ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/181

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਧਿਆਇ ਤੇਰਵਾਂ

ਟਾਵਾਂ ਟਾਵਾਂ ਤਾਰਾ

‘ਟਾਵਾਂ ਟਾਵਾਂ ਤਾਰਾ’ ਪਾਕਿਸਤਾਨੀ ਗਲਪਕਾਰ ਮੁਹੰਮਦ ਮਨਸ਼ਾ ਯਾਦ ਦਾ ਪਹਿਲਾ ਅਤੇ ਵਡ-ਆਕਾਰੀ ਨਾਵਲ ਹੈ ਜੋ 1997 ਵਿੱਚ ਪ੍ਰਕਾਸ਼ਿਤ ਹੋਇਆ। ਇਹ ਆਕਾਰ ਪੱਖੋਂ ਹੀ ਵੱਡਾ ਨਹੀਂ ਸਗੋਂ ਵਿਸ਼ੇ ਅਤੇ ਪ੍ਰਸਤੁਤੀ ਦੀ ਦ੍ਰਿਸ਼ਟੀ ਤੋਂ ਵੀ ਇੱਕ ਮਹਾਨ ਰਚਨਾ ਹੈ। ਜਿਸਨੂੰ ਮਹਾਂ-ਕਾਵਿਕ ਵਾਰਤਕ (Epic in prose) ਵੀ ਆਖਿਆ ਜਾ ਸਕਦਾ ਹੈ। ਸ਼ਾਹਮੁਖੀ ਲਿੱਪੀ ਵਿੱਚ ਇਹ 578 ਪੰਨਿਆਂ ਵਿੱਚ ਪ੍ਰਕਾਸ਼ਿਤ ਹੋਇਆ। ਇਸ ਨਾਵਲ ਦਾ ਪੰਜਾਬੀ ਵਿੱਚ ਲਿਪੀਆਂਤਰ ਤੇ ਸੰਪਾਦਨ ਜਤਿੰਦਰਪਾਲ ਸਿੰਘ ਜੌਲੀ ਅਤੇ ਜਗਜੀਤ ਕੌਰ ਜੌਲੀ ਵੱਲੋਂ ਕੀਤਾ ਗਿਆ। ਸੰਪਾਦਕਾਂ ਅਨੁਸਾਰ ਇਹ ਇੱਕ ‘ਹਡਵਰਤੀ ਬਿਰਤਾਂਤ' (Autobiographical novel) ਹੈ। ਇਸ ਨਾਵਲ ਦਾ ਆਰੰਭ ਦੂਜੀ ਵੱਡੀ ਜੰਗ ਵੇਲੇ ਤੋਂ ਸ਼ੁਰੂ ਹੁੰਦਾ ਹੈ, 'ਜਦੋਂ ਉੱਤੇ ਅੱਲਾ ਦਾ ਰਾਜ ਹੈ ਥੱਲੇ ਗੋਰਿਆਂ ਦਾ।'

ਨਾਵਲਕਾਰ ਨੇ ਜਿਸ ਤਥਾਤਮਕਤਾ (Facticity) ਵਿੱਚ ਆਪਣੇ ਪਾਤਰਾਂ ਨੂੰ ਪੇਸ਼ ਕੀਤਾ ਹੈ। ਉਹ ਸਥਿਤੀ ਇਸ ਨਾਵਲ ਦੇ ਨਾਇਕ ਖ਼ਾਲਿਦ ਦੇ ਬੋਲਾਂ ਵਿੱਚੋਂ ਉਜਾਗਰ ਹੁੰਦੀ ਹੈ:

"......ਏਸ ਵਸੇਬ ਵਿੱਚ ਗੁਣ, ਹੁਨਰ ਤੇ ਸੁਹੱਪਣ ਦੀ ਕੋਈ ਕਦਰ ਨਹੀਂ ਮੀਆਂ। ਇਹ ਡੰਗਰਾਂ ਵਰਗੇ ਬੰਦਿਆਂ ਦਾ ਮੁਆਸ਼ਰਾ ਏ। ਤੂੰ ਉਹ ਗੌਂਦਾ ਏ ਨਾ, ਫੁੱਲ ਅੱਗ ਦੇ ਵਿੱਚ ਨਾ ਸਾੜੀਏ ਜੀ। ਪਰ ਏਸ ਰਹਿਤਲ ਵਿੱਚ ਫੁੱਲਾਂ ਨੂੰ ਕੋਈ ਨਹੀਂ ਪੁੰਗਰਨ ਦੇਂਦਾ। ਭਾਅ ਬਾਸੂ ਜੇਹਾ ਕੌਡੀ ਦਾ ਖਿਡਕਾਰ ਜੰਮ ਪਵੇ ਤੇ ਸਾੜੇ ਪਾਰੋਂ ਲੱਤ ਭੰਨ ਦੇਂਦੇ ਨੇ। ਨਿੱਜੀ ਸੁਨਿਆਰੀ ਵਰਗੀ ਸੋਹਣੀ ਕੁੜੀ ਜੰਮ ਪਵੇ ਤੇ ਕੋਈ ਸਰਵਰ ਉਹਨੂੰ ਉਧਾਲ ਲੈ ਜਾਂਦਾ ਤੇ ਬਰਬਾਦ ਕਰ ਦੇਂਦਾ ਨੇ। ਮੈਂ ਪੜ੍ਹਾਈ ਵਿੱਚ ਚੰਗਾ ਸਾਂ। ਮਲਿਕ ਮੁਰਾਦ ਅਲੀ ਤੇ ਵਾਰਸ ਮੇਰਾ ਰਾਹ ਡੱਕਣ ਲਈ ਸਾਰਾ ਟਿੱਲ ਲਾਂਦੇ ਰਹੇ ਤੇ ਹੁਣ ਤੇਰੇ ਨਾਲ ਵੀ ਉਹੋ ਗੁਜ਼ਰੀ ਏ ਜਿਹੜੀ ਏਸ ਵਸੇਬੇ ਵਿੱਚ ਹਰ ਗੁਣੀ ਬੰਦੇ, ਜ਼ਨਾਨੀ ਨਾਲ ਵਾਪਰਦੀ ਏ। ਤੂੰ ਹੀਰ ਜ਼ਰੂਰ ਪੜ੍ਹਿਆ ਕਰ ਪਰ ਆਪਣੇ ਸ਼ੌਕ ਲਈ। ਕਿਸੇ ਨੂੰ ਸੁਨਾਣ ਜਾਂ ਰਿਕਾਰਡ ਭਰਾਣ ਦੀ ਲੋੜ ਨਹੀਂ। ਏਹ ਵਸੇਬ ਤੇਰੇ ਜੇਹੇ ਬੰਦੇ ਦੀ ਕਦਰ ਨਹੀਂ ਕਰੇਗਾ।[1]

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 179

  1. ਮੁਹੰਮਦ ਮਨਸ਼ਾ ਯਾਦ, ਟਾਵਾਂ ਟਾਵਾਂ ਤਾਰਾ (ਨਾਵਲ), (ਲਿਪੀਆਂਤਰ ਤੇ ਸੰਪਾਦਨ), ਜਤਿੰਦਰਪਾਲ ਸਿੰਘ ਜੌਲੀ- ਜਗਜੀਤ ਕੌਰ ਜੌਲੀ; ਲੋਕਗੀਤ ਪ੍ਰਕਾਸ਼ਨ 2007, ਪੰਨਾ 242