ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/32

ਇਹ ਸਫ਼ਾ ਪ੍ਰਮਾਣਿਤ ਹੈ

ਡਰ ਬਨਾਮ ਸੁਤੰਤਰਤਾ (Dread vs Freedom)

ਕੀਰਕੇਗਾਰਦ ਦਾ ਮੱਤ ਹੈ ਕਿ ਬੰਦੇ ਨੂੰ ਕਿਸੇ ਵੀ ਪ੍ਰਕਾਰ ਦੀ ਚੋਣ ਸਮੇਂ ਇਹ ਫ਼ੈਸਲਾ ਕਰਨਾ ਪੈਣਾ ਹੈ ਕਿ ਉਸਨੇ ਪ੍ਰਕਿਰਤਕ ਸੰਸਾਰ ਅਨੁਸਾਰ ਚੋਣ ਕਰਨੀ ਹੈ ਜਾਂ ਦ੍ਰਿੜਤਾ ਨਾਲ ਰੂਹ ਦੀ ਆਵਾਜ਼ ਪ੍ਰਤੀ ਉੱਤਰਦਾਈ ਹੋਣਾ ਹੈ। ਜਿਸਦਾ ਡਰ ਦੁਆਰਾ ਪ੍ਰਗਟਾਵਾ ਹੁੰਦਾ ਹੈ। ਇਉਂ ਕਾਰਜ ਅਤੇ ਚੋਣ ਸੁਤੰਤਰ ਸੰਸਾਰ ਨਾਲ ਤਾਲਮੇਲ ਕਰਦੇ ਹਨ ਅਤੇ ਡਰ ਸੁਤੰਤਰਤਾ ਦੀ ਸੰਭਾਵਨਾ ਹੁੰਦੀ ਹੈ।

ਸੁਤੰਤਰਤਾ (Freedom)

ਕੀਰਕੇਗਾਰਦ ਅਨੁਸਾਰ ਸੁਤੰਤਰਤਾ ਇੱਕ ਸੱਚਾਈ ਹੈ। ਇਸਨੂੰ ਪਰਿਭਾਸ਼ਤ ਕਰਨ ਦੀ ਲੋੜ ਨਹੀਂ। ਇਸਦਾ ਲੱਛਣ ਇਹ ਹੈ ਕਿ ਇਸਨੂੰ ਹੂ-ਬ-ਹ ਪ੍ਰਤਿਬਿੰਬਤ ਨਹੀਂ ਕੀਤਾ ਜਾ ਸਕਦਾ। ਇਹ ਕਿਸੇ ਬੰਦੇ ਪਾਸ ਜਾਂ ਹੈ, ਜਾਂ ਨਹੀਂ। ਜਿਸ ਪਾਸ ਹੈ ਉਹ ਸੁਤੰਤਰ ਅਮਲ ਕਰਦਾ ਹੈ, ਦੂਸਰਾ ਇੰਜ ਅਮਲ ਨਹੀਂ ਕਰ ਸਕਦਾ। ਜੋ ਸੁਤੰਤਰ ਅਮਲ ਨਹੀਂ ਕਰਦਾ ਉਸਦੇ ਸਵੈ ਦੀਆਂ ਸੰਭਾਵਨਾਵਾਂ ਵੀ ਨਹੀਂ ਹੁੰਦੀਆਂ। ਸੁਤੰਤਰਤਾ ਪੂਰਨ ਰੂਪ ਵਿਚ ਸਥੂਲ ਹੁੰਦੀ ਹੈ। ਇਹ ਤਾਂ ਬੰਦੇ ਦਾ ਅਜਿਹਾ ਸੰਸਾਰ ਹੁੰਦਾ ਹੈ ਜੋ ਹਰ ਘੜੀ ਆਪਣੀ ਚੋਣ ਨੂੰ ਯਥਾਰਥ ਰੂਪ ਦੇਣ ਲਈ ਨਿਰੰਤਰ ਉਤਾਵਲਾ ਰਹਿੰਦਾ ਹੈ।

ਕੀਰਕੇਗਾਰਦ ਦਾ ਮਨੋਵਿਗਿਆਨ (Kierkegaard's Psychology)

ਕੀਰਕੇਗਾਰਦ ਦੇ ਮਨੋਵਿਗਿਆਨ ਦਾ ਧਰਮ-ਸ਼ਾਸਤਰ ਜਾਂ ਭੂਤਕਾਲ ਨਾਲ ਕੋਈ ਸੰਬੰਧ ਨਹੀਂ। ਪੀਟਰ ਰੋਹਡੇ (Peter Rohde) ਅਨੁਸਾਰ ਇਹ ਤਾਂ ਰੂਹ ਦਾ ਚਿੱਤਰਨ (Soul-Description) ਹੈ ਜਿਸਨੂੰ ਉਚਿਤ ਆਧਾਰ ਪ੍ਰਾਪਤ ਹੈ। ਇਸ ਪੱਖ ਤੋਂ ਆਧੁਨਿਕ ਮਨੋਵਿਗਿਆਨ ਕੀਰਕੇਗਾਰਦ ਤੋਂ ਕਾਫ਼ੀ ਕੁੱਝ ਸਿੱਖ ਸਕਦੀ ਹੈ। ਸਾਡੇ ਸਮੇਂ ਦੀ ਮਨੋਵਿਗਿਆਨ ਵਿਗਿਆਨ ਤਾਂ ਹੈ। ਪਰ ਇਹ ਵਿਵਹਾਰਿਕ ਵਿਗਿਆਨ (Behaviourist Science) ਹੈ ਜੋ ਪ੍ਰਕ੍ਰਿਤਕ ਵਿਗਿਆਨ ਨਾਲ ਸੰਬੰਧਤ ਹੈ ਜਿਸ ਅਨੁਸਾਰ ਬੰਦਿਆਂ ਅਤੇ ਜਾਨਵਰਾਂ ਵਿਚ ਕੋਈ ਬੁਨਿਆਦੀ ਅੰਤਰ ਨਹੀਂ ਅਤੇ ਦੋਵਾਂ ਦਾ ਅਧਿਐਨ ਇੱਕੋ ਸਿਰਲੇਖ ਹੇਠ ਕੀਤਾ ਜਾਂਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਵਿਵਹਾਰਿਕ ਮਨੋਵਿਗਿਆਨ ਦੀ ਖੋਜ ਵੀ ਬੜੇ ਸਾਰਥਕ ਨਤੀਜਿਆਂ ’ਤੇ ਅਪੜਦੀ ਹੈ ਪਰ ਇਹ ਮਨੁੱਖੀ ਸੁਤੰਤਰਤਾ ਨੂੰ ਅਮੂਰਤ ਕਰ ਦਿੰਦੀ ਹੈ।

ਸੋਚਿਆ ਯਥਾਰਥ (Conceived Reality)

ਕੀਰਕੇਗਾਰਦ ਸੋਚਿਆ ਯਥਾਰਥ ਉਸਨੂੰ ਕਹਿੰਦਾ ਹੈ, ਜਿਸ ਕੰਮ ਨੂੰ ਕਰਨ ਬਾਰੇ ਅਜੇ 'ਮੈਂ' ਸੋਚਿਆ ਹੈ ਪਰ ਕੀਤਾ ਨਹੀਂ- ਉਹ ਇਸਨੂੰ ਇੱਕ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 32