ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/222

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿਖਰਾਂ ਛੋਹ ਗਈ। ‘ਕਦੇ ਵੀ ਕਿਸੇ ਲੇਖਕ ਨੇ ਵੋਲਟੇਅਰ ਜਿਨ੍ਹਾਂ ਪ੍ਰਭਾਵ ਨਹੀਂ ਪਾਇਆ ਸੀ। ਜਲਾਵਤਨੀ, ਕੈਦ, ਚਰਚ ਅਤੇ ਰਾਜ ਦੇ ਅਧਿਕਾਰੀਆਂ ਨੇ ਲਗਭਗ ਉਸਦੀ ਹਰ ਕਿਤਾਬ ਉੱਪਰ ਪਾਬੰਦੀ ਲਗਾਈ। ਪਰ ਅਜਿਹੀਆਂ ਰੁਕਾਵਟਾਂ ਅਤੇ ਪਾਬੰਦੀਆਂ ਦੇ ਬਾਵਜੂਦ ਉਹ ਬੜੇ ਸ਼ਕਤੀਸ਼ਾਲੀ ਢੰਗ ਨਾਲ ਸਚਾਈ ਦੇ ਰਸਤੇ ਉੱਪਰ ਤੁਰਦਾ ਗਿਆ ਅਤੇ ਅਖੀਰ ਬਾਦਸ਼ਾਹ, ਪੋਪ, ਸ਼ਹਿਨਸ਼ਾਹ ਉਸਨੂੰ ਦਾਅਵਤਾਂ ਦੇਣ ਲੱਗੇ। ਤਖ਼ਤ ਉਸਦੇ ਸਾਹਮਣੇ ਕੰਬਣ ਲੱਗੇ ਅਤੇ ਅੱਧੀ ਦੁਨੀਆਂ ਉਸਦਾ ਹਰ ਸ਼ਬਦ ਧਿਆਨ ਨਾਲ ਸੁਣਨ ਲਈ ਮਜਬੂਰ ਹੋ ਗਈ।[1]

ਪਰ ਅਜਿਹੀਆਂ ਪ੍ਰਾਪਤੀਆਂ, ਅਸਤਿਤਵਵਾਦੀ ਦ੍ਰਿਸ਼ਟੀਕੋਨ ਤੋਂ ਵਾਚਿਆਂ, ਉਸਨੂੰ ਬੜੇ ਮਹਿੰਗੇ ਭਾਅ ਪ੍ਰਾਪਤ ਹੋਈਆਂ। ਉਹ ਆਪਣੀਆਂ ਪ੍ਰਕਾਸ਼ਨਾਵਾਂ ਦੇ ਸੰਬੰਧ ਵਿੱਚ ਹਮੇਸ਼ਾ ਹੀ ਭੈ ਅਤੇ ਤੌਖ਼ਲੇ ਵਿੱਚ ਵਿਚਰਦਾ ਰਿਹਾ। ਚਿੰਤਾ ਹਮੇਸ਼ਾ ਉਸਦੇ ਜੀਵਨ ਦੇ ਅੰਗ ਸੰਗ ਰਹੀ। ਆਪਣੀ ਇੱਛਾ ਦੇ ਵਿਰੁੱਧ ਉਸਨੇ ਕਈ ਵਾਰੀ ਰਾਜ ਦਰਬਾਰੀ ਬਣਨਾ ਲੋਚਿਆ। ਇੰਜ ਉਹ ਮਰ ਮਰਕੇ ਜਿਉਂਦਾ ਅਤੇ ਜਿਉਂ ਜਿਉਂ ਮਰਦਾ ਰਿਹਾ। ਉਹ ਆਪਣੇ ਇੱਕ ਮਿੱਤਰ ਥੀਰੀਓਟ ਨੂੰ ਲਿਖਦਾ ਹੈ:

"ਮੇਰੇ ਪਿਆਰੇ ਥੀਰੀਓਟ! ਤੂੰ ਵਿਸ਼ਵਾਸ ਨਹੀਂ ਕਰਨਾ ਕਿ ਬਤੌਰ ਇੱਕ ਦਰਬਾਰੀ ਮੈਂ ਆਪਣੀ ਜ਼ਿੰਦਗੀ ਤੋਂ ਤੰਗ ਆ ਗਿਆ ਹਾਂ। ਰਾਣੀ ਨੂੰ ਹਰ ਰੋਜ਼ ਫ਼ਜ਼ੂਲ ਕਵਿਤਾਵਾਂ ਸੁਣਾਕੇ ਬੋਰ ਕੀਤਾ ਜਾਂਦਾ ਹੈ।......ਪਰ ਇੱਕ ਸਾਹਿਤਕਾਰ ਦਾ ਇੱਥੇ ਹੋਣਾ ਬਹੁਤ ਵੱਡਾ ਪਾਗਲਪਣ ਹੈ।[2]

" ......ਬਦਕਿਸਮਤੀ ਨਾਲ ਨਿਰੀ ਪ੍ਰਸ਼ੰਸਾ ਕਿਸੇ ਕੰਮ ਨਹੀਂ ਆਉਂਦੀ। ਇੱਕ ਦਰਬਾਰੀ ਕਵੀ ਦਾ ਰੋਲ ਭਾਵੇਂ ਕਿੰਨਾ ਹੀ ਮਨਭਾਉਂਦਾ ਹੋਵੇ, ਪਰ ਉਸਦੇ ਪਿੱਛੇ ਇੱਕ ਮਖੌਲ ਲਮਕਦਾ ਆਉਂਦਾ ਹੈ।[3]

ਇਉਂ ਨਾ ਚਾਹੁੰਦਿਆਂ ਹੋਇਆ ਦਰਬਾਰੀ ਕਵੀ ਬਣਕੇ ਉਹ ਬੁਰੇ ਨਿਸ਼ਚੇ (Bad faith) ਵਿੱਚ ਵਿਚਰ ਰਿਹਾ ਹੈ, ਸਵੈ-ਹੋਂਦ ਨਾਲ ਧੋਖਾ ਕਰ ਰਿਹਾ ਹੈ।

‘ਟਰਜ਼ ਇੰਗਲਿਸ਼ੀਆ' ਦਾ ਫ਼ਰਾਂਸੀਸੀ ਅਨੁਵਾਦ ਫ਼ਰਾਂਸ ਵਿੱਚ ਉਸਦੀ ਮਰਜ਼ੀ ਤੋਂ ਬਿਨਾਂ ਰਿਲੀਜ਼ ਹੋ ਗਿਆ। ਉਸ ਸਮੇਂ ਉਹ ਬਾਦਸ਼ਾਹ ਦੇ ਚੀਫ਼ ਮਨਿਸਟਰ ਨੂੰ ਲਿਲਕੜੀਆਂ ਭਰੀ ਚਿੱਠੀ ਲਿਖਦਾ ਹੈ।

ਇੱਕ ਯਹੂਦੀ ਨਾਲ ਝਗੜਾ ਹੋ ਜਾਣ ਤੇ ਉਹ ਪਰਸ਼ੀਆ ਦੇ ਫਰੈਡਰਿਕ ਅੱਗੇ ਇੰਜ ਗੋਡੇ ਟੇਕਦਾ ਹੈ:

"ਯੂਅਰ ਮੈਜੇਸਟੀ, ਤੁਹਾਡੀ ਫ਼ਿਲਾਸਫ਼ੀ ਅਤੇ ਤੁਹਾਡੀ ਨੇਕੀ ਤੋਂ ਮੁਆਫ਼ੀ ਮੰਗਦਾ ਹਾਂ। ਜਿਵੇਂ ਚਾਹੋ, ਜਿਵੇਂ ਤੁਹਾਡੀ ਮਰਜ਼ੀ ਹੋਵੇ ਭਰਾ ਵੋਲਟੇਅਰ ਉਪਰ ਰਹਿਮ ਕਰੋ।[4]

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 220

  1. ਉਹੀ ਭੂਮਿਕਾ
  2. ਉਹੀ, ਪੰ. 49
  3. ਉਹੀ
  4. ਉਹੀ, ਪੰ. 162