ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/63

ਇਹ ਸਫ਼ਾ ਪ੍ਰਮਾਣਿਤ ਹੈ

ਉਸਦੀ ਚੇਤਨਾ ਅੱਗੇ ਕੁਝ ਬਣਨ ਲਈ ਅਨੇਕਾਂ ਸੰਭਾਵਨਾਵਾਂ ਮੌਜੂਦ ਹੁੰਦੀਆਂ ਹਨ। ਇਨ੍ਹਾਂ ਸੰਭਾਵਨਾਵਾਂ ਵਿੱਚੋਂ ਉਹ ਕਿਸ ਸੰਭਾਵਨਾ ਦੀ ਚੋਣ ਕਰਦਾ ਹੈ, ਇਹ ਗੱਲ ਮਹੱਤਵ ਵਾਲੀ ਹੈ। ਇਸ ਚੋਣ ਵਿੱਚ ਬੰਦੇ ਦੀ ਨਿਜੀ ਵਿਲੱਖਣਤਾ ਭਾਗ ਲੈਂਦੀ ਹੈ ਜੋ ਉਸਦੀ ਨਿਜੀ ਲੋੜ ਵਿੱਚੋਂ ਪੈਦਾ ਹੁੰਦੀ ਹੈ। ਪ੍ਰਮਾਣਿਕ ਚੋਣ ਦੀ ਇਸ ਪ੍ਰਕਿਰਿਆ ਨੂੰ ਵਸਤੂਪਰਕ ਵਿਧੀ ਨਾਲ ਜਾਣਿਆ ਨਹੀਂ ਜਾ ਸਕਦਾ। ਬੰਦੇ ਦੇ ਸਵੈ ਨੇ ਆਪਣੀ ਸਥਿਤੀ ਵਿੱਚ ਜਿਹੜੀ ਚੋਣ ਕੀਤੀ, ਉਹ ਉਸਦੀ ਆਪਣੀ ਹੋਵੇਗੀ। ਕੋਈ ਚੋਣ ਬਿਨਾ ਫ਼ੈਸਲੇ ਤੋਂ ਨਹੀਂ ਹੋ ਸਕਦੀ, ਕੋਈ ਫੈਸਲਾ ਮਰਜ਼ੀ (ਇਰਾਦੇ) ਬਿਨਾਂ ਨਹੀਂ ਹੋ ਸਕਦਾ। ਸਵੈ ਤੋਂ ਬਿਨਾ ਕੋਈ ਫ਼ਰਜ਼ ਨਹੀਂ ਹੁੰਦਾ। ਇਸ ਫਾਰਮੂਲੇ ਅਨੁਸਾਰ ਵਿਅਕਤੀ ਦੀ ਚੋਣ ਉਸਦੀ ਆਪਣੀ ਹੁੰਦੀ ਹੈ। ਅਜਿਹੀ ਚੋਣ ਅਨੇਕਾਂ ਬਦਲਾਵਾਂ ਵਿੱਚ ਟਿੱਡੇ ਦੀ ਟਪੂਸੀ ਵਾਂਗ ਨਹੀਂ ਹੁੰਦੀ, ਇਹ ਬੰਦੇ ਦੇ ਅੰਦਰਲੀ ਆਵਾਜ਼ ਹੁੰਦੀ ਹੈ। ਇਹੋ ਚੋਣ ਫਿਰ ਆਪਣੇ ਨਿਸ਼ਾਨੇ ਵੱਲ ਅੱਗੇ ਵਧਦੀ ਹੈ।

ਸਵੈ-ਚੇਤਨਾ (Self-Consciousness)

ਜਦੋਂ ਬੰਦੇ ਦੀ ਸਵੈ-ਚੇਤਨਾ ਜਾਗਦੀ ਹੈ, ਉਹੀ ਉਸਦੀ ਸੁਤੰਤਰਤਾ ਹੁੰਦੀ ਹੈ। ਬੰਦਾ ਕੀ ਹੈ? ਉਸਨੂੰ ਉਸਦੇ ਸਰੀਰ, ਸਮਾਜ ਵਿੱਚ ਰੋਲ, ਉਸਦੇ ਕੰਮ, ਉਸਦੇ ਆਚਰਨ ਤੱਕ ਸੀਮਿਤ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਸਭ ਦੀ ਤਹਿ ਥੱਲੇ ਉਸਦੀ ਸੁਤੰਤਰਤਾ ਹੈ ਅਰਥਾਤ ਉਸਦੀਆਂ ਉਹ ਸੰਭਾਵਨਾਵਾਂ ਹਨ ਜੋ ਕੁੱਝ ਉਸਨੇ ਬਣਨਾ ਹੈ।

ਨਿਯਮ ਅਤੇ ਸੁਤੰਤਰਤਾ (Law and Liberty)

ਅਸਤਿਤਵਵਾਦੀ ਕਾਨੂੰਨ ਅਤੇ ਸੁਤੰਤਰਤਾ ਦੇ ਗੁੰਝਲਦਾਰ ਸੰਬੰਧਾਂ ਨਾਲ ਸਰੋਕਾਰ ਰੱਖਦੇ ਹਨ। ਉਹ ਨੈਤਿਕਤਾ ਦੇ ਮਿਆਰਾਂ, ਸਵੈ ਦੀ ਅਸਲੀਅਤ ਅਤੇ ਇਸਦੀਆਂ ਫੌਰੀ ਲੋੜਾਂ ਨਾਲ ਸਰੋਕਾਰ ਰੱਖਦੇ ਹਨ। ਚੋਣ ਕਰਦਿਆਂ ਸਵੈ ਆਪਣੀ ਸੁਤੰਤਰਤਾ ਤੋਂ ਜਾਣੂ ਹੁੰਦਾ ਹੈ। ਕਾਨੂੰਨ ਇਸ ’ਤੇ ਪਾਬੰਦੀ ਨਹੀਂ ਲਾਉਂਦਾ ਪਰ ਸਵੈ-ਪ੍ਰਾਪਤ ਸਥਿਤੀ ਵਿੱਚ ਬੰਦਾ ਆਪਣੇ ਸਵੈ ਨੂੰ ਢਾਲਦਾ ਹੈ। ਇੰਜ ਕਾਨੂੰਨ ਇੱਕ ਸਾਧਨ ਹੈ, ਵਿਚੋਲਾ ਹੈ, ਵਿਆਖਿਆ ਯੋਗ ਹੈ, ਘਟਾਇਆ ਨਹੀਂ ਜਾ ਸਕਦਾ, ਵਿਚਾਰ ਉਤਪਾਦਕ ਹੈ, ਹਾਕਮਾਨਾ ਨਹੀਂ। ਸਿਧਾਂਤਕ ਤੌਰ ਤੇ ਕਾਨੂੰਨ ਸਪਸ਼ਟਤਾ ਪ੍ਰਦਾਨ ਕਰ ਸਕਦਾ ਹੈ। ਪਰ ਨਿਜੀ ਫ਼ੈਸਲੇ ਨੂੰ ਠੀਕ ਸਿੱਧ ਨਹੀਂ ਕਰ ਸਕਦਾ।

ਅਟੱਲ ਸੀਮਾਵਾਂ (Inescapable limitations)

ਮਨੁੱਖੀ ਜੀਵਨ ਵਿੱਚ ਅਨੇਕਾਂ ਨਾ ਟਾਲੇ ਜਾ ਸਕਣ ਵਾਲੇ ਹਾਲਾਤ ਪੈਦਾ ਹੋ ਜਾਂਦੇ ਹਨ ਜਿਵੇਂ ਮੌਤ, ਬਿਮਾਰੀ, ਟਕਰਾਅ, ਭੁੱਲ ਆਦਿ। ਇਸ ਸੰਸਾਰ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 63