ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/258

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਨ ਵਾਲੇ ਨੂੰ ਵੀ ਨਹੀਂ ਬਖ਼ਸ਼ਦੇ। ਇਸ ਦੇ ਨਾਲ ਹੀ ਉਹ ਉਸਨੂੰ ਸਰਕਾਰੀ ਮੁਲਾਜ਼ਮ ਹੋਣ ਬਾਰੇ ਵੀ ਚੇਤਨ ਕਰਦਾ ਹੈ।

ਪਰ ਇਸ ਪ੍ਰਕਾਰ ਦੀ ਮਹਾਜਨੀ ਸੋਚ ਅਜੇ ਤੱਕ ਗਰੇਵਾਲ ਦੀ ਸੋਚ ਦਾ ਅੰਗ ਨਹੀਂ ਸੀ ਬਣ ਸਕੀ। ਉਸਦੀ ਫੈਕਟੀਸਿਟੀ ਵਿੱਚ ਅਜੇ ਵੀ ਨਾਨਕਿਆਂ, ਦਾਦਕਿਆਂ ਦੇ ਮੋਹ ਦੀ ‘ਰਹਿੰਦ-ਖੂੰਦ' ਬਾਕੀ ਸੀ। ਇੰਜ ਬਚੇ ਖੁਚੇ ਨੂੰ ਅਸਤਿਤਵੀ-ਚਿੰਤਕ ਕਾਰਲ ਜੈਸਪਰਸ ਇਗਜ਼ਿਸਟੈਂਜ਼ (Existenz) ਕਹਿੰਦਾ ਹੈ। ਅਜਿਹੀ ਸਥਿਤੀ ਵਿੱਚ ਗਰੇਵਾਲ ਨੇ ਆਪਣੇ ਆਪ ਨੂੰ ਘਿਰੇ ਹੋਏ ਗੁਨਾਹਗਾਰ ਵਾਂਗ ਡਾਢਾ ਕਮਜ਼ੋਰ ਮਹਿਸੂਸ ਕੀਤਾ। ਉਹ ਰੋਜ਼ੀ ਅਤੇ ਮਾਮੇ ਦੇ ਦਿਸਹੱਦਿਆਂ ਵਿਚ ਆਪਣੇ ਆਪ ਨੂੰ ਘਿਰਿਆ ਹੋਇਆ (Encompassed) ਮਹਿਸੂਸ ਕਰਦਾ ਹੈ। ਉਸਦੀ ਸੋਚ ਚੱਕੀ ਦੇ ਦੋ ਪੁੜਾਂ ਵਿਚਾਲੇ ਪਿੜ ਰਹੀ ਹੈ।

ਗਰੇਵਾਲ ਅਤੇ ਮਿਸਜ਼ ਗਰੇਵਾਲ ਮਹਿਤਾ ਦੇ ਘਰੋਂ ਵਿਦਾਈ ਲੈਂਦੇ ਹਨ। ਗਰੇਵਾਲ ਕਾਰ ਨੂੰ ਪੂਰੀ ਸਪੀਡ ਤੇ ਕਰ ਦਿੰਦਾ ਹੈ। ਤਦ ਕਾਰ ਨੂੰ ਕੱਚੇ ਰਸਤੇ ਪਾ ਲੈਂਦਾ ਹੈ। ਰੋਜ਼ੀ ਬੁੜਕਦੀ ਹੈ, ਝਟਕੇ ਵਜਦੇ ਹਨ।

ਉਹ ਪੂਰੇ ਰੋਬ੍ਹ ਨਾਲ ਗੱਡੀ ਰੋਕਣ ਲਈ ਕਹਿੰਦੀ ਹੈ:
'ਆਈ ਸੇ... ਸਟਾਪ ਇਟ... ਵਰਨਾ।'[1]
ਪਰ ਗਰੇਵਾਲ ਵੀ ਕ੍ਰੋਧ ਵਿਚ ਪਲਟਵਾਰ ਕਰਦਾ ਹੈ:
‘ਗੈਟ ਆਉਟ... ਆਈ ਸੇ... ਗੈਟ ਆਉਟ।'[2]
ਰੋਜ਼ੀ ਮਨ ਹੀ ਮਨ ਵਿਚ ਸੋਚਦੀ ਹੈ:
'ਏਹਨੂੰ ਕੀ ਸੁੰਘ ਜਾਂਦਾ ਕਦੇ-ਕਦੇ... ਭਿਆਨਕ ਦੌਰਾ ਪੈਂਦਾ ਜਿਵੇਂ,
ਅੱਗੇ ਪਿਛੇ ਕੰਨੀਂ ਪਾਇਆ ਨੀਂ ਰੜਕਦਾ।'[3]

ਫਿਰ ਵੀ ਰੋਜ਼ੀ ਆਪਣੀ ਸੁਪਰ ਈਗੋ ਦਾ ਤਿਆਗ ਨਹੀਂ ਕਰਦੀ ਕਹਿੰਦੀ ਹੈ:

'ਆਈ ਵਿਲ ਸੀ ਯੂ, ਡਾਂਟ ਬਾਦਰ।'[4]

ਘਰ ਪੁੱਜੇ ਗਰੇਵਾਲ ਨੂੰ ਰਾਮੂ ਨੇ ਦੱਸਿਆ ਕਿ ਮਾਮੇ ਨੇ ਬਿਨਾਂ ਦਾਰੂ ਪੀਤੇ ਹੀ ਰੋਟੀ ਖਾਧੀ ਸੀ। ਮਾਮਾ ਸੁੱਤਾ ਨਹੀਂ, ਸੁੱਤਿਆਂ ਵਾਂਗ ਪਿਆ ਸੀ। ਗਰੇਵਾਲ ਉਸ ਦੇ ਕਮਰੇ ਵਿਚੋਂ ਉਸਨੂੰ ਬਿਨਾਂ ਜਗਾਏ ਹੀ ਪਰਤ ਆਇਆ। ਆਪੇ ਹੀ ਪੈੱਗ ਬਣਾ ਕੇ, ਤਿੰਨ ਪੈੱਗ ਨੀਟ ਗਟ-ਗਟ ਪੀ ਗਿਆ। ਨਸ਼ੇ ਵਿੱਚ ਪੂਰਾ ਗੁੱਟ ਹੋ ਕੇ ਆਪਣੇ ਅਸਤਿਤਵ ਨੂੰ ਪਛਾਣਨ ਦੀ ਕੋਸ਼ਿਸ਼ ਕਰਦਾ ਹੈ:

ਆਖ਼ਰ ਇਹ ਕੀ ਹੈ? ਕਾਹਦੀ ਅਫ਼ਸਰੀ ਏ? ਕੀਹਦੀ ਅਫ਼ਸਰੀ ਏਹ?
ਏਹ ਮੇਰਾ ਘਰ ਏ ਜਾਂ? ਏਸ ਰਾਈਸਜ਼ਾਦੀ...?
ਮੇਰਾ ਪਿਉ... ਮੇਰਾ ਭਰਾ ਹੈ ਹੈਨ ਕਿਥੇ? ... ਮੈਂ...ਮੈਂ... ਗਰੇਵਾਲ?

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 256

  1. ਜਸਵਿੰਦਰ ਸਿੰਘ (ਡਾ.), ਉਹੀ, ਪੰਨਾ-22
  2. ਉਹੀ
  3. ਉਹੀ
  4. ਉਹੀ