ਪੰਨਾ:ਅਰਸ਼ੀ ਝਲਕਾਂ.pdf/144

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਜਾਬ ਦਾ ਸੂਰਜ ਅਸਤ

ਉਹ ਮਹਾਰਾਜ ਜੀਹਦਾ ਰੋਹਬ ਦਾਬ ਤਕ ਕੇ,
ਵਡੇ ਯੋਧਿਆਂ ਦੀ ਛਾਤੀ ਧੜਕਦੀ ਸੀ।
ਜੀਦੀ ਤੇਗ਼ ਤੋਂ ਮੌਤ ਦੀ ਜਾਨ ਸੁੱਕੇ,
ਜੀਦੇ ਬੋਲ ਵਿਚੋਂ ਬਿਜਲੀ ਕੜਕਦੀ ਸੀ।
ਜੀਦੇ ਮਥੇ ਦੀ ਤਿਉੜੀ ਦੇ ਵਟ ਅਗੇ,
ਵੱਟ ਵਾਲਿਆਂ ਦੀ ਜਾਨ ਫੜਕਦੀ ਸੀ ।
ਜੀਦ੍ਹੀ ਅੱਖ ਦੀ ਲਾਲੀ ਦਾ ਸੇਕ ਸਹਿ ਕੇ,
ਛਲ ਸੀਤ ਸਮੁੰਦਰ ਦੀ ਗੜਕਦੀ ਸੀ ।

ਜੀਦ੍ਹੀ ਚੜ੍ਹੀ ਸਵਾਰੀ ਦੀ ਚੜ੍ਹਤ ਤਕ ਕੇ,
ਆਪੇ ਸਿਰ ਸਲਾਮਾਂ ਨੂੰ ਝੁਕਦੇ ਸਨ।
ਜੀਦ੍ਹੇ ਘੋੜੇ ਦੇ ਸੁਮਾਂ ਤੋਂ ਸੈਹਮ ਕੇ ਤੇ,
ਅਟਕ ਜਹੇ ਵੀ ਅਟਕ ਦੇ ਰੁਕਦੇ ਸਨ ।

੧੨.