ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/70

ਇਹ ਸਫ਼ਾ ਪ੍ਰਮਾਣਿਤ ਹੈ

ਲੋੜ ਹੈ। ਇਨ੍ਹਾਂ ਵਿੱਚ ਸਿੱਧਾਂਤਕ ਅਤੇ ਅਭਿਆਸ ਦੋਵਾਂ ਦਾ ਮਹੱਤਵ ਬਰਾਬਰ ਹੈ। ਭਾਵੇਂ ਮੈਨੂੰ ਕ੍ਰਿਕਟ ਦੀ ਖੇਡ ਦੇ ਨਿਯਮਾਂ ਦਾ ਪਤਾ ਹੈ ਪਰ ਮੈਂ ਧੋਨੀ ਜਾਂ ਸਚਿਨ ਤੇਂਦੁਲਕਰ ਵਾਂਗ ਨਹੀਂ ਖੇਡ ਸਕਦਾ। ਇਸ ਦੇ ਲਈ ਪ੍ਰਯੋਗੀ ਸਮਝ ਦੀ ਅਵੱਸ਼ਕਤਾ ਹੈ। ਨਿੱਕਾ ਬੱਚਾ ਹਰ ਚੀਜ਼ ਲਈ ਪ੍ਰਸ਼ਨ ਕਰਦਾ ਹੈ 'ਇਹ ਕਾਹਦੇ ਲਈ ਹੈ?' ਇਸ ਪ੍ਰਸ਼ਨ ਦਾ ਸਰੋਕਾਰ ਪ੍ਰਯੋਗੀ ਹੈ। ਨਿੱਕੇ ਬੱਚੇ ਨੂੰ ਸ਼ੀਸ਼ੀ ਵਿੱਚ ਦੁੱਧ ਵੇਖਕੇ ਨਿੱਪਲ ਮੂੰਹ ਵਿੱਚ ਪਾਉਣ ਦੀ ਸਮਝ ਹੁੰਦੀ ਹੈ ਭਾਵੇਂ ਉਸਨੂੰ ਇਹ ਨਹੀਂ ਪਤਾ ਕਿ ਨਿੱਪਲ ਜਾਂ ਸ਼ੀਸ਼ੀ ਕਿਸ ਸਮੱਗਰੀ ਦੀ ਬਣੀ ਹੋਈ ਹੈ। ਵਿਗਿਆਨਕ ਸਮਝ ਕਿਸੇ ਵੀ ਪ੍ਰਕਿਰਿਆ ਨੂੰ ਵਸਤਪਰਕ ਢੰਗ ਨਾਲ ਸਮਝਦੀ ਹੈ। ਹਾਈਡਿਗਰ ਸਿੱਧਾਂਤ ਅਤੇ ਅਭਿਆਸ ਨੂੰ ਬਹੁਤਾ ਨਹੀਂ ਨਿਖੇੜਦਾ। ਉਸ ਅਨੁਸਾਰ ਸਿੱਧਾਂਤ ਅਭਿਆਸ ਤੋਂ ਬਹੁਤਾ ਨਿਵੇਕਲਾ ਨਹੀਂ ਹੁੰਦਾ।

ਚਿੰਤਾ ਅਤੇ ਭੈਅ (Anxiety and Fear)

ਬੰਦਾ ਆਪਣੀ ਹੋਂਦ ਦਾ ਪ੍ਰਗਟਾਵਾ ਕੇਵਲ ਸਮਝ ਰਾਹੀਂ ਹੀ ਨਹੀਂ ਕਰਦਾ ਕਿਸੇ ਗੱਲ ਦੇ ਅਸਰ ਅਧੀਨ ਵੀ ਕਰਦਾ ਹੈ। ਸਾਰੀ ਸਮਝ ਪਿੱਛੇ ਕੋਈ ਨਾ ਕੋਈ ਭਾਵੁਕ ਮਨੋਦਸ਼ਾ ਹੁੰਦੀ ਹੈ। ਭਾਵੁਕਤਾ ਦੀ ਹਰ ਮਨੋਦਸ਼ਾ (ਮੂਡ) ਦੀ ਆਪੋ ਆਪਣੀ ਸਮਝ ਹੁੰਦੀ ਹੈ। ਭੌਤਿਕ ਤੌਰ ਤੇ (Ontically) ਅਸੀਂ ਸਾਰੀਆਂ ਮਨੋਦਸ਼ਾਵਾਂ ਤੋਂ ਵਾਕਫ਼ ਹਾਂ ਪਰ ਇਨ੍ਹਾਂ ਦਾ ਅਸਤਿਤਵਵਾਦੀ (Ontologically) ਵਿਸ਼ਲੇਸ਼ਣ ਕਰਨਾ ਬਣਦਾ ਹੈ। ਹਾਈਡਿਗਰ ਦਾ ਮੱਤ ਹੈ ਕਿ ਡਰ (Fear) ਇੱਕ ਅਪ੍ਰਮਾਣਿਕ ਮੂਡ ਹੈ। ਡਰ ਦਾ ਕਾਰਨ ਕੋਈ ਸੰਸਾਰਿਕ ਘਟਨਾ ਹੁੰਦੀ ਹੈ। ਪ੍ਰਮਾਣਿਕ ਅਸਤਿਤਵ ਨੂੰ ਕਦੇ ਕੋਈ ਡਰ ਨਹੀਂ ਹੁੰਦਾ। ਕਈ ਵਾਰ ਅਪ੍ਰਮਾਣਿਕ ਹੋਂਦ ਵਾਲਾ ਬੰਦਾ ਆਪਣੀ ਚਿੰਤਾ ਨੂੰ ਪ੍ਰਗਟ ਕਰਨੋਂ ਬਚਦਾ ਹੈ। ਚਿੰਤਾ ਵਿੱਚ ਬੰਦੇ ਨੂੰ ਆਪਣੀ ਸੰਭਾਵਨਾ ਅਤੇ ਜ਼ਿੰਮੇਵਾਰੀ ਦੇ ਸਨਮੁੱਖ ਹੋਣਾ ਪੈਂਦਾ ਹੈ। ਹਾਈਡਿਗਰ ਦੇ ਵਿਸ਼ਲੇਸ਼ਣ ਅਨੁਸਾਰ ਚਿੰਤਾ ਵਿੱਚ ਕੁੱਝ ਸ਼ਿਫਟ ਹੁੰਦੀ ਹੈ। ਇਹ ਸ਼ਿਫਟ ਸੰਭਾਵਨਾ ਤੋਂ ਮਨੁੱਖੀ ਅਸਤਿਤਵ ਦੀ ਤਥਾਤਮਕਤਾ ਵਿੱਚ ਬਦਲਦੀ ਹੈ। ਇਹੋ, ਵਿਦਵਾਨ ਲਈ, ਚਿੰਤਾ ਦਾ ਮੁਢਲਾ ਪ੍ਰਗਟਾਵਾ ਹੈ। ਚਿੰਤਾ ਵਾਲੇ ਬੰਦੇ ਦੇ ਮੂਡ ਵਿੱਚੋਂ ਉਸਦੀ ਜ਼ਿੰਮੇਵਾਰੀ ਪ੍ਰਗਟ ਹੁੰਦੀ ਹੈ। ਜਿਸਨੂੰ ਉਹ ਵਸ ਕਰਨ ਦੇ ਅਸਮਰਥ ਰਹਿੰਦਾ ਹੈ। ਡਰ ਦਾ ਉਦੇਸ਼ ਇੱਕ ਵਿਸ਼ੇਸ਼ ਦਿਸ਼ਾ ਅਤੇ ਸਥਿਤੀ ਵੱਲ ਹੁੰਦਾ ਹੈ ਜਿਸ ਵਿੱਚ ਡਰਿਆ (Dread) ਜਾਂਦਾ ਹੈ। ਚਿੰਤਾ ਤਾਂ ਇੰਜ ਪ੍ਰਗਟ ਕਰਦੀ ਹੈ ਕਿ ਬੰਦਾ ਸੰਸਾਰ ਵਿੱਚ ਪ੍ਰਸੰਨ ਨਹੀਂ। ਡਰ (read) 'ਮੇਰੇ' ਅੱਗੇ ਪ੍ਰਗਟਾਵਾ ਕਰਦਾ ਕਿ 'ਮੈਂ' ਸੰਸਾਰ ਵਿੱਚ ਮਰਨ ਲਈ ਘੱਲਿਆ ਗਿਆ ਹਾਂ।

ਤਥਾਤਮਕਤਾ (Facticity)

ਤਥਾਤਮਕਤਾ ਨਿਰੀ ਹੋਂਦ ਦੀ ਨਿਜਤਾ ਵਿੱਚੋਂ ਪੈਦਾ ਨਹੀਂ ਹੁੰਦੀ।

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 70