ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/148

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਰਥਾਤ ਇਥੇ ਜੋ Being ਹੈ, ਉਹ ਹੀ Nothing ਹੈ। ਮਾਂ ਇੱਛਰਾਂ ਤਾਂ ਉਸਨੂੰ ਕਿਸੇ ਬਹੁਤ ਸੋਹਣੀ ਲੜਕੀ ਨਾਲ ਵਿਆਹਣ ਦਾ ਸੁਪਨਾ ਲਈ ਬੈਠੀ ਸੀ। ਇੱਛਰਾਂ ਪੂਰਨ ਨੂੰ ਇਸ ਗੁਨਾਹ ਤੋਂ ਮੁਕਰਨ ਲਈ ਸਲਾਹ ਦਿੰਦੀ ਹੈ। ਪਰ ਪੂਰਨ ਇਸ ਧਰਤੀ ਤੇ ਬੰਦਿਆਂ ਦੀ ਪ੍ਰਮਾਣਿਕ ਹੋਂਦ (Inauthentic existence) ਵੱਲ ਸੰਕੇਤ ਕਰਦਾ ਹੈ:

ਏਥੇ ਹਰ ਕੋਈ,
ਆਪਣੀ ਨਜ਼ਰੋਂ ਇਉਂ ਡਿਗ ਜਾਏ
ਕਿ ਸਾਨੂੰ ਆਪਣਾ ਆਪ,
ਨਾ ਆਪਣੇ ਕੋਲ ਬਿਠਾਏ
ਸਾਥੋਂ ਸਾਡਾ ਆਪਣਾ ਆਪ
ਨਜ਼ਰ ਬਚਾਏ
ਸਾਥੋਂ ਸਾਡਾ ਭੇਤ ਛੁਪਾਏ।[1]

ਇੰਜ ਪੂਰਨ ਸੰਸਾਰ ਦੀ ਹੋਂਦ ਨੂੰ ਨਿਰਰਥਕ (Absurd) ਕਹਿੰਦਾ ਹੈ:———
ਮਿੱਟੀ ਨੂੰ ਬਸ ਮਿੱਟੀ ਖਾਏ
ਮਿੱਟੀ ਨੂੰ ਮਿੱਟੀ ਪਰਨਾਏ
ਮਿੱਟੀ ਗਰਭਵਤੀ ਹੋ ਜਾਏ
ਮਿੱਟੀ ਜੰਮੇ ਤੇ ਮਰ ਜਾਏ।[2]

ਜੀਵਨ ਦੇ ਰਾਹ ਦੀ ਭਟਕਣ ਨੂੰ ਉਹ ਲੂਣਾ ਦਾ ਨਾਂ ਦਿੰਦਾ ਹੈ। ਅਜਿਹੀ ਸੰਸਾਰਿਕ ਭਟਕਣ ਜਿਸ ਵਿੱਚ ਖਚਿਤ ਹੋ ਕੇ ਬੰਦਾ ਆਪਣੇ ਅਸਤਿਤਵ ਤੋਂ ਪਤਿਤ ਹੋ ਜਾਂਦਾ ਹੈ।

ਐਲਬੇਅਰ ਕਾਮੂ ਕਹਿੰਦਾ ਹੈ ਕਿ ਮਰਕੇ ਬੰਦਾ ਉਹ ਕੁੱਝ ਬਣ ਜਾਂਦਾ ਹੈ ਜੋ ਉਹ ਪਹਿਲਾਂ ਨਹੀਂ ਹੁੰਦਾ। ਪੂਰਨ ਮਰਕੇ ਇੱਕ ਐਸਾ ਅਸਤਿਤਵੀ ਚਿੰਨ੍ਹ (Existential symbol) ਬਣਨਾ ਚਾਹੁੰਦਾ ਹੈ ਤਾਂ ਕਿ ਉਸ ਚਿੰਨ੍ਹ ਤੋਂ ਅਗਵਾਈ ਪ੍ਰਾਪਤ ਕਰਕੇ ਲੋਕੀ ਰਾਹੋਂ ਭਟਕਣ ਤੋਂ ਬਚ ਜਾਣ। ਕੋਈ ਸਲਵਾਨ ਲੂਣਾ ਨੂੰ ਨਾ ਅਪਣਾ ਸਕੇ। ਕੋਈ ਧੀ ਬਾਬਲ ਦੇ ਵਿਹੜੇ ਪਰਤਕੇ ਨਾ ਜਾਏ ਅਤੇ ਕੋਈ ਲੂਣਾ ਪਰਾਏ ਅੰਗਾਂ ਦੀ ਝਾਕ ਨਾ ਰੱਖੇ। ਕੋਈ ਪੈਸੇ ਬਦਲੇ ਕਿਸੇ ਦੀ ਇੱਜ਼ਤ ਨਾ ਲੁੱਟੇ। ਮੁੜ ਕਿਸੇ ਪੂਰਨ ਦੇ ਅੰਗ ਨਾ ਕੱਟੇ ਜਾਣ। ਮੁੜ ਪੂਰਨ ਦਾ ‘ਸਵੈ' ਉਸਦੇ ਹੀ ‘ਸਵੈ' ਤੋਂ ਨਾ ਡਰੇ। ਧਰਤੀ ਦੇ ਹਰ ਬੰਦੇ ਅਤੇ ਹਰ ਔਰਤ ਦਾ ਆਪੋ-ਆਪਣਾ ਪ੍ਰਮਾਣਿਕ ਅਸਤਿਤਵ ਹੋਵੇ।

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 148

  1. ਉਹੀ, ਪੰ. 214
  2. ਉਹੀ