ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/113

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਸਤਿਤਵ ਦੀ ਪ੍ਰਾਪਤੀ ਦੀ ਅਵਸਥਾ ਹੈ। ਇਸ ਸਥਿਤੀ ਵਿੱਚੋਂ ਵਿਅਕਤੀ ਦੇ ਵਿਚਾਰਾਂ ਦਾ ਅਜਿਹਾ ਵਿਕਾਸ ਹੁੰਦਾ ਹੈ ਜੋ ਕਥਨ ਵਿੱਚੋਂ ਲਿਆਉਣਾ ਅਸੰਭਵ ਹੁੰਦਾ ਹੈ। ਪ੍ਰਮਾਣਿਕ ਅਸਤਿਤਵ (Authentic existence) ਦੀ ਘਾੜਤ ‘ਸ਼ਬਦ' ਦੀ ਟਕਸਾਲ ਵਿੱਚ ਘੜੀ ਜਾਂਦੀ ਹੈ। ਅਜਿਹੀ ਘਾੜਤ ਹੀ ਸਚਿਆਰਾ ਬਣਨ ਵਿੱਚ ਸਹਾਈ ਹੁੰਦੀ ਹੈ।

ਜਪੁਜੀ ਸਾਹਿਬ ਵਿੱਚ ਅਨੇਕਾਂ ਸੰਕਲਪ ਹਨ- ਜਿਵੇਂ ਕਿ ਹੁਕਮਿ, ਹਊਮੈ, 'ਕਰਮ’, ‘ਨਦਰ’, ‘ਮੋਖ’, ‘ਪੰਚ’, ‘ਨਾਦ’, ‘ਪੁੰਨ’, ‘ਪਾਪ' ਆਦਿ। ਜਦੋਂ ਗੁਰੂ ਸਾਹਿਬ ਫ਼ਰਮਾਉਂਦੇ ਹਨ 'ਅਸੰਖ ਪਾਪੀ ਪਾਪੁ ਕਰਿ ਜਾਹਿ' ਤਾਂ ਇਹ ਗੱਲ ਬੇਅੰਤ ਪਾਪੀਆਂ 'ਤੇ ਜਾਂ ਕਹੋ ਇਹ ਸਟੇਟਮੈਂਟ ਤਾਂ ਪਤਿਤ ਕਾਰਜ ਵਾਲੇ ਸਾਰੇ ਬੰਦਿਆਂ ਤੇ ਲਾਗੂ ਹੁੰਦੀ ਹੈ। ਮਾਰਟਿਨ ਹਾਈਡਿਗਰ ਦੇ ਵਿਚਾਰ ਲਾਗੂ ਕੀਤਿਆਂ ਇਹ ਇੱਕ (Ontical) ਸਟੇਟਮੈਂਟ ਹੈ ਕਿਉਂਕਿ ਇਹ ਪਾਪੀ ਜਿਵੇਂ ਹਨ (Being as such) ਨੂੰ ਬਿਆਨ ਕਰਦੀ ਹੈ ਪਰ ਜਦੋਂ ਗੁਰੂ ਸਾਹਿਬ ਇਸਨੂੰ ਅਨੇਕਾਂ ਉਦਾਹਰਨਾਂ ਨਾਲ ਸਪਸ਼ਟ ਕਰਦੇ ਹਨ ਤਾਂ ਇਸਦਾ ਭਾਵ ਹੈ ਕਿ ਉਹ ਪਾਪ ਦੀਆਂ ਅਨੇਕਾਂ ਸੰਭਾਵਨਾਵਾਂ (Possibilities) ਨੂੰ ਪੇਸ਼ ਕਰ ਰਹੇ ਹਨ। ਪਾਪ ਦੀਆਂ ਅਜਿਹੀਆਂ ਸੰਭਾਵਨਾਵਾਂ ਦੀ ਪ੍ਰਸਤੁਤੀ ਹੀ Ontological ਅਖਵਾਉਂਦੀ ਹੈ। ਅਜਿਹੀ ਪ੍ਰਸਤੁਤੀ ਇਸ ਬਾਣੀ ਵਿੱਚ ‘ਮੂਰਖ ਅੰਧ ਘੋਰ’, ‘ਚੋਰ ਹਰਾਮਖੋਰ', ‘ਕਰ ਜਾਹਿ ਜੋਰ’, ‘ਗਲ ਵਢ ਹਤਿਆ ਕਮਾਹਿ’, ‘ਕੁੜਿਆਰ ਕੂੜੇ ਫਿਰਾਹ’, ‘ਮਲੁ ਭਖਿ ਖਾਹਿ` ਆਦਿ ਉਦਾਹਰਨਾਂ ਦੁਆਰਾ ਸਪਸ਼ਟ ਹੋ ਜਾਂਦੀ ਹੈ। (Ontical ontological ਲਈ ਢੁਕਵੇਂ ਪੰਜਾਬੀ ਸ਼ਬਦ ਪੇਸ਼ ਨਾ ਕਰ ਸਕਣ ਲਈ ਖੇਦ ਹੈ। ਮੋਟੇ ਤੌਰ 'ਤੇ ਇਨ੍ਹਾਂ ਸ਼ਬਦਾਂ ਨੂੰ ਭੌਤਿਕ, ਪਰਾਭੌਤਿਕ ਅਨੁਸਾਰ ਸਮਝਿਆ ਜਾ ਸਕਦਾ ਹੈ। ਅਜਿਹੇ ਸੰਬੰਧਾਂ ਬਾਰੇ ਸਮਝਣਾ ਅਸਤਿਤਵਵਾਦੀ ਦਰਸ਼ਨ ਦਾ ਸਰੋਕਾਰ ਹੈ ਕਿਉਂਜੋ ਬੰਦਾ ਹਮੇਸ਼ਾ ਇੱਕ ਸੰਭਾਵਨਾ ਹੈ। ਅਸਤਿਤਵਵਾਦੀ ਵਿਸ਼ਲੇਸ਼ਕ ਨੂੰ ਘਟਨਾ ਕਿਰਿਆ ਵਿਗਿਆਨ ਦੀ ਵਰਤੋਂ ਕਰਨੀ ਪੈਂਦੀ ਹੈ। ਇਸ ਵਿਸ਼ਲੇਸ਼ਣ ਅਨੁਸਾਰ ਬੰਦੇ ਨੂੰ ‘ਕੀ’ ਦੀ ਥਾਂ ‘ਕੌਣ ਵਜੋਂ ਸਮਝਣਾ ਬਣਦਾ ਹੈ।

ਬੰਦਾ ਸੰਸਾਰ ਵਿੱਚ (Being-in-the-world) ਹੈ ਪਰ ਉਹ ਸੰਸਾਰ ਵਿੱਚ ਖਚਿਤ (Being-with-in-world) ਹੋ ਕੇ ਸਚਿਆਰਾ ਬਣਨ ਤੋਂ ਰਹਿ ਵੀ ਸਕਦਾ ਹੈ। 'ਹੁਕਮਿ ਰਜਾਈ' ਚੱਲਕੇ ਕੂੜ ਦੀ ਪਾਲਿ ਨੂੰ ਤੋੜਕੇ ਸਚਿਆਰਾ ਵੀ ਬਣ ਸਕਦਾ ਹੈ। ਗੁਰਬਾਣੀ ਅਨੁਸਾਰ ਜੇ ਬੰਦਾ ‘ਸੁਣਿਐ’ ਅਤੇ ‘ਮੰਨੈ` ਅਨੁਸਾਰ ਅਮਲ ਨਹੀਂ ਕਰਦਾ ਤਾਂ ਉਸਦੀ ਸ਼ਖ਼ਸੀਅਤ ਪਤਿਤ (Fallen) ਹੋ ਕੇ ਅਪ੍ਰਮਾਣਿਕ ਅਸਤਿਤਵ ਵਜੋਂ ਹੋਂਦ ਗ੍ਰਹਿਣ ਕਰ ਸਕਦੀ ਹੈ। ਸੰਸਾਰ ਦੀਆਂ ਲੁਭਾਵਣੀਆਂ ਵਸਤਾਂ ਵਿੱਚ ਖੋ ਕੇ ਬੰਦਾ ਸਬਜੈਕਟ ਦੀ ਥਾਂ ਵਸਤੂ ਬਣ ਜਾਂਦਾ ਹੈ।

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 113