ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/106

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾ ਫਿਰ ਦੇਖਾ ਤਾਂ ਮੇਰਾ ਅਲਹੁ ਬੇਲੀ।4

ਜੀਵ ਰੂਪ ਪਨਿਹਾਰੀ ਇਕੱਲੀ ਹੈ, ਖੂਹੀ ਸੁੰਨੀ ਅਤੇ ਭਿਆਨਕ ਮਾਹੌਲ ਵਿੱਚ ਹੈ। ਇਥੇ ਮੁੜ ਧਿਆਨ ਦੇਣਾ ਬਣਦਾ ਹੈ ਕਿ ਅਸਤਿਤਵਵਾਦ 'ਮੈਂ-ਵਾਦ' ਨਹੀਂ ਹੈ। ਚੰਗੇ ਬੰਦਿਆਂ ਦੀ ਸੰਗਤ ਵਿੱਚੋਂ ਹੀ ਰੱਬ ਪਿਆਰਾ ਮਿੱਤਰ ਪ੍ਰਤੀਤ ਹੋਣ ਲੱਗ ਪੈਂਦਾ ਹੈ।

ਮਾਨਵੀ ਚਿੰਤਾ (Anxiety) ਬਾਰੇ ਅਸਤਿਤਵਵਾਦੀਆਂ ਨੇ ਵਿਚਾਰ ਪ੍ਰਸਤੁਤ ਕੀਤੇ ਹਨ। ਸੋਰੇਨ ਕੀਰਕੇਗਾਰਦ (Kierkegaard) ਸੀਮਿਤਤਾ (Finitude) ਦੁਆਰਾ ਸ਼ਰਤਬੱਧਤਾ ਨੂੰ ਸੁਤੰਤਰਤਾ ਨਾਲ ਜੋੜਦਾ ਹੈ। ਉਸ ਅਨੁਸਾਰ ਚਿੰਤਾ ਵਿੱਚ ਮਨੁੱਖ ਦੀ ਸੰਭਾਵਨਾ ਉਸਦੀ ਜ਼ਿੰਮੇਵਾਰੀ ਦੇ ਸਨਮੁਖ ਹੁੰਦੀ ਹੈ ਪਰ ਹਾਈਡਿਗਰ ਸੰਭਾਵਨਾ ਨੂੰ ਮਨੁੱਖੀ ਹੋਂਦ ਦੀ ਫੈਕਟੀਸਿਟੀ ਨਾਲ ਸੰਬੰਧਤ ਕਰਦਿਆਂ ਇਸੇ ਵਿੱਚੋਂ ਚਿੰਤਾ ਪੈਦਾ ਹੁੰਦੀ ਦੱਸਦਾ ਹੈ। ਕੁੱਝ ਵੀ ਹੋਵੇ ਸ਼ੇਖ਼ ਫ਼ਰੀਦ ਅਸਤਿਤਵਵਾਦ ਦੇ ਹੋਂਦ ਗ੍ਰਹਿਣ ਕਰਨ ਤੋਂ ਅੱਠ ਸਦੀਆਂ ਪਹਿਲਾਂ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਚਿੰਤਾ ਬਾਰੇ, ਰੱਬ ਨੂੰ, ਇਨ੍ਹਾਂ ਸ਼ਬਦਾਂ ਵਿੱਚ ਸੰਬੋਧਨ ਕਰਦੇ ਹਨ।

ਫਰੀਦਾ ਚਿੰਤ ਖਟੋਲਾ ਵਾਣੁ ਦੁਖੁ ਬਿਰਹਾ ਵਿਛਾਵਣ ਲੇਫੁ॥
ਏਹੁ ਹਮਾਰਾ ਜੀਵਣਾ ਤੂ ਸਾਹਿਬ ਸਚੇ ਵੇਖੁ॥15॥35॥

ਖੋਟਾ ਨਿਸ਼ਚਾ (Bad faith) ਟਰਮ ਤਾਂ ਨਾਸਤਿਕ ਅਸਤਿਤਵਵਾਦੀਆਂ ਦੀ ਹੈ ਪਰ ਸ਼ੇਖ ਫ਼ਰੀਦ ਦੀ ਬਾਣੀ ਵਿੱਚ ਇਸਦੀ ਉਦਾਹਰਨ ਵੀ ਉਪਲੱਬਧ ਹੈ। ਬੰਦਾ ਆਪਣੇ ਕਾਰਜਾਂ ਦੁਆਰਾ ਆਪਣੇ ਸਵੈ ਅੱਗੇ ਜਾਂ ਦੂਜਿਆਂ ਅੱਗੇ ਵੀ ਝੂਠੇ ਰੂਪ ਵਿੱਚ ਪੇਸ਼ ਹੋ ਸਕਦਾ ਹੈ। ਫ਼ਰੀਦ ਜੀ ਕਹਿੰਦੇ ਹਨ ਕਿ ਮੋਢੇ ਤੇ ਫੂਹੜੀ ਹੈ, ਗਲ ਵਿੱਚ ਸੂਫੁ ਹੈ, ਦਿਲ ਵਿੱਚ ਕੈਂਚੀ ਹੈ, ਮੂੰਹ ਵਿੱਚ ਮਿਠਾਸ ਹੈ। ਅਜਿਹਾ ਬੰਦਾ ਬਾਹਰੋਂ ਤਾਂ ਬ੍ਰਹਮ-ਗਿਆਨੀ ਜਾਪਦਾ ਹੈ ਪਰ ਅਸਲ ਵਿੱਚ ਉਸ ਅੰਦਰ ਅਗਿਆਨੀਆਂ ਵਾਲਾ ਗੂੜਾ ਕਾਲਾ ਹਨੇਰਾ ਹੁੰਦਾ ਹੈ। ਅਜਿਹੀ ਅਵਸਥਾ (Bad faith) ਦੀ ਅਵਸਥਾ ਹੁੰਦੀ ਹੈ ਜੋ ਰੱਬ ਤੋਂ/ਸੱਚ ਤੋਂ ਕੋਹਾਂ ਦੂਰ ਲੈ ਜਾਂਦੀ ਹੈ।

ਡਰ ਅਤੇ ਤੌਖ਼ਲਾ ਮਨੁੱਖੀ ਸ਼ਖ਼ਸੀਅਤ ਨੂੰ ਹਮੇਸ਼ਾ ਹੀ ਦਰਪੇਸ਼ ਰਹਿੰਦਾ ਹੈ। ਜਦੋਂ ਸਥਿਤੀ ਬੰਦੇ ਉੱਪਰ ਹਾਵੀ ਹੁੰਦੀ ਹੈ ਤਾਂ ਉਸਨੂੰ ਡਰ (Fear) ਲੱਗਦਾ ਹੈ:

ਫ਼ਰੀਦਾ ਗਲੀਏ ਚਿਕੜੁ ਦੂਰਿ ਘਰੁ ਨਾਲਿ ਪਿਆਰੇ ਨੇਹੁ।
ਚਲਾ ਤ ਭਿਜੈ ਕੰਬਲੀ ਰਹਾਂ ਤੇ ਤੁਟੈ ਨੇਹੁ।16 ॥24॥
ਪਰ:ਭਿਜਉ ਸਿਜਉ ਕੰਬਲੀ ਅਲਹ ਵਰਸਉ ਮੇਹੁ
ਜਾਇ ਮਿਲਾ ਤਿਨਾ ਸਜਣਾ ਤੁਟਉ ਨਾਹੀ ਨੇਹੁ।17॥25॥

ਇਸ ਸਥਿਤੀ ਵਿੱਚ ਬੰਦਾ ਸਥਿਤੀ 'ਤੇ ਹਾਵੀ ਹੈ ਪਰ ਮਨ ਵਿੱਚ ਇਹ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 106