ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/190

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਾਰੇ ਗਏ।

ਨੱਜੀ ਨੂੰ ਆਜ਼ਾਦ ਕਰਵਾਉਣ ਦੀ ਸਾਰੀ ਯੋਜਨਾ ਅਨਵਾਰ ਦੀ ਸੀ ਜਿਸ ਨੂੰ ਜੂਰੇ ਨੇ ਅਮਲ ਵਿੱਚ ਲਿਆਂਦਾ।

ਸਲੀਮ ਅਖ਼ਤਰ ਇਸ ਨਾਵਲ ਦਾ ਇੱਕ ਹੋਰ ਮਹੱਤਵਪੂਰਨ ਪਾਤਰ ਹੈ। ਉਹ ਨੈਨਤਾਰਾ ਨਾਲ ਸੰਬੰਧ ਕਾਇਮ ਕਰਕੇ ਖ਼ਾਲਿਦ ਦੇ ਸੰਪਰਕ ਵਿੱਚ ਆਇਆ। ਉਹ ਬੜਾ ਚੁਸਤ, ਨਾਟਕੀ ਅਤੇ ਤੀਖਣ ਬੁੱਧੀ ਵਾਲਾ ਹੈ। ਉਹਨੇ ਨੈਨਤਾਰਾ ਪਾਸ ਆਪਣੀ ਬੇਰੁਜ਼ਗਾਰੀ ਦੀ ਦੁਹਾਈ ਪਾਈ ਤੇ ਵਕੀਲ ਖ਼ਾਲਿਦ ਦੇ ਗ੍ਰਹਿ ਵਿਖੇ ਕੰਮ ਲੈ ਲਿਆ। ਪਹਿਲਾਂ ਉਹ ਲਾਹੌਰ ਵਿਖੇ ਕਿਰਨ ਨਾਂ ਦੀ ਇੱਕ ਲੜਕੀ ਦੇ ਸੰਪਰਕ ਵਿੱਚ ਆਇਆ। ਫਿਰ ਕਿਰਨ ਦੇ ਕਿਸੇ ਇੰਗਲੈਂਡ ਤੋਂ ਆਏ ਮੁੰਡੇ ਨਾਲ ਤੁਰਨ-ਫਿਰਨ ਕਰਕੇ ਉਸ ਨਾਲ ਨਾਰਾਜ਼ ਹੋ ਗਿਆ। ਕੁੱਝ ਦੇਰ ਬਾਅਦ ਉਹ ਭੁਲੇਖਾ ਵੀ ਦੂਰ ਹੋ" ਗਿਆ ਪਰ ਉਸਦਾ ਅੱਬਾ ਅਬਦੁਲ ਹਮੀਦ ਉਸ ਰਿਸ਼ਤੇ ਨਾਲ਼ ਸਹਿਮਤ ਨਾ ਹੋਇਆ। ਭਾਵੇਂ ਸਲੀਮ ਕਿਰਨ ਪ੍ਰਤੀ ਆਪਣੇ ਫੈਸਲੇ (Decision) ਤੇ ਕਾਇਮ ਰਹਿਣਾ ਚਾਹੁੰਦਾ ਸੀ ਪਰ ਉਸਦੀ ਅੰਮੀ ਨੇ ਉਸਨੂੰ ਸਮਝਾ ਦਿੱਤਾ ਕਿ ਕਿਰਨ ਵਾਲੇ ਰਿਸ਼ਤੇ ਵਿੱਚ ਕੋਈ ਖ਼ਾਸ ਹੀ ਘਾਟ ਹੈ, ਨਹੀਂ ਤਾਂ ਤੇਰੇ ਅੱਬਾ ਕਦੀ ਨਾ ਠੁਕਰਾਉਂਦੇ। ਪਰ ਉਹ ਆਪਣੀ ਮਾਤਾ ਨੂੰ ਸਪਸ਼ਟ ਕਹਿੰਦਾ ਹੈ ਕਿ ਹੁਣ ਉਹ ਜਿੱਥੇ ਵਿਆਹ ਕਰਵਾਉਣਾ ਚਾਹੇਗਾ ਉਨ੍ਹਾਂ ਨੂੰ ਵੀ ਉਹਦੀ ਗੱਲ ਮੰਨਣੀ ਪਵੇਗੀ। ਪਰ ਪਿਤਾ ਜੀ ਦੇ ਕਹਿਣ ਅਨੁਸਾਰ ਕਿਰਨ ਨੂੰ ਭੈਣ ਸਮਝਕੇ ਉਹ ਖੋਟੇ ਨਿਸ਼ਚੇ (Bad Faith) ਵਿੱਚ ਨਹੀਂ ਵਿਚਰ ਸਕਦਾ। ਉਹ ਉਸਦੀ ਮਹਿਬੂਬ ਹੀ ਰਹੇਗੀ। ਸਲੀਮ ਦੀ ਭਾਬੀ ਦੇ ਨੈਨਤਾਰਾ ਪਸੰਦ ਆ ਗਈ ਪਰ ਸਾਰਾ ਵਿਸਥਾਰ ਸੁਣਕੇ ਉਸਨੇ ਵੀ ਫ਼ੈਸਲਾ ਦੇ ਦਿੱਤਾ:———

"......ਸਾਡੇ ਕੋਲ ਇੱਜ਼ਤ ਈ ਇੱਜ਼ਤ ਤੇ ਹੈ ਅਸਾਂ ਕਿਸੇ ਗੰਦ ਵਿੱਚ ਪੈਰ ਨਹੀਂ ਪਾਣਾ, ਨਾ ਤੁਹਾਡੇ ਭਾਅ ਜੀ ਮੰਨਣਾ ਏ ਨਾ ਮਾਂ ਪਿਉ।"[1]

ਸਲੀਮ ਦੇ ਨੈਨਤਾਰਾ ਨਾਲ ਸੰਬੰਧਾਂ ਨੂੰ ਘਟਨਾ ਕਿਰਿਆ ਵਿਗਿਆਨ (Phenomenology) ਅਨੁਸਾਰ ਇਉਂ ਸਮਝਿਆ ਜਾ ਸਕਦਾ ਹੈ। ਇੱਕ ਲੰਬੇ ਸੰਵਾਦ ਦਾ ਅੰਸ਼ ਵੇਖੋ:

"ਸ਼ਾਇਰ ਸਾਹਿਬ...ਮੈਂ ਤੁਹਾਨੂੰ ਦੱਸਿਆ ਏ ਮੈਂ ਤਿੰਨ ਚਾਰ ਵਰ੍ਹੇ
ਤੁਹਾਡੇ ਨਾਲੋਂ ਵੱਡੀ ਆਂ, ਲਿਹਾਜ਼ ਕਰਿਆ ਕਰੋ।"
"ਡਾਕਟਰਨੀ ਸਾਹਿਬਾ... ਮੈਂ ਵੀ ਤੁਹਾਨੂੰ ਦੱਸ ਦਿਆਂ ਮੈਂ ਬੀ.ਏ
ਤੱਕ ਚਾਰ ਵਾਰੀ ਫੇਲ੍ਹ ਹੋਇਆਂ।"[2]
ਦੇਕਾਰਤ ਦਾ ਅਸਤਿਤਵਵਾਦੀ ਸਿਧਾਂਤ ਹੈ:
"I think therefore I am."

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 188

  1. ਉਹੀ, ਪੰ. 408
  2. ਉਹੀ, ਪੰ. 402