ਪੰਨਾ:ਅਨੋਖੀ ਭੁੱਖ.pdf/18

ਇਹ ਸਫ਼ਾ ਪ੍ਰਮਾਣਿਤ ਹੈ

ਕਰ ਕੇ ਵਿਖਾਉਣੀ ਚਾਹੁੰਦਾ ਹਾਂ। ਤੁਹਾਡੀ ਲੜਕੀ ਨਾਲ ਮੈਂ ਵਿਆਹ ਕਰਨ ਨੂੰ ਤਿਆਰ ਹਾਂ।'

ਪਿਤਾ ਜੀ ਨੂੰ ਇਹ ਸੁਣ ਕੇ ਗੁੱਸਾ ਤਾਂ ਬਹੁਤ ਆਇਆ, ਪਰ ਉਹ ਅੱਗਾ ਪਿੱਛਾ ਕਰਨ ਲਗੇ, 'ਹੁਣ ਤਾਂ ਮੈਂ ਬਚਨ ਹਾਰ ਚੁਕਾ ਹਾਂ, ਤੇ ਇਹ ਤੁਹਾਡੇ ਵਾਲਾ ਕੰਮ ਹੁਣ ਹੋਣਾ ਨਾ-ਮੁਮਕਨ ਹੈ। ਮੇਰੇ ਕੁਝ ਵੱਸ ਨਹੀਂ ਹੈ, ਜੋ ਕੁਝ ਕਿਸ਼ੋਰ ਹੁਰਾਂ ਕਰ ਦਿੱਤਾ, ਸੋ ਪ੍ਰਵਾਨ ਕਰ ਲਿਆ ਹੈ।'

'ਉਨ੍ਹਾਂ ਦੀਆਂ ਗੱਲਾਂ ਦਾ ਭਾਵ ਤੁਸੀਂ ਕੀ ਜਾਣੋਂ। ਵਡੇ ਲੋਕਾਂ ਨਾਲ ਭਾਈਚਾਰਾ ਨਹੀਂ ਪਾਈਦਾ ਤੇ ਉਨ੍ਹਾਂ ਤੇ ਵਿਸ਼ਵਾਸ ਨਾ ਕਰਨਾ।'

ਫੇਰ ਮਦਨ ਲਾਲ ਨੂੰ ਪਿਤਾ ਨੂੰ ਕੁਝ ਕਿਹਾ ਜੋ ਮੈਂ ਸੁਣ ਨਾ ਸਕੀ, ਪਰ ਪਿਤਾ ਨੇ ਉੱਤਰ ਦਿੱਤਾ, 'ਕੀ ਕਿਹਾ? ਨਹੀਂ - ਸਾਡੀ ਲੜਕੀ ਤਾਂ ਅੰਨ੍ਹੀ ਹੈ।'

ਮੇਰੇ ਪਿਤਾ ਨੇ ਬੇਨਤੀ ਕੀਤੀ, 'ਆਪ ਕ੍ਰਿਪਾ ਕਰ ਕੇ ਏਥੋਂ ਚਲੇ ਜਾਓ।' ਮਦਨ ਲਾਲ ਨਿਰਾਸ਼ ਹੋ ਕੇ ਚਲਾ ਗਿਆ।

ਵਿਆਹ ਦਾ ਦਿਨ ਨੇੜੇ ਆ ਗਿਆ, ਕੇਵਲ ਇਕ ਦਿਨ ਰਹਿ ਗਿਆ । ਮੈਂ ਮਾਂ ਦੇ ਪੈਰਾਂ ਤੇ ਡਿਗ ਕੇ ਮਿੰਨਤਾਂ ਕਰਨ ਲੱਗੀ, 'ਮੇਰਾ ਵਿਆਹ ਨਾ ਕਰੋ, ਮੈਂ ਡੁਬ ਮਰਾਂਗੀ।'

'ਕਿਉਂ?'

ਮੈਂ ਉੱਤਰ ਨਾ ਦੇ ਸਕੀ, ਮਾਂ ਗੁੱਸੇ ਹੋ ਕੇ ਗਾਲ੍ਹੀਆਂ ਦੇਣ ਲੱਗ ਪਈ। ਫੇਰ ਉਸ ਨੇ ਪਿਤਾ ਨੂੰ ਦਸਿਆ। ਉਹ ਵੀ ਮੈਨੂੰ ਗਾਲ੍ਹਾਂ ਕੱਢ ਕੇ ਮਾਰਨ ਦੌੜੇ। ਆਖ਼ਰ ਮੈਂ ਚੁਪ ਹੋ ਰਹੀ।

ਉਸ ਦਿਨ ਲੌਢੇ ਵੇਲੇ ਮੈਂ ਘਰ ਵਿਚ ਕੱਲੀ ਸਾਂ। ਮਾਤਾ ਪਿਤਾ ਬਜ਼ਾਰ ਸੌਦਾ ਪੱਤਾ ਖ਼੍ਰੀਦਣ ਗਏ ਹੋਏ ਸਨ। ਬੂਹੇ ਦਾ ਖੜਾਕ ਹੋਇਆ, ਕਾਹਨ ਚੰਦ ਮੇਰੇ ਕੋਲ ਹੀ ਬੈਠਾ ਸੀ। ਮੈਂ ਪੈਰਾਂ ਦੇ ਖੜਾਕ ਨੂੰ ਪਛਾਣ ਨਾ ਸੱਕੀ ਤੇ ਪੁਛਿਆ, 'ਕੌਣ ਹੈ?'

੧੯.