ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/61

ਇਹ ਸਫ਼ਾ ਪ੍ਰਮਾਣਿਤ ਹੈ

ਦਾ ਆਪਣਾ ਸੱਚ ਹੈ। ਹੀਗਲ ਭਵਿੱਖ ਦੇ ਰਾਜ ਨੂੰ ਸੱਚ ਮੰਨਦਾ ਸੀ। ਸੁਕਰਾਤ ਅਜਿਹੇ ਸੰਸਾਰ ਦੀ ਕਲਪਨਾ ਕਰਦਾ ਸੀ ਜਿਥੇ ਉਹ ਹਮੇਸ਼ਾ ਆਪਣੇ ਦਰਸ਼ਨ ਦਾ ਪ੍ਰਚਾਰ ਅਤੇ ਪ੍ਰਸਾਰ ਕਰ ਸਕੇਗਾ। ਫਲਸਰੂਪ ਕੋਈ ਇੱਕ ਸੱਚ ਵਿਖਾਈ ਨਹੀਂ ਦਿੰਦਾ। ਇਸ ਲਈ ਨੀਤਸ਼ੇ ਸੱਚ ਉੱਪਰ ਕਾਟੀ ਮਾਰਦਾ ਹੈ।

ਵਿਨਾਸ਼ਵਾਦ (Nihilism)

ਸਰਵਨਾਸ਼ਵਾਦ ਇੱਕ ਅਜਿਹਾ ਵਿਚਾਰ ਹੈ ਜਿਸ ਅਨੁਸਾਰ ਸਾਰੀਆਂ ਉੱਚੀਆਂ ਕੀਮਤਾਂ ਨਿਘਾਰ ਵੱਲ ਜਾਂਦੀਆਂ ਹਨ। ਰਾਜਨੀਤਕ ਅਤੇ ਧਾਰਮਿਕ ਸੰਸਥਾਵਾਂ ਦਾ ਨਿਘਾਰ ਵੱਲ ਜਾਣਾ ਇਸ ਵਿੱਚ ਸ਼ਾਮਲ ਹੈ। ਵਿਚਾਰਧਾਰਾਵਾਂ ਅਤੇ ਸਿਧਾਂਤ ਦਾ ਵੀ ਨਿਘਾਰ ਵੱਲ ਜਾਣਾ ਇਸ ਵਿੱਚ ਸ਼ਾਮਲ ਹੈ। ਕਿਉਂਕਿ ਵਿਚਾਰਧਾਰਾਵਾਂ ਅਤੇ ਸਿਧਾਂਤ ਵੀ ਨਿਘਾਰ ਵੱਲ ਜਾਂਦੇ ਹਨ। ਅਜੋਕੇ ਸਮੇਂ ਵਿੱਚ ਖੇਡਾਂ ਵੀ ਸੱਟੇਬਾਜ਼ੀ ਅਤੇ ਡੋਪਿੰਗ ਨਾਲ ਪਤਨ ਵੱਲ ਜਾ ਰਹੀਆਂ ਹਨ। ਨੀਤਸ਼ੇ ਨੇ ਤਾਂ ਯੂਰਪ ਦੀਆਂ ਕੀਮਤਾਂ ਦੀ ਹੀ ਗੱਲ ਕੀਤੀ ਸੀ ਪਰ ਨਿਘਾਰ ਵੱਲ ਤਾਂ ਸਾਰੇ ਸੰਸਾਰ ਦੀਆਂ ਉੱਚੀਆਂ ਕੀਮਤਾਂ ਜਾ ਰਹੀਆਂ ਹਨ। ਧਰਮ ਦੁਆਰਾ ਸੁਰਗ ਦੀ ਪ੍ਰਾਪਤੀ ਦਾ ਭਾਵ-ਪ੍ਰਾਪਤ ਕੁੱਝ ਵੀ ਨਹੀਂ ਹੋਣਾ। ਸੁਤੰਤਰਤਾ ਨੂੰ ਭ੍ਰਿਸ਼ਟਾਚਾਰ ਦੀ ਸਿਉਂਕ ਖਾ ਰਹੀ ਹੈ। ਹਵਸ ਔਰਤਾਂ 'ਤੇ ਦਰਿੰਦਗੀ ਢਾਹ ਰਹੀ ਹੈ।

ਦੁਹਰਾਓ (Repetition)

ਦੁਹਰਾਓ ਅਸਤਿਤਵਵਾਦੀ ਦਰਸ਼ਨ ਵਿੱਚ ਵਿਸ਼ੇਸ਼ ਸਥਾਨ ਰੱਖਦਾ ਹੈ। ਨੀਤਸ਼ੇ ਦੁਹਰਾਓ ਦਾ ਵੱਡਾ ਸਮਰਥਕ ਹੈ, ਉਸਦਾ ਕਹਿਣਾ ਹੈ ਕਿ ਭਾਵੇਂ ਉਮੀਦ ਇਕ ਸੁਆਦਲਾ ਫਲ ਹੈ ਪਰ ਇਹ ਸੰਤੁਸ਼ਟ ਨਹੀਂ ਕਰਦਾ। ਯਾਦ ਵੀ ਮਾਮੂਲੀ ਜੇਹੀ ਰਾਹਤ ਹੀ ਦਿੰਦੀ ਹੈ। ਸੰਤੁਸ਼ਟ ਇਹ ਵੀ ਨਹੀਂ ਕਰਦੀ। ਪਰ ਦੁਹਰਾਓ ਜੀਵਨ ਦਾ ਰੋਜ਼ਾਨਾ ਭੋਜਨ ਹੈ ਜੋ ਸੰਤਸ਼ਟ ਵੀ ਕਰਦਾ ਹੈ ਅਤੇ ਅਨੰਦ ਵੀ ਪ੍ਰਦਾਨ ਕਰਦਾ ਹੈ। ਦੁਹਰਾਓ ਵਿੱਚ ਉਤਸ਼ਾਹ ਹਮੇਸ਼ਾ ਮੌਜੂਦ ਰਹਿੰਦਾ ਹੈ। ਇਸ ਵਿੱਚ ਵਿਅਕਤੀ ਸੋਜ਼ ਅਤੇ ਗੰਭੀਰਤਾ ਮਹਿਸੂਸ ਕਰਦਾ ਹੈ। ਦੁਹਰਾਓ ਬਦਲਵੇਂ ਸਿਰਲੇਖਾਂ ਹੇਠ ਹੋਰਨਾਂ ਅਸਤਿਤਵਾਦੀਆਂ ਵਿੱਚ ਵੀ ਉਪਲਬਧ ਹੈ। ਮਾਰਸ਼ਲ ਦੀ ਵਫ਼ਾਦਾਰੀ; ਹਾਈਡਿਗਰ ਵੱਲੋਂ ਸਨਾਤਨੀ ਦਾਰਸ਼ਨਿਕ ਪ੍ਰਸ਼ਨਾਂ ਦੀ ਪੁਨਰ-ਪੁਸ਼ਟੀ; ਜੈਸਪਰਸ ਅਤੇ ਸਾਰਤਰ ਦੀ ਚੋਣ ਆਦਿ ਵਿੱਚ ਦੁਹਰਾਓ ਹੀ ਸ਼ਾਮਲ ਹੈ।

ਐੱਚ.ਜੇ. ਬਲੈਕਹੈਮ ਅਨੁਸਾਰ ਨੀਤਸ਼ੇ ਆਪਣੇ ਦਰਸ਼ਨ ਦੀ ਉਸਾਰੀ ਵਿਭਿੰਨ ਦਾਰਸ਼ਨਿਕ ਸਕੂਲਾਂ ਦੇ ਟਕਰਾਵਾਂ ਦੀ ਥਾਂ ਤਤਕਾਲੀ ਹਾਲਾਤ ਦੇ ਤਣਾਵਾਂ ਵਿੱਚੋਂ ਉਸਾਰਨ ਕਾਰਨ ਅਸਤਿਤਵਵਾਦੀ ਹੈ, ਤਤਕਾਲਿਕ ਸਮੇਂ ਦੀਆਂ ਸਮੱਸਿਆਵਾਂ ਦਾ ਹੱਲ ਅਤੇ ਪ੍ਰਤਿਨਿਧਤਵ ਕਰਨਾ ਉਸਦੇ ਚਿੰਤਨ ਦਾ ਉਦੇਸ਼ ਸੀ। ਉਹ ਵਿਵਸਥਾ ਉਸਾਰਨ ਪ੍ਰਤੀ ਜਾਗਰੂਕਤਾ ਨੂੰ ਤਿੱਖਾ ਕਰਦਾ ਹੈ।

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 61