ਪੰਨਾ:ਅਰਸ਼ੀ ਝਲਕਾਂ.pdf/119

ਇਹ ਸਫ਼ਾ ਪ੍ਰਮਾਣਿਤ ਹੈ

ਕਰ ਕਰ ਕੇ ਵਾਧੇ ਕਮਜ਼ੋਰਿਆਂ ਤੇ,
ਪਾਇਆ ਦਬਦਬਾ ਆਪਣੇ ਬਲ ਦਾ ਤੂੰ।
ਸਾਰੇ ਆਂਢ ਗੁਆਂਢ ਮੁਤੈਹਤ ਕਰਕੇ,
ਫਿਰ ਵੀ ਰਿਹੋ ਭੁਖਾ ਮਾਨ ਭੱਲ ਦਾ ਤੂੰ।

ਤੂੰ ਨਾ ਸਮਝਿਆ ਮਿਟੀ ਦੀ ਲਗਨ ਅੰਦਰ,
ਪਈ ਮਿੱਟੀ ਮੁਕਾਬਲੇ ਖਹੇ ਮਿੱਟੀ।
ਸੂਰਤ ਵਖਰੀ ਭਾਸਦੀ ਭਾਂਡਿਆਂ ਦੀ,
ਭੱਜ ਜਾਨ ਉਤੇ ਬਾਕੀ ਰਹੇ ਮਿੱਟੀ।

ਬਣਿਆ ਬੁਲਬੁਲਾ ਹਵਾ ਦੇ ਭੇਤ ਕਰਕੇ,
ਅੰਤ ਓਸ ਸਮੁੰਦਰ ਵਿਚ ਮਿਲ ਜਾਣਾ।
ਬੇੜਾ ਖੜਾ ਦਰਿਆ ਦੇ ਵਹਣ ਅੰਦਰ,
ਲੰਗਰ ਟੁਟਿਆ ਤੇ ਓਸ ਠਿਲ੍ਹ ਜਾਣਾ।
ਆਇਆ ਰੁਖ ਤੂਫਾਨ ਦੇ ਰੁਖ਼ ਅਗੇ,
ਓੜਕ ਓਸ ਨੇ ਜੜ੍ਹਾਂ ਤੋਂ ਹਿੱਲ ਜਾਣਾ।
ਕਿੰਨਾ ਚਿਰ ਬਚਾਏਂਗਾ ਜਾਨ ਲੁਕ ਲੁਕ,
ਆਖਿਰ ਆ ਕੋਹਲੂ ਹੇਠਾਂ ਤਿਲ ਜਾਣਾ।

ਜਿੰਨੇ ਜ਼ੁਲਮ ਕੀਤੇ ਨਾਲ ਮਾੜਿਆਂ ਦੇ,
ਓਨਾ ਪਕੜ ਕੇ ਜਮਾਂ ਦਰੇੜਨਾ ਏਂ।
'ਚਮਕ' ਕਿਸੇ ਦਾ ਨਹੀਂ ਲਿਹਾਜ਼ ਹੋਣਾ,
ਅਮਲਾਂ ਉਤੇ ਹਿਸਾਬ ਨਬੇੜਨਾ ਏਂ।

੧੧੭.