ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/72

ਇਹ ਸਫ਼ਾ ਪ੍ਰਮਾਣਿਤ ਹੈ

ਰਾਜਾਂ (Totalitarianism) ਵਿੱਚ ਵਿਅਕਤੀ ਨੂੰ ਵਿਅਕਤਿਤਵਹੀਣ ਕਰਨ ਦਾ ਬੋਲ-ਬਾਲਾ ਹੁੰਦਾ ਹੈ। ਲੋਕਰਾਜ ਆਪਣੇ ਪ੍ਰਸ਼ੰਸਾਯੋਗ ਗੁਣਾਂ ਸਮੇਤ ਵੀ ਵਿਅਕਤਿਤਹੀਣਤਾ ਦਾ ਅੰਸ਼ ਪੈਦਾ ਕਰ ਦਿੰਦਾ ਹੈ। ਬੇਸ਼ਕ ਵੀਹਵੀਂ ਅਤੇ ਇੱਕੀਵੀਂ ਸਦੀਆਂ ਨੂੰ ਆਮ ਬੰਦੇ ਦੀਆਂ ਸਦੀਆਂ ਕਿਹਾ ਜਾਂਦਾ ਹੈ ਪਰ ਸਵਾਲ ਪੈਦਾ ਹੁੰਦਾ ਹੈ ਕਿ ਇਨ੍ਹਾਂ ਵਿੱਚ ਆਮ ਬੰਦੇ ਦੇ ਹੱਕਾਂ ਅਤੇ ਉਸਦੇ ਅਸਤਿਤਵ ਦੀ ਬੁਲੰਦੀ ਕੀਤੀ ਜਾਂਦੀ ਹੈ ਜਾਂ ਸਾਰੇ ਬੰਦਿਆਂ ਨੂੰ ਇੱਕ ਪੱਧਰ 'ਤੇ ਲਿਆ ਕੇ ਸਮੂਹਕ ਅਸਤਿਤਵ ਦੀ ਔਸਤ ਇਕਸਾਰਤਾ ਪੈਦਾ ਕੀਤੀ ਜਾਂਦੀ ਹੈ। ਪਰ ਚੇਤੇ ਰੱਖਣਾ ਬਣਦਾ ਹੈ ਜ਼ਿਆਦਾ ਵਿਅਕਤੀਵਾਦ ਵੀ ਅਵਿਅਕਤਕ ਸਮੂਹਕਤਾ ਨਾਲੋਂ ਕਿਤੇ ਵੱਧ ਗੈਰ ਜ਼ਿੰਮੇਵਾਰ ਹੋ ਨਿਬੜਦਾ ਹੈ। ਅਸਤਿਤਵਵਾਦ ਹੋਰਨਾਂ ਨਾਲ ਮਿਲਕੇ ਚਲਣ ਵਿੱਚ ਹੀ ਹੈ। ਕਈ ਵਾਰ ਬੰਦੇ ਖੁਦ ਵੀ ਭੀੜ ਦਾ ਅੰਗ ਇਸ ਲਈ ਬਣਦੇ ਹਨ ਤਾਂ ਕਿ ਉਹ ਕਿਸੇ ਨਿਜੀ ਜ਼ਿੰਮੇਵਾਰੀ ਤੋਂ ਮੁਕਤ ਰਹਿਣ।

ਗਿਰਾਵਟ (Fallenness)

ਮਨੁੱਖੀ ਹੋਂਦ ਦੀ ਤਥਾਤਮਕਤਾ (Facticity) ਉਸਦੀ ਸੰਭਾਵਨਾ ਨੂੰ ਸ਼ਰਤਬਧ ਕਰਦੀ ਹੈ। ਇਕ ਬੰਨੇ ਤਾਂ ਬੰਦਾ ਸੰਸਾਰਕ ਸਰੋਕਾਰ ਵਿੱਚ ਰੁੱਝਕੇ ਆਪਣੀ ਪਛਾਣ ਪੈਦਾ ਕਰਦਾ ਹੈ ਅਤੇ ਦੂਜੇ ਬੰਨੇ ਭੀੜ ਵਿੱਚ ਰਲ਼ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜਣਾ ਲੋਚਦਾ ਹੈ। ਆਪਣੀ ਰੋਜ਼ਾਨਾ ਗੱਲਬਾਤ ਵਿੱਚ ਉਹ ਅਸਤਿਤਵ ਦੀ ਵੰਗਾਰ ਤੋਂ ਆਪਾ ਛੁਪਾਉਂਦਾ ਹੈ। ਕਈ ਵਾਰ ਉਹ ਅਸਲੀਅਤ ਨੂੰ ਕਲਪਨਾ ਵਿੱਚ ਬਦਲਦਾ ਹੈ। ਅਜਿਹੀਆਂ ਸਥਿਤੀਆਂ ਗਿਰਾਵਟ ਦੇ ਸੰਕਲਪ ਅਧੀਨ ਵਿਚਾਰਨਯੋਗ ਹਨ। ਉਹ ਆਪਣੀਆਂ ਸੰਭਾਵਨਾਵਾਂ ਆਪਣੀਆਂ ਵਸਤੂਆਂ ਨਾਲ ਜੋੜ ਬਹਿੰਦਾ ਹੈ। ਇਵੇਂ ਸਮੂਹ ਦਾ ਅੰਗ ਬਣਕੇ ਕਈ ਵਾਰ ਉਹ ਆਪਣੀ ਸੋਚ ਦੀ ਵਰਤੋਂ ਕਰਨੀ ਛੱਡ ਦਿੰਦਾ ਹੈ ਅਤੇ ਭੇਡ ਚਾਲ ਵਾਂਗ ਭੀੜ ਦੇ ਮਗਰ ਟੁਰ ਪੈਂਦਾ ਹੈ। ਕਿਸੇ ਉਮੀਦਵਾਰ ਦੀ ਯੋਗਤਾ/ਅਯੋਗਤਾ ਪਰਖੇ ਬਿਨਾਂ ਭੀੜ ਵੱਲੋਂ ਪੈਦਾ ਕੀਤੀ ਹਵਾ ਅਨੁਸਾਰ ਵਸਤੂ ਬਣਕੇ ਵੋਟ ਪਾ ਦਿੰਦਾ ਹੈ। ਭੀੜ ਦਾ ਅੰਗ ਬਣਕੇ ਉਸਨੂੰ ਆਪਣੇ ਬਾਰੇ ਸੋਚਣ ਦੀ ਲੋੜ ਹੀ ਨਹੀਂ ਰਹਿੰਦੀ। ਬੰਦਾ ਲੁਭਾਵਣ (Temptation), ਸਬਰ (Contentment) ਅਤੇ ਬੇਗਾਨਗੀ (Alienation) ਦੀ ਬਣਤਰ ਦੁਆਰਾ ਵੀ ਗਿਰਾਵਟ ਵੱਲ ਜਾਂਦਾ ਹੈ। ਡਿੱਗਿਆ ਹੋਇਆ ਬੰਦਾ ਆਪਣੀਆਂ ਪ੍ਰਮਾਣਿਕ ਸੰਭਾਵਨਾਵਾਂ ਗੁਆ ਬਹਿੰਦਾ ਹੈ। ਜਿਤਨਾ ਵੱਧ ਉਹ ਦੁਨੀਆਂ ਵਿੱਚ ਗਰਕਦਾ ਹੈ, ਉਤਨਾ ਹੀ ਆਪਣੇ ਆਪ ਤੋਂ ਦੂਰ ਹੁੰਦਾ ਜਾਂਦਾ ਹੈ। ਭਾਰਾ ਪੱਥਰ ਵੀ ਪੂਰੀ ਰਫ਼ਤਾਰ ਨਾਲ ਹੀ ਡਿੱਗਦਾ ਹੈ। ਉਸਦਾ ਸਬਰ ਵੀ ਉਸਨੂੰ ਚੈਨ ਨਹੀਂ ਲੈਣ ਦਿੰਦਾ। ਪਰ ਬੰਦੇ ਦਾ ਡਿੱਗਣਾ, ਹਾਈਡਿਗਰ ਅਨੁਸਾਰ, ਗੇਂਦ ਵਾਂਗ ਨਹੀਂ। ਇਹ ਤਾਂ ਇਕ ਅਸਤਿਤਵਵਾਦੀ ਸੰਭਾਵਨਾ ਹੈ। ਹਾਈਡਿਗਰ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 72