ਪੰਨਾ:ਅਨੋਖੀ ਭੁੱਖ.pdf/66

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਕਹਿਕੇ ਉਹ ਅੰਦਰ ਚਲੀ ਗਈ, ਥੋੜੀ ਦੇਰ ਪਿਛੋਂ ਉਹਨੇ ਮੈਨੂੰ ਵੀ ਸਦਵਾ ਭੇਜਿਆ। ਮੈਂ ਅੰਦਰ ਵੜਦੇ ਹੀ ਕੀ ਵੇਖਿਆ? ਇਸ ਗਲ ਦੇ ਦਸਣ ਦੀ ਸਮਰਥਾ ਮੇਰੇ ਵਿਚ ਮਸਾਂ ਮਸਾਂ ਆਈ। ਪਹਿਲਾਂ ਤਾਂ ਮੈਂ ਹੋਰ ਦਾ ਹੋਰ ਹੀ ਹੋ ਗਿਆ ਸਾਂ। ਮੈਂ ਵੇਖਿਆ ਕਿ ਕੁਸਮਲਤਾ ਸਚ ਮੁਚ ਹੀ ਫੁੱਲਾਂ ਦੀ ਵੇਲ ਵਾਂਗੁ ਸਿਧੀ ਖੜੀ ਹੈ, ਅਰ ਸ਼ੁਕਲਾ ਮੇਰੀ ਸ਼ੁਕਲਾ ਉਸ ਦੇ ਪੈਰਾਂ ਤੇ ਡਿਗ ਕੇ ਆਪਣੇ ਨੇਤ੍ਰਾਂ ਵਿਚੋਂ ਜਲ ਦਾ ਪ੍ਰਵਾਹ ਵਗਾ ਰਹੀ ਹੈ। ਮੇਰੇ ਅੰਦਰ ਵੜਦਿਆਂ ਹੀ ਕੁਸਮਲਤਾ ਬੋਲੀ-'ਬੋਲ ਹੁਣ ਤੇਰਾ ਵਰ ਆਇਆ ਹੈ-'

ਇਹ ਗਲ ਸੁਣਕੇ ਸ਼ੁਕਲਾ ਨੇ ਬੜੀ ਹੀ ਅਧੀਨ ਹੋ ਕੇ ਕਿਹਾ, 'ਮੈਂ ਤੁਹਾਡੇ ਅੱਗੇ ਬਿਨੇ ਕਰਦੀ ਹਾਂ ਕਿ ਮੈਂ ਆਪਣੀ ਸਾਰੀ ਸੰਪਰਿ ਜੇਹੜੀ ਮੈਨੂੰ ਇਸ ਬਾਬੂ ਦੇ ਯਤਨ ਨਾਲ ਪ੍ਰਾਪਤ ਹੋਈ ਹੈ ਆਪ ਦੀ ਭੇਟਾ ਕਰਦੀ ਹਾਂ। ਕੀ ਤੁਸੀਂ ਇਸਨੂੰ ਅੰਗੀਕਾਰ ਨਹੀਂ ਕਰੋਗੇ?'

ਸ਼ੁਕਲਾ ਦੇ ਮੂੰਹੋਂ ਇਹ ਗਲ ਸੁਣ ਕੇ ਮੈਂ ਜੀਉਂਦਾ ਹੀ ਮਰ ਗਿਆ। ਇਸ ਗਲੇ ਨਹੀਂ ਕਿ ਸ਼ੁਕਲਾ ਆਪਣੀ ਸਾਰੀ ਸੰਪਤਿ ਭੰਗ ਦੇ ਭਾੜੇ ਦੇ ਰਹੀ ਹੈ, ਸਗੋਂ ਇਸ ਗਲ ਪਿਛੇ ਜੋ ਇਕ ਗਰੀਬ ਘਰ ਵਿਚ ਪਲੀ ਕੰਨਿਆ ਵਿਚ ਐਨੀ ਉਦਾਰਤਾ ਕਿਥੋਂ ਆ ਗਈ? ਸੱਚ ਮੁਚ ਹੀ ਮੈਂ ਉਸਦੇ ਇਸ ਗੁਣ ਦੇ ਕਾਰਨ, ਬਿਨਾਂ ਮੂਲੋਂ ਹੀ ਉਸਦੇ ਹੱਥ ਵਿਕ ਗਿਆ ਅਰ ਮੈਂ ਸਮਝ ਲਿਆ ਜੁ ਨੇਤ੍ਰ-ਹੀਨ ਸ਼ੁਕਲਾ ਆਪਣੇ ਆਪ ਵਿਚ ਇਕ ਅਜਿਹਾ ਰਤਨ ਹੈ, ਜਿਸ ਦੀ ਬਰਾਬਰੀ ਨੇਤਰਾਂ ਵਾਲੇ ਨਹੀਂ ਕਰ ਸਕਦੇ।