ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/244

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹ ਪਤਨੀ ਜਿਹੜੀ ਵਿਆਹ ਸਮੇਂ ਪਰਿਵਾਰ ਤੋਂ ਵਿਛੜਣ ਸਮੇਂ ਨਹੀਂ ਰੋਈ। ਆਪਣੇ ਨਾਂ ਪਿੱਛੇ ਪਤੀ ਦਾ ਨਾਂ ਨਹੀਂ ਵਰਤਦੀ। ਕਰੂਏ ਦਾ ਵਰਤ ਰੱਖਕੇ ਪਤੀ ਨੂੰ ਪੈਰੀਂ ਹੱਥ ਲਾਉਣ ਲਈ ਕਹਿੰਦੀ ਹੈ। ਨਾਂ ਲੈ ਕੇ ਬੁਲਾਉਂਦੀ ਹੈ। ਗਲਾਮੇ ਤੋਂ ਫੜਕੇ ਚੁੰਮ ਲੈਂਦੀ ਹੈ। ਪਰ ਬਾਬੇ ਦਾ ਤੀਵੀਂ ਨੂੰ ਜੁੱਤੀ ਕਹਿਣਾ, ਬਾਪੂ ਦਾ ਗੁੱਤ ਪਿੱਛੇ ਮੱਤ ਕਹਿਣਾ ਅਤੇ ਸਾਰੇ ਕਿੱਸਾਕਾਰਾਂ ਵੱਲੋਂ ਔਰਤ ਦੀ ਨਿੰਦਿਆ ਕਰਨਾ ਇਸ ਕਵਿਤਾ ਦੇ ਨਾਇਕ ਨੂੰ ਝੂਠੇ ਲਗਦੇ ਹਨ। ਦੁਖੀ ਹੋਇਆ ਕਾਵਿ-ਨਾਇਕ ਹੈ ਤਾਂ ਗਿੱਦੜ (ਅਸਤਿਤਵਹੀਣ) ਹੀ ਹੈ ਪਰ ਸ਼ੇਰ ਵਾਂਗ ਖ਼ਤਰਨਾਕ ਐਲਾਨ ਕਰਦਾ ਹੈ। ਇਹ ਖ਼ਤਰਨਾਕ ਐਲਾਨ (ਸ਼ਾਇਦ ਆਤਮ-ਹਤਿਆ) ਹੋਵੇ। ਇਹ ਸੁਣਕੇ ਪਤਨੀ ਰੋਂਦੀ ਹੈ:

ਸ਼ੀਸ਼ੇ ’ਚ ਮੂੰਹ ਦੇ ਕੇ
ਧਾਹ ਮਾਰਦੀ ਹੈ।
ਸ਼ਾਇਦ ਕੁੱਝ ਮਰ ਗਿਆ ਹੈ।[1]
ਇਹ ਸੰਕੇਤ ਅੰਤਰੀਵੀਂ ਹੋਂਦ ਦੀ ਮੌਤ ਦਾ ਸੰਕੇਤ ਹੈ।

ਹੁਣ ਕਾਵਿ-ਨਾਇਕ ਆਪਣੀ ਖੂੰਖਾਰਤਾ ਤੋਂ ਸਹਿਮ ਜਾਂਦਾ ਹੈ। ਪਿਆਰ ਦਿੰਦਾ ਹੈ। ਇੱਕ ਦੂਜੇ ਨੂੰ ਉਲਟਦੇ ਪਲਟਦੇ ਸੌਂ ਜਾਂਦੇ ਹਨ। ਆਖ਼ਰੀ ਪੰਕਤੀ ਫਿਰ ਵਿਰੋਧ ਵਿਕਾਸ ਸਿਰਜਦੀ ਹੈ:

ਦਿਨ ਚੜ੍ਹੇ ਉਹ ਮੈਨੂੰ ਫੇਰ ਗਿੱਦੜ ਬਣਾਉਣ ਵਿੱਚ ਰੁੱਝ ਜਾਂਦੀ ਹੈ।[2]

ਇੱਥੇ ਸਾਨੂੰ 'ਕ੍ਰਿਸਟੋਫਰ ਫਿਸਕ' ਨਾਲ ਸਹਿਮਤ ਹੋਣਾ ਪੈਂਦਾ ਹੈ ਕਿ "All poetry is encounter."

ਇਸ ਕਵਿਤਾ ਦਾ ਨਾਇਕ ਅਤੇ ਨਾਇਕਾ ਦੋਵੇਂ ਅਪ੍ਰਮਾਣਿਕ ਅਸਤਿਤਵ (Inauthentic existence) ਰੱਖਦੇ ਹਨ।

ਇਵੇਂ ਹਾਹਾਕਾਰ ਕਵਿਤਾ ਵਿੱਚ ਕਾਵਿ-ਨਾਇਕ ‘ਪੈੱਨ' ਗੁਆਚ ਜਾਣ ਤੇ ਸਾਰੇ ਪਰਿਵਾਰ ਵਿੱਚ ਹਾਹਾਕਾਰ ਮਚਾ ਦਿੰਦਾ ਹੈ। ਮਾਰਟਿਨ ਹਾਈਡਿਗਰ ਸੰਸਾਰ ਨੂੰ ਸੰਦਾਂ ਦਾ ਸਿਸਟਮ (System of instruments) ਕਹਿੰਦਾ ਹੈ ਜੋ ਮਨੁੱਖੀ ਜੀਵਨ ਨੂੰ ਪ੍ਰਭਾਵਿਤ ਕਰਦਾ ਹੈ। ਪਹਿਲਾਂ ਕਾਵਿ-ਨਾਇਕ ਸਾਰਿਆਂ ਨੂੰ ਅਸਤਿਤਵਹੀਣ ਕਰਦਾ ਹੈ। ਫਿਰ ਇਕੱਲੀ ਮਾਂ ਉਸ ਨੂੰ ਖੁੱਡੇ ਲਾਉਂਦੀ ਐ:

ਸਵੇਰੇ ਅੱਖ ਖੁਲ੍ਹਦਿਆਂ ਹੀ
ਰਾਮ ਨਹੀਂ ਨਾਮ ਨਹੀਂ
ਪੈੱਨ! ਪੈੱਨ! ਪੈੱਨ!
ਸਿਰ ਤੇ ਚੁੱਕ ਲੈਂਦਾ ਇਹ ਬੰਦਾ ਘਰ
ਜਿਵੇਂ ਪੈੱਨ ਤੇ ਚੱਕਣੀ ਹੋਵੇ ਦੁਨੀਆਂ।[3]

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 242

  1. ਜਸਵੰਤ ਦੀਦ, ਉਹੀ, ਪੰਨਾ-36
  2. ਉਹੀ ਜਸਵੰਤ ਦੀਦ, ਉਹੀ, ਪੰਨਾ-37
  3. ਉਹੀ, ਪੰਨਾ-42