ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/209

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੇਠਲਿਆਂ ਤੇ ਕਰੋ। ਉਪਰਲਿਆਂ ਖ਼ਿਲਾਫ਼ ਸਾਂਝੇ ਤੌਰ ਤੇ ਚੱਲੋ। ਇਨਕਲਾਬ ਦਾ ਇਹੋ ਰਸਤਾ ਹੈ।

ਇਕਤਦਾਰ ਦਾ ਅੱਬਾ ਬੁੱਢਣਸ਼ਾਹ ਮੰਚ ਤੇ ਆਉਂਦਾ ਹੈ ਅਤੇ ਉਹ ਉਸ ਵੱਲੋਂ ਰੱਤਾ ਅਤੇ ਸਾਬਾਂ ਨੂੰ ਜ਼ਿਆਦਾ ਜਾਗਰਤ ਕਰਨ ਦਾ ਵਿਰੋਧ ਕਰਦਾ ਹੈ। ਅਤੇ ਪਿੰਡ ਵਿੱਚ ਉਨ੍ਹਾਂ ਦੀਆਂ ਗਤੀਵਿਧੀਆਂ ਨਾਲ ਪੈ ਰਹੇ ਮਾੜੇ ਪ੍ਰਭਾਵ ਵੱਲ ਸੰਕੇਤ ਕਰਦਾ ਹੈ। ਅੱਬਾ ਕਹਿੰਦਾ ਹੈ ਕਿ ਤੇਰਾ ਇਨ੍ਹਾਂ ਨੂੰ ਥਿਉਰੀ ਪੜ੍ਹਾਉਣ ਦਾ ਕੰਮ ਤਾਂ ਮੁੱਕ ਗਿਆ, ਹੁਣ ਇਹ ਆਪਣਾ ਕੰਮ ਸ਼ੁਰੂ ਕਰਨਗੇ। ਇਨ੍ਹਾਂ ਦੇ ਸਦੀਆਂ ਦੇ ਦੁੱਖਾਂ ਦਾ ਬੰਨ੍ਹ ਟੁੱਟਕੇ ਹੜ੍ਹ ਦੀ ਸੰਭਾਵਨਾ (Possibility) ਹੋ ਸਕਦੀ ਹੈ:

‘ਏਹਨਾਂ ਮੁਸੱਲੀਆਂ ਦੀਆਂ ਸੱਧਰਾਂ ਦੀ ਰਾਵੀ ਅੱਗੇ ਹਜ਼ਾਰਾਂ ਸਾਲ ਦਾ ਪਹਾੜ ਡਿੱਗਿਆ ਹੋਇਆ ਹੈ। ਏਸ ਡੱਕੇ ਵਿੱਚ ਜ਼ਰਾ ਵੀ ਮੋਰੀ ਹੋ ਗਈ ਤਾਂ ਤੂਫ਼ਾਨਿ-ਨੂੰਹ ਦਾ ਸਮਾਂ ਬੱਝ ਜਾਵੇਗਾ।'[1]

ਬੁੱਢਣ ਸ਼ਾਹ ਯੂਨੀਵਰਸਿਟੀਆਂ ਦੀਆਂ ਪੜ੍ਹਾਈ ਨੂੰ ਮੁਲੱਮੇ ਵਾਲੀ ਦੱਸਦਾ ਹੈ ਜੋ ਤੇਜ਼ਾਬ ਦੇ ਇੱਕ ਕਤਰੇ ਨਾਲ਼ ਲਹਿ ਸਕਦਾ ਹੈ। ਨਾਲ ਹੀ ਇਹ ਵੀ ਕਹਿੰਦਾ ਹੈ ਕਿ ਰੱਤਾ ਅਤੇ ਸਾਬਾਂ ਦੀ ਹਉਂ ਵਡੇਰੀ (Transcendence of ego) ਹੋ ਗਈ ਹੈ। ਉਹ ਆਪਣੇ ਪੁੱਤ ਨੂੰ ਇਸ ਹਉਂ ਦਾ ਪ੍ਰਮਾਣ ਪੇਸ਼ ਕਰਦਾ ਹੈ:

‘ਵੇਖਦਾ ਨਹੀਂ, ਬੈਠੇ ਹੋਏ ਕਿਵੇਂ ਨੇ, ਜਿਵੇਂ ਕਿਤੇ ਜੰਜੇ ਉਤਰੇ ਹੋਵਣ। ਤੂੰ ਮੇਰੇ ਆਇਆਂ ਖਲੋ ਗਿਆ (ਭਾਵ ਸਤਿਕਾਰ ਵਿੱਚ) ਇਹ ਹੋਏ ਨੇ ਟਸ ਤੋਂ ਮਸ?'

ਇਕਤਦਾਰ ਆਪਣੀ ਖੋਜ ਪ੍ਰਕਿਰਿਆ ਦੇ ਤਿੰਨ ਪੜਾਵਾਂ ਦੀ ਚਰਚਾ ਕਰਦਾ ਹੈ ਪਹਿਲਾ ਮੁਸੱਲਿਆਂ ਦੀ ਤਵਾਰੀਖ (ਹਿਸਟਰੀ); ਦੂਜਾ ਇਨ੍ਹਾਂ ਦੀ ਵਰਤਮਾਨ ਹਾਲਾਤ (ਫੈਕਟੀਸਿਟੀ) ਅਤੇ ਤੀਜਾ ਇਨ੍ਹਾਂ ਦਾ ਭਵਿੱਖ ਦਾ ਇਰਾਦਾ ਅਤੇ ਸੰਘਰਸ਼ (ਸੰਭਾਵਨਾ) ਪਹਿਲਾ ਭਾਗ ਤਾਂ ਕਿਤਾਬਾਂ ਵਿੱਚੋਂ ਮਿਲ ਗਿਆ। ਦੂਜਾ ਇਨ੍ਹਾਂ ਦੇ ਬੰਦਿਆਂ ਦੇ ਘਰੀਂ ਜਾ ਕੇ ਅਤੇ ਤੀਜਾ ਰੱਤਾ ਅਤੇ ਸਾਬਾਂ ਦੀ ਘਰੇ ਠਹਿਰ ਕਰਵਾਕੇ ਸਮਝ ਲਿਆ ਹੈ। ਬੁੱਢਣ ਸ਼ਾਹ ਦਾ ਵਿਚਾਰ ਹੈ ਕਿ ਮੁਸੱਲਿਆ ਨਾਲ ਜ਼ਿਆਦਾ ਨੇੜਤਾ ਪੈਦਾ ਕਰਕੇ ਇਕਤਦਾਰ ਨੇ ਡੂੰਮਣਾ ਖੱਖਰ ਛੇੜ ਲਿਆ ਹੈ। ਇਕਤਦਾਰ ਦੱਸਦਾ ਹੈ ਕਿ ਇਨ੍ਹਾਂ ਬੇਘਰਿਆਂ ਨੂੰ ਰੜੀ ਵਿੱਚ ਝੁੱਮਰ ਪਾਉਂਦਿਆਂ ਵੇਖਕੇ ਉਹ ਇਨ੍ਹਾਂ ਨੂੰ ਘਰ ਲਿਆਇਆ ਸੀ ਪਰ ਇਹ ਤਾਂ ਨਿਰਾ ਬਾਰੂਦ ਸਾਬਤ ਹੋ ਰਹੇ ਹਨ। ਇਨ੍ਹਾਂ ਪੁਰਾਣਿਆਂ ਦੀਵਿਆਂ ਵਿੱਚ ਤਾਂ ਜਿੰਨ ਬੰਦ ਹੈ। ਇਨ੍ਹਾਂ ਨੂੰ ਇਲਮ ਦਾ ਥੋੜਾ ਜੇਹਾ ਜਾਗ ਲਾਇਆ, ਇਹ ਤਾਂ ਤੁਰੰਤ ਅਮਲ ਲਈ ਤਤਪਰ ਹੋ ਗਏ। ਅਜਿਹੀ ਸਥਿਤੀ ਵੇਖਕੇ ਇਕਤਦਾਰ ਚਿੰਤਾ (Anxiety) ਵਿੱਚ ਹੈ।'

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 207

  1. ਉਹੀ, ਪੰ. 60