ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/100

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਧਿਆਇ ਚੌਥਾ

ਬਾਣੀ ਸ਼ੇਖ਼ ਫ਼ਰੀਦ

ਸ਼ੇਖ਼ ਫ਼ਰੀਦ ਪੰਜਾਬੀ ਸਾਹਿਤ ਅਤੇ ਪੰਜਾਬੀ ਕਵਿਤਾ ਦੇ ਬਾਨੀ ਹਨ। ਸਾਹਿਤ ਦੇ ਵਿਦਿਆਰਥੀਆਂ ਲਈ ਉਹ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ ਹਨ। ਉਹ ਧਾਰਮਿਕ ਰੁਚੀਆਂ ਵਾਲੇ ਆਸਤਕ ਕਵੀ ਸਨ। ਡਾ. ਤਾਰਨ ਸਿੰਘ ਅਨੁਸਾਰ "ਆਸਤਕਤਾ ਦੇ ਕਈ ਪੱਖ ਹਨ। ਆਸਤਕਤਾ 'ਏਕ ਨੂਰ ਤੇ ਸਭੁ ਜਗੁ ਉਪਜਿਆ' ਦੇ ਵਿਸ਼ਵਾਸ ਕਾਰਨ ਮਾਨਵੀ ਏਕਤਾ ਦੀ ਜ਼ਾਮਨ ਹੈ; ਆਸਤਕਤਾ ‘ਪਰਮਾਦਿ ਪੁਰਖ' ਦੇ ਸੰਕਲਪ ਦੁਆਰਾ ਪ੍ਰਾਕ੍ਰਿਤਕ ਏਕਤਾ ਦੀ ਸਾਖੀ ਹੈ। ਆਸਤਕਤਾ ਸੰਸਾਰ ਦੇ ਇਕ ਸਾਂਝੇ ਨਿਜ਼ਾਮ ਦੀ ਸੂਚਕ ਹੈ ਭਾਵ ਕਿ ਸਾਰੀ ਕੁਦਰਤ ਦੇ ਪਿੱਛੇ ਖ਼ੁਦਾ, ਔਲਾ, ਆਦਿ ਪੁਰਖ ਦੀ ਸ਼ਕਤੀ ਕੰਮ ਕਰ ਰਹੀ ਹੈ। ਆਸਤਕਤਾ ਸੁਚੇਤ ਕਰਦੀ ਹੈ ਕਿ ਸਾਰੀ ਮਨੁੱਖਤਾ ਪਰਮੇਸ਼ਰ ਦੇ ਸਾਹਮਣੇ ਜਵਾਬ-ਦੇਹ ਹੈ।"

ਸ਼ੇਖ਼ ਫ਼ਰੀਦ ਜੀ ਦੀ ਬਾਣੀ ਨੂੰ ਆਸਤਕ ਅਸਤਿਤਵਵਾਦੀ ਚਿੰਤਕਾਂ ਅਨੁਸਾਰ ਵਾਚਣਾ ਇਸ ਅਧਿਐਨ ਦਾ ਮਨੋਰਥ ਹੈ।

ਸ਼ੇਖ਼ ਫ਼ਰੀਦ ਬਾਣੀ ਅਨੁਸਾਰ ਜਿਸ ਸੰਸਾਰ ਵਿੱਚ ਜੀਵ ਆਪਣਾ ਜੀਵਨ ਜੀਅ ਰਿਹਾ ਹੈ, ਇੱਕ ਸੁਹਾਵਣਾ ਬਾਗ਼ ਹੈ, ਆਕਰਸ਼ਕ ਹੈ, ਦਿਲ-ਖਿੱਚ ਹੈ ਪਰ ਇਸ ਦੁਨੀਆ ਵਿੱਚ ਹਰ ਬੰਦਾ ਦੁੱਖਾਂ ਦੀ ਲਪੇਟ ਵਿੱਚ ਹੈ। ਇੱਕ ਘਰ ਨਹੀਂ ਹਰੇਕ ਘਰ ਦੁੱਖਾਂ ਦੀ ਅੱਗ ਵਿੱਚ ਭੁੱਜ ਰਿਹਾ ਹੈ। ਜੀਵ-ਰੂਪੀ ਪੰਛੀ ਇੱਥੇ ਕੇਵਲ ਮਹਿਮਾਨ ਹੈ। ਇਥੋਂ ਦਾ ਜੀਵਨ ਸਥਾਈ ਨਹੀਂ ਹੈ। ਉਹ ਮਾਪੇ ਜਿਨ੍ਹਾਂ ਨੇ ਬੰਦੇ ਨੂੰ ਜਨਮ ਦਿੱਤਾ ਹੈ, ਉਹ ਨਹੀਂ ਰਹੇ ਅਤੇ ਰਹਿਣਾ ਉਨ੍ਹਾਂ ਦੇ ਧੀਆਂ ਪੁੱਤਰਾਂ ਨੇ ਵੀ ਨਹੀਂ। ਇੱਥੇ ਅਮੀਰ ਵੀ ਹਨ ਜਿਨ੍ਹਾਂ ਦੇ ਸਿਰ 'ਤੇ ਛਤਰ ਝੂਲਦੇ ਹਨ ਅਤੇ ਅਜਿਹੇ ਗ਼ਰੀਬ ਵੀ ਹਨ ਜਿਨ੍ਹਾਂ ਨੂੰ ਇੱਕ ਡੰਗ ਦੀ ਖਾਕੇ ਦੂਜੇ ਡੰਗ ਦੀ ਪ੍ਰਾਪਤੀ ਦਾ ਫ਼ਿਕਰ ਲੱਗ ਜਾਂਦਾ ਹੈ। ਇਹ ਉਹ ਧਰਤੀ ਹੈ ਜਿੱਥੇ ਮੌਸਮ ਬਦਲਦੇ ਰਹਿੰਦੇ ਹਨ। ਕੱਤਕ ਦੇ ਮਹੀਨੇ ਕੂੰਜਾਂ ਉੱਡਦੀਆਂ ਹਨ, ਚੇਤ ਮਹੀਨੇ ਜੰਗਲਾਂ ਵਿੱਚ ਅੱਗਾਂ ਲੱਗਦੀਆਂ ਹਨ, ਸਾਵਣ ਮਹੀਨੇ ਵਿੱਚ ਬਿਜਲੀਆਂ ਚਮਕਾਰੇ ਮਾਰਦੀਆਂ ਹਨ। ਭਾਵ ਇਹ ਸੰਸਾਰ ਦੁਖ-ਸੁਖ ਦਾ ਸੁਮੇਲ ਹੈ। ਇਹੋ ਇਸ ਦੀ ਤਥਾਤਮਕਤਾ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 100