ਪ੍ਰੀਤ ਕਹਾਣੀਆਂ/ਕਲਾਈਵ-ਮਾਰਗਰੇਟ ਪ੍ਰੇਮੀ

ਪ੍ਰਦੇਸ

ਕਲਾਈਵ-ਮਾਰਗਰੇਟ ਪ੍ਰੇਮੀ



ਕਲਾਈਵ ਦੇ ਨਾਂ ਤੋਂ ਕਿਹੜਾ ਹਿੰਦੁਸਤਾਨੀ ਜਾਣੂ ਨਹੀਂ ਹੋਵੇਗਾ? ਇਸੇ ਨੇ ਹਿੰਦ ਵਿਚ ਅੰਗਰੇਜ਼ੀ ਰਾਜ ਦੀ ਨੀਂਹ ਰਖੀ ਸੀ। ਇਹ ਇਕ ਮਾਮੂਲੀ ਕਲਰਕ ਤੋਂ ਲਾਰਡ ਦੇ ਉੱਚ ਰੁਤਬੇ ਤਕ ਪਹੁੰਚਿਆ। ਇਸ ਪ੍ਰੇਮ ਕਹਾਣੀ ਦਾ ਸੰਬੰਧ ਉਨ੍ਹਾਂ ਦਿਨਾਂ ਨਾਲ ਹੈ; ਜੋ ਉਹ ਹਾਲੀ ਇਕ ਮਾਮੂਲੀ ਕਲਰਕ ਸੀ। ਇਕ ਸ਼ਾਮ ਦੀ ਗਲ ਹੈ-ਦਫ਼ਤਰ ਵਿਚ ਸਾਰੇ ਕੰਮ ਕਰਨ ਵਾਲੇ ਘਰੋ ਘਰੀ ਜਾ ਚੁਕੇ ਸਨ, ਪਰ ਕਲਾਈਵ ਇਕੱਲਾ ਕਮਰੇ ਵਿਚ ਸੋਚ-ਸਾਗਰ ਵਿਚ ਡੁਬਾ ਹੋਇਆ ਸੀ ਉਸ ਦੇ ਮੇਜ਼ ਪੁਰ ਇਕ ਖੂਬਸੂਰਤ ਸੁੰਦਰੀ ਦੀ ਤਸਵੀਰ ਪਈ ਸੀ, ਜਿਸ ਨੂੰ ਉਹ ਬੜੀ ਗੌਰ ਨਾਲ ਵੇਖ ਰਿਹਾ ਸੀ। ਉਹ ਆਪਣੀ ਥਾਂ ਤੋਂ ਉਠਿਆ, ਤੇ ਤਸਵੀਰ ਨੂੰ ਹੋਠਾਂ ਨਾਲ ਲਾ ਕੇ ਚੁੰਮ ਲਿਆ।

ਅਚਾਨਕ ਪਿਛਲੇ ਪਾਸਿਉਂ ਖਿੜ ਖਿੜ ਹਸਣ ਦੀ ਅਵਾਜ਼ ਨੂੰ ਉਸ ਨੂੰ ਹੈਰਾਨ ਕਰ ਦਿਤਾ।
ਉਹ ਤਸਵੀਰ ਮਾਰਗਰੇਟ ਨਾਂ ਦੀ ਇਕ ਅੰਗਰੇਜ਼ ਕੁੜੀ ਦੀ ਸੀ। ਉਸ ਸੁੰਦਰੀ ਨੂੰ ਵੇਖ ਕੇ ਉਹ ਆਪਣੇ ਆਪ ਨੂੰ ਭੁਲ ਜਾਂਦਾ ਸੀ ਤੇ ਉਸ ਦਾ ਦਿਲ ਕੰਮ ਕਾਜ ਤੇ ਨਹੀਂ ਸੀ ਲਗਦਾ। ਹਰ ਵੇਲੇ ਉਸ ਦੀਆ ਅਖਾਂ ਅਗੇ ਸੁਨਿਹਰੀ ਵਾਲਾਂ ਵਾਲੀ ਇਕ ਹੁਸੀਨ ਕੁੜੀ ਫਿਲਮ ਵਾਂਗ ਚਕਰ ਲਾਂਦੀ ਰਹਿੰਦੀ ਸੀ। ਉਸ ਨੇ ਇਸੇ ਪਿਛੇ ਸ਼ਾਇਦ ਆਪਣੇ ਦੋਸਤਾਂ ਮਿੱਤ੍ਰਾਂ ਨੂੰ ਵੀ ਮਿਲਣਾ ਬੰਦ ਕਰ ਦਿਤਾ ਸੀ। ਉਹ ਹਰ ਵੇਲੇ ਉਸ ਤਸਵੀਰ ਦੇ ਧਿਆਨ ਵਿਚ ਮਸਤ ਰਹਿੰਦਾ। ਇਕ ਦਿਨ ਉਸ ਨੂੰ ਲੈਫ਼ਟੀਨੈਂਟ ਡਿਊਡ ਨੇ ਆਪਣੇ ਘਰ ਸਦਾ ਦਿਤਾ। ਉਹ ਚਲਾ ਗਿਆ, ਪਰ ਕਮਰੇ ਵਿਚ ਵੜਦਿਆਂ ਸਾਰ ਉਸ ਦੀ ਹਾਲਤ ਖਰਾਬ ਹੋ ਗਈ। ਸਾਹਮਣੇ ਮਾਰਗਰੇਟ ਦੀ ਤਸਵੀਰ ਲਟਕ ਰਹੀ ਸੀ, ਜਿਸ ਨੂੰ ਦੇਖ ਕੇ ਉਹ ਆਪਣਾ ਆਪ ਭੁਲ ਗਿਆ। ਉਹ ਆਪਣਾ ਕਲੇਜਾ ਫੜ ਕੇ ਬੜੀ ਮੁਸ਼ਕਲ ਨਾਲ ਘਰ ਪੁਜਾ ਮਾਰਗਰੇਟ ਲੈਫ਼ਟੀਨੈੱਟ ਦੀ ਕੰਵਾਰੀ ਭੈਣ ਤੇ ਕਲਾਈਵ ਦੇ ਖ਼ਾਬਾਂ ਦੀ ਹੁਸੀਨ ਮਲਕਾ ਸੀ।
ਜਦ ਹਾਲਤ ਵਧੇਰੇ ਖਰਾਬ ਰਹਿਣ ਲਗੀ, ਤਾਂ ਉਸ ਧੜਕਦਾ ਦਿਲ ਨਾਲ ਆਪਣੀ ਪ੍ਰੇਮਕਾ ਵਲ ਇਕ ਚਿਠੀ ਲਿਖੀ:-
" ਪ੍ਰਾਣ ਪਿਆਰੀ ਮਾਰਗਰੇਟ!
ਮੈਂ ਪਿਆਰੀ ਦੇ ਨਾਂ ਨਾਲ ਇਸ ਲਈ ਯਾਦ ਕੀਤਾ ਹੈ, ਕਿ ਮੈਂ ਆਪਣਾ ਦਿਲ ਕਦੇ ਦਾ ਤੁਹਾਡੀ ਭੇਟ ਕਰ ਬੈਠਾ ਹਾਂ | ਮੈਂ, ਤਹਾਨੂੰ ਵੇਖਿਆ ਨਹੀ, ਪਰ ਤੁਹਾਡੀ ਤਸਵੀਰ ਨੇ ਮੈਥੋ ਸਭ ਕੁਝ ਖੋਹ ਲਿਆ ਹੈ।ਮੈਂ ਜਾਗਦਿਆ,ਸੌਦਿਆ ਤੁਰਦਿਆਂ ਫਿਰਦਿਆ ਤਹਾਡੇ ਹੀ ਸੁਪਨੇ ਲੈਂਦਾ ਰਹਿੰਦਾ ਹਾਂ। ਦਫ਼ਤਰ ਦੇ ਕੰਮਾਂ ਵਿਚ ਜੀ ਨਹੀ ਲਗਦਾ। ਡਰਾਫ਼ਟ ਤੇ ਚਿਠੀਆਂ ਲਿਖਦਿਆ ਕਈ ਵਾਰ

ਤੁਹਾਡਾ ਨਾਂ ਲਿਖਿਆ ਜਾਂਦਾ ਹੈ। ਹਰ ਵੇਲੇ ਤੁਹਾਡੀ ਤਸਵੀਰ ਅਖਾ ਅਗੇ ਫਿਰਦੀ ਰਹਿੰਦੀ ਹੈ।
ਮੈਂ ਤੁਹਾਡੇ ਵਿਛੋੜੇ ਦੀ ਅਗ ਵਿਚ ਇਥੇ-ਦੇਸੋਂ ਦੁਰ-ਬੈਠਾ ਜਲ ਰਿਹਾ ਹਾਂ। ਕਾਸ਼, ਕਿ ਮੇਰੇ ਪਿਆਰ ਨੂੰ ਕੋਈ ਮਹਿਸੂਸ ਕਰ ਸਕਦਾ! ਜੇ ਮੇਰੀ ਪਿਆਰ-ਯਾਦ ਕਬੂਲ ਕਰ ਸਕੋ, ਤਾਂ ਮੇਰੇ ਸੜ ਰਹੇ ਸੀਨੇ ਵਿਚ ਜ਼ਰੂਰ ਠੰਡ ਪੈ ਸਕੇਗੀ। ਤੁਹਾਡਾ ਪ੍ਰੇਮੀ-ਕਲਾਈਵ।"
ਮਾਰਗਰੇਟ ਇਸ ਪ੍ਰੇਮੀ ਦੇ ਪਿਆਰ ਵਿਚ ਡੁੱਬੀ ਚਿਠੀ ਨੂੰ ਪੜ੍ਹਕੇ ਆਪਣਾ ਆਪ ਭੁਲ ਗਈ। ਉਸ ਦਾ ਪਿਆਰ' ਅਣਵੇਖ ਮਾਹੀ ਲਈ ਉਮੰਡ ਆਇਆ। ਦਿਨ ਬਦਿਨ ਇਹ ਪਿਆਰ ਵਧਦਾ ਗਿਆ। ਅਖੀਰ ਜਦ ਸਬਰ ਦਾ ਪਿਆਲਾ ਨਕੋ-ਨਕ ਭਰ ਗਿਆ, ਤਾਂ ਮਾਰਗਰੇਟ ਆਪਣੀ ਮਾਤਰੀ ਭੂਮੀ ਨੂੰ ਛੱਡ ਕੇ ਪ੍ਰੇਮੀ ਦੇ ਦੀਦਾਰ ਨੂੰ ਹਿੰਦੁਸਤਾਨ ਵਲ ਤੁਰ ਪਈ।
ਕਲਾਈਵ ਫੋਰਟ ਵਿਲੀਅਮ ਦੇ ਕਿਲ੍ਹੇ ਵਿਚ ਬੈਠਾ ਇੰਗਲੈਂਡ ਦੇ ਬਹੁਤ ਦੂਰ ਆਪਣੇ ਪਿਆਰੇ ਵਤਨ ਦੀ ਯਾਦ ਤੇ ਪ੍ਰੇਮਕਾ ਦੇ ਖਿਆਲਾਂ ਵਿਚ ਗੋਤੇ ਖਾ ਰਿਹਾ ਸੀ। ਹੁਣ ਉਹ ਨਿਰਾ ਕਲਰਕ ਹੀ ਨਹੀਂ ਸੀ, ਸਗੋਂ ਈਸਟ ਇੰਡੀਆ ਕੰਪਨੀ ਦਾ ਸਭ ਤੋਂ ਵਡਾ ਅਫ਼ਸਰ ਸੀ, ਪਰ ਉਸ ਦੇ ਸੀਨੇ ਵਿਚ ਪਿਆਰ-ਅਗ ਉਸੇ ਤਰ੍ਹਾਂ ਧੁਖ ਰਹੀ ਸੀ।
ਉਹ ਸੋਚ ਰਿਹਾ ਸੀ, ਕਿ ਉਸ ਦੇ ਪਿਆਰ ਦਾ ਕੀ ਨਤੀਜਾ ਨਿਕਲੇਗਾ? ਕੀ ਉਮਰ ਭਰ ਆਪਣੀ ਪਿਆਰੀ ਮਾਰਗਰੇਟ ਨੂੰ ਮਿਲ ਵੀ ਸਕੇਗਾ ਜਾਂ ਨਹੀ? ਕੀ ਪਤਾ ਉਸ ਤੋਂ ਹਜ਼ਾਰਾਂ ਕੋਹ ਦੂਰ ਬੈਠੀ ਮਾਰਗਰੇਟ ਦਾ ਪਿਆਰ ਠੰਡਾ ਹੀ ਪੈ ਜਾਵੇ? ਪਤਾ ਨਹੀ ਉਹ ਕਿੰਨ੍ਹਾਂ ਚਿਰ ਇਨ੍ਹਾਂ ਹੀ ਖਿਆਲਾਂ ਵਿਚ ਗੋਤੇ ਖਾਂਦਾ ਰਿਹਾ ਕਿ ਅਚਾਨਕ ਦਰਵਾਜ਼ਾ ਖੁਲ੍ਹਾ ਤੇ ਇਕ ਨੌਜਵਾਨ ਸੁੰਦਰੀ ਕਮਰੇ ਵਿਚ ਦਾਖਲ ਹੋਈ ਕਲਾਈਵ ਨੇ ਹੈਰਾਨੀ ਭਰੀਆਂ ਅੱਖਾਂ ਨਾਲ ਕਈ

ਵਾਰ ਖੋਲ੍ਹੀਆਂ ਤੇ ਬੰਦ ਕੀਤੀਆਂ।
ਮਾਰਗਰੇਟ! "ਮੇਰੇ ਸੁਪਨਿਆਂ ਦੀ ਰਾਣੀ! ਕੀ ਇਹ ਵੀ ਕਿਧਰੇ ਸੁਪਨਾ ਹੀ ਤਾਂ ਨਹੀਂ?"
ਉਹ ਪਾਗਲਾਂ ਵਾਂਗ ਆਪਣੀ ਪ੍ਰੇਮਕਾ ਵਲ ਵੇਖ ਰਿਹਾ ਸੀ। ਉਸ ਨੂੰ ਆਪਣੀਆਂ ਅਖਾਂ ਤੇ ਇਤਬਾਰ ਨਹੀਂ ਸੀ ਆਉਂਦਾ। ਮਾਰਗਰੇਟ ਅਗੇ ਵਧ ਕੇ ਆਪਣੇ ਪ੍ਰੇਮੀ ਦੇ ਮੋਢੇ ਤੇ ਹਥ ਰਖਦਿਆਂ ਹੋਇਆਂ ਬੋਲੀ- ਪਿਆਰੇ। ਤੁਹਾਡੀ ਸਚੀ ਮੁਹੱਬਤ ਮੈਨੂੰ ਇਤ ਦੂਰੋਂ ਖਿਚ ਲਿਆਈ ਹੈ।"
ਕਲਾਈਵ ਨੇ ਉਸ ਨੂੰ ਘੁੱਟ ਕੇ ਆਪਣੀਆਂ ਬਾਹਾਂ ਵਿਚ ਕਸ ਲਿਆ, ਤੇ ਪਿਆਰ ਚੁਮਣਾ ਨਾਲ ਉਸ ਦੀਆਂ ਗੱਲਾਂ ਤਰ ਕਰ ਦਿਤੀਆਂ। ਫਿਰ ਉਸ ਨੂੰ ਪਾਸ ਪਈ ਕੁਰਸੀ ਤੇ ਬਿਠਾਇਆ ਕਹਿਣ ਲਗਾ, "ਮੇਰੀ ਪਿਆਰੀ ਮਾਰਗਰੇਟ! ਤੂੰ ਮੈਨੂੰ ਮੁੜ ਜਿੰਦਾ ਕਰ ਦਿਤਾ ਹੈ। ਅਜ ਮੈਂ ਆਪਣੇ ਆਪ ਨੂੰ ਫਿਰ ਜੀਉਂਦੇ ਮਨੁੱਖਾ ਵਿਚ ਸਮਝ ਰਿਹਾ ਹਾਂ।"
"ਪ੍ਰੀਤਮ! ਮੈਂ ਤੁਹਾਡੀ ਤੇ ਸਿਰਫ ਤੁਹਾਡੀ ਹਾਂ, ਜੇ ਕਬੂਲ ਹੋ ਸਕਾਂ, ਤਾਂ ਧੰਨ ਭਾਗ।" ਮਾਰਗਰੇਟ ਨੇ ਖੁਸ਼ੀ ਨਾਲ ਕੰਬਦਿਆ ਹੋਇਆਂ ਕਿਹਾ।
ਹੁਣ ਕਲਾਈਵ ਸੰਭਲ ਚੁੱਕਾ ਸੀ। ਉਸ ਨੇ ਆਪਣੀ ਪਿਆਰੀ ਦੀਆਂ ਅੱਖਾਂ ਵਿਚ ਵੇਖਦਿਆਂ ਹੋਇਆ ਤੇ ਉਸ ਦੇ ਸੁੰਦਰ ਹਥਾਂ ਨੂੰ ਕਈ ਵਾਰ ਚੁੰਮਦਿਆਂ ਹੋਇਆਂ ਕਿਹਾ
"ਮੇਰੀ ਮਿਠੀ ਮਾਰਗਰੇਟ! ਤੂੰ ਕਲਾਈਵ ਦੇ ਦਿਲ ਨੂੰ ਸਦਾ ਲਈ ਜਿਤ ਲਿਆ ਹੈ, ਇਸ ਦਾ ਸਭ ਕੁਝ ਹੁਣ ਤੇਰੇ ਲਈ ਹੈ।
ਦੂਜੇ ਦਿਨ ਹੀ ਫੋਰਟ ਦੇ ਕਿਲ੍ਹੇ ਵਿਲੀਅਮ ਵਿਚ ਦੋਹਾਂ ਪ੍ਰੇਮੀਆਂ ਦੇ ਗਲਾਂ ਵਿਚ ਹਾਰ ਪਾਏ ਗਏ, ਜਿਨ੍ਹਾਂ ਨਾਲ ਉਨ੍ਹਾਂ ਦੇ ਜੀਵਣ ਸਦਾ ਲਈ ਇਕ ਦੂਜੇ ਨਾਲ ਸਬੰਧਤ ਕਰ ਦਿਤੇ ਗਏ।