ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/124

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੂਜੀ ਟੋਲੀ ਹੀਰ ਰਾਂਝੇ ਨੂੰ ਪਕੜ ਲੈਂਦੀ ਹੈ। ਰਾਂਝਾ ਕੂਕਾਂ ਮਾਰਦਾ ਹੈ। ਅਦਲੀ ਰਾਜੇ ਦੇ ਦਰਬਾਰ ਵਿੱਚ ਖੇੜੇ ਪੇਸ਼ ਹੁੰਦੇ ਹਨ। ਕਾਜ਼ੀ ਸ਼ਰ੍ਹਾਂ ਦਾ ਬਿਆਨ ਕਰਦਾ ਹੈ। ਹੀਰ ਖੇੜਿਆਂ ਨੂੰ ਸੌਂਪ ਦਿੱਤੀ ਜਾਂਦੀ ਹੈ। ਹੀਰ ਫ਼ਿਰਾਕ ਵਿੱਚ ਆਹ ਭਰਦੀ ਹੈ। ਰਾਂਝਾ ਮੁੜ ਪੀਰਾਂ ਅੱਗੇ ਦੁਆ ਕਰਦਾ ਹੈ। ਆਸ਼ਕਾਂ ਦੀ ਆਹ ਨਾਲ ਸ਼ਹਿਰ ਅੱਗ ਦੀ ਲਪੇਟ ਵਿੱਚ ਆਉਂਦਾ ਹੈ। ਅਦਲੀ ਰਾਜੇ ਨੇ ਰਾਂਝੇ ਨੂੰ ਹੀਰ ਦਿਵਾ ਦਿੱਤੀ। ਕਿਸੇ ਦੇ ਆਰੰਭ ਵਿੱਚ ਜਿਹੜੀ ਹੀਰ ਰਾਂਝੇ ਨੂੰ ਉਧਾਲਕੇ ਲੈ ਜਾਣ ਦੀ ਪੇਸ਼ਕਸ਼ ਕਰਦੀ ਹੈ, ਉਹੀ ਹੀਰ ਹੁਣ ਸਿੱਧੀ ਤਖ਼ਤ-ਹਜ਼ਾਰੇ ਜਾਣ ਤੋਂ ਇਨ੍ਹਾਂ ਸ਼ਬਦਾਂ ਵਿੱਚ ਨਾਂਹ ਕਰਦੀ ਹੈ: ਹੀਰ ਆਖਿਆ, ਇਵੇਂ ਜੇ ਜਾਇ ਵੜਸਾਂ, ਰੰਨਾਂ ਆਖਸਣ, ਉੱਧਲੀ ਆਈਏਂ ਨੀ।[1]

ਇਨ੍ਹਾਂ ਬੋਲਾਂ ਦੀ ਅਸਤਿਤਵੀ ਵਿਆਖਿਆ ਕਰਨੀ ਬਣਦੀ ਹੈ। ਜਾਂ ਪਾਲ ਸਾਰਤਰ ਅਨੁਸਾਰ 'ਅਸਤਿਤਵ ਸਾਰ ਤੋਂ ਪਹਿਲਾਂ ਹੈ' (Existence proceeds essence) ਮੰਨਿਆ ਕਿ ਹੀਰ-ਰਾਂਝੇ ਦੀ ਮੁਹੱਬਤ ਦਾ ਸਾਰ (Essence) ਇਸ਼ਕ ਹੈ। ਪਰ ਇਸ ਸਾਰ (ਇਸ਼ਕ) ਤੋਂ ਪਹਿਲਾਂ ਬੰਦੇ ਦਾ ਅਸਤਿਤਵ ਹੈ। ਜੇ ਹੀਰ ਸਿੱਧਾ ਤਖ਼ਤ ਹਜ਼ਾਰੇ ਪੁੱਜਦੀ ਹੈ ਤਾਂ ਰਾਂਝੇ ਦੀਆਂ ਭਾਬੀਆਂ ਨੇ ਉਸਨੂੰ ਉੱਧਲੀ ‘ਆਈਏਂ' ਕਹਿਣਾ ਸੀ ਅਤੇ ਇਉਂ ਹੀਰ ਨੇ ਅਸਤਿਤਵਹੀਣ ਹੋ ਜਾਣਾ ਸੀ ਪਰ ਏਦਾਂ ਅਸਤਿਤਵ ਨੂੰ ਬਚਾਉਂਦਿਆਂ ਹੀ ਉਹ ਮਾਪਿਆਂ ਵੱਲੋਂ ਇੱਜ਼ਤ ਲਈ ਕਤਲ (ਆਨਰ ਕਿਲਿੰਗ) ਦਾ ਸ਼ਿਕਾਰ ਹੋ ਜਾਂਦੀ ਹੈ। ਰਾਂਝਾ ਇਸ ਦੁੱਖ ਨਾਲ ਮਰ ਜਾਂਦਾ ਹੈ। ਧਾਰਮਿਕ ਅਸਤਿਤਵਵਾਦੀ ਨਿਕੋਲਸ ਬਰਦੀਏਵ ਦਾ ਕਥਨ ਸੱਚ ਹੈ ਕਿ ਮਾਨਵੀ ਸੰਸਾਰ ਵਿੱਚ ਪ੍ਰਮਾਣਿਕ ਅਸਤਿਤਵ ਅਵੱਸ਼ ਦੁੱਖ ਭੋਗਦਾ ਹੈ।

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 124

  1. ਸ਼ਾਹ ਚਮਨ (ਸ.), ਉਹੀ, ਪੰ. 215