ਪੰਨਾ:ਅਰਸ਼ੀ ਝਲਕਾਂ.pdf/159

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੇਸ ਨਾਗਾਂ ਦੇ ਫਿਸੇ ਛਾਲੇ,
ਡੰਗਨ ਜੋਗ ਰਿਹਾ ਨਾ ਕੋਈ।
ਛਨਕ ਚੁੜੇ ਚੋਂ ਵੈਣ ਸੁਨੀਂਦੇ,
ਤਲੀਆਂ ਮਲ ਮਲ ਮਹਿੰਦੀ ਰੋਈ।

ਕਦਰ ਦਾਨ ਦੀ ਕੰਡ ਵੇਖ ਕੇ,
ਡੁਸਕ ਪਈਆਂ ਸਾਵਨ ਦੀਆਂ ਭੂਰਾਂ।
ਹਮਦਰਦੀ ਦਾ ਵੇਖ ਜ਼ਨਾਜ਼ਾ,
ਮੱਥੇ ਹੱਥ ਧਰੇ ਮਜ਼ਦੂਰਾਂ।

ਵੇਖ ਯਤੀਮ ਆਸਰਾ ਟੁੱਟਾ,
ਲਗਾ ਫੇਰ ਲੈਣ ਹਟਕੋਰੇ।
ਨਹੀਂ ਸੀ ਸੋਜ ਅਖਾਂ ਦੀ ਢੀਲਕੀਂ,
ਵਿਧਵਾ ਨਵੇਂ ਛੋਹ ਲਏ ਝੋਰੇ।

ਹਿਰਦੇ ਦੇ ਅਰਮਾਨ ਹਜ਼ਾਰਾਂ,
ਅਧਵਾਟੇ ਰਹਿ ਜਾਂਦੇ ਭਾਸੇ।
ਕਿਰ ਗਏ ਅੱਖ ਦੇ ਅਥਰੂ ਵਾਂਗੂੰ,
ਬੋਲੀ ਦੇ ਬੁਲਾਂ ਦੇ ਹਾਸੇ।

ਮੁੜ ਛਲਾਂ ਖਾ ਵਗਦੇ ਪਾਣੀ,
ਤੁਰਨ ਲਗ ਪਏ ਪੈਰ ਦਬਾਈ।
ਫੇਰ ਗੁਲਾਮ ਨੇ ਬਰਛੀ ਹੇਠਾਂ,
ਚੁਪ ਚੁਪੀਤੇ ਧੌਣ ਨਿਵਾਈ।

੨੭