ਪ੍ਰੀਤ ਕਹਾਣੀਆਂ/ਡਿਕਸਨ-ਕੈਥਰਾਈਨ ਪ੍ਰੇਮ

ਪ੍ਰਦੇਸ


ਡਿਕਸਨਕੈਥਰਾਈਨ ਪ੍ਰੇਮ


ਅੰਗਰੇਜ਼ੀ ਦੇ ਪ੍ਰਸਿਧ ਲਿਖਾਰੀ ਚਾਰਲਸ ਡਿਕਸਨ ਨੇ ਜਦੋਂ ਜਵਾਨੀ ਵਿਚ ਪੈਰ ਧਰਿਆ, ਤਾਂ ਸਭ ਤੋਂ ਪਹਿਲੀ ਨਜ਼ਰ ਇਕ ਨੌਜਵਾਨ ਸੁੰਦਰੀ ਕੈਥਰਾਈਨ ਤੇ ਪਈ। ਉਹ ਵੇਖਦਿਆਂ ਸਾਰ ਇਸ ਸੁੰਦਰੀ ਤੇ ਮੋਹਤ ਹੋ ਗਿਆ। ਦਿਨ ਰਾਤ ਉਸਦੀ ਪਿਆਰੀ ਤੇ ਭੋਲੀ ਭਾਲੀ ਸੂਰਤ ਨਾਵਲਿਸਟ ਦੀਆਂ ਅਖਾਂ ਅਗੇ ਫਿਲਮ ਵਾਂਗ ਫਿਰਨ ਲਗ ਪਈ।

ਇਕ ਦਿਨ ਇਹ ਪ੍ਰੇਮੀ ਆਪਣੀ ਪ੍ਰੇਮਕਾ ਨੂੰ ਮਿਲਣ ਚਾਈਂ ਚਾਈਂ ਗਿਆ, ਪਰ ਕੈਥਰਾਈਨ ਉਸ ਨਾਲ ਚੰਗੀ ਤਰ੍ਹਾਂ ਪੇਸ਼ ਨਾ ਆਈ। ਇਸਦਾ ਉਸਨੂੰ ਸਖ਼ਤ ਰੰਜ ਹੋਇਆ। ਉਸ ਰਾਤ ਉਸ ਨੂੰ ਚੰਗੀ ਤਰ੍ਹਾਂ ਨੀਂਦ ਨਾ ਆਈ। ਦੂਜੇ ਦਿਨ ਵੀ ਉਸਦਾ ਦਿਲ ਨਾ ਸੰਭਲ ਸਕਿਆ। ਅਗਲੀ ਰਾਤੀਂ ਉਸਨੇ ਕੈਥਰਾਈਨ ਨੂੰ ਪਿਆਰ ਡੁਬੀ ਇਕ ਦਰਦਨਾਕ ਚਿਠੀ ਲਿਖੀ:—— "ਪਿਆਰੀ ਕੈਥਰਾਈਨ!"

"ਬੜੇ ਦੁਖ ਤੇ ਅਫਸੋਸ ਨਾਲ ਲਿਖਣਾ ਪੈਂਦਾ ਹੈ, ਕਿ ਪਿਛਲੇ ਦੋ ਦਿਨ ਮੈਂ ਡਾਢੇ ਬੇਚੈਨੀ ਨਾਲ ਗੁਜ਼ਾਰੇ ਹਨ। ਇਸਦਾ ਸਬਬ ਤੁਹਾਨੂੰ ਪਤਾ ਹੀ ਹੋਣਾ ਏ, ਤੁਹਾਡਾ ਨਿਰਾਸਤਾ ਭਰਿਆ ਸਲੂਕ। ਮੈਂ ਕਦੀ ਸੁਪਨੇ ਵਿਚ ਵੀ ਨਹੀਂ ਸੀ ਸੋਚਿਆ, ਕਿ ਤੁਹਾਡੇ ਵਰਗੀ ਕੋਮਲ ਯੁਵਤੀ ਦਾ ਦਿਲ ਵੀ ਪੱਥਰ ਰੂਪ ਹੋ ਸਕਦਾ ਹੈ। ਮੇਰਾ ਦਿਲ ਫਟਦਾ ਜਾ ਰਿਹਾ ਹੈ। ਇਸ ਨੂੰ ਇਡੀ ਨਿਰਾਸਤਾ ਉਮਰ ਭਰ ਨਹੀਂ ਸੀ ਹੋਈ, ਜਿੰਨੀ ਪਰਸੋਂ ਰਾਤ ਨੂੰ ਤੁਹਾਨੂੰ ਮਿਲ ਕੇ ਹੋਈ ਸੀ.....।

ਤੁਹਾਡਾ ਪ੍ਰੇਮੀ ਡਿਕਸਨ"

ਇਸ ਵੇਦਨਾ ਭਰੀ ਚਿਠੀ ਦਾ ਨਤੀਜਾ ਇਹ ਨਿਕਲਿਆ,ਕਿ ਕੈਥਰਾਈਨ ਡਿਕਸਨ ਨਾਲ ਵਿਆਹ ਕਰਨ ਲਈ ਤਿਆਰ ਹੋ ਗਈ। ਵਿਆਹ ਦੇ ਪਹਿਲੇ ਕੁਝ ਸਾਲ ਬੜੇ ਸੋਹਣੇ ਗੁਜ਼ਰੇ, ਪਰ ਜਿਉਂ ਜਿਉਂ ਪ੍ਰੇਮਕਾ ਦੇ ਦਿਲ ਵਿਚ ਪਿਆਰ-ਅਗ ਵਧਦੀ ਗਈ, ਡਿਕਸਨ ਦਾ ਪਿਆਰ ਫਿਕਾ ਪੈਂਦਾ ਗਿਆ। ਆਮ ਕਰਕੇ ਵੇਖਿਆ ਜਾਂਦਾ ਹੈ ਕਿ ਦਿਲ-ਫੈਂਕ ਪ੍ਰੇਮੀ ਪਹਿਲਾਂ ਤਾਂ ਨੌਜਵਾਨ ਕੁੜੀਆਂ ਨਾਲ ਇੰਨਾ ਪਿਆਰ ਦਰਸਾਉਂਦੇ ਹਨ, ਕਿ ਪੁਜਾਰੀ ਨੂੰ ਜੇ ਪ੍ਰਿਤਮਾ ਨਾ ਮਿਲੀ ਤਾਂ ਸ਼ਾਇਦ ਖੁਦ-ਕਸ਼ੀ ਕਰ ਲਵੇਗਾ। ਪਰ ਯੁਵਤੀਆਂਂ ਦੀ ਜਵਾਨੀ ਢਲਣ ਦੇ ਨਾਲ ਨਾਲ ਪ੍ਰੇਮੀਆਂ ਦਾ ਪਿਆਰ ਵੀ ਅਲੋਪ ਹੋ ਜਾਂਦਾ ਹੈ।

ਚਾਰਲਸ ਨੇ ਕੈਥਰਾਈਨ ਨੂੰ ੧੩੬ ਪਿਆਰ-ਭਰੀਆਂ ਚਿਠੀਆਂ ਲਿਖੀਆਂ——ਇਕ ਤੋਂ ਇਕ ਵਧ ਪਿਆਰ ਤੇ ਇਸ਼ਕ ਵਿਚ ਡੁਬੀ ਹੋਈ। ਪ੍ਰੇਮਕਾ ਨੇ ਆਪਣੇ ਪ੍ਰੀਤਮ ਦੀਆਂ ਸਾਰੀਆਂ ਚਿਠੀਆਂ ਨੂੰ ਸੀਨੇ ਨਾਲ ਲਾ ਕੇ ਰਖਿਆ ਤੇ ਮਰਨ ਵੇਲੇ ਆਪਣੀ ਪੁਤਰੀ ਨੂੰ ਸੌਂਪ ਗਈ। ਕੁਝ ਚਿਰ ਮਗਰੋਂ ਅੰਗਰੇਜ਼ੀ ਅਜਾਇਬ-ਘਰ ਵਾਲਿਆਂ ਨੇ ਉਹ ਚਿਠੀਆਂ ਇਸ ਸ਼ਰਤ ਤੇ ਕੈਥਰਾਈਨ ਦੀ ਪੁਤ੍ਰੀ ਪਾਸੋਂ ਲੈ ਲਈਆਂ, ਕਿ ਉਸ ਦੇ ਮਰਨ ਤੋਂ ਪਹਿਲਾਂ ਇਹ ਚਿਠੀਆਂ ਨਾ ਕਿਸੇ ਨੂੰ ਦੱਸੀਆਂ ਜਾਣਗੀਆਂ ਤੇ ਨਾ ਹੀ ਛਪਣ ਲਈ ਪ੍ਰੈਸ ਵਿਚ ਦਿਤੀਆਂ ਜਾਣਗੀਆਂ।

ਚਾਰਲਸ ਦੇ ਸਭ ਤੋਂ ਛੋਟੇ ਪੁਤ੍ਰ ਦੀ ਮੌਤ ਤੋਂ ਠੀਕ ੫੦ ਸਾਲ ਪਿਛੋਂ ੧੮੮੨ ਵਿਚ ਇਨ੍ਹਾਂ ਚੋਂ ਕੁਝ ਚਿਠੀਆਂ ਲੋਕਾਂ ਸਾਹਮਣੇ ਆਈਆਂ। ਲੋਕਾਂ ਨੇ ਬਾਕੀ ਦੀਆਂ ਚਿਠੀਆਂ ਦੇ ਛਪਣ ਲਈ ਬੜੀ ਦਿਲਚਸਪੀ ਜ਼ਾਹਿਰ ਕੀਤੀ। ਜਿਸ ਤੋਂ ਸਾਰੇ ਪਤਰਾਂ ਨੂੰ ਛਾਪਣਾ ਪਿਆ।

ਉਨ੍ਹਾਂ ਚਿਠੀਆਂ ਤੋਂ ਪਤਾ ਲਗਦਾ ਹੈ, ਕਿ ਕੈਥਰਾਈਨ ਦੀਆਂ ਕਈ ਭੈਣਾਂ ਸਨ ਤੇ ਇਕ ਤੋਂ ਇਕ ਵਧ ਸੁੰਦਰ, ਪਰ ਉਨ੍ਹਾਂ ਸਾਰੀਆਂ ਚੋਂ ਡਿਕਸਨ ਨੇ ਸਿਰਫ ਕੈਥਰਾਈਨ ਦੀ ਹੀ ਚੋਣ ਕੀਤੀ। ਉਸ ਦੇ ਦੀਨਤਾ-ਭਾਵ ਨੇ ਕੈਥਰਾਈਨ ਨੂੰ ਵੀ ਜਵਾਬੀ ਪ੍ਰੇਮ ਲਈ ਮਜਬੂਰ ਕਰ ਦਿਤਾ, ਪਰ ਡਿਕਸਨ ਸਦਾ ਲਈ ਇਕੋ ਫੁਲ ਦਾ ਭੌਰਾ ਬਣਿਆ ਨਹੀਂ ਸੀ ਰਹਿ ਸਕਦਾ। ਉਸ ਨੇ ਆਪਣੇ ਇਕ ਮਿਤਰ ਨੂੰ ਇਕ ਚਿਠੀ ਵਿਚ ਲਿਖਿਆ ਸੀ:———

"ਕਾਸ਼ ਕਿ ਕੈਥਰਈਨ ਨੇ ਮੇਰੀ ਥਾਂ ਕਿਸੇ ਹੋਰ ਨਾਲ ਵਿਆਹ ਕੀਤਾ ਹੁੰਦਾ ਤਾਂ ਮੈਂ ਕਿੰਨਾ ਖੁਸ਼-ਕਿਸਮਤ ਹੁੰਦਾ.........।"

ਇਸ ਦਾ ਸਬਬ ਸ਼ਾਇਦ ਇਹ ਹੋਵੇ ਕਿ ਕੈਥਰਾਈਨ ਬਹੁਤਾ ਤਾਂ ਪੜ੍ਹੀ ਲਿਖੀ ਨਹੀਂ ਸੀ, ਤੇ ਡਿਕਸਨ ਨੂੰ ਇਹ ਆਸ ਸੀ ਕਿ ਕੈਥਰਾਈਨ ਉਸ ਦੇ ਨਾਵਲ ਤੇ ਕਹਾਣੀਆਂ ਪੜ੍ਹ ਕੇ ਉਸ ਦੇ ਆਰਟ ਦੀ ਤਾਰੀਫ ਕਰ ਸਕੇਗੀ! ਕੈਥਰਾਈਨ ਉਸਦੀਆਂ ਕਿਤਾਬਾਂ ਨੂੰ ਪੜ੍ਹ ਲੈਂਦੀ, ਪਰ ਉਨ੍ਹਾਂ ਸਬੰਧੀ ਆਪਣੀ ਕੋਈ ਰਾਏ ਨਾ ਦੇਂਦੀ। ਇਸੇ ਕਾਰਣ ਡਿਕਸਨ ਨੇ ਉਸਨੂੰ ਚਿਠੀਆਂ ਲਿਖਣੀਆਂ ਵੀ ਬੰਦ ਕਰ ਦਿਤੀਆਂ ਸਨ। ਉਹ ਅਕਸਰ ਆਪਣੇ ਦੋਸਤਾਂ ਨੂੰ ਆਖਿਆ ਕਰਦਾ ਸੀ ਕਿ "ਜਦ ਉਹ ਉਸ ਦੀਆਂ ਚਿਠੀਆਂ ਨੂੰ ਸਮਝ ਹੀ ਨਹੀਂ ਸਕਦੀ ਤਾਂ ਲਿਖਣ ਦਾ ਕੀ ਫਾਇਦਾ ....?"

ਸ਼ੁਰੂ ਸ਼ੁਰੂ ਵਿਚ ਜਿਹੜੀਆਂ ਚਿਠੀਆਂ ਡਿਕਸਨ ਨੇ ਕੈਥਰਾਈਨ ਨੂੰ ਲਿਖੀਆਂ, ਉਹ ਵਾਸਤਵ ਵਿਚ ਪਿਆਰ-ਰੰਗ ਵਿਚ ਰੰਗੀਆਂ ਹੋਈਆਂ ਹੁੰਦੀਆਂ ਸਨ, ਪਰ ਪਿਛੋਂ ਦੀਆਂ ਚਿਠੀਆਂ ਸਬੰਧੀ ਕੈਥਰਾਈਨ ਨੂੰ ਸਦਾ ਸ਼ਿਕਾਇਤ ਰਹੀ, ਕਿ ਉਹ ਬਿਲਕੁਲ ਸੰਖੇਪ ਤੇ ਵਿਹਾਰੀ ਖ਼ਤ ਹੁੰਦੇ ਸਨ।

ਅਖ਼ੀਰਲੇ ਦਿਨਾਂ ਦੀਆਂ ਚਿਠੀਆਂ ਚੋਂ ਇਕ ਵਿਚ ਡਿਕਸਨ ਲਿਖਦਾ ਹੈ———"ਮੇਰੀ ਚਿਠੀ ਲਿਖਣ-ਢੰਗ ਤੋਂ ਨਰਾਜ਼ ਨਾ ਹੋਣਾ। ਅਸਲ ਗੱਲ ਇਹ ਹੈ ਕਿ ਇਨ੍ਹੀਂ ਦਿਨੀਂ ਮੈਨੂੰ ਬਿਲਕੁਲ ਫੁਰਸਤ ਨਹੀਂ ਮਿਲਦੀ। ਲਿਖਾਰੀ ਦਾ ਕੰਮ ਹੀ ਅਜਿਹਾ ਹੈ ਕਿ ਉਸ ਨੂੰ ਲਿਖਣ ਦੇ ਧੰਦੇ ਤੋਂ ਛੁਟੀ ਨਹੀਂ ਮਿਲ ਸਕਦੀ, ਤਾਂ ਜੋ ਉਹ ਕਿਸੇ ਨੂੰ ਚਿਠੀ ਪਤ੍ਰ ਲਿਖ ਸਕੇ।"

ਉਸ ਦੀਆਂ ਬਹੁਤੀਆਂ ਚਿਠੀਆਂ ਸਫਰ ਸਮੇਂ ਲਿਖੀਆਂ ਗਈਆਂ ਸਨ। ਉਹ ਸਫਰ ਦਾ ਬੜਾ ਸ਼ੌਕੀਨ ਸੀ, ਜਿਸਦਾ ਉਸਨੇ ਕਈ ਚਿਠੀਆਂ ਵਿਚ ਜ਼ਿਕਰ ਵੀ ਕੀਤਾ ਹੈ। ਇਕ ਚਿਠੀ ਵਿਚ ਉਹ ਆਪਣੇ ਇਕ ਮਿਤ੍ਰ ਦੇ ਪਿਆਰ ਤੇ ਮੌਜੂ ਉਡਾਂਦਾ ਲਿਖਦਾ ਹੈ———

"ਬ੍ਰਿਸਲੇਰਟਨ ਮੇਰਾ ਇਕ ਅਤ ਨੇੜੇ ਦਾ ਦੋਸਤ ਹੈ। ਉਸ ਦੀ ਉਮਰ ੨੨ ਸਾਲ ਤੇ ਆਮਦਨੀ ਕੇਵਲ ਦੋ ਪੌਂਡ ਹਫਤਾ ਹੈ। ਉਸ ਨੇ ਇਕ ਯਤੀਮ ਕੁੜੀ ਨਾਲ ਵਿਆਹ ਕੀਤਾ ਹੋਇਆ ਹੈ। ਉਹ ਇੰਨੀ ਗੰਦੀ ਰਹਿੰਦੀ ਹੈ ਕਿ ਵੇਖਣ ਤੇ ਜੀਅ ਨਹੀਂ ਕਰਦਾ, ਪਰ ਉਹ ਉਸ ਤੇ ਜਾਨ ਦੇਂਦਾ ਹੈ। ਵਿਚਾਰਾ ਆਪਣੀ ਵਹੁਟੀ ਨੂੰ ਖੁਸ਼ ਰਖਣ ਲਈ ਲਾਂਗ ਫੈਲੋ ਦੀਆਂ ਕਵਿਤਾਵਾਂ ਦਾ ਫਰਾਂਸੀਸੀ ਤਰਜਮਾ ਕਰਦਾ ਰਹਿੰਦਾ ਹੈ, ਹਾਲਾਂ ਕਿ ਉਸ ਨੂੰ ਪਕਾ ਪਤਾ ਹੈ ਕਿ ਉਸਦੀ ਵਹੁਟੀ ਫਰਾਂਸੀਸੀ ਦਾ ਊੜਾ ਐੜਾ ਵੀ ਨਹੀਂ ਜਾਣਦੀ। ਪਰ ਇਹ ਨਵਾਂ ਜਾਨਵਰ ਇਸੇ ਵਿਚ ਹੀ ਸਵੱਰਗੀ ਅਨੰਦ ਸਮਝਦਾ ਹੈ.........!"

ਇਨ੍ਹਾਂ ਚਿਠੀਆਂ ਤੋਂ ਸਾਫ ਜ਼ਾਹਿਰ ਹੈ ਕਿ ਡਿਕਸਨ ਦਾ ਪਿਆਰ ਪਹਿਲਾਂ ਵਾਲਾ ਨਹੀਂ ਸੀ ਰਿਹਾ-ਇਥੋਂ ਤਕ ਕਿ ਉਹ ਉਨ੍ਹਾਂ ਪ੍ਰੇਮੀਆਂ ਨੂੰ ਵੀ ਨਫ਼ਰਤ ਕਰਨ ਲਗ ਪਿਆ, ਜਿਹੜੇ ਆਪਣੀਆਂ ਪ੍ਰੇਮਕਾਵਾਂ ਨੂੰ ਦਿਲ ਵਿਚ ਥਾਂ ਦੇਂਦੇ ਹਨ।

ਪ੍ਰੇਮ ਦੇ ਰੰਗ ਨਿਆਰੇ ਹਨ। ਇਕ ਦਿਨ ਪ੍ਰੇਮੀ ਪ੍ਰੇਮਕਾ ਦੇ ਦਰਸ਼ਨਾਂ ਲਈ ਤਰਲੇ ਕੱਢਦਾ ਹੈ, ਤੇ ਦੂਜੇ ਦਿਨ ਉਹ ਪ੍ਰੇਮਕਾ ਨੂੰ ਗਲੋਂ ਲਾਹੁਣ ਲਈ ਰਾਹ ਢੂੰਡਦਾ ਹੈ।

{{{2}}}{{{2}}}

{{{2}}}{{{2}}}