ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/18

ਇਹ ਸਫ਼ਾ ਪ੍ਰਮਾਣਿਤ ਹੈ

ਚਿੰਤਾਵਾਂ ਨੂੰ ਆਪਣੇ ਅੰਦਰੋ-ਅੰਦਰੀ ਮਹਿਸੂਸ ਕਰਦੇ ਹਾਂ। ਦੂਜੇ ਕੋਈ ਸਾਡੀ ਇਸ ਅਵਸਥਾ ਨੂੰ ਇਨ-ਬਿਨ ਨਹੀਂ ਜਾਣ ਸਕਦੇ। ਉਹ ਸਾਨੂੰ ਬਾਹਰੋਂ ਵੇਖ ਸਕਦੇ ਹਨ। ਅਸੀਂ ਵੀ ਵੇਖਣ ਵਾਲੇ ਨੂੰ ਅੰਦਰੋਂ ਨਹੀਂ ਜਾਣ ਸਕਦੇ, ਬਾਹਰੋਂ ਹੀ ਜਾਣ ਸਕਦੇ ਹਾਂ। ਇਸ ਲਈ ਅਸਤਿਤਵਵਾਦੀ ਕਹਿੰਦੇ ਹਨ ਕਿ ਅਸਤਿਤਵ ਆਤਮਪਰਕ ਵਿਧੀ ਰਾਹੀਂ ਹੀ ਜਾਣਿਆ ਜਾ ਸਕਦਾ ਹੈ, ਵਸਤੂਪਰਕ ਰਾਹੀਂ ਨਹੀਂ। ਇਹ ਕੋਈ ਜ਼ਰੂਰੀ ਨਹੀਂ ਕਿ ਬਾਹਰੋਂ ਚਮਕਣ ਵਾਲੀ ਸ਼ਖ਼ਸੀਅਤ ਅਵੱਸ਼ ਕੀਮਤੀ ਹੋਵੇਗੀ ਅਤੇ ਨਾ ਚਮਕਣ ਵਾਲੀ ਮਿੱਟੀ। ਇਉਂ ਸਾਡੀ ਦ੍ਰਿਸ਼-ਇੰਦਰੀ ਧੋਖਾ ਵੀ ਖਾ ਸਕਦੀ ਹੈ।

ਅਸਤਿਤਵਵਾਦੀਆਂ ਦੇ ਚਿੰਤਨ ਦੇ ਵਿਸ਼ਿਆਂ ਵਿੱਚ ਕੁੱਝ ਅਜਿਹੀਆਂ ਗੱਲਾਂ ਸ਼ਾਮਲ ਹਨ ਜਿਵੇਂ-ਮੈਂ ਕੀ ਹਾਂ? ਕਿਉਂ ਹਾਂ? ਮੇਰੇ ਹੋਣ ਦਾ ਅਰਥ ਕੀ ਹੈ? ਇਵੇਂ ਅਸਤਿਤਵਵਾਦੀ ਆਪਣੀ ਮੌਤ ਨੂੰ ਹਮੇਸ਼ਾ ਚੇਤੇ ਰੱਖਦੇ ਹਨ। ਸਾਡੀ ਅੱਜ ਦੀ ਹੋਂਦ ਨਾਲ ਭਵਿੱਖ ਵਿੱਚ ਸਾਡੀ ਅਣਹੋਂਦ ਨਿਸ਼ਚਿਤ ਹੈ ਜਿਸਨੂੰ ਕਿਸੇ ਵੀ ਸੂਰਤ ਵਿੱਚ ਟਾਲਿਆ ਨਹੀਂ ਜਾ ਸਕਦਾ। ਫ਼ਰੀਦ ਜੀ ਇਸੇ ਬੰਨੇ ਸੰਕੇਤ ਕਰਦੇ ਹਨ:

ਫ਼ਰੀਦਾ ਦਰੀਆਵੈ ਕੰਨੈ ਬਗੁਲਾ ਬੈਠਾ ਕੇਲ ਕਰੇ।
ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ॥[1]

ਫ਼ਰੀਦਾ ਦੁਹੂ ਦੀਵੀ ਬਲੰਦਿਆ ਮਲਕੁ ਬਹਿਠਾ ਆਇ।
ਗੜ੍ਹ ਲੀਤਾ ਘਟੁ ਲੁਟਿਆ ਦੀਵੜੇ ਗਇਆ ਬੁਝਾਇ।[2]

ਇਸੇ ਨੂੰ ਅਸਤਿਤਵਵਾਦੀ ਨਿਰਰਥਕਤਾ/ਅਣਹੋਂਦ (Nothingness) ਕਹਿੰਦੇ ਹਨ। ਮੌਤ ਨੂੰ ਉਹ ਸਚੇਤ ਜਾਂ ਅਚੇਤ ਜਾਂ ਦੋਵਾਂ ਦੇ ਮਿਲਵੇਂ ਰੂਪ ਵਿੱਚ ਚਿਤਵਦੇ ਹਨ। ਇਸੇ ਵਿੱਚੋਂ ਭੈਅ ਅਤੇ ਚਿੰਤਾ (ਤੌਖ਼ਲਾ) ਉਪਜਦੇ ਹਨ।

ਵਸਤੂਪਰਕ ਅਧਿਐਨ ਵਿੱਚ ਤਾਂ ਉਨ੍ਹਾਂ ਦਾ ਉੱਕਾ ਹੀ ਵਿਸ਼ਵਾਸ ਨਹੀਂ। ਸਰੀਰਕ ਹੋਂਦ ਕੇਵਲ ਆਤਮਪਰਕ ਸਚਾਈ ਹੈ, ਕਿਉਂਕਿ ਆਤਮਕਤਾ ਵਿੱਚ ਹੀ ਅਨੁਭਵ, ਹੋਂਦ,ਪ੍ਰਤੱਖਣ, ਸੰਬੰਧ, ਕੀਮਤਾਂ, ਵੇਦਨਾ, ਸੰਵੇਦਨਾ, ਭੈਅ ਆਦਿ ਨਿਹਿਤ ਹਨ ਅਤੇ ਇਨ੍ਹਾਂ ਸਭ ਨੂੰ ਕਿਸੇ ਵੀ ਹੋਰ ਵਿਧੀ (ਆਤਮਪਰਕਤਾ ਤੋਂ ਬਿਨਾਂ) ਰਾਹੀਂ ਨਹੀਂ ਜਾਣਿਆ ਜਾ ਸਕਦਾ। ਇਨ੍ਹਾਂ ਦੇ ਅਧਿਐਨ ਦੀ ਭਰੋਸੇਯੋਗਤਾ ਵੀ ਸ਼ੱਕੀ ਹੈ। ਆਤਮਪਰਕਤਾ ਹੀ ਦੂਸਰਿਆਂ ਨਾਲ ਸਰੋਕਾਰ ਰੱਖਦੀ ਹੈ। ਬੰਦਾ ਸੰਸਾਰਿਕ ਫ਼ਿਜ਼ਾ ਵਿੱਚ ਸਰੀਰ ਤੋਂ ਵੱਧ ਬੜਾ ਕੁੱਝ ਹੋਰ ਹੈ। ਉਹ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 18

  1. ਸ਼ੇਖ ਫ਼ਰੀਦ, ਜੀਵਨ ਤੇ ਰਚਨਾ, ਤਾਰਨ ਸਿੰਘ, ਬਲਬੀਰ ਕੌਰ, ਪੰਜਾਬੀ ਯੂਨੀਵਰਸਿਟੀ ਪਟਿਆਲਾ 1973, ਮੂਲਪਾਠ, ਸ਼ਲੋਕ 99
  2. ਉਹੀ, ਸ਼ਲੋਕ 48