ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/199

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇੰਜ ਪੇਸ਼ ਕਰਦਾ ਹੈ:

"ਤੇਰੇ ਮਾਪੇ ਤੇ ਭੈਣਾਂ ਵੀ ਮੈਨੂੰ ਚੰਗਾ ਸਮਝਦੇ ਨੇਂ"

ਸਿਰਫ਼ ਇੱਕ ਤੂੰ ਏਂ, ਜਿਹੜੀ ਮੇਰੇ ਵਜ਼ੂਦ (Existence?) ਦੀ ਨਫ਼ੀ ਕਰ ਦੇਨੀਂ ਏਂ ਜਿਹਨੂੰ ਮੈਂ ਕਈ ਵਾਰੀ ਦਿਸਦਾ ਈ ਨਹੀਂ ਤੇ ਮੈਨੂੰ ਆਪਣੇ ਆਪ ਨੂੰ ਲੱਭਣਾ ਪੈਂਦਾ ਏ।

ਆਪਦੀ ਹੋਂਦ, ਆਪਣੇ ਵਜੂਦ ਨੂੰ ਢੂੰਡਣਾ ਪੈਂਦਾ ਏ। ਕਦੇ ਛੇਤੀ ਲੱਭ ਲੈਨਾਂ, ਕਦੀ ਚਿਰ ਹੋ ਜਾਂਦਾ ਏ। ਲੱਭਣ ਦੇ ਏਸ ਵਕਫ਼ੇ ਵਿੱਚ ਮੈਂ ਬਾਅਜ਼ੇ ਵੇਲੇ ਮਰ ਜਾਨਾਂ ਤੇ ਔਕੜ ਦਾ ਵੇਲਾ ਲੰਘ ਜਾਂਦਾ ਏ, ਮਰਾਂ ਨਾ ਤੇ ਕਿਵੇਂ ਲੰਘੇ।"[1]

ਇਹੋ ਸਵੈ ਦੀ ਪਛਾਣ (Know thyself) ਦੀ ਘੜੀ ਹੁੰਦੀ ਹੈ। ਇਸੇ ਸਮੇਂ ਵਿੱਚ ਉਹ ਪ੍ਰਤੀਬਿੰਬਤ ਚੇਤਨਾ (Reflected consciousness) ਅਤੇ ਅਪ੍ਰਤੀਬਿੰਬਤ ਚੇਤਨਾ (unreflected consciousness) ਵਿੱਚੋਂ ਗੁਜ਼ਰਦਾ ਪ੍ਰਤੀਤ ਹੁੰਦਾ ਹੈ।

ਇਸੇ ਸਮੇਂ ਫ਼ਰਹਾਨਾ ਆਪਣੀ ਨਾਰੀਤਵ ਦੇ ਅਸਤਿਤਵ ਨੂੰ ਪ੍ਰਸਤੁਤ ਕਰਦੀ ਹੈ:———

"ਸਾਨੂੰ ਔਰਤਾਂ ਨੂੰ ਵੀ ਰੱਬ ਨੇ ਦਿਮਾਗ ਦਿੱਤਾ ਏ,
ਅਸੀਂ ਵੀ ਸੋਚ ਸਕਦੀਆਂ।"[2]
ਇਸੇ ਸਮੇਂ ਗੱਲ ਕਰਦਿਆਂ ਸਪੇਸ ਦਾ ਨੁਕਤਾ ਉੱਪਰਦਾ ਹੈ:———

ਜੀਵੰਤ ਸਪੇਸ (Lived space) ਵਿੱਚ ਸਫ਼ਰ ਦਾ ਪਤਾ ਹੀ ਨਹੀਂ ਲੱਗਿਆ। ਪਰ ਖ਼ਾਲਿਦ ਦੀ ਵਾਪਸੀ ਸਮੇਂ ਇਸੇ ਜੀਵੰਤ ਸਪੇਸ ਨੇ ਦੂਰੀ ਦੀ (ਮੀਲਾਂ ਵਾਲੀ) ਸਪੇਸ (Mapped space) ਵਿੱਚ ਬਦਲ ਜਾਣਾ ਏ:
"ਉਹ ਫ਼ਾਸਲਾ, ਜੀਹਦਾ ਤੇਰੇ ਨਾਲ ਗੱਲਾਂ ਕਰਦਿਆਂ ਪਤਾ ਈ
ਨਹੀਂ ਲੱਗਾ, ਬੜਾ ਲੰਮਾਂ ਹੋ ਜਾਣਾ ਏਂ........।"[3]

ਇਸੇ ਸਮੇਂ ਫ਼ਰਹਾਨਾ ਇੱਕ ਸ਼ਬਦ ‘ਪਰ’ ਬੋਲ ਗਈ ਜਿਸਦੇ ਅਸਤਿਤਵੀ ਅਰਥ ਬੜੇ ਡੂੰਘੇ ਸਨ। ਤੇ ਇਹੋ ‘ਪਰ’ ਉਨ੍ਹਾਂ ਦੇ ਜੀਵਨ ਸਾਥੀ ਬਣਨ ਵਿੱਚ ਅਟਕਾਰ ਪਾ ਗਿਆ। ਬੇਸ਼ਕ ਫ਼ਰਹਾਨਾ ਦੀ ਚੁੱਪ ਨੇ ਖ਼ਾਲਿਦ ਦੀ ਪ੍ਰਾਪਤੀ ਲਈ 40 ਜਾਗਰਾਤੇ ਕੱਟੇ ਸੀ।

ਇਸ ਸਮੇਂ ਘੜੀ ਸਮਾਂ (Clock time) ਅਤੇ ਜੀਵੰਤ ਸਮਾਂ (Lived time) ਉਨ੍ਹਾਂ ਦੀ ਚੇਤਨਾ ਨੂੰ ਟੁੰਬਦਾ ਹੈ:

ਖ਼ਾਲਿਦ: "ਇਹ ਗੱਡੀ ਅੱਜ ਕੁੱਝ ਤੇਜ਼ ਨਹੀਂ ਚਲਦੀ ਪਈ,"
ਫ਼ਰਹਾਨਾ: "ਚਾਰ ਘੰਟੇ ਹੋ ਗਏ ਨੇ ਜਨਾਬ ਲਾਹੌਰੋਂ ਟੁਰਿਆਂ"
ਖ਼ਾਲਿਦ: "ਮੈਨੂੰ ਤੇ ਚਾਰ ਮਿੰਟ ਲਗਦੇ ਨੇ"[4]

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 197

  1. ਉਹੀ, ਪੰ. 155
  2. ਉਹੀ, ਪੰ. 156
  3. ਉਹੀ, ਪੰ. 157
  4. ਉਹੀ, ਪੰ. 159