ਪ੍ਰੀਤ ਕਹਾਣੀਆਂ/ਡਿਯੂਕ ਆਫ਼ ਵਿੰਡਸਰ

ਪ੍ਰਦੇਸ

ਡਿਯੂਕ ਆਫ਼ ਵਿੰਡਸਰ

ਪ੍ਰੇਮਕਾ ਤੋਂ ਤਖਤ ਕੁਰਬਾਨ



ਪ੍ਰੇਮ ਨੇ ਮਜਨੂੰ ਨੂੰ ਦੀਵਾਨਾ ਬਣਾ ਦਿਤਾ, ਰਾਂਝੇ ਨੂੰ ਹੀਰ ਦੇ ਪਿਓ ਦੀਆਂ ਮਝੀਆਂ ਚਾਰਨੀਆਂ ਪਈਆਂ, ਤੇ ਫਰਿਹਾਦ ਪਹਾੜ ਦੀਆਂ ਠੋਕਰਾਂ ਖਾਂਦਾ ਫਿਰਿਆ। ਅਜਿਹਾ ਕੋਈ ਵਿਰਲਾ ਹੀ ਅਭਾਗਾ ਹੋਵੇਗਾ, ਜਿਸ ਨੇ ਇਹ ਪ੍ਰੇਮ ਪਿਆਲਾ ਹੋਠਾ ਨੂੰ ਨਾ ਲਾਇਆ ਹੋਵੇ। ਕੀ ਅਮੀਰ, ਤੇ ਕੀ ਗ਼ਰੀਬ, ਇਕ ਵਾਰ ਸਾਰਿਆਂ ਤੇ ਪ੍ਰੇਮ ਦਾ ਮਾਰੂ ਹਮਲਾ ਜ਼ਰੂਰ ਹੋ ਕੇ ਰਹਿੰਦਾ ਹੈ। ਪਰੇਮ ਦੇ ਸਕੂਲ ਦਾ ਨਿਯਮ ਹੈ, ਕਿ "ਉਸਨੂੰ ਛੁਟੀ ਨਾ ਮਿਲੇ, ਜਿਸ ਨੂੰ ਸਬਕ ਯਾਦ ਰਹੇ।" ਉਸ ਤੋਂ ਬਚਿਆ ਓਹੀ ਹੈ, ਜਿਸ ਨੂੰ ਕਦੀ ਪ੍ਰੇਮ ਦਾ ਵਸਲ ਹੀ ਨਹੀਂ ਹੋਇਆ:-
"ਲੁਤਫੇ ਮੈ ਤੁਝ ਸੇ ਕਿਆ ਕਹੂੰ ਜ਼ਾਹਿਦ,

ਅਰੇ ਕਮਬਖਤ ਤੂੰ ਨੇ ਕਭੀ ਪੀ ਹੀ ਨਹੀਂ।"
ਵੀਹਵੀਂ ਸਦੀ ਵਿਚ ਪ੍ਰੇਮ ਦਾ ਨਵਾਂ ਰੀਕਾਰਡ ਕਾਇਮ ਕਰਨ ਵਾਲਾ, ਇੰਗਲੈਂਡ ਤੇ ਕਈ ਹੋਰ ਮੁਲਕਾਂ ਦਾ ਸ਼ਹਿਨਸ਼ਾਹ-ਐਡਵਰਡ ਅਠਵਾਂ ਹੈ, ਜਿਹੜਾ ਆਪਣੀ ਪ੍ਰੇਮਕਾ ਪਿਛੇ ਏਡੇ ਵਡੇ ਤਖਤ-ਤਾਜ ਨੂੰ ਲਤ ਮਾਰਕੇ ਲਾਂਭੇ ਹੋ ਗਿਆ।
੧੯੩੧ ਦੀ ਗਲ ਹੈ, ਸ੍ਰੀ ਮਤੀ ਬੈਂਜੇਮਨ ਤੇ ਉਸ ਦਾ ਪਤੀ ਦੋਵੇਂ ਪ੍ਰਿੰਸ ਆਫ਼ ਵੇਲਜ਼ ਦੇ ਮਹਿਮਾਨ ਸਨ।
ਇਨ੍ਹਾਂ ਦੋਹਾਂ ਨੂੰ ਮਿਸਟਰ ਸਿਮਪਸਨ ਤੇ ਉਨ੍ਹਾਂ ਦੀ ਧਰਮ ਪਤਨੀ ਨੇ ਖਾਣੇ ਪੁਰ ਸਦਾ ਦਿਤਾ, ਪਰ ਪ੍ਰਿੰਸ ਨੇ ਆਪਣੇ ਮਹਿਮਾਨਾ ਨੂੰ ਕਿਹਾ, ਕਿ ਉਹ ਸਦੇ ਤੇ ਜਾਣ ਦੀ ਬਜਾਏ ਮਿ ਸਿਮਪਸਨ ਤੇ ਉਨ੍ਹਾਂ ਦੀ ਪਤਨੀ ਨੂੰ ਇਥੇ ਹੀ ਕਿਉਂ ਨਹੀਂ ਸਦ ਘਲਦੇ। ਇਹ ਇਸ ਪ੍ਰੇਮ ਕਾਂਡ ਦਾ ਮੁਢ ਸੀ। ਸੋ ਇਸੇਤਰਾਂ ਹੀ ਕੀਤਾ ਗਿਆ। ਮਿ: ਸਿਮਪਸਨ ਤੇ ਉਨਾਂ ਦੀ ਪਤਨੀ ਇਸ ਸ਼ਦੇ ਤੇ ਬੜੇ ਖੁਸ਼ ਹੋਏ। ਸ਼ਹਿਨਸ਼ਾਹ ਦੇ ਘਰ ਦੇ ਮਹਿਮਾਨ- ਕਿਤਨੀ ਭਾਰੀ ਇਜ਼ਤ ਸੀ। ਇਸੇ ਪਾਰਟੀ ਸਮੇਂ ਪ੍ਰਿੰਸ ਤੇ ਸ੍ਰੀ ਮਤੀ ਸਿਮਪਸ਼ਨ ਦੀ ਪਹਿਲੀ ਮੁਲਾਕਾਤ ਹੋਈ। ਇਹ ਮੁਲਾਕਾਤ ਕੀ ਸੀ? ਦੋਹਾਂ ਪ੍ਰੇਮੀਆਂ ਦੇ ਦਿਲਾਂ ਵਿੱਚ ਕੋਈ ਨਿਘੀ ਜਿਹੀ ਯਾਦ ਛੱਡ ਗਈ।
ਇਸ ਪਿਛੋਂ ਦੋਹਾਂ ਦਾ ਮੇਲ ਜੋਲ ਕਾਫ਼ੀ ਵਧ ਗਿਆ। ਇਥੋਂ ਤਕ ਕਿ ਪ੍ਰਿੰਸ ਨੂੰ ਦਿਤੀ ਹਰ ਦਾਵਤ ਤੇ ਮਿਸਿਜ਼ ਸਿਮਪਸਨ ਉਨਾਂ ਦੇ ਨਾਲ ਹੁੰਦੀ। ਲੋਕਾਂ ਵਿਚ ਇਨ੍ਹਾਂ ਦੋਹਾਂ ਦੇ ਆਮ ਚਰਚੇ ਸੁਰੂ ਹੋ ਗਈ। ਆਮ ਅੰਗਰੇਜ਼ ਇਸ ਗਲ ਨੂੰ ਪਸੰਦ ਨਹੀਂ ਸਨ ਕਰਦੇ ਕਿ ਇਕ ਮਾਮੂਲੀ ਤੀਵੀ ਨਾਲ ਪ੍ਰਿੰਸ ਨਾਲ ਇਨੀ ਜ਼ਿਆਦਾ ਸਬੰਧ ਹੋ ਜਾਵੇ। ਇਕ ਵਾਰ ਕੈੈਂਟਰ-ਬਰੀ ਦੇ ਆਰਕ ਬਿਸ਼ਪ ਨੇ ਇਕ ਸੁਦੇ ਤੇ ਇਸ ਕਰਕੇ ਜਾਣੋਂ ਇਨਕਾਰ ਕਰ ਦਿੱਤਾ ਕੀ ਉਸ ਵਿਚ ਸ੍ਰੀ ਮਤੀ ਸਿਮਪਸਨ ਵੀ ਬੁਲਾਈ ਗਈ ਸੀ। 

ਇਹ ਪਿਆਰ ਦਿਨ ਬਦਿਨ ਵਧਦਾ ਗਿਆ। ਪ੍ਰਿੰਸ ਆਪਣੀ ਪ੍ਰੇਮਕਾ ਬਿਨਾਂ ਇਕ ਮਿੰਟ ਵੀ ਨਹੀਂ ਸੀ ਰਹਿ ਸਕਦਾ। ਜਦ ਉਹ ਸਲੂਨ ਵਿਚ ਵਾਲ ਬਣਵਾਨ ਜਾਂਦੀ, ਤਾਂ ਪ੍ਰਿੰਸ ਕਈ ਕਈ ਘੰਟੇ ਬਾਹਰ ਕਾਰ ਵਿਚ ਉਡੀਕਦਾ ਰਹਿੰਦਾ।
ਇਕ ਵਾਰ ਸ੍ਰੀ ਮਤੀ ਸਿਮਪਸਨ ਆਪਣੀ ਨਵੀਂ ਪੁਸ਼ਾਕ ਸਿਲਾਣ ਪੈਰਸ ਗਈ, ਪਰ ਪ੍ਰਿੰਸ ਲਈ ਵਿਛੋੜੇ ਦਾ ਇਕ ਪਲ ਵੀ ਗੁਜਰਨਾ ਔਖਾ ਸੀ। ਉਸ ਨੇ ਪੈਰਸ ਦੇ ਹੋਟਲ ਵਿਚ ਟੈਲੀਫੋਨ ਕਰਕੇ ਮਿਸਿਜ਼ ਸਿਮਪਸਨ ਨੂੰ ਬੁਲਾਇਆ, ਤੇ ਪੁਛਿਆ ਕਿ ਉਸ ਨੇ ਕਦ ਵਾਪਸ ਆਉਣਾ ਹੈ?
"ਦੋ ਦਿਨਾਂ ਤਕ।"
"ਪਰ ਇਹ ਦੋ ਦਿਨ ਮੈਂ ਕਿਵੇਂ ਕਟਾਂ?"
"ਤੁਹਾਡੇ ਪਾਸ ਉਥੇ ਕੋਈ ਕੰਮ ਨਹੀਂ?"
" ਨਹੀਂ।"
"ਤਾਂ ਅਜ ਸ਼ਾਮ ਨੂੰ ਆਪਣੇ ਕਮਰੇ ਵਿਚ ਉਹ ਤਸਵੀਰਾਂ ਟੰਗਣ ਦਾ ਕੰਮ ਕਰੋ, ਜਿਹੜੀਆਂ ਤੁਸਾਂ ਬੜੇ ਚਾਅ ਨਾਲ ਖਰੀਦੀਆਂ ਸਨ।"
"ਹਾਂ, ਇਸਤਰ੍ਹਾਂ ਅਜ ਦੀ ਸ਼ਾਮ ਤਾਂ ਕਟ ਸਕਦੀ ਹੈ, ਕਲ ਕੀ ਕਰਾਂਗਾ?"
"ਕਲ ਤੁਸੀਂ ਗਿਰਜੇ ਚਲੇ ਜਾਣਾ।"
"ਚੰਗਾ, ਪਰ ਤੁਸੀਂ ਛੇਤੀ ਹੀ ਹਵਾਈ ਜਹਾਜ਼ ਵਿਚ ਨਹੀਂ ਆ ਸਕੋਗੇ?"
"ਨਹੀਂ! ਮੈਨੂੰ ਇਕ ਜ਼ਰੂਰੀ ਕੰਮ ਹੈ, ਦੋ ਦਿਨ ਲਗ ਹੀ ਜਾਣਗੇ।"
ਦੂਜੇ ਦਿਨ ਲੋਕਾਂ ਵੇਖਿਆ, ਕਿ ਪ੍ਰਿੰਸ-ਜਿਹੜਾ ਘਟ ਵਧ ਹੀ ਗਿਰਜੇ ਜਾਂਦਾ ਸੀ, ਅਜ ਪ੍ਰੇਮਕਾ ਦੇ ਪ੍ਰੇਮ ਵਿਚ ਬਝਾ ਚਾਈਂ।

ਚਾਈਂ ਗਿਰਜੇ ਜਾ ਰਿਹਾ ਸੀ।
ਇਨੀਂ ਦਿਨੀਂ ਹੀ ਇੰਗਲੈਂਡ ਦੇ ਬਾਦਸ਼ਾਹ ਜਾਰਜ ਪੰਜਵੇਂ ਦੀ ਮੌਤ ਹੋ ਗਈ। ਉਨ੍ਹਾਂ ਦੀ ਥਾਂ ਤੇ ਪ੍ਰਿੰਸ ਆਫ਼ ਵੇਲਜ਼ ਨੂੰ ਅਡਵਰਡ ਅਠਵੇਂ ਦੇ ਨਾਂ ਤੇ ਤਖਤ ਪੁਰ ਬਿਠਾਇਆ ਗਿਆ। ਉਹ ਸ਼ਾਹੀ ਕੰਮਾਂ ਤੋਂ ਵਿਹਲੇ ਹੋ ਕੇ ਫੁਰਸਤ ਦੇ ਘੰਟੇ ਆਪਣੀ ਪ੍ਰੇਮਿਕਾ ਨਾਲ ਹੀ ਗੁਜ਼ਾਰਿਆ ਕਰਦਾ ਸੀ।
ਇਸ ਪ੍ਰੇਮ ਦੀ ਚਰਚਾ ਆਮ ਹੋ ਜਾਣ ਤੇ ਵੀ ਅੰਗਰੇਜੀ ਅਖਬਾਰ ਚੁਪ ਸਨ। ਪਰ ਜਦ ਅਮਰੀਕਾ ਦੇ ਅਖਬਾਰਾਂ ਵਿੱਚ ਇਸ ਵਿਸ਼ੇ ਤੇ ਕੁਝ ਲਿਖਿਆ ਜਾਣ ਲਗਾ, ਤਾਂ ਅੰਗਰੇਜ਼ੀ ਅਖਬਾਰਾਂ ਨੂੰ ਵੀ ਇਸ ਮੁਆਮਲੇ ਤੇ ਰੋਸ਼ਨੀ ਪਾਈ। ਇਨ੍ਹੀਂ ਦਿਨੀਂ ਇੰਗਲੈਂਡ ਤੋਂ ਪਾਰਲੀਮੈਂਟ ਦਾ ਵਡਾ ਵਜ਼ੀਰ ਬਾਲਡਵਿਨ ਸੀ। ੨੦ ਅਕਤੂਬਰ ੧੯੩੬ ਨੂੰ ਵਡੇ ਵਜ਼ੀਰ ਨੇ ਸ਼ਾਹ ਐਡਵਰਡ ਨਾਲ ਇਸ ਪਿਆਰ ਬਾਰੇ ਗੱਲ ਬਾਤ ਕਰਦਿਆਂ ਹੋਇਆਂ ਇਸ ਗਲ ਤੇ ਜ਼ੋਰ ਦਿੱਤਾ, ਕਿ ਕਿਸੇ ਤਰਾਂ ਇਹ ਪਿਆਰ-ਕਾਂਡ ਛੇਤੀ ਹੀ ਸਮਾਪਤ ਕਰ ਦਿਤਾ ਜਾਵੇ, ਕਿਉਂਕਿ ਸਦੀਆਂ ਤੋਂ ਮੁਲਕ ਵਿਚ ਇਹ ਰਿਵਾਜ਼ ਚਲਾ ਆਉਂਦਾ ਸੀ, ਕਿ ਇੰਗਲੈਂਡ ਦੇ ਬਾਦਸ਼ਾਹਾਂ ਨੇ ਸ਼ਾਹੀ ਖਾਨਦਾਨ ਛੱਡ ਕੇ ਕਿਤੇ ਬਾਹਰ ਸ਼ਾਦੀਆਂ ਨਹੀਂ ਸਨ ਕੀਤੀਆਂ।
ਪਰ ਪ੍ਰੇਮੀ ਦਾ ਉਤਰ ਸਾਫ਼ ਸੀ- ਮੁਆਫ਼ ਕਰਨਾ, ਜੋ ਇੰਗਲੈੰਡ ਆਪਣੇ ਬਾਦਸ਼ਾਹ ਦਾ ਪਿਆਰ ਉਸ ਦੀ ਪ੍ਰੇਮਕਾ ਨਾਲ ਨਹੀਂ ਸਹਾਰ ਸਕਦਾ, ਤਾਂ ਉਹ ਇਸ ਪਿਆਰ ਬਦਲੇ ਤਖ਼ਤ ਅਸਾਨੀ ਨਾਲ ਤਿਆਗ ਸਕੇਗਾ।
ਅੰਗਰੇਜ਼ੀ ਪਾਰਲੀਮੈਂਟ ਵਿਚ ਇਸ ਮੁਆਮਲੇ ਤੇ ਵਿਚਾਰ ਹੋਈ ਤੇ ਐਡਵਰਡ ਦੇ ਇਰਾਦੇ ਨੂੰ ਬਦਲਣ ਦੀ ਕੋਸਿਸ ਕੀਤੀ ਗਈ, ਪਰ ਉਹ ਹਿਮਾਲਾ ਵਾਂਗ ਆਪਣੇ ਫੈਸਲੇ ਤੇ ਅਹਿਲ ਖੜੋਤਾਂ ਰਿਹਾ।
ਇਕ ਅਫਸੋਸ ਭਰੀ ਸਵੇਰ ਨੂੰ ਸਾਰੇ ਸੰਸਾਰ ਨੇ ਬੜੀ ਹੈਰਾਨੀ

ਨਾਲ ਸੁਣਿਆ, ਕਿ ਇੰਗਲੈਂਡ ਦੇ ਸ਼ਹਿਨਸ਼ਾਹ ਨੇ ਆਪਣੀ ਪ੍ਰੇਮਿਕਾ ਲਈ ਤਖ਼ਤ ਤਿਆਗ ਦਿਤਾ ਹੈ। ਸ਼ਾਹ ਐਡਵਰਡ ਦੀ ਥਾਂ ਉਸਦਾ ਛੋਟਾ ਭਰਾ ਛੇਵੇਂ ਜਾਰਜ ਦੇ ਨਾਂ ਤੇ ਤਖ਼ਤ ਤੇ ਬੈਠਾ, ਤੇ ਸ਼ਾਹ ਅਡਵਰਡ ਵਿੰਡਸਰ ਦਾ ਡਿਯੂੂਕ ਬਣਾ ਦਿਤਾ ਗਿਆ। ਉਸਦੀ ਪ੍ਰੇਮਕਾਂ ਫਰਾਂਸ ਵਿਚ ਉਸ ਦੀ ਉਡੀਕ ਕਰ ਰਹੀ ਸੀ। ਦੋਵੇਂ ਪ੍ਰੇਮੀ ਕਈ ਭਾਰੀ ਜ਼ਿਮੇਵਾਰੀਆਂ ਦੇ ਬੋਝ ਹੇਠੋਂ ਨਿਕਲਕੇ ਬੜੇ ਗਦ ਗਦ ਹੋ ਰਹੇ ਸਨ।
ਵਿਆਹ ਦੀ ਤਾਰੀਖ ੩ ਜਨ ਮੁਕਰਰ ਹੋਈ, ਪਰ ਅੰਗਰੇਜ਼ੀ ਵਜ਼ੀਰ ਮੰਡਲੀ ਨੇ ਸ਼ਾਹੀ ਖਾਨਦਾਨ ਦੇ ਕਿਸੇ ਮੈਂਬਰ ਜਾਂ ਸਰਕਾਰੀ ਆਦਮੀ ਨੂੰ ਸ਼ਾਦੀ ਵਿਚ ਸ਼ਾਮਲ ਨਾ ਹੋਣ ਦਿਤਾ। ਫਿਰ ਵੀ ਇਸ ਪ੍ਰੇਮੀ ਜੋੜੇ ਪੁਰ ਇਸਦਾ ਕੋਈ ਅਸਰ ਨਾ ਹੋਇਆ। ਤਿੰਨ ਜੂਨ ਸਵੇਰ ਦੇ ਗਿਆਰਾਂ ਬਜ ਕੇ ੪੭ ਮਿੰਟ ਤੇ ਡਿਯੂਕ ਤੇ ਸ੍ਰੀ ਮਤੀ ਸਿਮਪਸਨ ਦਾ ਵਿਆਹ ਹੋ ਗਿਆ।
ਵਿਆਹ ਦੀ ਕਾਰਵਾਈ ਮੋਂਟਸ ਦੇ ਮੇਅਰ ਨੇ ਕਰਵਾਈ, ਤੇ ਇਹ ਰਸਮ ਫਰਾਂਸ ਦੇ ਇਕ ਪਿੰਡ ਵਿਚ ਅਦਾ ਕੀਤੀ ਗਈ। ਫਰਾਂਸ ਦਾ ਵਡੇ ਵਜ਼ੀਰ ਨੇ ਪ੍ਰੇਮ ਜੋੜੀ ਨੂੰ ਫੁੱਲਾਂ ਦਾ ਗੁਲਦਸਤਾ ਪੇਸ਼ ਕੀਤਾ। ਬਾਹਰੋਂ ਸੈਂਕੜਿਆਂ ਦੀ ਗਿਣਤੀ ਵਿਚ ਵਧਾਈ ਪੱਤ੍ਰ ਤੇ ਤਾਰ ਆਏ।
ਡਿਯੂੂਕ ਆਫ਼ ਵਿੰਡਸਰ ਤੇ ਡੈਚੇਜ਼ ਆਫ ਵਿੰਡਸਰ (ਸ੍ਰੀ ਮਤੀ ਸਿਮਪਸਨ) ਨੂੰ ਦੇਖਣ ਲਈ ਸੜਕਾਂ ਦੇ ਦੋਹੀਂ ਪਾਸੀ ਹਜ਼ਾਰਾਂ ਦਰਸ਼ਿਕ ਇਕੱਠੇ ਹੋਏ ਹੋਏ ਸਨ। ਵਿਆਹ ਤੋਂ ਬਾਅਦ ਇਹ ਜੋੜੀ ਹਨੀਮੂਨ ਮਨਾਉਣ ਆਸਟਰੀਆ ਚਲੀ ਗਈ।
ਡਿਯੂੂਕ ਦਾ ਪ੍ਰੇਮ ਲਈ ਕੀਤਾ ਤਿਆਗ ਸੰਸਾਰ ਦੇ ਇਤਿਹਾਸ ਵਿਚ ਸਦਾ ਲਈ ਅਮਰ ਰਹੇਗਾ, ਤੇ ਇਸ ਅਮਰ ਪ੍ਰੇਮ ਕਹਾਣੀ ਨੂੰ ਪ੍ਰੇਮੀ ਬੜੇ ਚਾਅ ਨਾਲ ਪੜ੍ਹਿਆ ਸੁਣਿਆ ਕਰਨਗੇ।