ਪ੍ਰੀਤ ਕਹਾਣੀਆਂ/ਚੰਦਰ ਗੁਪਤ ਤੇ ਹੈਲਨ

ਦੇਸ



ਚੰਦਰ ਗੁਪਤ ਤੇ ਹੈਲਨ


'ਇਸ਼ਕ' ਸਾਹਮਣੇ ਮੁਲਕ ਕੌਮ ਜ਼ਬਾਨ ਤੇ ਰੰਗ ਦੀ ਕਿੰਨੀਆਂ ਆਹਿਨੀ ਦੀਵਾਰਾਂ ਹੋਣ, ਇਕੋ ਝਟਕੇ ਨਾਲ ਟੁਟ ਜਾਂਦੀਆਂ ਹਨ। ਹੈਲਨ-ਕਵਿਤਾ, ਮਸੱਵਰੀ ਤੇ ਖਿਆਲੀ ਸੁਪਨਿਆਂ ਦੇ ਮੇਲ ਨਾਲ ਬਣਿਆ ਇਕ ਜੀਂਦਾ ਹੁਸੀਨ ਤਸਵਰ ਸੀ। ਉਹ ਫੁਲ ਵਾਂਗ ਹੌਲੀ ਖਿੜੀ ਤੇ ਦਿਲ ਖਿਚਵੀਂ ਸੀ। ਯੂਨਾਨ ਦੇ ਸ਼ਾਹੀ ਮਹੱਲਾਂ ਵਿਚ ਪਲੀ ਉਹ ਕਲੀ ਆਪਣੇ ਪਿਤਾ ਸਲੋਕਸ ਨਾਲ ਹਿੰਦੁਸਤਾਨ ਵਿਚ ੩੦੫ ਸਾਲ ਈ: ਤੋਂ ਪਹਿਲਾਂ ਦਾਖਲ ਹੋਈ। ਸਲੋਕਸ ਸਕੰਦਰ ਨਾਲ ਹੀ ਹਿੰਦ ਪੁਰ ਹਮਲਾਆਵਰ ਹੋਇਆ ਸੀ।

ਵਰਸ਼ਲ ਨਾਂ ਦਾ ਬਹਾਦਰ ਹਿੰਦੀ ਆਪਣੀਆਂ ਫੌਜਾਂ ਲੈ ਕੇ ਸਲੋਕਸ ਦੇ ਟਾਕਰੇ ਲਈ ਆ ਖੜੋਤਾ। ਇਹਨਾਂ ਹੀ ਦਿਨਾਂ ਦੀ ਗਲ ਹੈ ਕਿ ਯੂਨਾਨੀ ਸੁੰਦਰੀ ਮਰਦਾਵੇਂ ਲਿਬਾਸ ਵਿਚ ਸੈਰ ਨੂੰ ਗਈ, ਰਾਹ 'ਚਿ ਇਕ ਸ਼ੇਰ ਨਾਲ ਟਕਰ ਹੋ ਪਈ। ਸ਼ੇਰ ਨੇ ਇਕ ਝਪਟੇ ਨਾਲ ਹੈਲਨ ਨੂੰ ਘੋੜਿਉਂ ਹੇਠਾਂ ਸੁਟ ਦਿਤਾ। ਉਸ ਦੀਆਂ ਚੀਕਾਂ ਨਾਲ ਸਾਰਾ ਜੰਗਲ ਕੰਬ ਉਠਿਆ, ਪਰ ਸ਼ੇਰ ਦੇ ਸੁੰਦਰੀ ਨੂੰ ਕੋਈ ਨੁਕਸਾਨ ਪੁਚਾਣ ਤੋਂ ਪਹਿਲਾਂ ਹੀ ਇਕ ਨਾਵਾਕਫ ਹਥ ਨੇ ਸ਼ੇਰ ਤੇ ਕਟਾਰ ਨਾਲ ਹਮਲਾ ਕਰ ਦਿਤਾ, ਤੇ ਪਲਾਂ ਵਿਚ ਉਸ ਜੰਗਲੀ ਜਾਨਵਰ ਦੀ ਲਾਸ਼ ਹੈਲਨ ਦੇ ਪੈਰਾਂ ਵਿਚ ਤੜਪ ਰਹੀ ਸੀ।

ਹੈਲਨ ਨੇ ਸ਼ੁਕਰੀਆ ਭਰੀਆਂ ਅਖਾਂ ਨਾਲ ਨੌਜਵਾਨ ਨੂੰ ਵੇਖਿਆ, ਫਿਰ ਅਖਾਂ ਨੀਵੀਆਂ ਪਾ ਕੇ ਉਹ ਬੋਲੀ"ਮੈਂ ਆਪ ਦੀ ਇਸ ਔਖੇ ਵੇਲੇ ਦੀ ਸਹਾਇਤਾ ਕਦੀ ਨਹੀਂ ਭੁਲ ਸਕਾਂਗੀ, ਪਰ ਵਖ ਹੋਣ ਤੋਂ ਪਹਿਲਾਂ ਆਪਣੇ ਕ੍ਰਿਪਾਲੂ ਦੇ ਨਾਂ ਤੋਂ ਜਾਣੂ ਹੋਣਾ ਚਾਹੁੰਦੀ ਹਾਂ।" ਇਹ ਨੌਜਵਾਨ ਵਰਸ਼ਲ ਸੀ। ਜਦ ਦੋਹਾਂ ਦੀਆਂ ਨਿਗਾਹਾਂ ਮਿਲੀਆਂ ਤਾਂ ਉਹਨਾਂ ਦੇ ਜੀ ਵਿਚ ਕੁਝ ਕੁਝ ਹੋਣ ਲਗਾ। ਬੜੇ ਪਿਆਰ ਤੇ ਸਤਿਕਾਰ ਨਾਲ ਇਕ ਦੂਜੇ ਤੋਂ ਵਖ ਹੋਏ, ਪਰ ਦੋਵੇਂ ਆਪਣੇ ਦਿਲ ਜੰਗਲ ਵਿਚ ਹੀ ਛਡ ਗਏ।

ਹਿੰਦੀ ਨੌਜਵਾਨ ਵਰਸ਼ਲ ਬੜਾ ਸੁੰਦਰ ਤੇ ਬਹਾਦਰ ਸੀ। ਉਸ ਦੀ ਛਿਨ ਭਰ ਦੀ ਮੁਲਾਕਾਤ ਯੂਨਾਨੀ ਹੁਸੀਨਾ ਦਾ ਦਿਲ ਦਬੋਚ ਕੇ ਲੈ ਗਈ। ਹੈਲਨ ਦਾ ਪਲ ਪਲ ਉਸ ਦੀ ਯਾਦ ਵਿਚ ਬੀਤਣ ਲਗਾ।

ਇਕ ਦਿਨ ਸ਼ਾਮ ਨੂੰ ਹੈਲਨ ਅਖਾਂ ਬੰਦ ਕਰ ਕੇ ਉਸ ਨੌਜਵਾਨ ਦਿਲ ਚੋਰ ਦੇ ਸੁਪਨੇ ਲੈ ਰਹੀ ਸੀ ਕਿ ਉਸਦੇ ਕੰਨਾਂ ਵਿਚ ਘੋੜਿਆਂ ਦੇ ਪੈਰਾਂ ਦੀ ਅਵਾਜ਼ ਆਈ। ਕੀ ਵੇਖਦੀ ਹੈ, ਕਿ ਉਸਦਾ ਪ੍ਰੀਤਮ ਜ਼ੰਜ਼ੀਰਾਂ ਵਿਚ ਜਕੜਿਆ ਕੈਦੀ ਦੀ ਹਾਲਤ ਵਿਚ ਘੋੜ ਸਵਾਰਾਂ ਦੇ ਪਹਿਰੇ ਸਾਹਮਣਿਉਂ ਆ ਰਿਹਾ ਹੈ।

ਨਿਗਾਹਾਂ ਮਿਲੀਆਂ, ਅਖਾਂ ਰਾਹੀਂ ਗਲਾਂ ਹੋਈਆਂ, ਮੂੰਹ ਬੰਦ ਸਨ, ਪਰ ਪਿਆਰ ਅਥਰੂਆਂ ਨੇ ਇਕ ਦੂਜੇ ਨੂੰ ਸਭ ਕੁਝ ਸਮਝਾ ਦਿਤਾ।

ਰਾਤ ਦਾ ਵੇਲਾ- ਘੁਪ ਹਨੇਰਾਹੈਲਨ ਹਥ ਵਿਚ ਦੀਵਾ ਲਈ ਹੌਲੀ ਹੌਲੀ ਕੈਦੀ ਦੇ ਤੰਬੂ ਵਿਚ ਦਾਖਲ ਹੋਈ, ਤੇ ਪਿਆਰ ਭਰੀ ਮਿਠੀ ਜ਼ਬਾਨ ਵਿਚ ਕਹਿਣ ਲਗੀ"ਪ੍ਰੀਤਮ!"

"ਕੌਣ? ਮੇਰੀ ਹੈਲਨ?" ਕੈਦੀ ਨੇ ਸਿਰ ਉਠਾ ਕੇ ਹੈਰਾਨੀ ਨਾਲ ਕਿਹਾ। "ਇਸ ਵੇਲੇ ਗਲਾਂ ਕਰਨ ਦਾ ਮੌਕਾ ਨਹੀਂ——ਚੁਪ ਚਾਪ ਮੇਰੇ ਪਿਛੇ ਆਵੋ ਤੇ ਜਿਸ ਤਰ੍ਹਾਂ ਮੈਂ ਕਹਿੰਦੀ ਹਾਂ ਕਰਦੇ ਜਾਵੋ।"

ਮੁਹੱਬਤ ਦੀਆਂ ਕੜੀਆਂ ਜ਼ੰਜੀਰਾਂ ਵਿਚ ਜਕੜਿਆ ਵਰਸ਼ਲ ਆਪਣੀ ਦੇਵੀ ਦੇ ਪਿਛੇ ਪਿਛੇ ਤੁਰੀ ਜਾ ਰਿਹਾ ਸੀ। ਦੂਰ ਜੰਗਲ ਵਿਚ ਪਹੁੰਚ ਕੇ-"ਹੁਣ ਤੁਸੀ ਆਜ਼ਾਦ ਹੋ" ਆਖ ਕੇ ਹੈਲਨ ਇਕ ਦਮ ਗ਼ਾਇਬ ਹੋ ਗਈ।

{{center|{{xxxx-larger|****

ਵਰਸ਼ਲ ਇਕ ਬਹਾਦਰ ਕੌਮ ਪ੍ਰਸਤ ਯੋਧਾ ਸੀ। ਉਸਦੀਆਂ ਫੌਜਾਂ ਸਕੰਦਰ ਦੀਆਂ ਫੌਜਾਂ ਨੂੰ ਹਾਰ ਤੇ ਹਾਰ ਦੇਂਦੀਆ ਅਗਾਹਾਂ ਨੂੰ ਵਧੀ ਜਾ ਰਹੀਆਂ ਸਨ। ਯੂਨਾਨੀ ਸਿਪਾਹੀ ਜਿਨ੍ਹਾਂ ਦੇ ਸਾਹਮਣੇ ਕੋਈ ਤਾਕਤ ਨਹੀਂ ਸੀ ਖੜੋ ਸਕੀ, ਅਜ ਬਿਆਸ ਤਕ ਮੈਦਾਨ ਛਡ ਗਏ। ਇਸ ਵੇਲੇ ਅਚਾਨਕ ਬਾਰਸ਼ ਤੇ ਹਨੇਰੀ ਸ਼ੁਰੂ ਹੋ ਗਈ। ਪਿਛੇ ਦੁਸ਼ਮਣ ਦੀਆਂ ਬੇ-ਪਨਾਹ ਫੌਜਾਂ ਤੇ ਅਗੇ ਕੁਦਰਤ ਨਾਲ ਟਕਰ। ਦਰਿਆ ਚਨਾਬ ਅਜ ਇਨ੍ਹਾਂਂ ਪ੍ਰਦੇਸੀ ਫੌਜਾਂ ਨੂੰ ਖਤਮ ਕਰਨ ਤੇ ਤੁਲਿਆ ਹੋਇਆ ਸੀ। ਕਿੰਨੇ ਬਹਾਦਰ ਸਿਪਾਹੀ ਚਨਾਬ ਦੀਆਂ ਗ਼ਜ਼ਬਨਾਕ ਲਹਿਰਾਂ ਨੇ ਆਪਣੀ ਲਪੇਟ ਵਿਚ ਲੈ ਲਏ। ਸਿਪਾਹੀਆਂ ਦੀ ਆਹ ਪੁਕਾਰ, ਬਿਜਲੀ ਦੀ ਕੜਕੜਾਹਟ ਤੇ ਪਾਣੀ ਦੀ ਗੜਗੜਾਹਟ- ਬਾਰਸ਼ ਤੇ ਹਨੇਰੀ ਦੇ ਤੂਫਾਨ ਨਾਲ, ਬੜਾ ਡਰਾਉਣਾ ਦ੍ਰਿਸ਼ ਬਣ ਗਿਆ ਸੀ।

ਵਰਸ਼ਲ ਦਰਿਆ ਦੇ ਕਿਨਾਰੇ ਖੜੋਤਾ ਦੁਸ਼ਮਣ ਨੂੰ ਬਰਬਾਦ ਹੁੰਦਾ ਵੇਖ ਰਿਹਾ ਸੀ ਕਿ ਉਸਦੇ ਕੰਨਾਂ ਵਿਚ ਇਕ ਵਾਕਫ ਦਰਦਨਾਕ ਚੀਕ ਸੁਣਾਈ ਦਿਤੀ। ਉਹ ਫੌਜੀ ਕਪੜੇ ਪਹਿਨੀ ਦਰਿਆ ਵਿਚ ਕੁਦ ਪਿਆ। ਕੁਝ ਮਿੰਟਾਂ ਪਿਛੋਂ ਦਰਿਆ ਦੀਆਂ ਲਹਿਰਾਂ ਨਾਲ ਘੁਲਦਾ ਇਕ ਨੀਮ-ਬੇਹੋਸ਼ ਹੁਸੀਨਾ ਨੂੰ ਮੋਢਿਆਂ ਤੇ ਚੁਕੀ ਦਰਿਆਉਂ ਬਾਹਿਰ ਆਗਿਆ। ਇਹ ਉਸਦੀ ਪ੍ਰੇਮਕਾ ਹੈਲਨ ਸੀ।

ਹੈਲਨ ਨੇ ਅਧ-ਖੁਲੀਆਂ ਅਖਾਂ ਵਰਸ਼ਲ ਦੇ ਚਿਹਰੇ ਪੁਰ ਗਡਕੇ ਕਿਹਾ"ਤੁਸੀ ਕਿਡੇ ਚੰਗੇ ਹੋ ਵਰਸ਼ਲ?"

"ਤੇ ਤੁਸੀ ਨਹੀਂਮੇਰੇ ਦਿਲ ਦੀ ਮਲਕਾ!"ਵਰਸ਼ਲ ਮੁਸਕਰਾਂਦਿਆਂ ਹੋਇਆਂ ਕਿਹਾ।

ਹੈਲਨ ਨੇ ਵਰਸ਼ਲ ਦੀ ਛਾਤੀ ਵਿਚ ਮੂੰਹ ਲੁਕਾ ਲਿਆ ਤੇ ਕੰਬਦੀ ਹੋਈ ਆਵਾਜ਼ ਵਿਚ ਕਹਿਣ ਲਗੀ, "ਮੈਂ ਤੁਹਾਨੂੰ ਪਿਆਰ ਕਰਦੀ ਹਾਂ, ਵਰਸ਼ਲ ਜੀ!"

"ਤੇ ਮੈਂ ਵੀ, ਮੇਰੀ ਰਾਣੀ", ਵਰਸ਼ਲ ਨੇ ਖੁਸ਼ੀ ਨਾਲ ਨਚਕੇ ਕਿਹਾ।

ਹੈਲਨ ਵਰਸ਼ਲ ਨਾਲ ਚਿਮਟ ਗਈ, ਤੇ ਦੋਵੇਂ ਕਿੰਨੀ ਦੇਰ ਪਿਆਰ ਸਾਗਰ ਵਿਚ ਤਾਰੀਆਂ ਲਾਂਦੇ ਰਹੇ।

ਸਕੰਦਰ ਨੇ ਆਪਣੀ ਬਿਖਰੀ ਫੌਜ ਇਕੱਠੀ ਕੀਤੀ ਤੇ ਆਪਣੇ ਬਹਾਦਰ ਸਿਪਾਹੀਆਂ ਸਾਹਮਣੇ ਇਕ ਪੁਰ ਜੋਸ਼ ਤਕਰੀਰ ਕਰਦਿਆਂਂ ਹੋਇਆਂ ਉਸ ਕਿਹਾ"ਮੇਰੇ ਬਹਾਦਰ ਸਾਥੀਓ! ਅਜ ਅਸੀਂ ਵਤਨ ਤੋਂ ਹਜ਼ਾਰਾਂ ਮੀਲ ਦੂਰ ਇਕ ਸਖਤ ਦੁਸ਼ਮਣ ਨਾਲ ਟਕਰ ਲੈ ਰਹੇ ਹਾਂ। ਇਸ ਵੇਲੇ ਸਾਡੇ ਸਾਹਮਣੇ ਸਿਵਾਏ ਦੁਸ਼ਮਣ ਨਾਲ ਲੜ ਲੜ ਕਟ ਮਰਣ ਜਾਂ ਜਿਤ ਜਾਣ ਦੇ ਕੋਈ ਰਾਹ ਨਹੀਂ। ਆਪਣੀ ਜਾਨ ਬਚਾਕੇ ਆਪਣੇ ਵਤਨ ਪਹੁੰਚਣਾ ਸਖਤ ਮੁਸ਼ਕਲ ਹੈ। ਆਪਣੇ ਵਤਨ ਦੇ ਨਾਂ ਤੇ ਮਜ਼੍ਹਬ ਦੇ ਨਾਂ ਤੇ, ਅਰ ਮੇਰੇ ਨਾਂ ਤੇ ਅਜ ਜਾਨ ਹੂਲਵੀਂ ਲੜਾਈ ਲੜ ਕੇ ਆਪਣਾ ਨਾਂ ਰੋਸ਼ਨ ਕਰ ਦਿਓ "ਮਰ ਜਾਉ ਜਾਂ ਮਾਰ ਦਿਉ" ਤੋਂ ਸਿਵਾ ਕੋਈ ਨਿਸ਼ਾਨਾ ਸਾਹਮਣੇ ਨ ਰਖੋ। ਬਸ ਇਹਨਾਂ ਲਫਜ਼ਾ ਨਾਲ ਅਜ ਮੈਂ ਮੈਦਾਨੇ-ਜੰਗ ਵਿਚ ਕਦਮ ਰਖਦਾ ਹਾਂ। ਮੈਨੂੰ ਅਜ ਤੋਂ ਪਿਛੋਂ ਜਿਤਿਆ ਸਕੰਦਰ ਜਾਂ ਮੋਇਆ ਸਕੰਦਰ ਵੇਖੋਗੇ। ਮੈਂ ਹਾਰ ਕੇ ਮੈਦਾਨ ਚੋਂ ਵਾਪਸ ਨਹੀਂ ਮੁੜਾਂਗਾ।"

ਯੂਨਾਨੀ ਸਿਪਾਹੀਆਂ ਦਾ ਕਿੰਨੇ ਚਿਰ ਤੋਂ ਠੰਡਾ ਹੋ ਚੁਕਿਆ ਖੂਨ ਸਕੰਦਰ ਦੇ ਉਪ੍ਰੋਕਤ ਸ਼ਬਦਾਂ ਨਾਲ ਮੁੜ ਉਬਾਲੇ ਖਾਣ ਲਗ ਪਿਆ। ਉਹ "ਸਕੰਦਰ ਜ਼ਿੰਦਾਬਾਦ" ਤੇ "ਯੂਨਾਨ ਜ਼ਿੰਦਾਬਾਦ" ਦੇ ਨਾਹਰਿਆਂ ਨਾਲ ਦੁਸ਼ਮਣ ਪੁਰ ਟੁਟ ਕੇ ਪੈ ਗਏ। ਹਿੰਦੀ ਫੌਜ ਦੇ ਬਹੁਤ ਸਾਰੇ ਬਹਾਦਰ ਯੋਧੇ ਮਾਰੇ ਗਏ ਤੇ ਅਖੀਰ ਵਰਸ਼ਲ ਗਰਿਫਤਾਰ ਹੋ ਕੇ ਸਕੰਦਰ ਦੇ ਪੇਸ਼ ਕੀਤਾ ਗਿਆ। ਯੂਨਾਨੀਆ ਦੀ ਫਤਹਿ ਹੋਈ, ਤੇ ਵਰਸ਼ਲ ਦੀਆਂ ਫੋਜਾਂ ਮੈਦਾਨ ਛੋੜ ਨਠ ਤੁਰੀਆਂ। ਵਰਸ਼ਲ ਨੂੰ ਕਤਲ ਦਾ ਹੁਕਮ ਦਿਤਾ ਗਿਆ।

ਅਜ਼ ਵਰਸ਼ਲ ਦੇ ਜੀਵਨ ਦੀ ਆਖਰੀ ਰਾਤ ਸੀ। ਸਵੇਰੇ ਉਸਨੂੰ ਫਾਂਸੀ ਦੇ ਦਿਤੀ ਜਾਵੇਗੀ। ਉਹ ਆਖਰੀ ਵਾਰ ਇਕ ਨਜ਼ਰ ਆਪਣੀ ਪ੍ਰੇਮਕਾ ਦੇ ਦਰਸ਼ਨ ਕਰਨਾ ਚਾਹੁੰਦਾ ਸੀ ਪਰ ਉਸਨੂੰ ਇਸ ਇਛਾ ਦੇ ਸਿਰੇ ਚੜ੍ਹਨ ਦੀ ਕੋਈ ਆਸ ਨਹੀਂਂ ਸੀ।

ਅਧੀ ਰਾਤ ਦਾ ਸਮਾਂ ਸੀ, ਤੇ ਪਹਿਰੇਦਾਰ ਬੇਖਬਰ ਘੂਕ ਸੁਤੇ ਹੋਏ ਸਨ। ਹੈਲਨ ਹਥ ਵਿਚ ਦੀਵਾ ਲਈ ਕੈਦੀ ਦੀ ਕੋਠੜੀ ਵਿਚ ਬੜੀ ਖਾਮੋਸ਼ੀ ਨਾਲ ਦਾਖਲ ਹੋਈ। ਕੈਦੀ ਦੀਆਂ ਅਖੀਆਂ ਖੁਲੀਆਂ ਦੀਆਂ ਖੁਲੀਆਂ ਰਹਿ ਗਈਆਂ। ਉਹ ਅਖਾਂ ਨੂੰ ਮਲ ਮਲ ਕੇ ਝਮਕ ਝਮਕ ਵੇਖ ਰਿਹਾ ਸੀ, ਕਿ ਕਿਧਰੇ ਸੁਪਨਾ ਹੀ ਨਾ ਹੋਵੇ। ਹੈਲਨ ਇਕ ਪਾਗਲ ਵਾਂਗ ਵਰਸ਼ਲ ਨਾਲ ਚਿਮਟ ਗਈ। ਉਹ ਆਪਣਾ ਸਿਰ ਵਰਸ਼ਲ ਦੀ ਗੋਦ ਵਿਚ ਰਖ ਕੇ ਕਿੰਨਾਂ ਚਿਰ ਰੋਂਦੀ ਰਹੀ। ਪ੍ਰੇਮੀ ਨੇ ਪ੍ਰੇਮਕਾ ਦੀਆਂ ਅਖਾਂ ਪੂੰਝੀਆ ਤੇ ਉਸਨੂੰ ਹੌਂਸਲਾ ਦੇ ਕੇ ਕਹਿਣ ਲਗਾ{bar|1}"ਹੈਲਨ ਰਾਣੀ! ਸ਼ੁਕਰ ਹੈ ਤੂੰ ਆ ਗਈ ਹੈਂ, ਮੇਰੀ ਆਖਰੀ ਖਾਹਿਸ਼ ਤੈਨੂੰ ਵੇਖਕੇ ਮਰਨ ਦੀ ਸੀ। ਹੁਣ ਮੈਂ ਹਸ ਕੇ ਯੂਨਾਨੀ ਸੂਲੀ ਦੇ ਤਖਤੇ ਨੂੰ ਚੁੰਮਾਂਗਾ।"

"ਅਜਿਹਾ ਆਖ ਕੇ ਮੇਰਾ ਦਿਲ ਨਾ ਤੋੜੋ, ਮੇਰੇ ਪ੍ਰੀਤਮ!" ਹੈਲਨ ਨੇ ਹੰਝੂ ਕੇਰਦਿਆਂ ਹੋਇਆਂ ਕਿਹਾ"ਜਦ ਤੀਕ ਮੈਂ ਜ਼ਿੰਦਾ ਹਾਂ ਕੋਈ ਤੁਹਾਡੇ ਵਾਲ ਵਲ ਨਹੀਂ ਵੇਖ ਸਕਦਾ।"

"ਪਰ ਤੁਸੀਂ ਆਪਣੇ ਵਤਨ ਜਾ ਰਹੀ ਹੋ, ਮੇਰੀ ਪਿਆਰੀ! ਤੇ ਤੁਹਾਡੀ ਜੁਦਾਈ ਨਾਲੋਂ ਮਰ ਜਾਣਾ ਮੈਂ ਚੰਗਾ ਸਮਝਦਾ ਹਾਂਂ", ਵਰਸ਼ਲ ਨੇ ਕਿਹਾ। "ਮੈਂ ਆਪਣਾ ਵਤਨ, ਆਪਣੀ ਦੌਲਤ, ਆਪਣਾ ਸਭ ਕੁਝ ਤੁਹਾਡੇ ਤੇ ਕੁਰਬਾਨ ਕਰ ਸਕਦੀ ਹਾਂ, ਵਰਸ਼ਲ ਜੀ! ਪਰ ਰਹਿ ਰਹਿ ਕੇ ਇਕ ਖਿਆਲ ਆਉਂਦਾ ਹੈ, ਕਿ ਮੇਰੀ ਜੁਦਾਈ ਵਿੱਚ ਮੇਰਾ ਬੁਢਾ ਪਿਓ ਟਕਰਾਂ ਮਾਰ ਮਾਰ ਜਾਨ ਦੇ ਦੇਵੇਗਾ। ਪਰ ਇਹ ਯਕੀਨ ਰਖਣਾ, ਕਿ ਹੈਲਨ ਤੁਹਾਡੀ ਹੈ ਤੇ ਤੁਹਾਡੀ ਹੋ ਕੇ ਹੀ ਰਹੇਗੀ।" ਇਹ ਕਹਿੰਦਿਆਂ ਹੋਇਆਂ ਉਸ ਦੀਆਂ ਅਖੀਆਂ ਚੋਂ ਮੋਤੀ ਡਿਗ ਕੇ ਵਰਸ਼ਲ ਦੇ ਚੇਹਰੇ ਨੂੰ ਗਿਲਾ ਕਰ ਰਹੇ ਸਨ।

"ਪਰ ਮੈਂ ਹੁਣ ਮਰ ਹੀ ਜਾਣਾ ਚਾਹੁੰਦਾ ਹਾਂ ਸੁੰਦਰੀ!"

"ਨਹੀਂ, ਤੁਹਾਨੂੰ ਮੇਰੇ ਲਈ ਜ਼ਿੰਦਾ ਰਹਿਣਾ ਪਵੇਗਾ, ਪ੍ਰੀਤਮ!" ਇਹ ਆਖ ਕੇ ਹੈਲਨ ਉਠੀ, ਤੇ ਵਰਸ਼ਿਲ ਦਾ ਹਥ ਪਕੜ ਉਸ ਨੂੰ ਕੈਦ-ਕੋਠੜੀ ਚੋਂ ਬਾਹਰ ਖਿਚ ਲਿਆਈ। ਦੋਵੇਂ ਇਕ ਦੂਜੇ ਨੂੰ ਪਿਆਰ-ਮੁਸਕਾਣ ਦੇ ਕੇ ਅਲਗ ਹੋ ਗਏ।

ਸਿਕੰਦਰ-ਜਿਸ ਨੇ ਸਾਰੀ ਦੁਨੀਆਂ ਨੂੰ ਫਤਹ ਕਰਨ ਲਈ ਲਕ ਬੰਨ੍ਹਿਆ ਸੀ ਪੰਜਾਬ ਤੇ ਕਾਬਲ ਨੂੰ ਆਪਣੇ ਕਬਜ਼ੇ ਵਿਚ ਕਰ ਵਾਪਸ ਵਤਨ ਵੀ ਨਹੀਂ ਸੀ ਪੁਜਾ, ਕਿ ਮੌਤ ਵਲੋਂ ਸਦਾ ਆ ਗਿਆ। ਉਸ ਦੇ ਮਰਨ ਪਿਛੋਂ ਕਾਬਲ ਤੇ ਪੰਜਾਬ ਦੇ ਸੂਬੇ ਸਲੋਕਸ ਦੇ ਕਬਜ਼ੇ ਵਿਚ ਆ ਗਏ।

ਉਧਰ ਵਰਸ਼ਲ ਨੇ ਨੰਦ ਰਾਜਿਆਂ ਨਾਲ ਲੜਾਈ ਕਰਕੇ ਪੂਰਬ ਹਿੰਦ ਦੇ ਬਹੁਤ ਸਾਰੇ ਹਿਸੇ ਨੂੰ ਆਪਣੇ ਕਬਜ਼ੇ ਵਿਚ ਕਰ ਲਿਆ ਸੀ। ਉਹ ਚੰਦਰ ਗੁਪਤ ਦੇ ਨਾਂ ਤੇ ਤਖਤ ਤੇ ਬੈਠਾ, ਤੇ ਪਾਟਲੀ ਪੁਤਰ ਆਪਣੀ ਰਾਜਧਾਨੀ ਮਕਰਰ ਕੀਤੀ। ਦਰਿਆ ਸਿੰਧ ਤਕ ਦਾ ਇਲਾਕਾ ਸਲੋਕਸ ਦੇ ਕਬਜ਼ੇ ਵਿਚ ਸੀ, ਪਰ ਉਸ ਨੇ ਚੰਦਰ ਗੁਪਤ ਦੀ ਵਧਦੀ ਤਾਕਤ ਨੂੰ ਰੋਕਣ ਲਈ ਸਿੰਧ ਪਾਰ ਕਰਕੇ ਹੁਣ ਦੇ ਪੰਜਾਬ ਤੇ ਹਮਲਾ ਕਰ ਦਿਤਾ, ਪਰ ਚੰਦਰ ਗੁਪਤ ਨੇ ਉਸ ਨੂੰ ਇਕ ਭਾਰੀ ਸ਼ਿਕਸਤ ਦਿਤੀ। ਅਖੀਰ ਸਮਝੋਤਾ ਹੋ ਗਿਆ, ਤੇ ਸਲੋਕਸ ਨੇ ਹੁਣ ਦੇ ਬਲੋਚਿਸਤਾਨ ਤੇ ਅਫ਼ਗਾਨਿਸਤਾਨ ਦਾ ਇਲਾਕਾ ਚੰਦਰ ਗੁਪਤ ਦੀ ਭੇਟ ਕੀਤਾ। ਇਸ ਦੇ ਬਦਲੇ ਚੰਦਰ ਗੁਪਤ ਵਲੋਂ ੫੦ ਹਾਥੀ ਆਪਣੇ ਮਿਤਰ ਦੀ ਨਜ਼ਰ ਕੀਤੇ ਗਏ। ਇਕ ਯੂਨਾਨੀ ਸਫੀਰ ਮੈਗਸਥਨੀਜ਼ ਸਲੋਕਸ ਵਲੋਂ ਚੰਦਰ ਗੁਪਤ ਦੇ ਰਾਜ ਦਰਬਾਰ ਵਿਚ ਘਲਿਆ ਗਿਆ।

ਇਸੇ ਸਮਝੋਤੇ ਅਨੁਸਾਰ ਸਲੋਕਸ ਦੀ ਲੜਕੀ ਦੀ ਸ਼ਾਦੀ ਚੰਦਰ ਗੁਪਤ ਨਾਲ ਹੋਣੀ ਕਰਾਰ ਪਾਈ, ਜਿਸ ਲਈ ਚੰਦਰ ਗੁਪਤ ਕਿਸੇ ਹਾਲਤ ਵਿਚ ਵੀ ਤਿਆਰ ਨਹੀਂ ਸੀ, ਪਰ ਰਾਜਸੀ ਹਾਲਾਤ ਦੀ ਮਜਬੂਰੀ ਕਾਰਨ ਉਸ ਨੇ ਹਾਂ ਕਰ ਦਿਤੀ।

ਸੁਹਾਗ ਦੀ ਪਹਿਲੀ ਰਾਤ ਨੂੰ ਦੋਵੇਂ ਦਿਲ ਧੜਕ ਰਹੇ ਸਨ, ਤੇ ਉਨ੍ਹਾਂ ਦੇ ਦਿਲਾਂ ਤੇ ਹਨੇਰਾ ਛਾਇਆ ਹੋਇਆ ਸੀ। ਹੈਲਨ ਆਪਣਾ ਜਿਸਮ ਹਿੰਦ ਦੇ ਸ਼ਹਿਨਸ਼ਾਹ ਦੇ ਹਵਾਲੇ ਕਰਨ ਜਾ ਰਹੀ ਸੀ, ਪਰ ਉਸ ਦਾ ਦਿਲ ਕਿੰਨੇ ਚਿਰ ਤੋਂ ਵਰਸ਼ਲ ਦੀ ਭੇਟ ਹੋ ਗਿਆ ਸੀ। ਉਧਰ ਚੰਦਰ ਗੁਪਤ ਦੇ ਸੀਨੇ ਤੇ ਛੁਰੀਆਂ ਚਲ ਰਹੀਆਂ ਸਨ, ਕੀ ਉਹ ਰਾਜਸੀ ਮਹੱਤਤਾ ਕਾਰਣ ਆਪਣਾ ਟੁਟਿਆ ਦਿਲ ਕਿਸੇ ਗ਼ੈਰ-ਹੈਲਨ ਦੇ ਸਪੁਰਦ ਕਰ ਸਕੇਗਾ, ਕਿ ਅਚਾਨਕ ਦੋਹਾਂ ਦੀਆਂ ਨਜ਼ਰਾਂ ਮਿਲੀਆਂ। ਹੈਲਨ ਖੁਸ਼ੀ ਵਿਚ ਚਿੱਲਾ ਉਠੀ,"ਪਿਆਰੇ ਵਰਸ਼ਲ!" ਚੰਦਰ ਗੁਪਤ ਦੌਰਾਨ ਪਸ਼ੇਮਾਨ ਖੜੋਤਾ ਸੀ, ਕੀ ਉਹ ਸੁਪਨਾ ਤਾਂ ਨਹੀਂ ਸੀ ਵੇਖ ਰਿਹਾ? ਪਰ ਜਦ ਉਸ ਨੂੰ ਹਕੀਕਤ ਦਾ ਯਕੀਨ ਹੋ ਗਿਆ, ਤਾਂ ਉਸ ਨੇ ਆਪਣੀ ਮਹਿਬੂਬਾ ਨੂੰ ਆਪਣੀਆਂ ਬਾਹਾਂ ਵਿਚ ਜਕੜ ਲਿਆ। ਇਸ ਤਰ੍ਹਾਂ ਉਹ ਦੋਵੇਂ ਪ੍ਰੇਮੀ ਸਦਾ ਲਈ ਇਕ ਦੂਜੇ ਦੇ ਹੋ ਗਏ।