ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/89

ਇਹ ਸਫ਼ਾ ਪ੍ਰਮਾਣਿਤ ਹੈ

ਹੈ। ਅਜਿਹੀ ਚੋਣ ਲਈ ਫ਼ੈਸਲਾ (Decision) ਉਸਨੂੰ ਆਪਣੀ ਸੁਤੰਤਰਤਾ (Freedom) ਨਾਲ ਲੈਣਾ ਬਣਦਾ/ਪੈਂਦਾ ਹੈ। ਫਿਰ ਜੋ ਚੋਣ ਕਰ ਲਈ ਉਸਤੇ ਅਮਲ (Act) ਕਰਨਾ ਪੈਂਦਾ ਹੈ। ਆਪਣੇ ਕਾਰਜ (Act) ਦੇ ਨਤੀਜਿਆਂ ਦੀ ਜ਼ਿੰਮੇਵਾਰੀ (Responsibility) ਉਸਦੀ ਹੁੰਦੀ ਹੈ। ਉਹ ਇਨ੍ਹਾਂ ਨਤੀਜਿਆਂ ਦੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦਾ। ਅਸਤਿਤਵਵਾਦੀਆਂ ਦਾ ਨਾਅਰਾ ਹੈ 'No Excuse’ ਅਰਥਾਤ ਕੋਈ 'ਬਹਾਨੇਬਾਜ਼ੀ ਨਹੀਂ।'

ਅਸਤਿਤਵਵਾਦੀ ਦ੍ਰਿਸ਼ਟੀ ਤੋਂ ਰੱਬ ਵਾਂਗ ਸਾਹਿਤਕਾਰ ਵੀ ਸਿਰਜਕ ਹੈ। ਕੁਦਰਤ ਨੇ ਬੰਦੇ ਦੀ ਸਿਰਜਨਾ ਕੀਤੀ ਹੈ। ਇਸੇ ਪ੍ਰਕਾਰ ਸਾਹਿਤਕਾਰ ਆਪਣੇ ਪਾਤਰਾਂ ਦੀ ਸਿਰਜਨਾ ਕਰਦਾ ਹੈ। ਉਨ੍ਹਾਂ ਦੇ ਵਿਚਰਨ ਲਈ ਵਿਸ਼ੇਸ਼ ਪਰਿਸਥਿਤੀ ਸਿਰਜਦਾ ਹੈ। ਜਿਸ ਪਰਿਸਥਿਤੀ ਵਿੱਚ ਉਹ ਆਪਣੇ ਪਾਤਰਾਂ ਨੂੰ ਸੁੱਟਦਾ ਹੈ। ਉਹ ਉਨ੍ਹਾਂ ਦੀ ਫੈਕਟੀਸਿਟੀ ਹੈ। ਇਹ ਫੈਕਟੀਸਿਟੀ ਪਾਤਰ ਲਈ ‘ਗਿਵਨ’ ਹੈ। ਪਾਤਰਾਂ ਅੱਗੇ ਅਨੇਕ ਬਦਲ (ਸੰਭਾਵਨਾਵਾਂ) ਹੁੰਦੀਆਂ ਹਨ। ਉਨ੍ਹਾਂ ਅਨੇਕ ਸੰਭਾਵਨਾਵਾਂ ਵਿੱਚੋਂ ਉਹ ਆਪਣੇ ਸੁਤੰਤਰ ਫ਼ੈਸਲੇ ਨਾਲ ‘ਚੋਣ' ਕਰਦੇ ਹਨ। ਉਸ ਚੋਣ ਵਿੱਚ ਉਹ 'ਅਮਲ' ਕਰਦੇ ਹੋਏ ਇਸ ਚੋਣ ਦੇ ਨਤੀਜਿਆਂ ਲਈ ਜ਼ਿੰਮੇਵਾਰ ਹੁੰਦੇ ਹਨ। ਇਸ ਸਾਰੀ ਪ੍ਰਕਿਰਿਆ ਵਿੱਚ ਉਹ ਆਪਣੇ ਅਸਤਿਤਵ ਨੂੰ ਪ੍ਰਮਾਣਿਕ ਬਣਾਉਂਦੇ ਜਾਂ ਅਪ੍ਰਮਾਣਿਕ ਬਣਾਉਂਦੇ ਹਨ। ਇਹੋ ਹੈ ਅਸਤਿਤਵਵਾਦੀ ਆਲੋਚਨਾ ਦਾ ਮੁਢਲਾ ਉਦੇਸ਼।

ਦੂਜਾ ਨੁਕਤਾ ਹੈ ਵਿਅਕਤੀ/ਪਾਤਰ ਦਾ ਦੂਸਰੇ ਹੋਰ ਪਾਤਰਾਂ ਨਾਲ ਆਪਸੀ ਵਿਵਹਾਰ ਕਿਉਂਕਿ ਅਸਤਿਤਵਵਾਦ 'ਮੈਂ-ਵਾਦ’ (Solipsism) ਨਹੀਂ ਹੈ। 'ਮੈਂ-ਵਾਦ’ ਦੀ ਧਾਰਨਾ ਸਾਰੇ ਹੀ ਅਸਤਿਤਵਵਾਦੀ ਰੱਦ ਕਰ ਚੁੱਕੇ ਹਨ। ਬੰਦੇ ਦਾ ਅਸਤਿਤਵ ਦੂਜਿਆਂ ਦੇ ਰੂ-ਬ-ਰੂ ਹੋਣ ਨਾਲ ਹੀ ਵਿਕਦਾ ਜਾਂ ਵਿਨਸਦਾ ਹੈ। ਅਸਤਿਤਵਵਾਦੀ ਵਿਅਕਤੀ ਦੇ ਪਰਿਵਾਰ, ਸਮਾਜ, ਕਮਿਊਨਿਟੀ ਨਾਲ ਸੰਬੰਧਾਂ ਦੀ ਕਾਰਜਸ਼ੀਲਤਾ ਵਿੱਚੋਂ ਹੀ ਅਸਤਿਤਵ ਨੂੰ ਸਮਝਦੇ ਹਨ। ਸਾਰਤਰ ਨੇ ਸਾਫ਼ ਐਲਾਨ ਕੀਤਾ ਕਿ Existentialism is Humanism ਇਉਂ ਅਸਤਿਤਵਵਾਦੀ ਆਲੋਚਨਾ ਸਾਹਿਤਕ ਰਚਨਾਵਾਂ ਵਿੱਚੋਂ ਪਾਤਰਾਂ ਨੂੰ ਆਪਸੀ ਸੰਬੰਧਾਂ ਅਨੁਸਾਰ ਸਮਝਦੀ ਹੈ। ਪਾਤਰਾਂ ਦੇ ਕੰਮਾਂ, ਕਾਰਜਾਂ ਜਾਂ ਵਿਹਾਰਾਂ ਨੂੰ ਸਮੁੱਚ ਦੇ ਰੂਪ ਵਿੱਚ ਸਮਝਣਾ ਪੈਂਦਾ ਹੈ।

ਅਸਤਿਤਵਵਾਦੀ ਆਲੋਚਨਾ ਦੀ ਮੁੱਖ ਵਿਧੀ ਹੈ ਘਟਨਾ ਕਿਰਿਆ ਵਿਗਿਆਨ (Phenomenology) ਜਿਸਦਾ ਬਾਨੀ ਐਡਮੰਡ ਹੁਸਰਲ ਹੈ। ਉਸ ਦੀ ਧਾਰਣਾ ਚੇਤਨਾ ਦੇ ਕਾਰਜਾਂ (Acts of consciousness) ਵਿੱਚ ਨਿਹਿਤ ਹੈ ਅਤੇ ਉਹ ਪੂਰਵ ਧਾਰਣਾਵਾਂ ਦੀ ਬਰੈਕਟਿੰਗ ਕਰਨ ਦੇ ਹੱਕ ਵਿੱਚ ਹੈ ਪਰ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 89