ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/117

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਬਾਅ ਦੇ ਸੁਤੰਤਰ ਚੋਣ ਹੈ। ਹੀਰ ਰਾਂਝੇ ਲਈ ਬੇਲਿਆਂ ਵਿੱਚ ਭੱਤਾ ਲੈ ਕੇ ਜਾਂਦੀ ਹੈ। ਕੈਦੋਂ ਉਸਦਾ ਪਿੱਛਾ ਕਰਦਾ ਹੈ। ਹੀਰ ਉਸਨੂੰ ਢਾਹਕੇ ਕੁੱਟਦੀ ਵੀ ਹੈ। ਕੈਦੋਂ ਪਰੇ ਵਿੱਚ ਜਾ ਕੇ ਚੂਰੀ ਦਾ ਸਬੂਤ ਦਿੰਦਾ ਹੈ। ਚੂਚਕ ਦੇ ਅਸਤਿਤਵ ਨੂੰ ਖ਼ਤਰਾ ਪੈਦਾ ਹੁੰਦਾ ਹੈ। ਪਿੰਡ ਵਿੱਚ ਬਦਨਾਮੀ ਹੁੰਦੀ ਹੈ। ਇਸੇ ਲਈ ਚੂਚਕ, ਮਲਕੀ ਅਤੇ ਕਾਜ਼ੀ ਹੀਰ ਨੂੰ ਸਮਝਾਉਂਦੇ ਹਨ:

ਨੀਵੀਂ ਨਜ਼ਰ ਹਿਆਉ ਦੇ ਨਾਲ ਰਹੀਏ,
ਤੈਨੂੰ ਸਭੇ ਸਿਆਣੇ ਫਰਮਾਂਵਦੇ ਨੇ।
ਚੂਚਕ ਸਿਆਲ ਹੋਰੀਂ ਧੀਏ ਜਾਣਨੀ ਏਂ,
ਸਰਦਾਰ ਤੇ ਪੈਂਚ ਗਿਰਾਂਵ ਦੇ ਨੇ।[1]

ਮਾਰਟਿਨ ਹਾਈਡਿਗਰ ਸੰਸਾਰ ਨੂੰ ਸੰਦਾਂ ਦੀ ਵਿਵਸਥਾ (System of instruments) ਕਹਿੰਦਾ ਹੈ। ਹੀਰ ਵਿੱਚ ਵੰਝਲੀ, ਭੂਰੀ ਖੁੰਡੀ ਇਹੋ ਕਾਰਜ ਕਰਦੇ ਹਨ। ਵੰਝਲੀ ਦਾ ਇਸ ਵਿੱਚ ਵਿਸ਼ੇਸ਼ ਰੋਲ ਹੈ। ਵੰਝਲੀ ਨਾਲ਼ ਰਾਂਝਾ ਸੰਪਰਕ ਵਿੱਚ ਆਏ ਹਰੇਕ ਨੂੰ ਆਕਰਸ਼ਤ ਕਰਦਾ ਹੈ। ਇਹੋ ਵੰਝਲੀ ਪੰਜਾਂ ਪੀਰਾਂ ਨੂੰ ਪ੍ਰਸੰਨ ਕਰਦੀ ਹੈ। ਰਾਂਝੇ ਤੇ ਜਦ ਵੀ ਬਿਪਤਾ ਆਉਂਦੀ ਉਹ ਪੰਜਾਂ ਪੀਰਾਂ ਨੂੰ ਯਾਦ ਕਰਦਾ ਹੈ। ਧਾਰਮਿਕ ਅਸਤਿਤਵਵਾਦੀਆਂ ਅਨੁਸਾਰ ਪੀਰਾਂ ਦੀ ਮਿਹਰ/ਨਦਰ (Grace) ਹੀ ਰਾਂਝੇ ਦੀ ਹਰ ਔਕੜ ਦੂਰ ਕਰਦੀ ਹੈ। ਬੁਲਟਮਾਨ (Bultmann) ਦਾ ਵਿਚਾਰ ਹੈ:

"Grace is the event in which God restores to me and places within my grasp my lost possibility of authentic being."[2]

(ਅਰਥਾਤ: ਨਦਰ ਇੱਕ ਅਜਿਹੀ ਘਟਨਾ ਹੈ ਜੋ ਮੇਰੀ ਪ੍ਰਮਾਣਿਕ ਹੋਂਦ ਦੀ ਸੰਭਾਵਨਾ ਪਰਤਾਉਂਦੀ ਅਤੇ ਮੇਰੀ ਪਕੜ ਵਿੱਚ ਲਿਆਉਂਦੀ ਹੈ)।

ਹੀਰ ਰਾਂਝੇ ਨੂੰ ਮਿਲਣਾ ਬੰਦ ਨਹੀਂ ਕਰਦੀ, ਉਹ ਕਦੇ ਮਿੱਠੀ ਨੈਣ ਦੇ ਘਰ ਅਤੇ ਕਦੇ ਬੇਲਿਆਂ ਵਿੱਚ ਰਾਂਝੇ ਨੂੰ ਮਿਲਦੀ ਹੈ। ਉਹ ਅਸਤਿਤਵਵਾਦੀ ਦ੍ਰਿਸ਼ਟੀ ਅਨੁਸਾਰ ਆਪਣੀ ਸੁਤੰਤਰ ਚੋਣ ’ਤੇ ਅਮਲ ਕਰਨ ਲਈ ਬਜ਼ਿਦ ਹੈ:

ਵਾਰਿਸ ਸ਼ਾਹ ਨਾ ਮੁੜਾਂ ਰੰਝੇਟੜੇ ਤੋਂ,
ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ।[3]

ਕੈਦੋਂ ਚੂਚਕ ਤੇ ਮਲਕੀ ਨੂੰ ਵਾਰ ਵਾਰ ਚੇਤਾਵਨੀ ਦਿੰਦਾ ਹੈ। ਪਰ ਉਹ ਕੈਦੋਂ ’ਤੇ ਪਲਟਵਾਰ ਕਰਦੇ ਹਨ ਕਿ ਉਸਦੀ ਉਨ੍ਹਾਂ ਦੀ ਧੀ ਪ੍ਰਤੀ ਨੀਯਤ ਸਾਫ਼ ਨਹੀਂ।

ਤਖ਼ਤ ਹਜ਼ਾਰੇ ਤੋਂ ਭਰਾ ਅਤੇ ਭਰਜਾਈਆਂ ਸਿਆਲਾਂ ਨੂੰ ਖ਼ਤ ਲਿਖਕੇ ਰਾਂਝੇ ਨੂੰ ਵਾਪਸ ਪਰਤਾਉਣ ਲਈ ਬੇਨਤੀ ਕਰਦੇ ਹਨ। ਕਿਉਂਕਿ ਉਨ੍ਹਾਂ ਦਾ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 117

  1. ਉਹੀ, ਪੰ. 46
  2. John Macquarrie, An Existential Theology, P. 135
  3. ਸ਼ਾਹ ਚਮਨ (ਸੰ.), ਉਹੀ, ਪੰ. 54