਗਣ ਸੁਦੀ ਦਸਵੀਂ ਫੇਰ ਆ ਗਈ। ਸਹਿ ਸੁਭਾ ਉਹ ਗਲ ਚੇਤੇ ਆਉਂਦਿਆਂ ਗੁਣੇਇੰਦ੍ਰ ਦਾ ਧਿਆਨ ਕਿਤਾਬ ਵਿਚੋਂ ਉਲਟ ਗਿਆ। ਮੂੰਹ ਚੁਕ ਕੇ ਉਦਾਸ ਜਹੀ ਨਜ਼ਰ ਨਾਲ ਬੂਹੇ ਤੋਂ ਬਾਹਰ ਵੇਖਣ ਲੱਗ ਪਿਆ। ਏਨੇ ਚਿਰ ਨੂੰ ਪਿਛਲੇ ਦਰਵਾਜੇ ਥਾਣੀ ਨਵੇਂ ਚੌਕੀ ਦਾਰ ਨੇ ਆਕੇ ਆਖਿਆ, 'ਬਾਬੂ ਜੀ ਜਰੂਰੀ ਤਾਰ ਆਇਆ ਹੈ'।

ਗੁਣੇਇੰਦ੍ਰ ਨੇ ਵੇਖਿਆ ਚੌਕੀਦਾਰ ਡਾਕੀਏ ਨੂੰ ਨਾਲ ਹੀ ਲੈ ਆਇਆ ਹੈ। ਡਾਕੀਏ ਨੇ ਲਫਾਫਾ ਦੇਕੇ ਬਾਬੂ ਜੀ ਦੇ ਦਸਖਤ ਲਏ ਤੇ ਸਲਾਮ ਕਰਕੇ ਚਲਿਆ ਗਿਆ।

ਗੁਣਇੰਦ੍ਰ ਨੂੰ ਤਾਰ ਪੜ੍ਹਕੇ ਬਹੁਤ ਹਰਿਆਨੀ ਹੋਈ। ਹੇਮ ਨੇ ਆਖਿਆ ਸੀ ਕਿ ਉਹ ਆ ਰਹੀ ਹੈ। ਤਿੰਨ ਚਾਰ ਵਜੇ ਹਾਵੜਾ ਸਟੇਸ਼ਨ ਤੇ ਗੱਡੀ ਭੇਜ ਦਿੱਤੀ ਜਾਵੇ। ਕਿਉਂ ਆ ਰਹੀ ਹੈ? ਨਾਲ ਕੌਣ ਹੈ? ਇਕੱਲੀ ਹੈ ਜਾਂ ਕਿਸ਼ੋਰੀ ਬਾਬੂ ਵੀ ਹਨ? ਉਹ ਦੀ ਸਮਝ ਵਿਚ ਕੁਝ ਵੀ ਨ ਆਇਆ। ਘਰ ਵਿਚ ਇਸਤ੍ਰੀ ਕੋਈ ਨਹੀਂ ਹੈ ਕਿਉਂਕਿ ਸਲੋਚਨਾ ਮਧੂ ਪੁਰ ਚਲੀ ਗਈ ਸੀ। ਇਸ ਕਰਕੇ