ਪੰਜਾਬੀ ਲੋਕ ਗੀਤ
ਪੰਜਾਬੀ ਲੋਕ ਗੀਤ
ਘੋੜੀਆਂ
1. ਹਰਿਆ ਨੀ ਮਾਏ, ਹਰਿਆ ਨੀ ਭੈਣੇ
ਹਰਿਆ ਨੀ ਮਾਏ, ਹਰਿਆ ਨੀ ਭੈਣੇ।
ਹਰਿਆ ਤੇ ਭਾਗੀਂ ਭਰਿਆ।
ਜਿਸ ਦਿਹਾੜੇ ਮੇਰਾ ਹਰਿਆ ਨੀ ਜੰਮਿਆਂ
ਸੋਈਓ ਦਿਹਾੜਾ ਭਾਗੀਂ ਭਰਿਆ।
ਜੰਮਦਾ ਤਾਂ ਹਰਿਆ ਪੱਟ-ਲਪੇਟਿਆ,
ਕੁਛੜ ਦਿਓ ਨੀ ਏਨ੍ਹਾਂ ਦਾਈਆਂ।
ਨ੍ਹਾਤਾ ਤੇ ਧੋਤਾ ਹਰਿਆ ਪਟ-ਲਪੇਟਿਆ,
ਕੁੱਛੜ ਦਿਓ ਸਕੀਆਂ ਭੈਣਾਂ।
ਕੀ ਕੁਝ ਮਿਲਿਆ ਦਾਈਆਂ ਤੇ ਮਾਈਆਂ,
ਕੀ ਕੁਝ ਮਿਲਿਆ ਸਕੀਆਂ ਭੈਣਾਂ।
ਪੰਜ ਰੁਪਏ ਏਨ੍ਹਾਂ ਦਾਈਆਂ ਤੇ ਮਾਈਆਂ,
ਪੱਟ ਦਾ ਤੇਵਰ ਸਕੀਆਂ ਭੈਣਾਂ।
2. ਰਾਜਾ ਤੇ ਪੁੱਛਦਾ ਰਾਣੀਏਂ
ਰਾਜਾ ਤੇ ਪੁੱਛਦਾ ਰਾਣੀਏਂ,
ਸੁਣ ਮੇਰੀ ਬਾਤ ਨੂੰ, ਸੁਣ ਮੇਰੀ ਬਾਤ ਨੂੰ
ਗਾਗਰ ਦੇ ਸੁੱਚੇ ਮੋਤੀ ਕਿਹਨੂੰ ਦੇਈਏ।
ਪਾਂਧੇ ਦੇ ਜਾਈਏ ਵੇ ਰਾਜਾ,
ਸਾਹਾ ਸੁਧਾਈਏ, ਸਾਹਾ ਸੁਧਾਈਏ,
ਗਾਗਰ ਦੇ ਸੁੱਚੇ ਮੋਤੀ ਤਾਂ ਉਹਨੂੰ ਦੇਈਏ।
ਪੁੱਤਰਾਂ ਦਾ ਜੰਮਣ, ਵੇ ਰਾਜਾ, ਨੂੰਹਾਂ ਦਾ ਆਵਣ,
ਇੰਦਰ ਦੀ ਵਰਖਾ ਵੇ ਰਾਜਾ, ਨਿੱਤ ਨਹੀਉਂ।
ਨਾਈ ਦੇ ਜਾਈਏ ਵੇ ਰਾਜਾ,
ਗੰਢਾਂ ਘਲਾਈਏ, ਗੰਢਾਂ ਘਲਾਈਏ,
ਗਾਗਰ ਦੇ ਸੁੱਚੇ ਮੋਤੀ ਤਾਂ ਉਹਨੂੰ ਦੇਈਏ।
ਲਲਾਰੀ ਦੇ ਜਾਈਏ ਵੇ ਰਾਜਾ,
ਚੀਰਾ ਰੰਗਾਇਏ, ਚੀਰਾ ਰੰਗਾਈਏ,
ਗਾਗਰ ਦੇ ਸੁੱਚੇ ਮੋਤੀ ਤਾਂ ਉਹਨੂੰ ਦੇਈਏ।
ਸੁਨਿਆਰੇ ਦੇ ਜਾਈਏ ਵੇ ਰਾਜਾ,
ਕੈਂਠਾ ਘੜਾਈਏ, ਕੈਂਠਾ ਘੜਾਈਏ,
ਗਾਗਰ ਦੇ ਸੁੱਚੇ ਮੋਤੀ ਤਾਂ ਉਹਨੂੰ ਦੇਈਏ ਵੇ ਰਾਜਾ।
ਮਾਲਣ ਦੇ ਜਾਈਏ ਵੇ ਰਾਜਾ,
ਸਿਹਰਾ ਗੁੰਦਾਈਏ, ਸਿਹਰਾ ਗੁੰਦਾਈਏ,
ਗਾਗਰ ਦੇ ਸੁੱਚੇ ਮੋਤੀ ਤਾਂ ਉਹਨੂੰ ਦੇਈਏ।
ਦਰਜੀ ਦੇ ਜਾਈਏ ਵੇ ਰਾਜਾ,
ਲੀੜੇ ਸਵਾਈਏ, ਲੀੜੇ ਸਵਾਈਏ,
ਗਾਗਰ ਦੇ ਸੁੱਚੇ ਮੋਤੀ ਤਾਂ ਉਹਨੂੰ ਦੇਈਏ।
ਮੋਚੀ ਦੇ ਜਾਈਏ ਵੇ ਰਾਜਾ,
ਜੋੜਾ ਬਣਵਾਈਏ, ਜੋੜਾ ਬਣਵਾਈਏ,
ਗਾਗਰ ਦੇ ਸੁੱਚੇ ਮੋਤੀ ਤਾਂ ਉਹਨੂੰ ਦੇਈਏ।
3. ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ
ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ,
ਚਾਂਦੀ ਦੇ ਪੈਂਖੜ ਪਾਏ ਰਾਮਾ,
ਬਾਬਾ ਵਿਆਹੁਣ ਪੋਤੇ ਨੂੰ ਚੱਲਿਆ,
ਲੱਠੇ ਨੇ ਖੜ-ਖੜ ਲਾਈ ਰਾਮਾ।
ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ,
ਚਾਂਦੀ ਦੇ ਪੈਂਖੜ ਪਾਏ ਰਾਮਾ,
ਬਾਬਲ ਵਿਆਹੁਣ ਪੁੱਤ ਨੂੰ ਚੱਲਿਆ,
ਦੰਮਾਂ ਨੇ ਛਣ-ਛਣ ਲਾਈ ਰਾਮਾ।
ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ,
ਚਾਂਦੀ ਦੇ ਪੈਂਖੜ ਪਾਏ ਰਾਮਾ,
ਮਾਮਾ ਵਿਆਹੁਣ ਭਾਣਜੇ ਨੂੰ ਚੱਲਿਆ,
ਛਾਪਾਂ ਨੇ ਲਿਸ-ਲਿਸ ਲਾਈ ਰਾਮਾ।
ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ,
ਚਾਂਦੀ ਦੇ ਪੈਂਖੜ ਪਾਏ ਰਾਮਾ,
ਚਾਚਾ ਵਿਆਹੁਣ ਭਤੀਜੇ ਨੂੰ ਚੱਲਿਆ,
ਰਥਾਂ, ਗੱਡੀਆਂ ਨੇ ਖੜ-ਖੜ ਲਾਈ ਰਾਮਾ।
ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ,
ਚਾਂਦੀ ਦੇ ਪੈਂਖੜ ਪਾਏ ਰਾਮਾ,
ਵੱਡਾ ਵਿਆਹੁਣ ਛੋਟੇ ਨੂੰ ਚੱਲਿਆ,
ਊਠਾਂ ਨੇ ਧੂੜ ਧਮਾਈ ਰਾਮਾ।
4. ਵਾਰ, ਘੋੜੀ ਸੋਂਹਦੀ ਕਾਠੀਆਂ ਦੇ ਨਾਲ
ਘੋੜੀ ਸੋਂਹਦੀ ਕਾਠੀਆਂ ਦੇ ਨਾਲ,
ਕਾਠੀ ਡੇਢ ਤੇ ਹਜ਼ਾਰ।
ਉਮਰਾਵਾਂ ਦੀ ਤੇਰੀ ਚਾਲ,
ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ।
ਵਿੱਚ ਵਿੱਚ ਬਾਗਾਂ ਦੇ ਤੁਸੀਂ ਆਓ,
ਚੋਟ ਨਗਾਰਿਆਂ 'ਤੇ ਲਾਓ।
ਖਾਣਾ ਰਾਜਿਆਂ ਦਾ ਖਾਓ,
ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ।
ਛੈਲ ਨਵਾਬਾਂ ਦੇ ਘਰ ਢੁੱਕਣਾ,
ਸਰਦਾਰਾਂ ਦੇ ਘਰ ਢੁੱਕਣਾ।
ਉਮਰਾਵਾਂ ਦੀ ਤੇਰੀ ਚਾਲ,
ਵਿੱਚ ਸਰਦਾਰਾਂ ਦੇ ਤੇਰਾ ਬੈਠਣਾ।
ਚੀਰਾ ਤੇਰਾ ਵੇ ਮੱਲਾ ਸੋਹਣਾ,
ਬਣਦਾ ਕਲਗੀਆਂ ਦੇ ਨਾਲ।
ਕਲਗੀ ਡੇਢ ਤੇ ਹਜ਼ਾਰ,
ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ।
ਕੈਂਠਾ ਤੇਰਾ ਵੇ ਮੱਲਾ ਸੋਹਣਾ,
ਬਣਦਾ ਜੁਗਨੀਆਂ ਦੇ ਨਾਲ।
ਜੁਗਨੀ ਡੇਢ ਤੇ ਹਜ਼ਾਰ,
ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ।
ਜਾਮਾ ਤੇਰਾ ਵੇ ਮੱਲਾ ਸੋਹਣਾ,
ਬਣਦਾ ਤਣੀਆਂ ਦੇ ਨਾਲ।
ਤਣੀ ਡੇਢ ਤੇ ਹਜ਼ਾਰ,
ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ।
ਜੁੱਤੀ ਤੇਰੀ ਵੇ ਮੱਲਾ ਸੋਹਣੀ,
ਵਾਹਵਾ ਜੜੀ ਤਿੱਲੇ ਨਾਲ।
ਕੇਹੀ ਸੋਹਣੀ ਤੇਰੀ ਚਾਲ,
ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ।
ਸੁਰਜਣਾ ਵਿੱਚ ਬਾਗਾਂ ਦੇ ਤੁਸੀਂ ਆਓ,
ਚੋਟ ਨਗਾਰਿਆਂ 'ਤੇ ਲਾਓ।
ਪੁੱਤ ਸਰਦਾਰਾਂ ਦੇ ਅਖਵਾਓ,
ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ।
5. ਪੁੱਛਦੀ-ਪੁਛਾਂਦੀ ਮਾਲਣ ਗਲੀ 'ਚ ਆਈ
ਪੁੱਛਦੀ-ਪੁਛਾਂਦੀ ਮਾਲਣ ਗਲੀ 'ਚ ਆਈ,
ਸ਼ਾਦੀ ਵਾਲਾ ਘਰ ਕਿਹੜਾ।
ਉੱਚੜੇ ਤੰਬੂ ਮਾਲਣ ਸਬਜ਼ ਕਨਾਤਾਂ,
ਸ਼ਾਦੀ ਵਾਲਾ ਘਰ ਇਹੋ।
ਆ, ਮੇਰੀ ਮਾਲਣ, ਬੈਠ ਦਲ੍ਹੀਜੇ,
ਕਰ ਨੀ ਸਿਹਰੇ ਦਾ ਮੁੱਲ।
ਇੱਕ ਲੱਖ ਚੰਬਾ ਦੋ ਲੱਖ ਮਰੂਆ,
ਤ੍ਰੈ ਲੱਖ ਸਿਹਰੇ ਦਾ ਮੁੱਲ।
ਲੈ ਮੇਰੀ ਮਾਲਣ, ਬੰਨ੍ਹ ਨੀ ਸਿਹਰਾ,
ਬੰਨ੍ਹ ਨੀ ਲਾਲ ਜੀ ਦੇ ਮੱਥੇ।
6. ਚੁਗ ਲਿਆਇਉ ਚੰਬਾ ਤੇ ਗੁਲਾਬ ਜੀ
ਚੁਗ ਲਿਆਇਉ ਚੰਬਾ ਤੇ ਗੁਲਾਬ ਜੀ, ਚੁਗ ਲਿਆਇਉ,
ਜੀ ਗੁੰਦ ਲਿਆਇਉ ਸਿਰਾਂ ਦੇ ਜੀ ਸਿਹਰੇ।
ਇਹਦੀ ਨਾਰ ਚੰਬੇ ਦੀ ਤਾਰ ਜੀ, ਚੁਗ ਲਿਆਇਉ,
ਜੀ ਗੁੰਦ ਲਿਆਇਉ ਸਿਰਾਂ ਦੇ ਜੀ ਸਿਹਰੇ।
ਵੀਰਾ ਕੀ ਕੁਝ ਪੜ੍ਹਦੀਆਂ ਸਾਲੀਆਂ,
ਵੀਰਾ ਕੀ ਕੁਝ ਪੜ੍ਹੇ ਤੇਰੀ ਨਾਰ ਜੀ, ਚੁਗ ਲਿਆਇਉ,
ਜੀ ਗੁੰਦ ਲਿਆਇਉ ਸਿਰਾਂ ਦੇ ਜੀ ਸਿਹਰੇ।'
ਭੈਣੇ ਸਾਲੀਆਂ ਪੜ੍ਹਦੀਆਂ ਪੋਥੀਆਂ
ਮੇਰੀ ਨਾਰ ਪੜ੍ਹੇ ਦਰਬਾਰ ਜੀ, ਚੁਗ ਲਿਆਇਉ,
ਜੀ ਗੁੰਦ ਲਿਆਇਉ ਸਿਰਾਂ ਦੇ ਜੀ ਸਿਹਰੇ।
ਵੀਰਾ ਕੀ ਕੁਝ ਕੱਢਣ ਤੇਰੀਆਂ ਸਾਲੀਆਂ,
ਵੀਰਾ ਕੀ ਕੁਝ ਕੱਢੇ ਤੇਰੀ ਨਾਰ ਜੀ, ਚੁਗ ਲਿਆਇਉ,
ਜੀ ਗੁੰਦ ਲਿਆਇਉ ਸਿਰਾਂ ਦੇ ਜੀ ਸਿਹਰੇ।
ਭੈਣੇ ਸਾਲੀਆਂ ਕੱਢਦੀਆਂ ਚਾਦਰਾਂ
ਮੇਰੀ ਨਾਰ ਕੱਢੇ ਜੀ ਰੁਮਾਲ ਜੀ, ਚੁਗ ਲਿਆਇਉ,
ਜੀ ਗੁੰਦ ਲਿਆਇਉ ਸਿਰਾਂ ਦੇ ਜੀ ਸਿਹਰੇ।
ਚੁਗ ਲਿਆਇਉ ਚੰਬਾ ਤੇ ਗੁਲਾਬ ਜੀ, ਚੁਗ ਲਿਆਇਉ,
ਜੀ ਗੁੰਦ ਲਿਆਇਉ ਸਿਰਾਂ ਦੇ ਜੀ ਸਿਹਰੇ।
7. ਨਿੱਕੀ-ਨਿੱਕੀ ਬੂੰਦੀ, ਨਿੱਕਿਆ ਮੀਂਹ ਵੇ ਵਰ੍ਹੇ
ਨਿੱਕੀ-ਨਿੱਕੀ ਬੂੰਦੀ, ਨਿੱਕਿਆ ਮੀਂਹ ਵੇ ਵਰ੍ਹੇ,
ਮਾਂ ਵੇ ਸੁਹਾਗਣ ਤੇਰੇ ਸ਼ਗਨ ਕਰੇ।
ਨਿੱਕੀ-ਨਿੱਕੀ ਬੂੰਦੀ, ਨਿੱਕਿਆ ਮੀਂਹ ਵੇ ਵਰ੍ਹੇ,
ਦੰਮਾਂ ਦੀ ਬੋਰੀ ਤੇਰਾ ਬਾਬਾ ਫੜੇ।
ਨਿੱਕੀ-ਨਿੱਕੀ ਬੂੰਦੀ, ਨਿੱਕਿਆ ਮੀਂਹ ਵੇ ਵਰ੍ਹੇ,
ਹਾਥੀਆਂ ਦੇ ਸੰਗਲ ਤੇਰਾ ਬਾਪ ਫੜੇ।
ਨਿੱਕੀ-ਨਿੱਕੀ ਬੂੰਦੀ, ਨਿੱਕਿਆ ਮੀਂਹ ਵੇ ਵਰ੍ਹੇ,
ਨੀਲੀ ਵੇ ਘੋੜੀ ਮੇਰਾ ਨਿੱਕੜਾ ਚੜ੍ਹੇ।
ਨਿੱਕੀ-ਨਿੱਕੀ ਬੂੰਦੀ, ਨਿੱਕਿਆ ਮੀਂਹ ਵੇ ਵਰ੍ਹੇ,
ਭੈਣ ਵੇ ਸੁਹਾਗਣ ਤੇਰੀ ਵਾਗ ਫੜੇ।
ਨਿੱਕੀ-ਨਿੱਕੀ ਬੂੰਦੀ, ਨਿੱਕਿਆ ਮੀਂਹ ਵੇ ਵਰ੍ਹੇ,
ਪੀਲੀ ਪੀਲੀ ਦਾਲ ਤੇਰੀ ਘੋੜੀ ਚਰੇ।
ਨਿੱਕੀ-ਨਿੱਕੀ ਬੂੰਦੀ, ਨਿੱਕਿਆ ਮੀਂਹ ਵੇ ਵਰ੍ਹੇ,
ਭਾਬੀ ਵੇ ਸੁਹਾਗਣ ਤੈਨੂੰ ਸੁਰਮਾ ਪਾਵੇ।
ਨਿੱਕੀ-ਨਿੱਕੀ ਬੂੰਦੀ, ਨਿੱਕਿਆ ਮੀਂਹ ਵੇ ਵਰ੍ਹੇ,
ਰੱਤਾ ਰੱਤਾ ਡੋਲਾ ਮਹਿਲੀਂ ਆ ਵੇ ਵੜੇ।
ਨਿੱਕੀ-ਨਿੱਕੀ ਬੂੰਦੀ, ਨਿੱਕਿਆ ਮੀਂਹ ਵੇ ਵਰ੍ਹੇ,
ਮਾਂ ਵੇ ਸੁਹਾਗਣ ਪਾਣੀ ਵਾਰ ਪੀਵੇ।
ਸੁਹਾਗ
1. ਸਾਡਾ ਚਿੜੀਆਂ ਦਾ ਚੰਬਾ ਵੇ
ਸਾਡਾ ਚਿੜੀਆਂ ਦਾ ਚੰਬਾ ਵੇ,
ਬਾਬਲ ਅਸਾਂ ਉੱਡ ਵੇ ਜਾਣਾ।
ਸਾਡੀ ਲੰਮੀ ਉਡਾਰੀ ਵੇ,
ਬਾਬਲ ਕਿਹੜੇ ਦੇਸ ਵੇ ਜਾਣਾ।
ਤੇਰੇ ਮਹਿਲਾਂ ਦੇ ਵਿੱਚ ਵਿੱਚ ਵੇ,
ਬਾਬਲ ਡੋਲਾ ਨਹੀਂ ਲੰਘਦਾ।
ਇੱਕ ਇੱਟ ਪੁਟਾ ਦੇਵਾਂ,
ਧੀਏ ਘਰ ਜਾ ਆਪਣੇ।
ਤੇਰੇ ਬਾਗ਼ਾਂ ਦੇ ਵਿੱਚ ਵਿੱਚ ਵੇ,
ਬਾਬਲ ਗੁੱਡੀਆਂ ਕੌਣ ਖੇਡੇ ?
ਮੇਰੀਆਂ ਖੇਡਣ ਪੋਤਰੀਆਂ,
ਧੀਏ ਘਰ ਜਾ ਆਪਣੇ।
ਤੇਰੇ ਮਹਿਲਾਂ ਦੇ ਵਿੱਚ ਵਿੱਚ ਵੇ,
ਬਾਬਲ ਚਰਖਾ ਕੌਣ ਕੱਤੇ ?
ਮੇਰੀਆਂ ਕੱਤਣ ਪੋਤਰੀਆਂ,
ਧੀਏ ਘਰ ਜਾ ਆਪਣੇ।
ਮੇਰਾ ਛੁੱਟਾ ਕਸੀਦੜਾ ਵੇ,
ਬਾਬਲ ਦੱਸ ਕੌਣ ਕੱਢੂ ?
ਮੇਰੀਆਂ ਕੱਢਣ ਪੋਤਰੀਆਂ,
ਧੀਏ ਘਰ ਜਾ ਆਪਣੇ।
2. ਦੇਵੀਂ ਵੇ ਬਾਬਲਾ ਓਸ ਘਰੇ
ਦੇਵੀਂ ਵੇ ਬਾਬਲਾ ਓਸ ਘਰੇ,
ਜਿੱਥੇ ਸੱਸ ਭਲੀ ਪਰਧਾਨ,
ਸਹੁਰਾ ਸਰਦਾਰ ਹੋਵੇ।
ਡਾਹ ਪੀੜ੍ਹਾ ਬਹਿੰਦਾ ਸਾਹਮਣੇ ਵੇ,
ਮੱਥੇ ਕਦੇ ਨਾ ਪਾਂਦੀ ਵੱਟ,
ਬਾਬਲ ਤੇਰਾ ਪੁੰਨ ਹੋਵੇ।
ਤੇਰਾ ਹੋਵੇਗਾ ਵੱਡੜਾ ਜਸ,
ਬਾਬਲ, ਤੇਰਾ ਪੁੰਨ ਹੋਵੇ।
ਦੇਵੀਂ ਵੇ ਬਾਬਲਾ ਓਸ ਘਰੇ,
ਜਿੱਥੇ ਸੱਸ ਦੇ ਬਾਹਲੜੇ ਪੁੱਤ,
ਇੱਕ ਮੰਗੀਏ, ਇੱਕ ਵਿਆਹੀਏ,
ਵੇ ਮੈਂ ਸ਼ਾਦੀਆਂ ਵੇਖਾਂ ਨਿੱਤ,
ਬਾਬਲ ਤੇਰਾ ਪੁੰਨ ਹੋਵੇ।
ਤੇਰਾ ਹੋਵੇਗਾ ਵੱਡੜਾ ਜਸ,
ਬਾਬਲ ਤੇਰਾ ਪੁੰਨ ਹੋਵੇ।
ਦੇਵੀਂ ਵੇ ਬਾਬਲਾ ਓਸ ਘਰੇ,
ਜਿੱਥੇ ਮੱਝਾਂ ਬੂਰੀਆਂ ਸੱਠ,
ਇੱਕ ਰਿੜਕਾਂ ਇਕ ਜਮਾਵਾਂ
ਵੇ ਮੇਰਾ ਚਾਟੀਆਂ ਦੇ ਵਿੱਚ ਹੱਥ,
ਬਾਬਲ ਤੇਰਾ ਪੁੰਨ ਹੋਵੇ।
ਤੇਰਾ ਹੋਵੇਗਾ ਵੱਡੜਾ ਜਸ,
ਬਾਬਲ, ਤੇਰਾ ਪੁੰਨ ਹੋਵੇ।
ਦੇਵੀਂ ਦੇਵੀਂ ਵੇ ਬਾਬਲਾ ਓਸ ਘਰੇ,
ਜਿੱਥੇ ਦਰਜੀ ਸੀਵੇ ਪੱਟ,
ਇੱਕ ਪਾਵਾਂ ਇੱਕ ਟੰਗਣੇ,
ਮੇਰਾ ਵਿਚ ਸੰਦੂਕਾਂ ਦੇ ਹੱਥ,
ਬਾਬਲ ਤੇਰਾ ਪੁੰਨ ਹੋਵੇ।
ਤੇਰਾ ਹੋਵੇਗਾ ਵੱਡੜਾ ਜਸ,
ਬਾਬਲ ਤੇਰਾ ਪੁੰਨ ਹੋਵੇ।
ਦੇਵੀਂ ਵੇ ਬਾਬਲਾ ਓਸ ਘਰੇ,
ਜਿੱਥੇ ਘਾੜ ਘੜੇ ਸੁਨਿਆਰ,
ਇੱਕ ਪਾਵਾਂ ਦੂਜਾ ਡੱਬੜੇ,
ਵੇ ਮੇਰਾ ਵਿੱਚ ਡੱਬਿਆਂ ਦੇ ਹੱਥ,
ਬਾਬਲ ਤੇਰਾ ਪੁੰਨ ਹੋਵੇ।
ਤੇਰਾ ਹੋਵੇਗਾ ਵੱਡੜਾ ਜਸ,
ਬਾਬਲ ਤੇਰਾ ਪੁੰਨ ਹੋਵੇ।
3. ਬੇਟੀ ਚੰਦਨ ਦੇ ਓਹਲੇ ਕਿਉਂ ਖੜ੍ਹੀ
ਬੇਟੀ ਚੰਦਨ ਦੇ ਓਹਲੇ ਕਿਉਂ ਖੜ੍ਹੀ ?
ਮੈਂ ਤਾਂ ਖੜ੍ਹੀ ਸਾਂ ਬਾਬਲ ਜੀ ਦੇ ਪਾਸ,
ਕਰਾਂ ਅਰਦਾਸ, ਬਾਬਲ ਵਰ ਲੋੜੀਏ।
ਜਾਈਏ ਕਿਹੋ ਜਿਹਾ ਵਰ ਲੋੜੀਏ ?
ਬਾਬੁਲ ਜਿਉਂ ਤਾਰਿਆਂ ਵਿਚੋਂ ਚੰਨ,
ਚੰਨਾਂ ਵਿਚੋਂ ਕਾਹਨ,
ਘਨੱਈਆ ਵਰ ਲੋੜੀਏ।
ਭੈਣੇਂ ਚੰਦਨ ਦੇ ਓਹਲੇ ਕਿਉਂ ਖੜ੍ਹੀ ?
ਮੈਂ ਤਾਂ ਖੜ੍ਹੀ ਸਾਂ ਵੀਰ ਜੀ ਦੇ ਪਾਸ,
ਕਰਾਂ ਅਰਦਾਸ, ਵੀਰੇ ਵਰ ਲੋੜੀਏ।
ਨੀ ਭੈਣਂੇ ਕਿਹੋ ਜਿਹਾ ਵਰ ਲੋੜੀਏ ?
ਵੇ ਵੀਰਾ, ਜਿਉਂ ਬੀਰਾਂ ਵਿੱਚੋਂ ਬੀਰ,
ਰਾਮ ਚੰਦਰ ਵਰ ਲੋੜੀਏ।
ਧੀਏ ਚੰਦਨ ਦੇ ਓਹਲੇ ਕਿਉਂ ਖੜ੍ਹੀ ?
ਮੈਂ ਤਾਂ ਖੜ੍ਹੀ ਸਾਂ ਮਾਮਾ ਜੀ ਦੇ ਪਾਸ,
ਕਰਾਂ ਅਰਦਾਸ, ਮਾਮਾ ਵਰ ਲੋੜੀਏ।
ਨੀ ਧੀਏ ਕਿਹੋ ਜਿਹਾ ਵਰ ਲੋੜੀਏ ?
ਮਾਮਾ ਜੀ ਜਿਉਂ ਦੁਨੀਆਂ ਵਿੱਚ ਦਾਨੀ,
ਹਰੀਸ਼ ਚੰਦਰ ਵਰ ਲੋੜੀਏ।
4. ਚੜ੍ਹ ਚੁਬਾਰੇ ਸੁੱਤਿਆ ਬਾਬਲ
ਚੜ੍ਹ ਚੁਬਾਰੇ ਸੁੱਤਿਆ ਬਾਬਲ,
ਆਈ ਬਨੇਰੇ ਦੀ ਛਾਂ।
ਤੂੰ ਸੁੱਤਾ ਲੋਕੀਂ ਜਾਗਦੇ,
ਘਰ ਬੇਟੜੀ ਹੋਈ ਮੁਟਿਆਰ।
ਛੰਨਾ ਤਾਂ ਭਰਿਆ ਦੁੱਧ ਦਾ ਵਾਰੀ,
ਨ੍ਹਾਵਣ ਚੱਲੀ ਆਂ ਤਲਾ।
ਮੈਲ ਹੋਵੇ ਝੱਟ ਝੜ ਜਾਵੇ ਵਾਰੀ,
ਰੂਪ ਨਾ ਝੜਿਆ ਜਾ।
ਮਾਏ ਨੀ ਸੁਣ ਮੇਰੀਏ ਵਾਰੀ,
ਬਾਬਲ ਮੇਰੇ ਨੂੰ ਸਮਝਾ।
ਸਾਡੇ ਤਾਂ ਹਾਣ ਦੀਆਂ ਸਾਹੁਰੇ ਵਾਰੀ,
ਸਾਡੜੇ ਮਨ ਵਿਚ ਚਾ।
ਬਾਬਲ ਰੋਂਦੇ ਦੀ ਦਾੜ੍ਹੀ ਭਿੱਜੀ ਵਾਰੀ,
ਮਾਈ ਨੇ ਦਿੱਤਾ ਦਰਿਆ ਚਲਾ।
ਵੀਰੇ ਰੋਂਦੇ ਦਾ ਰੁਮਾਲ ਭਿੱਜਾ ਵਾਰੀ,
ਭਾਬੋ ਦੇ ਮਨ ਚਾ।
ਚੜ੍ਹ ਚੁਬਾਰੇ ਸੁੱਤਿਆ ਚਾਚਾ,
ਆਈ ਬਨੇਰੇ ਦੀ ਛਾਂ।
ਤੂੰ ਸੁੱਤਾ ਲੋਕੀਂ ਜਾਗਦੇ,
ਘਰ ਭਤੀਜੀ ਹੋਈ ਮੁਟਿਆਰ।
ਛੰਨਾ ਤਾਂ ਭਰਿਆ ਦੁੱਧ ਦਾ ਵਾਰੀ,
ਨ੍ਹਾਵਣ ਚੱਲੀ ਆਂ ਤਲਾ।
ਮੈਲ ਹੋਵੇ ਝੱਟ ਝੜ ਜਾਵੇ ਵਾਰੀ,
ਰੂਪ ਨਾ ਝੜਿਆ ਜਾ।
ਚਾਚੀ ਨੀ ਸੁਣ ਮੇਰੀਏ ਵਾਰੀ,
ਚਾਚੇ ਮੇਰੇ ਨੂੰ ਸਮਝਾ।
ਸਾਡੇ ਤਾਂ ਹਾਣ ਦੀਆਂ ਸਾਹੁਰੇ ਵਾਰੀ,
ਸਾਡੜੇ ਮਨ ਵਿਚ ਚਾ।
ਚਾਚੇ ਰੋਂਦੇ ਦੀ ਦਾੜ੍ਹੀ ਭਿੱਜੀ ਵਾਰੀ,
ਚਾਚੀ ਨੇ ਦਿੱਤਾ ਦਰਿਆ ਚਲਾ।
ਵੀਰੇ ਰੋਂਦੇ ਦਾ ਰੁਮਾਲ ਭਿੱਜਾ ਵਾਰੀ,
ਭਾਬੋ ਦੇ ਮਨ ਚਾ।
5. ਮੈਂ ਤੈਨੂੰ ਆਖਦੀ ਬਾਬਲਾ
ਮੈਂ ਤੈਨੂੰ ਆਖਦੀ ਬਾਬਲਾ,
ਮੇਰਾ ਅੱਸੂ ਦਾ ਕਾਜ ਰਚਾ ਵੇ ਹਾਂ।
ਅੰਨ ਨਾ ਤਰੱਕੇ ਕੋਠੜੀ,
ਤੇਰਾ ਦਹੀਂ ਨਾ ਅਮਲਾ ਜਾਵੇ।
ਬਾਬਲ ਮੈਂ ਬੇਟੀ ਮੁਟਿਆਰ।
ਵੇ ਬਾਬਲ ਧਰਮੀ, ਮੈਂ ਬੇਟੀ ਮੁਟਿਆਰ।
ਅੰਦਰ ਛੜੀਏ, ਬਾਹਰ ਦਲੀਏ।
ਦਿੱਤਾ ਸੂ ਕਾਜ ਰਚਾ।
ਬਾਬਲ ਮੈਂ ਬੇਟੀ ਮੁਟਿਆਰ।
ਵੇ ਬਾਬਲ ਧਰਮੀ, ਮੈਂ ਬੇਟੀ ਮੁਟਿਆਰ।
ਬਾਬਲ ਮੇਰੇ ਦਾਜ ਬਹੁਤ ਦਿੱਤਾ।
ਮੋਤੀ ਦਿੱਤੇ ਅਨਤੋਲ।
ਬਾਬਲ ਮੈਂ ਬੇਟੀ ਮੁਟਿਆਰ।
ਵੇ ਬਾਬਲ ਧਰਮੀ, ਮੈਂ ਬੇਟੀ ਮੁਟਿਆਰ।
ਦਾਜ ਤੇ ਦਾਨ ਬਹੁਤ ਦਿੱਤਾ।
ਦਿੱਤੇ ਸੂ ਹਸਤ ਲਦਾ।
ਹਸਤਾਂ ਦੇ ਪੈਰੀਂ ਬਾਬਲ ਝਾਂਜਰਾਂ,
ਛਣਕਾਰ ਪੈਂਦਾ ਜਾ।
ਬਾਬਲ ਮੈਂ ਬੇਟੀ ਮੁਟਿਆਰ।
ਵੇ ਬਾਬਲ ਧਰਮੀ, ਮੈਂ ਬੇਟੀ ਪਰਨਾ।
(ਤਰੱਕਣਾ=ਖਰਾਬ ਹੋਣਾ,ਅਮਲਾ ਜਾਣਾ=
ਖੱਟਾ ਹੋ ਜਾਣਾ)
6. ਨਿੱਕੀ ਨਿੱਕੀ ਸੂਈ ਵਟਵਾਂ ਧਾਗਾ
ਨਿੱਕੀ ਨਿੱਕੀ ਸੂਈ ਵਟਵਾਂ ਧਾਗਾ
ਬੈਠ ਕਸੀਦੜਾ ਕਢ ਰਹੀਆਂ
ਆਉਂਦੇ ਜਾਂਦੇ ਰਾਹੀ ਪੁਛਦੇ
ਤੂੰ ਕਿਉਂ ਬੀਬੀ ਰੋ ਰਹੀਆਂ
ਬਾਬੁਲ ਮੇਰਾ ਸਾਹਾ ਸਦਾਇਆ
ਮੈਂ ਪਰਦੇਸਨ ਹੋ ਰਹੀਆਂ
ਨਿੱਕੀ ਨਿੱਕੀ ਸੂਈ ਵਟਵਾਂ ਧਾਗਾ
ਬੈਠੀ ਹਾਰ ਪਰੋ ਰਹੀਆਂ
ਆਉਂਦੇ ਜਾਂਦੇ ਰਾਹੀ ਪੁਛਦੇ
ਤੂੰ ਕਿਉਂ ਬੀਬੀ ਰੋ ਰਹੀਆਂ
ਵੀਰੇ ਮੇਰੇ ਕਾਜ ਰਚਾਇਆ
ਮੈਂ ਪਰਦੇਸਨ ਹੋ ਰਹੀਆਂ
ਨਿੱਕੀ ਨਿੱਕੀ ਸੂਈ ਵਟਵਾਂ ਧਾਗਾ
ਬੈਠੀ ਹਾਰ ਪਰੋ ਰਹੀਆਂ
ਆਉਂਦੇ ਜਾਂਦੇ ਰਾਹੀ ਪੁਛਦੇ
ਤੂੰ ਕਿਓਂ ਬੀਬੀ ਰੋ ਰਹੀਆਂ
ਮਾਮੇ ਮੇਰੇ ਕਾਜ ਰਚਾਇਆ
ਮੈਂ ਪਰਦੇਸਨ ਹੋ ਰਹੀਆਂ
7. ਨਿਵੇਂ ਪਹਾੜਾਂ ਦੇ ਪਰਬਤ
ਨਿਵੇਂ ਪਹਾੜਾਂ ਦੇ ਪਰਬਤ,
ਹੋਰ ਨਿਵਿਆਂ ਨਾ ਕੋਈ।
ਨਿਵਿਆਂ ਲਾਡੋ ਦਾ ਬਾਬਲ,
ਜਿਨ੍ਹੇ ਬੇਟੀ ਵਿਆਹੀ।
ਤੂੰ ਕਿਉਂ ਰੋਇਆ ਬਾਬਲ ਜੀ,
ਜੱਗ ਹੁੰਦੜੀ ਆਈ।
ਮੋਰਾਂ ਦੀਆਂ ਪੈਲਾਂ ਦੇਖ ਕੇ
ਬਾਬਲ ਛਮ-ਛਮ ਰੋਇਆ।
ਤੂੰ ਕਿਉਂ ਰੋਇਆ ਬਾਬਲ ਜੀ,
ਜੱਗ ਹੁੰਦੜੀ ਆਈ।
ਨਿਵਿਆਂ ਲਾਡੋ ਦਾ ਬਾਬਲ,
ਜਿਨ੍ਹੇ ਬੇਟੀ ਵਿਆਹੀ।
ਨਿਵਿਆਂ ਲਾਡੋ ਦਾ ਤਾਇਆ
ਜਿਨ੍ਹੇ ਬੇਟੀ ਵਿਆਹੀ।
ਤੂੰ ਕਿਉਂ ਰੋਇਆ ਤਾਇਆ ਜੀ,
ਜੱਗ ਹੁੰਦੜੀ ਆਈ।
ਮੋਰਾਂ ਦੀਆਂ ਪੈਲਾਂ ਦੇਖ ਕੇ
ਤਾਇਆ ਛਮ-ਛਮ ਰੋਇਆ।
ਤੂੰ ਕਿਉਂ ਰੋਇਆ ਤਾਇਆ ਜੀ,
ਜੱਗ ਹੁੰਦੜੀ ਆਈ।
ਨਿਵੇਂ ਪਹਾੜਾਂ ਦੇ ਪਰਬਤ,
ਹੋਰ ਨਿਵਿਆਂ ਨਾ ਕੋਈ।
8. ਕੋਠਾ ਕਿਉਂ ਨਿਵਿਆਂ
ਕੋਠਾ ਕਿਉਂ ਨਿਵਿਆਂ,
ਧਰਮੀ ਕਿਉਂ ਨਿਵਿਆਂ,
ਇਸ ਕੋਠੇ ਦੀ ਛੱਤ ਪੁਰਾਣੀ,
ਕੋਠਾ ਧਰਮੀ ਤਾਂ ਨਿਵਿਆਂ।
ਬਾਬਲ ਕਿਉਂ ਨਿਵਿਆਂ,
ਧਰਮੀ ਕਿਉਂ ਨਿਵਿਆਂ,
ਇਸ ਬਾਬਲ ਦੀ ਕੰਨਿਆ ਕੁਆਰੀ,
ਬਾਬਲ ਧਰਮੀ ਤਾਂ ਨਿਵਿਆਂ।
ਮਾਮਾ ਕਿਉਂ ਨਿਵਿਆਂ,
ਧਰਮੀ ਕਿਉਂ ਨਿਵਿਆਂ,
ਇਸ ਮਾਮੇ ਦੀ ਭਾਣਜੀ ਕੁਆਰੀ,
ਮਾਮਾ ਧਰਮੀ ਤਾਂ ਨਿਵਿਆਂ।
ਚਾਚਾ ਕਿਉਂ ਨਿਵਿਆਂ,
ਧਰਮੀ ਕਿਉਂ ਨਿਵਿਆਂ,
ਇਸ ਚਾਚੇ ਦੀ ਭਤੀਜੀ ਕੁਆਰੀ,
ਚਾਚਾ ਧਰਮੀ ਤਾਂ ਨਿਵਿਆਂ।
ਵੀਰਾ ਕਿਉਂ ਨਿਵਿਆਂ,
ਧਰਮੀ ਕਿਉਂ ਨਿਵਿਆਂ,
ਇਸ ਵੀਰੇ ਦੀ ਭੈਣ ਕੁਆਰੀ,
ਵੀਰਾ ਧਰਮੀ ਤਾਂ ਨਿਵਿਆਂ।
ਗੀਤ
1. ਚੇਤਰ ਨਾ ਜਾਈਂ ਚੰਨਾ, ਖਿੜੀ ਬਹਾਰ ਵੇ
ਚੇਤਰ ਨਾ ਜਾਈਂ ਚੰਨਾ, ਖਿੜੀ ਬਹਾਰ ਵੇ
ਵਿਸਾਖ ਨਾ ਜਾਈਂ ਚੰਨਾ, ਚੰਬਾ ਮੌਲਿਆ
ਜੇਠ ਨਾ ਜਾਈਂ ਚੰਨਾ, ਲੂਆਂ ਲੂੰਹਦੀਆਂ
ਹਾੜ ਨਾ ਜਾਈਂ ਚੰਨਾਂ, ਧੁੱਪਾਂ ਡਾਢੀਆਂ
ਸਾਵਣ ਨਾ ਜਾਈਂ ਚੰਨਾ, ਲੱਗੀਆਂ ਝੜੀਆਂ
ਭਾਦਰੋਂ ਨਾ ਜਾਈਂ ਚੰਨਾ, ਝੂਲੀਏ ਝੂਲਣਾ
ਅੱਸੂ ਨਾ ਜਾਈਂ ਚੰਨਾ, ਪਿਤਰ ਮਨਾਵਣੇ
ਕੱਤੇ ਨਾ ਜਾਈਂ ਚੰਨਾ, ਬਲਣ ਦੀਵਾਲੀਆਂ
ਮੱਘਰ ਨਾ ਜਾਈਂ ਚੰਨਾ, ਲੇਫ ਰੰਗਾਵਣੇ
ਪੋਹ ਨਾ ਜਾਈਂ ਚੰਨਾ, ਰਾਤਾਂ ਵੇ ਕਾਲੀਆਂ
ਮਾਘ ਨਾ ਜਾਈਂ ਚੰਨਾ, ਲੋਹੜੀ ਮਨਾਵਣੀ
ਫੱਗਣ ਨਾ ਜਾਈਂ ਚੰਨਾ, ਰੁੱਤ ਸੁਹਾਵਣੀ
ਬਾਰਾਂ ਮਹੀਨੇ ਚੰਨਾ, ਰਲ ਮਿਲ ਖੇਡੀਏ
2. ਉਡ ਜਾ ਚਿੜੀਏ ਨੀ, ਉਡ ਬਹਿ ਜਾ ਖਿੜਕੀ
ਉਡ ਜਾ ਚਿੜੀਏ ਨੀ, ਉਡ ਬਹਿ ਜਾ ਖਿੜਕੀ।
ਮੇਰੀ ਅੰਬੜੀ ਬਾਝੋਂ ਨੀ, ਸਭ ਦੇਵਣ ਝਿੜਕੀ।
ਮੇਰੇ ਬਾਬਲ ਦਿੱਤੜੀ ਦੂਰੇ
ਦੂਰੇ ਵੇ, ਸੁਣ ਧਰਮੀ ਵੀਰਾ, ਪਰਦੇਸਣ ਬੈਠੀ ਝੂਰੇ।
ਉਡ ਜਾ ਚਿੜੀਏ ਨੀ, ਉਡ ਬਹਿ ਜਾ ਛੱਤ ਨੀ
ਮੇਰੀ ਅੰਬੜੀ ਬਾਝੋਂ ਨੀ, ਕੌਣ ਦੇਵੇ ਮੱਤ ਨੀ
ਮੇਰੇ ਬਾਬਲ ਦਿੱਤੜੀ ਦੂਰੇ,
ਦੂਰੇ ਵੇ, ਸੁਣ ਧਰਮੀ ਵੀਰਾ, ਪਰਦੇਸਣ ਬੈਠੀ ਝੂਰੇ।
ਉਡ ਜਾ ਚਿੜੀਏ ਨੀ, ਉਡ ਬਹਿ ਜਾ ਰੇਤੇ
ਮੇਰੀ ਅੰਬੜੀ ਬਾਝੋਂ ਨੀ, ਕੌਣ ਕਰਦਾ ਚੇਤੇ ?
ਮੇਰੇ ਬਾਬਲ ਦਿੱਤੜੀ ਦੂਰੇ
ਦੂਰੇ ਵੇ, ਸੁਣ ਧਰਮੀ ਵੀਰਾ, ਪਰਦੇਸਣ ਬੈਠੀ ਝੂਰੇ।
ਉਡ ਜਾ ਕਾਵਾਂ ਵੇ, ਤੇਰੀਆਂ ਲੰਮੀਆਂ ਛਾਵਾਂ
ਮਰਨ ਮਤਰੇਈਆਂ ਵੇ, ਜੁਗ ਜੁਗ ਜੀਵਨ ਮਾਵਾਂ
ਮੇਰੇ ਬਾਬਲ ਦਿੱਤੜੀ ਦੂਰੇ
ਦੂਰੇ ਵੇ, ਸੁਣ ਧਰਮੀ ਵੀਰਾ, ਪਰਦੇਸਣ ਬੈਠੀ ਝੂਰੇ।
ਉਡ ਜਾ ਚਿੜੀਏ ਨੀ ਉਡ ਬਹਿ ਜਾ ਰੋੜੀ
ਮੇਰੀ ਅੰਬੜੀ ਬਾਝੋ ਨੀ, ਕੌਣ ਭੇਜੇ ਡੋਰੀ ?
ਮੇਰੇ ਬਾਬਲ ਦਿੱਤੜੀ ਦੂਰੇ
ਦੂਰੇ ਵੇ, ਸੁਣ ਧਰਮੀ ਵੀਰਾ, ਪਰਦੇਸਣ ਬੈਠੀ ਝੂਰੇ।
ਉਡ ਜਾ ਚਿੜੀਏ ਨੀ ਉਡ ਬਹਿ ਜਾ ਕਾਨੇ
ਮੇਰੀ ਅੰਬੜੀ ਬਾਝੋਂ ਨੀ, ਸੱਸ ਦੇਵੇ ਤਾਹਨੇ ?
ਮੇਰੇ ਬਾਬਲ ਦਿੱਤੜੀ ਦੂਰੇ
ਦੂਰੇ ਵੇ, ਸੁਣ ਧਰਮੀ ਵੀਰਾ, ਪਰਦੇਸਣ ਬੈਠੀ ਝੂਰੇ।
3. ਹਰੀਏ ਨੀ ਰਸ ਭਰੀਏ ਖਜੂਰੇ
ਹਰੀਏ ਨੀ ਰਸ ਭਰੀਏ ਖਜੂਰੇ,
ਕਿਨ ਦਿੱਤਾ ਐਡੀ ਦੂਰੇ।
ਬਾਬਲ ਮੇਰਾ ਦੇਸਾਂ ਦਾ ਰਾਜਾ,
ਓਸ ਦਿੱਤਾ ਐਡੀ ਦੂਰੇ।
ਮਾਤਾ ਮੇਰੀ ਮਹਿਲਾਂ ਦੀ ਰਾਣੀ,
ਦਾਜ ਦਿੱਤਾ ਗੱਡ ਪੂਰੇ।
ਹਰੀਏ ਨੀ ਰਸ ਭਰੀਏ ਖਜੂਰੇ,
ਕਿਨ ਦਿੱਤਾ ਐਡੀ ਦੂਰੇ।
ਚਾਚਾ ਮੇਰਾ ਦੇਸਾਂ ਦਾ ਰਾਜਾ,
ਓਸ ਦਿੱਤਾ ਐਡੀ ਦੂਰੇ।
ਚਾਚੀ ਮੇਰੀ ਮਹਿਲਾਂ ਦੀ ਰਾਣੀ
ਦਾਜ ਦਿੱਤਾ ਗੱਡ ਪੂਰੇ।
ਹਰੀਏ ਨੀ ਰਸ ਭਰੀਏ ਖਜੂਰੇ,
ਕਿਨ ਦਿੱਤਾ ਐਡੀ ਦੂਰੇ।
ਮਾਮਾ ਮੇਰਾ ਦੇਸਾਂ ਦਾ ਰਾਜਾ,
ਓਸ ਦਿੱਤਾ ਐਡੀ ਦੂਰੇ।
ਮਾਮੀ ਮੇਰੀ ਮਹਿਲਾਂ ਦੀ ਰਾਣੀ
ਦਾਜ ਦਿੱਤਾ ਗੱਡ ਪੂਰੇ।
ਹਰੀਏ ਨੀ ਰਸ ਭਰੀਏ ਖਜੂਰੇ,
ਕਿਨ ਦਿੱਤਾ ਐਡੀ ਦੂਰੇ।
4. ਉੱਚੜਾ ਬੁਰਜ ਲਾਹੋਰ ਦਾ
ਉੱਚੜਾ ਬੁਰਜ ਲਾਹੋਰ ਦਾ, ਵੇ ਚੀਰੇ ਵਾਲਿਆ
ਹੇਠ ਵਗੇ ਦਰਿਆ, ਵੇ ਸੱਜਣ ਮੇਰਿਆ
ਮਲ ਮਲ ਨ੍ਹਾਵਣ ਗੋਰੀਆਂ, ਵੇ ਚੀਰੇ ਵਾਲਿਆ
ਲੈਣ ਰੱਬ ਦਾ ਨਾਂ, ਵੇ ਸੱਜਣ ਮੇਰਿਆ
ਕੋਠੇ ਉੱਤੇ ਕੋਠੜੀ, ਵੇ ਚੀਰੇ ਵਾਲਿਆ
ਕੋਠੇ 'ਤੇ ਤਸਵੀਰ, ਵੇ ਸੱਜਣ ਮੇਰਿਆ
ਮੈਂ ਦਰਿਆ ਦੀ ਮਛਲੀ, ਵੇ ਚੀਰੇ ਵਾਲਿਆ
ਤੂੰ ਦਰਿਆ ਦਾ ਨੀਰ, ਵੇ ਸੱਜਣ ਮੇਰਿਆ
ਕੋਠੇ ਉੱਤੇ ਕੋਠੜੀ, ਵੇ ਚੀਰੇ ਵਾਲਿਆ
ਧੁਰ ਕੋਠੇ ਤੇ ਵਾ, ਵੇ ਜਾਨੀ ਮੇਰਿਆ
ਸ਼ੱਕਰ ਹੋਵੇ ਤਾਂ ਵੰਡੀਏ, ਵੇ ਕੰਠੇ ਵਾਲਿਆ
ਰੂਪ ਨਾ ਵੰਡਿਆ ਜਾ, ਵੇ ਜਾਨੀ ਮੇਰਿਆ
ਧਾਗਾ ਹੋਵੇ ਤਾਂ ਤੋੜੀਏ ਵੇ ਕੰਠੇ ਵਾਲਿਆ
ਪ੍ਰੀਤ ਨਾ ਤੋੜੀ ਜਾ, ਵੇ ਜਾਨੀ ਮੇਰਿਆ
ਢਲ ਗਏ ਤਰੰਗੜ ਖਿੱਤੀਆਂ, ਵੇ ਚੀਰੇ ਵਾਲਿਆ
ਹੋ ਚੱਲੀ ਏ ਪ੍ਰਭਾਤ, ਵੇ ਜਾਨੀ ਮੇਰਿਆ
ਮੈਨੂੰ ਮਿਹਣੇ ਦੇਣ ਸਹੇਲੀਆਂ, ਵੇ ਚੀਰੇ ਵਾਲਿਆ
ਮੇਰੀ ਪਰਤ ਨਾ ਪੁੱਛੀ ਬਾਤ, ਵੇ ਜਾਨੀ ਮੇਰਿਆ
5. ਪੀਹ ਪੀਹ ਵੇ ਮੈਂ ਭਰਦੀ ਪਰਾਤਾਂ
ਪੀਹ ਪੀਹ ਵੇ ਮੈਂ ਭਰਦੀ ਪਰਾਤਾਂ
ਆਪਣੀਆਂ ਮਾਵਾਂ ਬਾਝੋਂ
ਵੇ ਕੋਈ ਪੁੱਛਦਾ ਨਾ ਬਾਤਾਂ
ਅੱਖੀਆਂ ਜਲ ਭਰ ਆਈਆਂ ਨੀਂ ਮਾਏ
ਅੱਖੀਆਂ ਡੁੱਲ੍ਹ ਡੁੱਲ੍ਹ ਪੈਂਦੀਆਂ ਨੀਂ ਮਾਏ
ਇੱਕ ਰਾਤ ਵੇ ਹਨੇਰੀ
ਦੂਜਾ ਦੇਸ਼ ਵੇ ਪਰਾਇਆ
ਪੀਹ ਪੀਹ ਵੇ ਮੈਂ ਭਰਦੀ ਭੜੋਲੇ
ਆਪਣਿਆਂ ਵੀਰਾਂ ਬਾਝੋਂ
ਕੋਈ ਮੁੱਖੋਂ ਨਾ ਬੋਲੇ
ਅੱਖੀਆਂ ਜਲ ਭਰ ਆਈਆਂ ਨੀਂ ਮਾਏ
ਅੱਖੀਆਂ ਡੁੱਲ੍ਹ-ਡੁੱਲ੍ਹ ਪੈਂਦੀਆਂ ਨੀਂ ਮਾਏ
ਸੁਣ ਊਠਾਂ ਵਾਲਿਓ ਵੇ
ਕੀ ਲੱਦ ਲਈਆਂ ਸੀ ਵਾਹੀਆਂ
ਜੇ ਤੁਸੀਂ ਨੌਕਰ ਸੀ ਜਾਣਾ
ਅਸੀਂ ਕਾਹਨੂੰ ਸੀ ਵਿਆਹੀਆਂ
ਅੱਖੀਆਂ ਜਲ ਭਰ ਆਈਆਂ ਨੀਂ ਮਾਏ
ਅੱਖੀਆਂ ਡੁੱਲ੍ਹ-ਡੁੱਲ੍ਹ ਪੈਂਦੀਆਂ ਨੀਂ ਮਾਏ
6. ਉੱਚੇ ਬਹਿ ਕੇ ਵੇ ਨਰਮਾ ਕੱਤਦੀ
ਉੱਚੇ ਬਹਿ ਕੇ ਵੇ ਨਰਮਾ ਕੱਤਦੀ ਵੇ ਵੀਰਾ
ਵੇ ਮੇਰਿਆ ਹੰਸਿਆ ਵੀਰਾ
ਤੂੰ ਆ ਜਾ ਵੇ ਬਰ ਜ਼ਰੂਰੇ
ਅੱਜ ਨਾ ਆਵਾਂ ਕੱਲ੍ਹ ਨਾ ਆਵਾਂ ਬੀਬੀ
ਪਰਸੋਂ ਨੂੰ ਆਊਂਗਾ ਨੀਂ ਬਰ ਜ਼ਰੂਰੇ
ਕਿੱਥੇ ਬੰਨ੍ਹਾਂ ਨੀਂ ਨੀਲਾ ਘੋੜਾ
ਨੀਂ ਮੇਰੀਏ ਰਾਣੀਏ ਭੈਣੇ
ਕਿੱਥੇ ਟੰਗਾਂ ਨੀਂ ਤੀਰ ਕਮਾਨ
ਬਾਗੀਂ ਬੰਨ੍ਹ ਦੇ ਵੇ ਨੀਲਾ ਘੋੜਾ ਵੀਰਾ
ਵੇ ਮੇਰਿਆ ਹੰਸਿਆ ਵੀਰਾ
ਕੀਲੇ ਟੰਗ ਦੇ ਵੇ ਤੀਰ ਕਮਾਨ
ਲੰਮਾ ਵਿਹੜਾ ਵੇ ਮੰਜਾ ਡਾਹ ਲੈ ਵੀਰਾ
ਗੱਲਾਂ ਕਰੀਏ ਵੇ ਵੀਰਾ ਭੈਣ-ਭਰਾ
ਨਿਆਣੇ ਹੁੰਦਿਆਂ ਦੇ ਮਰਗੇ ਮਾਪੇ ਭੈਣੇ
ਗਲੀਆਂ ਰੁਲਦੇ ਨੀਂ ਰੰਗ ਮਜੀਠ
7. ਵੇ ਪਿੱਪਲਾ ਤੂ ਆਪ ਵੱਡਾ
ਵੇ ਪਿੱਪਲਾ ਤੂ ਆਪ ਵੱਡਾ, ਪਰਿਵਾਰ ਵੱਡਾ
ਪੱਤਿਆ ਨੇ ਛਹਿਬਰ ਲਾਈ।
ਵੇ ਡਾਹਣਿਆ ਤੋਂ ਬਾਝ ਤੈਨੂੰ ਸਰਦਾ ਨਾਹੀਂ।
ਪੱਤਿਆ ਨੇ ਛਹਿਬਰ ਲਾਈ।
ਵੇ ਬਾਬਲ ਤੂ ਆਪ ਵੱਡਾ, ਪਰਿਵਾਰ ਵੱਡਾ
ਭਾਈਆਂ ਤੋ ਬਾਝ ਤੈਨੂੰ ਸਰਦਾ ਨਾਹੀਂ।
ਵੇ ਬਾਬਲ ਤੂ ਆਪ ਵੱਡਾ, ਪਰਿਵਾਰ ਵੱਡਾ
ਚਾਚਿਆ ਤੋ ਬਾਝ ਤੈਨੂੰ ਸਰਦਾ ਨਾਹੀਂ।
ਵੇ ਬਾਬਲ ਤੂ ਆਪ ਵੱਡਾ, ਪਰਿਵਾਰ ਵੱਡਾ
ਲਾਗੀਆ ਤੋ ਬਾਝ ਤੈਨੂੰ ਸਰਦਾ ਨਾਹੀਂ।
ਵੇ ਬਾਬਲ ਤੂ ਆਪ ਵੱਡਾ, ਪਰਿਵਾਰ ਵੱਡਾ
ਪੱਤਿਆ ਤੋ ਬਾਝ ਤੈਨੂੰ ਸਰਦਾ ਨਾਹੀਂ।
8. ਵੇ ਮੈਂ ਬਾਗ ਲਵਾਇਆ ਸੁਹਣਾ
ਵੇ ਮੈਂ ਬਾਗ ਲਵਾਇਆ ਸੁਹਣਾ,
ਵੇ ਤੂੰ ਫੁੱਲਾਂ ਦੇ ਪੱਜ ਆ
ਮੇਰਿਆ ਗੋਰਖ ਨਾਥਾ ਪੂਰਨਾ।
ਨੀਂ ਮੈਂ ਤੇਰੇ ਬਾਗੀਂ ਨਾ ਆਵਾਂ
ਤੂੰ ਤਾਂ ਲੱਗੇਂ ਧਰਮ ਦੀ ਮਾਂ,
ਮੇਰੀਏ ਅਕਲਾਂ ਸਮਝ ਸਿਆਣੀਏ।
ਵੇ ਮੈਂ ਨਾ ਜੰਮਿਆ ਨਾ ਪਾਲਿਆ
ਮੈਂ ਕਿਸ ਬਿਧ ਤੇਰੀ ਮਾਂ ?
ਮੇਰਿਆ ਗੋਰਖ ਨਾਥਾ ਪੂਰਨਾ।
ਨੀ ਤੂੰ ਮੇਰੇ ਬਾਪ ਦੀ ਇਸਤਰੀ,
ਇਸ ਬਿਧ ਧਰਮ ਦੀ ਮਾਂ
ਮੇਰੀਏ ਅਕਲਾਂ ਸਮਝ ਸਿਆਣੀਏ।
9. ਕਿੱਕਰੇ ਨੀ ਕੰਡਿਆਲੀਏ
ਕਿੱਕਰੇ ਨੀ ਕੰਡਿਆਲੀਏ,
ਕੀਹਨੇ ਤੋੜੇ ਤੇਰੇ ਟਾਹਲੇ,
ਨੀ ਹਰਿਆਂ ਨੀ ਪੱਤਾਂ ਵਾਲੇ।
ਏਨ੍ਹੀ ਏਨ੍ਹੀ ਰਾਹੀਂ ਰਾਜਾ ਲੰਘਿਆ,
ਓਹਨੇ ਤੋੜੇ ਮੇਰੇ ਟਾਹਲੇ,
ਨੀ ਹਰਿਆਂ ਨੀ ਪੱਤਾਂ ਵਾਲੇ।
10. ਕੀਹਨੇ ਉਸਾਰੀਆਂ ਮਹਿਲ ਤੇ ਮਾੜੀਆਂ
ਕੀਹਨੇ ਉਸਾਰੀਆਂ ਮਹਿਲ ਤੇ ਮਾੜੀਆਂ,
ਕੀਹਨੇ ਚਮਕਾਇਆ ਬੂਹਾ ਬਾਰ,
ਨੀ ਸ਼ਰੀਹਾਂ ਦੇ ਪੱਤੇ ਹਰੇ।
ਬਾਬਲ ਉਸਾਰੀਆਂ ਮਹਿਲ ਤੇ ਮਾੜੀਆਂ,
ਅੰਮੜੀ ਨੇ ਚਮਕਾਏ ਬੂਹੇ ਬਾਰ,
ਨੀ ਸ਼ਰੀਹਾਂ ਦੇ ਪੱਤੇ ਹਰੇ।
ਕੀਹਨੇ ਉਸਾਰੀਆਂ ਉਹ ਉੱਚੀਆਂ ਬਾਰੀਆਂ,
ਕੀਹਨੇ ਲਿਖੇ ਤਿੱਤਰ ਮੋਰ,
ਨੀ ਸ਼ਰੀਹਾਂ ਦੇ ਪੱਤੇ ਹਰੇ।
ਵੀਰਨ ਉਸਾਰੀਆਂ ਉੱਚੀਆਂ ਬਾਰੀਆਂ,
ਭਾਬੋ ਨੇ ਲਿਖੇ ਤਿੱਤਰ ਮੋਰ,
ਨੀ ਸ਼ਰੀਹਾਂ ਦੇ ਪੱਤੇ ਹਰੇ।
ਕੌਣ ਸੁੱਤਾ ਚੜ੍ਹ ਉੱਚੀਆਂ ਬਾਰੀਆਂ,
ਕੌਣ ਝੋਲੇ ਠੰਡੀ ਹਵਾ,
ਨੀ ਸ਼ਰੀਹਾਂ ਦੇ ਪੱਤੇ ਹਰੇ।
ਉੱਚੇ ਚੜ੍ਹ ਸੁੱਤਾ ਸ੍ਰੀ ਰਾਮ ਕ੍ਰਿਸ਼ਨ,
ਰੁਕਮਣੀ ਝੋਲੇ ਠੰਡੀ ਹਵਾ,
ਨੀ ਸ਼ਰੀਹਾਂ ਦੇ ਪੱਤੇ ਹਰੇ।
11. ਸੁੰਦਰ ਮੁੰਦਰੀਏ ਹੋ
ਸੁੰਦਰ ਮੁੰਦਰੀਏ ਹੋ
ਤੇਰਾ ਕੋਣ ਵਿਚਾਰਾ ਹੋ
ਦੁੱਲਾ ਭੱਟੀ ਵਾਲਾ ਹੋ
ਦੁੱਲੇ ਦੀ ਧੀ ਵਿਆਹੀ ਹੋ
ਸੇਰ ਸ਼ੱਕਰ ਪਾਈ ਹੋ
ਕੁੜੀ ਦੇ ਬੋਝੇ ਪਾਈ ਹੋ
ਕੁੜੀ ਦਾ ਲਾਲ ਪਟਾਕਾ ਹੋ
ਕੁੜੀ ਦਾ ਸਾਲੂ ਪਾਟਾ ਹੋ
ਸਾਲੂ ਕੌਣ ਸਮੇਟੇ ਹੋ
ਚਾਚਾ ਗਾਲੀ ਦੇਸੇ ਹੋ
ਚਾਚੀ ਚੂਰੀ ਕੁੱਟੀ ਹੋ
ਜ਼ੋਰਾਵਰਾਂ ਨੇ ਲੁੱਟੀ ਹੋ
ਜਿਮੀਦਾਰ ਸਦਾਓ ਹੋ
ਗਿਣ ਗਿਣ ਪੌਲੇ ਲਾਓ ਹੋ
ਇਕ ਪੌਲਾ ਘੁਸ ਗਿਆ ਹੋ
ਜਿਮੀਦਾਰ ਵਹੁਟੀ ਲੈ ਕੇ ਨੱਸ ਗਿਆ ਹੋ
ਹੋ ਹੋ ਹੋ ਹੋ ਹੋ ਹੋ ਹੋ ਹੋ
12. ਪਿੱਪਲ ਦਿਆ ਪੱਤਿਆ ਵੇ ਕੇਹੀ ਖੜ ਖੜ ਲਾਈ ਆ
ਪਿੱਪਲ ਦਿਆ ਪੱਤਿਆ ਵੇ ਕੇਹੀ ਖੜ ਖੜ ਲਾਈ ਆ
ਪੱਤ ਝੜੇ ਪੁਰਾਣੇ ਰੁੱਤ ਨਵਿਆਂ ਦੀ ਆਈ ਆ
ਪਿੱਪਲ ਦਿਆ ਪੱਤਿਆ ਵੇ ਕੇਹੀ ਛੋਡੀ ਲਾਲੀ ਆ
ਅਹਿਲ ਜਵਾਨੀ ਢੋਲਾ ਅਸੀਂ ਪੇਕੇ ਗਾਲੀ ਆ
ਪਿੱਪਲ ਦਿਆ ਪੱਤਿਆ ਵੇ ਕੇਹੀ ਛਾਂ ਕੀਤੀ ਆ
ਉਮਰ ਬਸੰਤੀ ਚੰਨਾ ਸਾਡੀ ਐਵੇਂ ਬੀਤੀ ਆ
ਪਿੱਪਲ ਦਿਆ ਪੱਤਿਆ ਵੇ ਕੇਹੀਆਂ ਛਡੀਆਂ ਲਗਰਾਂ ਨੀ
ਢੋਲ ਪਰਦੇਸੀ ਸਈਓ ਕੌਣ ਲਿਆਵੇ ਖ਼ਬਰਾਂ ਨੀ
ਪਿੱਪਲ ਦਿਆ ਪੱਤਿਆ ਤੇਰੇ ਪੱਤ ਨੀ ਸਾਵੇ ਵੇ
ਨਿਤ ਕੁਰਲਾਵਾਂ ਬੀਬਾ, ਮੈਂ ਤੇਰੇ ਹਾਵੇ ਵੇ
13. ਦੁੱਧ ਕੜ੍ਹੇ ਮਲਾਈਆਂ ਜੋਰ ਮਾਹੀਆ
ਦੁੱਧ ਕੜ੍ਹੇ ਮਲਾਈਆਂ ਜੋਰ ਮਾਹੀਆ
ਸੱਸ ਲੜੇ ਪੁੱਤਾਂ ਦੇ ਜੋਰ ਮਾਹੀਆ
ਮੈਂ ਵੀ ਵਸਾਂ ਪਿੱਛੇ ਦੇ ਜੋਰ ਮਾਹੀਆ
ਟੁੱਟ ਜਾਣ ਕੰਨਾਂ ਦੀਆਂ ਵਾਲੀਆਂ
ਮਰ ਜਾਣ ਸਿਖਾਲਣ ਵਾਲੀਆਂ
ਟੁੱਟ ਜਾਏ ਗਲੀ ਦੀ ਗਾਨੀ
ਘਰ ਆਏ ਦਿਲਾਂ ਦਾ ਜਾਨੀ
ਮੈਂ ਘੋਲ ਪਤਾਸੇ ਪੀਨੀ ਆਂ
ਮੈਂ ਮਾਹੀਏ ਬਿਨਾਂ ਨਾ ਜੀਨੀ ਆਂ
ਦੁੱਧ ਕੜ੍ਹੇ ਮਲਾਈਆਂ ਜੋਰ ਮਾਹੀਆ
ਨਣਦ ਲੜੇ ਵੀਰਾਂ ਦੇ ਜੋਰ ਮਾਹੀਆ
ਮੈਂ ਵੀ ਵਸਾਂ ਪਿੱਛੇ ਦੇ ਜੋਰ ਮਾਹੀਆ
ਟੁੱਟ ਜਾਣ ਕੰਨਾਂ ਦੀਆਂ ਵਾਲੀਆਂ
ਮਰ ਜਾਣ ਸਿਖਾਲਣ ਵਾਲੀਆਂ
ਟੁੱਟ ਜਾਏ ਗਲੀ ਦੀ ਗਾਨੀ
ਘਰ ਆਏ ਦਿਲਾਂ ਦਾ ਜਾਨੀ
ਮੈਂ ਘੋਲ ਪਤਾਸੇ ਪੀਨੀ ਆਂ
ਮੈਂ ਮਾਹੀਏ ਬਿਨਾਂ ਨਾ ਜੀਨੀ ਆਂ
14. ਕਣਕਾਂ ਤੇ ਛੋਲਿਆਂ ਦਾ ਖੇਤ
ਕਣਕਾਂ ਤੇ ਛੋਲਿਆਂ ਦਾ ਖੇਤ,
ਹੌਲੀ ਹੌਲੀ ਨਿੱਸਰੇਗਾ।
ਬਾਬਲ ਧਰਮੀ ਦਾ ਦੇਸ਼,
ਹੌਲੀ ਹੌਲੀ ਵਿੱਸਰੇਗਾ।
ਮਾਏ ਐਡੇ ਬੋਲ ਨਾ ਬੋਲ,
ਅਸੀਂ ਤੇਰੇ ਨਾ ਆਵਾਂਗੇ।
ਬਾਬਲ ਧਰਮੀ ਦਾ ਦੇਸ਼,
ਕਦੀ ਫੇਰਾ ਪਾ ਜਾਵਾਂਗੇ।
ਕਣਕਾਂ ਤੇ ਛੋਲਿਆਂ ਦਾ ਖੇਤ,
ਹੌਲੀ ਹੌਲੀ ਨਿੱਸਰੇਗਾ।
ਮਾਮੇ ਧਰਮੀ ਦਾ ਦੇਸ਼,
ਹੌਲੀ ਹੌਲੀ ਵਿੱਸਰੇਗਾ।
ਮਾਮੇ ਐਡੇ ਬੋਲ ਨਾ ਬੋਲ,
ਅਸੀਂ ਤੇਰੇ ਨਾ ਆਵਾਂਗੇ।
ਮਾਮੇ ਧਰਮੀ ਦਾ ਦੇਸ਼,
ਕਦੀ ਫੇਰਾ ਪਾ ਜਾਵਾਂਗੇ।
ਕਣਕਾਂ ਤੇ ਛੋਲਿਆਂ ਦਾ ਖੇਤ,
ਹੌਲੀ ਹੌਲੀ ਨਿੱਸਰੇਗਾ।
ਵੀਰੇ ਧਰਮੀ ਦਾ ਦੇਸ਼,
ਹੌਲੀ ਹੌਲੀ ਵਿੱਸਰੇਗਾ।
ਭਾਬੋ ਐਡੇ ਬੋਲ ਨਾ ਬੋਲ,
ਅਸੀਂ ਤੇਰੇ ਨਾ ਆਵਾਂਗੇ।
ਵੀਰੇ ਧਰਮੀ ਦਾ ਦੇਸ਼,
ਕਦੀ ਫੇਰਾ ਪਾ ਜਾਵਾਂਗੇ।
15. ਉੱਚੀ ਗਲੀ ਪਰ ਜਾਂਦਿਆਂ ਵੀਰਾ ਵੇ
ਉੱਚੀ ਗਲੀ ਪਰ ਜਾਂਦਿਆਂ ਵੀਰਾ ਵੇ
ਮੇਰਾ ਵੀਰ ਮਿਲਕੇ ਜਾਣਾ ਵੇ
ਕਿੱਕਣ ਮਿਲਾਂ ਭੈਣੇ ਮੇਰੀਏ ਨੀ
ਮੇਰੇ ਸਾਥੀ ਲੰਘ ਗਏ ਦੂਰ
ਮੇਰੀ ਭੈਣ ਫੇਰ ਮਿਲਾਂਗੇ ਨੀ।
ਸਾਥੀਆਂ ਤੇਰਿਆਂ ਨੂੰ ਬਾਹੋਂ ਫੜਾਂ ਵੇ
ਤੈਨੂੰ ਪਾ ਲਵਾਂ ਘੇਰਾ
ਮੇਰਾ ਵੀਰ ਮਿਲਕੇ ਜਾਣਾ ਵੇ
ਕਿੱਕਣ ਮਿਲਾਂ ਭੈਣਾਂ ਮੇਰੀਏ ਨੀ
ਮੇਰੇ ਸਾਥੀ ਲੰਘ ਗਏ ਦੂਰ
ਮੇਰੀ ਭੈਣ ਫੇਰ ਮਿਲਾਂਗੇ ਨੀ।
ਸਾਥੀਆਂ ਤੇਰਿਆਂ ਨੂੰ ਮੰਜਾ ਪੀੜ੍ਹੀ ਵੇ
ਤੈਨੂੰ ਰਤੜਾ ਪਲੰਘ ਨਮਾਰ
ਮੇਰਾ ਵੀਰ ਮਿਲਕੇ ਜਾਣਾ ਵੇ
ਕਿੱਕਣ ਮਿਲਾਂ ਭੈਣੇ ਮੇਰੀਏ ਨੀ
ਮੇਰੇ ਸਾਥੀ ਲੰਘ ਗਏ ਦੂਰ
ਮੇਰੀ ਭੈਣ ਫੇਰ ਮਿਲਾਂਗੇ ਨੀ।
ਸਾਥੀਆਂ ਤੇਰਿਆਂ ਨੂੰ ਚੌਲ ਪੂਰਾਂ ਵੇ
ਤੈਨੂੰ ਪੂਰੀ ਪਰਸ਼ਾਦ
ਮੇਰਾ ਵੀਰ ਮਿਲਕੇ ਜਾਣਾ ਵੇ
ਕਿੱਕਣ ਮਿਲਾਂ ਭੈਣੇ ਮੇਰੀਏ ਨੀ
ਸੱਸ ਤੇਰੀ ਨੂੰ ਤਿਉਰ
ਮੇਰੀ ਭੈਣ ਫੇਰ ਮਿਲਾਂਗੇ ਨੀ।
ਤਿਉਰ ਮੈਂ ਆਪਣੇ ਕੋਲੋਂ ਜੋੜਾਂ ਵੇ
ਕੋਠੀ ਤੇਰਾ ਪਾ ਦਿਆਂ ਨਾਂ
ਮੇਰਾ ਵੀਰ ਮਿਲਕੇ ਜਾਣਾ ਵੇ
ਕਿੱਕਣ ਮਿਲਾਂ ਭੈਣੇ ਮੇਰੀਏ ਨੀ
ਤੋਰੀ ਭਾਬੋ ਲੜੂ ਮੇਰੇ ਨਾਲ
ਮੇਰੀ ਭੈਣ ਫੇਰ ਮਿਲਾਂਗੇ ਨੀ।
ਭਾਬੋ ਨੂੰ ਨਾ ਦੱਸੀਂ ਮੇਰੇ ਵੀਰਨਾ
ਵੇ ਆਪਣੇ ਦੋਹਾਂ ਦਾ ਪਿਆਰ
ਮੇਰਾ ਵੀਰ ਮਿਲਕੇ ਜਾਣਾ ਵੇ।
16. ਦੀਵਾ ਬਲੇ ਸਾਰੀ ਰਾਤ
ਦੀਵਾ ਬਲੇ ਸਾਰੀ ਰਾਤ
ਮੇਰਿਆ ਜ਼ਾਲਮਾ
ਦੀਵਾ ਬਲੇ ਸਾਰੀ ਰਾਤ
ਬੱਤੀਆਂ ਬਟਾ ਰਖਦੀ
ਮੇਰਿਆ ਜ਼ਾਲਮਾ
ਦੀਵਾ ਬਲੇ ਸਾਰੀ ਰਾਤ।
ਆਵੇਗਾ ਤਾਂ ਪੁਛ ਲਵਾਂਗੀ
ਮੇਰਿਆ ਜ਼ਾਲਮਾ
ਕਿਥੇ ਗੁਜ਼ਾਰੀ ਸਾਰੀ ਰਾਤ
ਬੱਤੀਆਂ ਬਟਾ ਰਖਦੀ
ਮੇਰਿਆ ਜ਼ਾਲਮਾ
ਦੀਵਾ ਬਲੇ ਸਾਰੀ ਰਾਤ।
ਆਵੇਗਾ ਤੇ ਬੁਝ ਲਵਾਂਗੀ
ਮੇਰਿਆ ਜ਼ਾਲਮਾ
ਕਿਥੇ ਗੁਜ਼ਾਰੀ ਸਾਰੀ ਰਾਤ
ਬੱਤੀਆਂ ਬਟਾ ਰਖਦੀ
ਮੇਰਿਆ ਜ਼ਾਲਮਾ
ਦੀਵਾ ਬਲੇ ਸਾਰੀ ਰਾਤ।
17. ਉੱਡਦਾ ਵੇ ਜਾਵੀਂ ਕਾਵਾਂ
ਉੱਡਦਾ ਵੇ ਜਾਵੀਂ ਕਾਵਾਂ
ਬਹਿੰਦਾ ਜਾਵੀਂ ਵੇ
ਬਹਿੰਦਾ ਤੇ ਜਾਵੀਂ ਮੇਰੇ ਪੇਕੜੇ।
ਇੱਕ ਨਾ ਦੱਸੀਂ ਮੇਰੀ ਮਾਂ ਰਾਣੀ ਨੂੰ
ਰੋਊਗੀ ਅੜਿਆ ਮੇਰੀਆਂ ਗੁਡੀਆਂ ਫੋਲ ਕੇ।
ਇੱਕ ਨਾ ਦੱਸੀਂ ਮੇਰੇ ਬਾਪ ਰਾਜੇ ਨੂੰ
ਰੋਊਗਾ ਅੜਿਆ ਭਰੀ ਕਚਹਿਰੀ ਛੋੜ ਕੇ।
ਇੱਕ ਨਾ ਦੱਸੀਂ ਮੇਰੀ ਮਿੱਠੜੀ ਭੈਣ ਨੂੰ
ਰੋਊਗੀ ਅੜਿਆ ਤ੍ਰਿੰਞਣ ਛੋੜ ਕੇ।
ਇੱਕ ਨਾ ਦੱਸੀਂ ਮੇਰੀ ਭਾਬੋ ਰਾਣੀ ਨੂੰ
ਹੱਸੂਗੀ ਅੜਿਆ ਉਹ ਪੇਕੇ ਜਾ ਕੇ।
ਦੱਸੀਂ ਵੇ ਕਾਵਾਂ ਦੱਸੀਂ ਵੀਰ ਮੇਰੇ ਨੂੰ
ਆਊਗਾ ਅੜਿਆ ਨੀਲਾ ਘੋੜਾ ਪੀੜ ਕੇ।
ਉੱਡਦਾ ਵੇ ਜਾਵੀਂ ਕਾਵਾਂ
ਬਹਿੰਦਾ ਜਾਵੀਂ ਵੇ
ਬਹਿੰਦਾ ਤੇ ਜਾਵੀਂ ਮੇਰੇ ਪੇਕੜੇ।
18. ਮਾਏ ਪੀਹੜੀ ਬੈਠੀਏ ਨੀ
ਮਾਏ ਪੀਹੜੀ ਬੈਠੀਏ ਨੀ
ਧੀਆਂ ਕਿਉਂ ਦਿੱਤੀਆਂ ਦੂਰ, ਸਾਵਣ ਆਇਆ।
ਬਾਬਲ ਕੁਰਸੀ ਬੈਠਿਆ ਵੇ
ਧੀਆਂ ਕਿਉਂ ਦਿੱਤੀਆਂ ਦੂਰ, ਸਾਵਣ ਆਇਆ।
ਸੁਣ ਵੇ ਵੀਰਾ ਰਾਜਿਆ
ਭੈਣਾਂ ਕਿਉਂ ਦਿੱਤੀਆਂ ਦੂਰ, ਸਾਵਣ ਆਇਆ।
ਪੰਜ ਸੇਰ ਪਿੰਨੀਆਂ ਪਾ ਕੇ, ਮਾਏ ਮੇਰੀਏ
ਵੀਰ ਮੇਰੇ ਨੂੰ ਭੇਜ, ਸਾਵਣ ਆਇਆ।
ਉੱਚੜੇ ਉੱਚੜੇ ਚੌਂਤੜੇ ਚੜ੍ਹ
ਖੜੀ ਉਡੀਕਾਂ ਰਾਹ, ਸਾਵਣ ਆਇਆ।
ਕੋਠੇ ਤਾਂ ਚੜ੍ਹ ਕੇ ਕੂਕਦੀ
ਵੇ ਨੀਵੇਂ ਥਾਂ ਖੜਕੇ ਰੋਂਦੀ
ਵੇ ਕਿਤੇ ਦਿਸ ਨਾ ਆਉਂਦਾ
ਬਾਬਲ ਤੇਰਾ ਦੇਸ, ਸਾਵਣ ਆਇਆ।
ਕੋਠੇ ਤਾਂ ਚੜ੍ਹ ਕੇ ਵੇਖਦੀ
ਨੀ ਮੇਰੀਏ ਰਾਣੀਏਂ ਮਾਂ
ਕੋਈ ਭੌਂ ਵਿੱਚ ਆਉਂਦਾ ਦੂਰ, ਸਾਵਣ ਆਇਆ।
ਆਉਂਦਾ ਨੀ ਮਾਏ ਆਉਂਦਾ
ਕੋਈ ਵੀਰ ਚੜ੍ਹਿਆ ਸਰਦਾਰ
ਕਿੱਥੇ ਤਾਂ ਰੱਖਾਂ ਗੱਠੜੀ ਨੀ ਰਾਣੀਏਂ ਮਾਂ
ਕਿੱਥੇ ਉਤਾਰਾਂ ਵੀਰ, ਸਾਵਣ ਆਇਆ।
ਕਿੱਲੀ ਤਾਂ ਟੰਗਾਂ ਗੱਠੜੀ ਮੇਰੀਏ ਰਾਣੀਏਂ ਮਾਂ
ਕੋਈ ਮਹਿਲੀਂ ਉਤਾਰਾਂ ਵੀਰ, ਸਾਵਣ ਆਇਆ।
ਹੱਸ ਹੱਸ ਖੋਲ੍ਹਾਂ ਗੱਠੜੀ ਮੇਰੀ ਰਾਣੀਏਂ ਮਾਂ
ਕੋਈ ਰੋ ਰੋ ਪੁਛਦੀ ਬਾਤ, ਸਾਵਣ ਆਇਆ।
19. ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ
ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ
ਕੋਈ ਕਰ ਦੀਆਂ ਗਲੋੜੀਆਂ
ਕਣਕਾਂ ਲੰਮੀਆਂ ਧੀਆਂ ਕਿਉਂ ਜੰਮੀਆਂ ਨੀ ਮਾਏ।
ਮਾਵਾਂ ਤੇ ਧੀਆਂ ਦੀ ਦੋਸਤੀ ਨੀ ਮਾਏ
ਕੋਈ ਟੁੱਟਦੀ ਏ ਕਹਿਰਾਂ ਦੇ ਨਾਲ
ਕਣਕਾਂ ਨਿੱਸਰੀਆਂ ਧੀਆਂ ਕਿਉਂ ਵਿਸਰੀਆਂ ਮਾਏ।
ਦੂਰੋਂ ਤੇ ਆਈ ਸਾਂ ਚੱਲ ਕੇ ਨੀ ਮਾਏ
ਤੇਰੇ ਦਰ ਵਿੱਚ ਰਹੀਆਂ ਖਲੋ
ਭਾਬੀਆਂ ਨੇ ਪੁੱਛਿਆ ਈ ਸੁਖ ਸੁਨੇਹਾ
ਵੀਰਾਂ ਨੇ ਦਿੱਤਾ ਪਿਆਰ
ਕਣਕਾਂ ਲੰਮੀਆਂ ਧੀਆਂ ਕਿਉਂ ਜੰਮੀਆਂ ਨੀ ਮਾਏ।
ਚੋਲੀ ਨੂੰ ਆਈਆਂ ਨੀ ਅਰਕਾਂ ਨੀ ਮਾਏ
ਮੇਰੇ ਸਾਲੂ ਨੂੰ ਆਇਆ ਲੰਗਾਰ
ਅੱਗੇ ਤੇ ਮਿਲਦੀ ਸੈਂ ਨਿੱਤ ਨੀ ਮਾਏ
ਹੁਣ ਦਿੱਤਾ ਈ ਕਾਹਨੂੰ ਵਿਸਾਰ
ਕਣਕਾਂ ਨਿੱਸਰੀਆਂ ਧੀਆਂ ਕਿਉਂ ਵਿਸਰੀਆਂ ਮਾਏ।
ਕੋਠੇ ਤੇ ਚੜ੍ਹ ਕੇ ਵੇਖਦੀ ਨੀ ਮਾਏ
ਕੋਈ ਵੇਖਦੀ ਵੀਰੇ ਦਾ ਰਾਹ
ਦੂਰੋਂ ਤੇ ਵੇਖਾਂ ਮੇਰਾ ਵੀਰ ਪਿਆ ਆਏ
ਮੇਰੇ ਆਇਆ ਸਾਹ ਵਿੱਚ ਸਾਹ
ਕਣਕਾਂ ਲੰਮੀਆਂ ਧੀਆਂ ਕਿਉਂ ਜੰਮੀਆਂ ਨੀ ਮਾਏ।
ਜਿੰਦ ਨਿਮਾਣੀ ਮਾਏ ਹੌਕੇ ਭਰਦੀ
ਤੇਰੇ ਬਿਨਾ ਮੇਰਾ ਕੋਈ ਨਾ ਦਰਦੀ
ਕਣਕਾਂ ਨਿੱਸਰੀਆਂ ਧੀਆਂ ਕਿਉਂ ਵਿਸਰੀਆਂ ਮਾਏ।
ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ
ਕੋਈ ਕਰ ਦੀਆਂ ਗਲੋੜੀਆਂ
ਕਣਕਾਂ ਲੰਮੀਆਂ ਧੀਆਂ ਕਿਉਂ ਜੰਮੀਆਂ ਨੀ ਮਾਏ।
ਬੂਹੇ ਤੇ ਬਹਿਨੀਆਂ ਆਥਣੇ ਨੀ ਮਾਏ
ਮੈਂ ਲਵਾਂ ਭਰਾਵਾਂ ਦਾ ਨਾਂ
ਕਣਕਾਂ ਲੰਮੀਆਂ ਧੀਆਂ ਕਿਉਂ ਜੰਮੀਆਂ ਨੀ ਮਾਏ।
ਕਿਸੇ ਗੁਆਂਢਣ ਨੇ ਆਖਿਆ ਨੀ ਮਾਏ
ਤੇਰਾ ਆਇਆ ਈ ਪਿਉ ਭਰਾ
ਮਨ ਵਿੱਚ ਹੋਈਆਂ ਨੇ ਸ਼ਾਦੀਆਂ ਨੀ ਮਾਏ
ਮੇਰੇ ਵਿਹੜੇ ਨੂੰ ਲੱਗਾ ਏ ਚਾਅ
ਕਣਕਾਂ ਨਿੱਸਰੀਆਂ ਧੀਆਂ ਕਿਉਂ ਵਿਸਰੀਆਂ ਮਾਏ।
ਭਾਬੀਆਂ ਅੰਗ ਸਹੇਲੀਆਂ ਨੀ ਮਾਏ
ਮੇਰੇ ਵੀਰਾਂ ਦੀ ਠੰਢੜੀ ਛਾਂ
ਭਾਬੀਆਂ ਮਾਰਨ ਜੰਦਰੇ ਨੀ ਮਾਏ
ਮੇਰਾ ਹੁਣ ਕੋਈ ਦਾਅਵਾ ਵੀ ਨਾ
ਕਣਕਾਂ ਨਿੱਸਰੀਆਂ ਧੀਆਂ ਕਿਉਂ ਵਿਸਰੀਆਂ ਮਾਏ।
ਮਿੱਟੀ ਦਾ ਬੁੱਤ ਮੈਂ ਬਣਾਨੀਆਂ ਨੀ ਮਾਏ
ਉਹਦੇ ਗਲ ਲੱਗ ਕੇ ਰੋ ਨੀ ਲਾਂ
ਮਿੱਟੀ ਦਾ ਬੁੱਤ ਨਾ ਬੋਲਦਾ ਨੀ ਮਾਏ
ਮੈਂ ਰੋ ਰੋ ਹਾਲ ਗੰਵਾ
ਕਣਕਾਂ ਲੰਮੀਆਂ ਧੀਆਂ ਕਿਉਂ ਜੰਮੀਆਂ ਨੀ ਮਾਏ।
ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ
ਕੋਈ ਕਰ ਦੀਆਂ ਗਲੋੜੀਆਂ
ਕਣਕਾਂ ਲੰਮੀਆਂ ਧੀਆਂ ਕਿਉਂ ਜੰਮੀਆਂ ਨੀ ਮਾਏ।
20. ਹਾਏ ਉਹ ਮੇਰੇ ਡਾਢਿਆ ਰੱਬਾ
ਮਧਾਣੀਆਂ
ਹਾਏ ਉਹ ਮੇਰੇ ਡਾਢਿਆ ਰੱਬਾ
ਕਿਹਨਾ ਜੰਮੀਆਂ ਕਿਹਨਾਂ ਨੇ ਲੈ ਜਾਣੀਆਂ
ਛੋਲੇ
ਬਾਬੁਲ ਤੇਰੇ ਮਹਿਲਾਂਵਿਚੋਂ
ਸੱਤਰੰਗੀਆ ਕਬੂਤਰ ਬੋਲੇ
ਛੋਈ
ਬਾਬੁਲ ਤੇਰੇ ਮਹਿਲਾਂ ਵਿਚੋਂ
ਤੇਰੀ ਲਾਡੋ ਪਰਦੇਸਣ ਹੋਈ
ਫੀਤਾ
ਇਹਨਾਂ ਸਕੀਆਂ ਭਾਬੀਆਂ ਨੇ
ਡੋਲਾ ਤੋਰ ਕੇ ਕੱਚਾ ਦੁੱਧ ਪੀਤਾ
ਫੀਤਾ
ਮੇਰੇ ਆਪਣੇ ਵੀਰਾਂ ਨੇ
ਡੋਲਾ ਤੋਰ ਕੇ ਅਗਾਂਹ ਨੂੰ ਕੀਤਾ
ਕਲੀਆਂ
ਮਾਵਾਂ ਧੀਆਂ ਮਿਲਣ ਲਗੀਆਂ
ਚਾਰੇ ਕੰਧਾਂ ਨੇ ਚੁਬਾਰੇ ਦੀਆਂ ਹੱਲੀਆਂ
21. ਚੰਨ ਕਿੱਥਾਂ ਗੁਜ਼ਾਰੀ ਅਈ ਰਾਤ ਵੇ
ਚੰਨ ਕਿੱਥਾਂ ਗੁਜ਼ਾਰੀ ਅਈ ਰਾਤ ਵੇ
ਮੈਂਡਾ ਜੀਅ ਦਲੀਲਾਂ ਦੇ ਵਾਤ ਵੇ
ਕੋਠੇ ਤੇ ਪਿਰ-ਕੋਠੜਾ ਮਾਹੀ ਕੋਠੇ ਸੁਕਦਾ ਘਾਹ ਭਲਾ
ਆਸ਼ਕਾਂ ਜੋੜੀਆਂ ਪੌੜੀਆਂ ਤੇ ਮਾਸ਼ੂਕਾਂ ਜੋੜੇ ਰਾਹ ਭਲਾ
ਕੋਠੇ ਤੇ ਪਿਰ-ਕੋਠੜਾ ਮਾਹੀ ਕੋਠੇ ਸੁਕਦੀ ਰੇਤ ਭਲਾ
ਅਸਾਂ ਗੁੰਦਾਈਆਂ ਮੇਂਢੀਆਂ ਤੂੰ ਕਿਸੇ ਬਹਾਨੇ ਵੇਖ ਜ਼ਰਾ
ਕੋਠੇ ਤੇ ਪਿਰ-ਕੋਠੜਾ ਮਾਹੀ ਕੋਠੇ ਤੇ ਤੰਨੂਰ ਭਲਾ
ਪਹਿਲੀ ਰੋਟੀ ਤੂੰ ਖਾਵੇਂ ਤੈਂਡੇ ਸਾਥੀ ਨੱਸ ਗਏ ਦੂਰ ਭਲਾ
ਕੋਠੇ ਤੇ ਪਿਰ-ਕੋਠੜਾ ਚੰਨ ਕੋਠੇ ਤੇ ਤੰਦੂਰ ਭਲਾ
ਹਸਦਿਆਂ ਹਸਦਿਆਂ ਕਰ ਗਿਉਂ ਕਿਉਂ ਦਿਲ ਨੂੰ ਚਕਨਾਚੂਰ ਭਲਾ
ਕੋਠੇ ਤੇ ਪਿਰ-ਕੋਠੜਾ ਮਾਹੀ ਓਥੇ ਬੈਠਾ ਕਾਂ ਭਲਾ
ਤੂੰ ਤੇ ਮੈਂਕੂੰ ਭੁਲ ਗਿਐਂ ਮੈਂ ਤੇ ਅਜੇ ਵੀ ਤੇਰੀ ਹਾਂ ਭਲਾ
ਕੋਠੇ ਤੇ ਪਿਰ-ਕੋਠੜਾ ਮਾਹੀ ਕੋਠੇ ਸੁਕਦੀਆਂ ਤੋਰੀਆਂ
ਕੱਲਿਆਂ ਰਾਤਾਂ ਜਾਗ ਕੇ ਮੈਂ ਨੱਪੀਆਂ ਤੇਰੀਆਂ ਚੋਰੀਆਂ
ਕੋਠੇ ਤੇ ਪਿਰ-ਕੋਠੜਾ ਮਾਹੀ ਕੋਠੇ ਦੇ ਵਿੱਚ ਬਾਰੀਆਂ
ਹੁਣ ਤਾਂ ਵਾਪਿਸ ਆ ਮਾਹੀ ਤੂੰ ਜਿੱਤਿਆ ਤੇ ਮੈਂ ਹਾਰੀਆਂ
(ਅਈ=ਹਈ,ਹੈ, ਮੈਂਡਾ=ਮੇਰਾ, ਪਿਰ-ਕੋਠੜਾ=
ਪਰ-ਕੋਠੜਾ, ਤੰਨੂਰ=ਤੰਦੂਰ, ਮੈਕੂੰ=ਮੈਨੂੰ)
22. ਅੱਜ ਦੀ ਦਿਹਾੜੀ ਰੱਖ ਡੋਲੀ ਨੀ ਮਾਂ
ਅੱਜ ਦੀ ਦਿਹਾੜੀ ਰੱਖ ਡੋਲੀ ਨੀ ਮਾਂ।
ਰਵ੍ਹਾਂ ਬਾਬਲ ਦੀ ਬਣ ਕੇ ਗੋਲੀ ਨੀ ਮਾਂ।
ਮੇਰੀ ਡੋਲੀ ਨੂੰ ਤੋਰ ਛਿਪਾ ਕੇ ਨੀ ਮਾਂ,
ਧੀਆਂ ਕੱਢਣ ਘਰੋਂ ਹੱਥੀਂ ਮਾਪੇ ਨੀ ਮਾਂ।
ਮੇਰੀ ਡੋਲੀ ਨੂੰ ਰੱਜ ਕੇ ਵੇਖ ਨੀ ਮਾਂ,
ਮੈਂ ਚਲੀ ਬਿਗਾਨੜੇ ਦੇਸ ਨੀ ਮਾਂ।
ਮੇਰੀ ਡੋਲੀ ਨੂੰ ਰੱਤੜੇ ਹੀਰੇ ਨੀ ਮਾਂ,
ਮੈਨੂੰ ਵਿਦਾ ਕਰਨ ਸਕੇ ਵੀਰੇ ਨੀ ਮਾਂ।
ਮੇਰੀ ਡੋਲੀ ਨੂੰ ਲੱਗੜੇ ਲਾਚੇ ਨੀ ਮਾਂ,
ਮੈਨੂੰ ਵਿਦਾ ਕਰਨ ਸਕੇ ਚਾਚੇ ਨੀ ਮਾਂ।
ਮੇਰੀ ਡੋਲੀ ਨੂੰ ਚੁਕਦੇ ਕਾਮੇ ਨੀ ਮਾਂ,
ਮੈਨੂੰ ਵਿਦਾ ਕਰਨ ਸਕੇ ਮਾਮੇ ਨੀ ਮਾਂ।
ਮੇਰੀ ਡੋਲੀ ਨੂੰ ਲੱਗੜੇ ਛਾਪੇ ਨੀ ਮਾਂ,
ਮੈਨੂੰ ਵਿਦਾ ਕਰੇਂਦੇ ਮਾਪੇ ਨੀ ਮਾਂ।
23. ਵੀਣੀ ਪਤਲੀ ਵੰਗਾਂ ਮੋਕਲੀਆਂ
ਵੀਣੀ ਪਤਲੀ ਵੰਗਾਂ ਮੋਕਲੀਆਂ
ਇਹ ਵੰਗਾਂ ਮੇਰੀ ਮਾਂ ਨੇ ਚੜ੍ਹਾਈਆਂ
ਰੱਖਾਂ ਕਲੇਜੇ ਲਾ, ਵੰਗਾਂ ਮੋਕਲੀਆਂ...
ਇਹ ਵੰਗਾਂ ਮੇਰੀ ਸੱਸ ਨੇ ਚੜ੍ਹਾਈਆਂ
ਰੱਖਾਂ ਅੱਖਾਂ ਨਾਲ ਲਾ, ਵੰਗਾਂ ਮੋਕਲੀਆਂ...
ਜਾਂ
ਇਹ ਵੰਗਾਂ ਮੇਰੀ ਸੱਸ ਨੇ ਚੜ੍ਹਾਈਆਂ
ਭੰਨਾਂ ਥਮਲੇ ਦੇ ਨਾਲ, ਵੰਗਾਂ ਮੋਕਲੀਆਂ...
ਨੀ ਤੂੰ ਸੁਣ ਪੁਤਰੇ ਦੀ ਮਾਂ,
ਆਕਰੇ ਅੱਥਰੇ ਪੁਤਰੇ ਦੀ ਮਾਂ
ਆਪਣੇ ਪੁਤਰੇ ਨੂੰ ਸਮਝਾ
ਸਾਡੀ ਵੀਣੀ ਗਿਆ ਮਰੋੜ, ਵੰਗਾਂ ਮੋਕਲੀਆਂ...
ਜਾਦੂ ਮੁੱਕਰ ਗਿਆ ਮੁਕਰਾਨ
ਸਾਡੀ ਵਖਤਾਂ ਦੇ ਵਿਚ ਜਾਨ
ਪੱਲਾ ਛੁਡਾ ਕੇ ਨਿਕਲ ਗਿਆ
ਵੀਣੀ ਪਤਲੀ ਵੰਗਾਂ ਮੋਕਲੀਆਂ
24. ਘਿਓ ਵਿੱਚ ਮੈਦਾ ਥੋੜ੍ਹਾ ਪਿਆ
ਘਿਓ ਵਿੱਚ ਮੈਦਾ ਥੋੜ੍ਹਾ ਪਿਆ
ਸੱਸ ਮੈਨੂੰ ਗਾਲੀਆਂ ਦੇ
ਨਾ ਦੇ ਸੱਸੇ ਗਾਲੀਆਂ
ਏਥੇ ਮੇਰੇ ਕੌਣ ਸੁਣੇ
ਪਿੱਪਲੀ ਓਹਲੇ ਮੇਰੀ ਮਾਤਾ ਖੜੀ
ਰੋ-ਰੋ ਨੈਣ ਪਰੋਵੇ
ਨਾ ਰੋ ਮਾਤਾ ਮੇਰੀਏ
ਧੀਆਂ ਜੰਮੀਆਂ ਦੇ ਦਰਦ ਬੁਰੇ
ਘਿਓ ਵਿੱਚ ਮੈਦਾ ਥੋੜ੍ਹਾ ਪਿਆ
ਸੱਸ ਮੈਨੂੰ ਗਾਲੀਆਂ ਦੇ
ਨਾ ਦੇ ਸੱਸੇ ਗਾਲੀਆਂ
ਏਥੇ ਮੇਰਾ ਕੌਣ ਸੁਣੇ
ਪਿੱਪਲੀ ਓਹਲੇ ਮੇਰਾ ਬਾਪ ਖੜਾ
ਰੋ-ਰੋ ਨੈਣ ਪਰੋਵੇ
ਨਾ ਰੋ ਬਾਪੂ ਮੇਰਿਆ
ਧੀਆਂ ਜੰਮੀਆਂ ਦੇ ਦਰਦ ਬੁਰੇ
25. ਉਡੀਂ ਉਡੀਂ ਮੇਰੇ ਤਿਲੀਅਰ ਕਾਲੇ
ਉਡੀਂ ਉਡੀਂ ਮੇਰੇ ਤਿਲੀਅਰ ਕਾਲੇ,
ਲੰਬੀ ਲਾਈਂ ਵੇ ਉਡਾਰੀ।
ਜਾ ਆਖੀਂ ਮੇਰੇ ਸ਼ਹੁ ਨੂੰ ਵੇ ਦੁਲ੍ਹੋ,
ਗੋਰੀ ਮਨੋਂ ਕਿਉਂ ਵਿਸਾਰੀ।
ਨਾ ਤੁਸਾਂ ਭੇਜਿਆ ਸੁਖ ਦਾ ਸੁਨੇਹਾ,
ਨਾ ਤੁਸਾਂ ਭੇਜੀਆਂ ਚਿੱਠੀਆਂ।
ਕੀ ਮੇਰੇ ਮਾਹੀਆ ਤੈਂ ਮਨੋ ਵੇ ਵਿਸਾਰੀ,
ਕੀ ਮੈਂ ਭਈ ਪੁਰਾਣੀ ?
ਲਿਖਣੇ ਜੋਗਾ ਕਾਗ਼ਜ਼ ਨਹੀਂਓਂ,
ਕਲਮੇ ਜੋਗ ਨਾ ਕਾਹੀ।
ਦਿਲ ਦਾ ਟੁਕੜਾ ਮੈਂ ਕਾਗ਼ਜ਼ ਬਣਾਵਾਂ,
ਉਂਗਲੀਆਂ ਕੱਟ ਕਾਹੀ।
ਲਿਖਣੇ ਬੈਠੀ ਕਿੰਜ ਲਿਖਾਂ ਮੈਂ,
ਕੋਲ ਨਹੀਂ ਹੈ ਸ਼ਾਹੀ।
ਨੈਣਾਂ ਦਾ ਕੱਜਲਾ ਮੈਂ ਸ਼ਾਹੀ ਬਣਾਵਾਂ,
ਹੰਝੂਆਂ ਦਾ ਪਾਨੀਆਂ ਪਾਣੀ।
ਢਲੇ ਪਰਛਾਵੇਂ ਚਿੱਠੀ ਵਾਚਣ ਬੈਠੀ,
ਰੋਂਦੇ ਨੈਣ ਨਿਮਾਣੇ !
ਨਾ ਰੋਵੋ ਨੈਣ ਨਿਮਾਣਿਉਂ ਵੇ,
ਕੌਣ ਦਿਲਾਂ ਦੀਆਂ ਜਾਣੇ !
26. ਚੜ੍ਹਿਆ ਮਹੀਨਾ ਚੇਤ
ਚੜ੍ਹਿਆ ਮਹੀਨਾ ਚੇਤ ਦਿਲਾਂ ਦੇ ਭੇਤ,
ਕੋਈ ਨਹੀਂ ਜਾਣਦਾ।
ਉਹ ਗਿਆ ਪਰਦੇਸ ਜੋ ਸਾਡੇ ਹਾਣ ਦਾ।
ਚੜ੍ਹਿਆ ਮਹੀਨਾ ਵਸਾਖ ਅੰਬੇ ਪੱਕੀ ਦਾਖ,
ਅੰਬੇ ਰਸ ਚੋ ਪਿਆ।
ਪੀਆ ਗਿਆ ਪਰਦੇਸ ਕਿ ਜੀਊੜਾ ਰੋ ਪਿਆ।
ਚੜ੍ਹਿਆ ਮਹੀਨਾ ਜੇਠ ਕਿ ਜੇਠ ਪਲੇਠ
ਕਿ ਜੇਠ ਜਠਾਣੀਆਂ।
ਪੀਆ ਵਸੇ ਪਰਦੇਸ ਕਿ ਮਨ ਨਹੀਂ ਭਾਣੀਆਂ।
ਚੜ੍ਹਿਆ ਮਹੀਨਾ ਹਾੜ ਤਪਣ ਪਹਾੜ
ਕਿ ਬਲਣ ਅੰਗੀਠੀਆਂ।
ਚੜ੍ਹਿਆ ਮਹੀਨਾ ਸੌਣ ਮੀਂਹ ਵਰਸੌਣ
ਉਡਣ ਭੰਬੀਰੀਆਂ।
ਪੀਆ ਵਸੇ ਪਰਦੇਸ ਕਿ ਮਨ ਦਲਗੀਰੀਆਂ।
ਭਾਦ੍ਹੋਂ ਕਾ ਭਦਰੱਕਾ ਮੇਰੀ ਨੱਥ ਮਾਰੇ ਝਬੱਕਾ
ਕਿ ਮੱਥੇ ਦੌਣੀਆਂ।
ਪੀਆ ਵਸੇ ਪਰਦੇਸ ਕਿ ਮਨ ਨ ਭੌਣੀਆਂ।
ਚੜ੍ਹਿਆ ਮਹੀਨਾ ਅੱਸੂ ਸੁਣ ਭੋਲੀਏ ਸੱਸੂ !
ਸੁਣ ਮਨ ਦੀ ਭੋਲੀਏ !
ਪੀਆ ਵਸੇ ਪਰਦੇਸ ਕਿਦ੍ਹੇ ਨਾਲ ਬੋਲੀਏ।
ਚੜ੍ਹਿਆ ਮਹੀਨਾ ਕੱਤਕ ਮਾਹੀ ਮੇਰਾ ਅਟਕ
ਕਿ ਆਈ ਦਿਵਾਲੀ ਏ।
ਪੀਆ ਵਸੇ ਪਰਦੇਸ ਕੀ ਦੀਵੇ ਬਾਲੀਏ।
ਚੜ੍ਹਿਆ ਮਹੀਨਾ ਮੱਘਰ ਕੱਤਨੀਆਂ ਖੱਦਰ
ਕਿ ਲੇਫ ਰੰਗਾਨੀਆਂ।
ਪੀਆ ਵਸੇ ਪਰਦੇਸ ਕਿ ਟੰਗਣੇ ਪਾਨੀਆਂ।
ਚੜ੍ਹਿਆ ਮਹੀਨਾ ਪੋਹ ਹੱਥੀਂ ਪੈਰੀਂ ਖੋਹ
ਕਿ ਚੌਲ ਮੇਰੇ ਡੁਲ੍ਹ ਜਾਵਣ।
ਨਣਦੇ ! ਘਰ ਆਵੇ ਤੇਰਾ ਵੀਰ ਸਭੇ ਦੁਖ ਭੁਲ ਜਾਵਣ।
ਚੜ੍ਹਿਆ ਮਹੀਨਾ ਮਾਘ ਰਿੰਨ੍ਹੇਨੀਆਂ ਸਾਗ
ਹਾਂਡੀ ਪਾਣੀ ਪਾਵੀਏ।
ਪੀਆ ਆਵੇ ਮੇਰੇ ਕੋਲ ਤਾਂ ਰਲ ਮਿਲ ਖਾਵੀਏ।
ਚੜ੍ਹਿਆ ਮਹੀਨਾ ਫੱਗਣ ਕਿ ਵਾਵਾਂ ਵਗਣ
ਪਤਾ ਨਹੀਂ ਢੋਲ ਦਾ।
ਪੀਆ ਵਸੇ ਪਰਦੇਸ ਕਿ ਜੀਊੜਾ ਡੋਲਦਾ।
27. ਇਕ ਮਾਹ, ਦੋ ਮਾਹ, ਤਿੰਨ ਚਲਦੇ ਆਏ
ਇਕ ਮਾਹ, ਦੋ ਮਾਹ, ਤਿੰਨ ਚਲਦੇ ਆਏ।
ਵੇ ਲਾਲ, ਜੰਮੂ ਦਰਿਆ ਪੱਤਣ ਡੇਰੇ ਲਾਏ।
ਜੰਮੂ ਦਰਿਆ ਪੱਤਣ ਭਲਾ ਟਿਕਾਣਾ,
ਜੀ ਲਾਲ. ਅਟਕਾਂ ਦਾ ਰਾਹ ਸਾਨੂੰ ਦੱਸ ਕੇ ਜਾਣਾ।
ਚੇਤ ਦੇ ਮਹੀਨੇ ਨੌਂ ਰੱਖਾਂ ਨੁਰਾਤੇ
ਮੈਂ ਜਪਾਂ ਭਗਵਾਨ ਲਾਲ ! ਆ ਮਿਲ ਆਪੇ।
ਵੈਸਾਖ ਪੱਕੀ ਦਾਖ ਕੱਚੀ ਇਕ ਤੋੜ ਨ ਸਕਾਂ।
ਜੀ ਲਾਲ ਪ੍ਰਦੇਸ, ਉਸਨੂੰ ਰੱਬ ਦੀਆਂ ਰੱਖਾਂ।
ਜੇਠ ਘੋੜਾ ਹੇਠ, ਧੁਪਾਂ ਪੈਣ ਬਲਾਈਂ।
ਵੇ ਲਾਲ ਦਮਾਂ ਦਿਆ ਲੋਭੀਆ ! ਪਰਦੇਸ ਨ ਜਾਈਂ।
ਮੈਂ ਕੱਤਾਂਗੀ ਨਿਕੜਾ ਤੂੰ ਬੈਠਾ ਖਾਈਂ।
ਨਾਰਾਂ ਦੀ ਖੱਟੀ ਨੀ ਗੋਰੀਏ, ਕੁਝ ਬਰਕਤ ਨਾਹੀਂ।
ਮਰਦਾਂ ਦੀ ਖੱਟੀ ਨੀ ਗੋਰੀਏ, ਚੂੜੇ ਛਣਕਣ ਬਾਹੀਂ।
ਹਾੜ ਦੇ ਮਹੀਨੇ ਜੀ ਦੁਪੱਟੇ ਸੀਵਾਂ,
ਮੇਰਾ ਲਾਲ ਪਰਦੇਸ ਜੀ ਮੈਂ ਘੜੀ ਨ ਜੀਵਾਂ।
ਸਾਵਣ ਦੇ ਮਹੀਨੇ ਜੀ ਦੋ ਕਿਣ ਮਿਣ ਕਣੀਆਂ।
ਜੋਬਨ ਦੀਆਂ ਲਹਿਰਾਂ ਵੇ, ਸਾਨੂੰ ਮੁਸ਼ਕਲ ਬਣੀਆਂ।
ਭਾਦੋਂ ਦੇ ਮਹੀਨੇ ਜੀ ਬੰਬੀਹਾ ਬੋਲੇ,
ਵੇ ਲਾਲ ! ਸੁੰਨੜੀ ਹੈ ਸੇਜ, ਮੇਰਾ ਜੀਊੜਾ ਡੋਲੇ।
ਅਸੂ ਦੇ ਮਹੀਨੇ ਵੇ ਨੌਂ ਮੈਂ ਰੱਖਾਂ ਨੁਰਾਤੇ।
ਜੀ ਲਾਲ ਵੇ ! ਸਾਨੂੰ ਕਿਵੇਂ ਆ ਮਿਲ ਆਪੇ।
ਕੱਤਕ ਦੇ ਮਹੀਨੇ ਵੇ ਦੀਵਾਲੀ ਆਈ।
ਜਿਨ੍ਹਾਂ ਘਰ ਲਾਲ ਤਿਨ੍ਹਾਂ ਧਰੀ ਕੜਾਹੀ।
ਲਾਲ ਲਈ ਮੈਂ ਪਕਾਏ ਸੱਤ ਪਕਵਾਨ ਨੀਂ।
ਘਰ ਮੁੜ ਆ ਵੇ ਮੇਰੇ ਅੰਤਰਜਾਮੀ।
ਮੱਘਰ ਮਹੀਨੇ ਜੀ ਮੈਂ ਲੇਫ ਭਰਾਵਾਂ,
ਲਾਲ ! ਤੁਸੀਂ ਪ੍ਰਦੇਸ ਕੁਝ ਚਿੱਤ ਨਾ ਭਾਵਾਂ।
ਪੋਹ ਦੇ ਮਹੀਨੇ ਜੀ ਏਹ ਪੈਂਦੇ ਪਾਲੇ।
ਜਿਨ੍ਹਾਂ ਘਰ ਲਾਲ ਜੀ ਉਹ ਕਰਮਾਂ ਵਾਲੇ।
ਮਾਘ ਦੇ ਮਹੀਨੇ ਘਰ ਲੋਹੜੀ ਆਈ,
ਜਿਨ੍ਹਾਂ ਘਰ ਲਾਲ ਉਨ੍ਹਾਂ, ਤਿਲ ਚੌਲੀ ਪਾਈ।
ਲਾਲ ਜਿਨ੍ਹਾਂ ਪਰਦੇਸ ਤਿਨ੍ਹਾਂ ਚਿੱਤ ਨਾ ਭਾਈ।
ਫੱਗਣ ਦੇ ਮਹੀਨੇ ਵੇ ! ਘਰ ਹੋਲੀ ਆਈ।
ਜਿਨ੍ਹਾਂ ਘਰ ਲਾਲ ਉਨ੍ਹਾਂ ਰਲ ਕੇ ਮਨਾਈ।