ਪੂਰਨ ਭਗਤ/ਪੰਜਵੀਂ ਸਿਹਰਫੀ

ਪੰਜਵੀਂ ਸਿਹਰਫੀ


ਅਲਫ ਆਖਦਾ ਰੱਬ ਮਿਲਾਇਆਂ ਵੇ ਬਾਰੀ ਵਹੀਂ ਮੁੜਕੇ ਪੁਤ੍ਰ ਮਾਪਿਆਂ ਨੂੰ
ਖੁਸ਼ੀ ਬਹੁਤ ਹੋਈ ਰਾਣੀ ਇੱਛਰਾਂ ਨੂੰ ਸੀਨੇ ਠੰਡੇ ਪਈ ਜਿਗਰ ਤਾਪਿਆਂ ਨੂੰ
ਪੂਰਨ ਰੋਕੇ ਓਹਦੇ ਗਲ ਲਗ ਪਛੋਤਾਉਂਦਾ ਸੁਖਨ ਅਲਾਪਿਆਂ ਨੂੰ
ਕਾਦ੍ਰਯਾਰ ਮੀਆਂ ਪੂਰਨ ਭਗਤ ਉਤੇ ਸਾਈਂ ਕ੍ਰਮ ਕੀਤਾ ਮਿਲੇ ਯਾ ਮਾਪਿਆਂ ਨੂੰ

ਬੇ-ਬਹੁਤ ਹੋਈ ਪਰੇਸ਼ਾਨ ਲੂਣਾਂ ਪੂਰਨ ਵੇਖਦੀ ਨੂੰ ਚੜ ਤਾਪ ਜਾਏ
ਹੋਰ ਸਭ ਸਰਰ ਦੀ ਜੋਤ ਗਈ ਜਿਮੀਂ ਵੇਹਲ ਨ ਦੇ ਜੇ ਗਰਕ ਜਾਏ
ਪੂਰਨ ਨਜਰ ਕੀਤੀ ਲੂਣਾਂ ਮਗਰ ਖੜੀ ਆਪ ਉਠਕੇ ਓਸਦੇ ਕੋਲ ਜਾਏ
ਕਾਦ੍ਰਯਾਰ ਨਿਉਂ ਕੇ ਮੱਥਾ ਟੇਕਦਾ ਏ ਲੂਣਾਂ ਨਾਲ ਹੈਰਾਨਗੀ ਛਾਪ ਜਾਏ
ਤੇ-ਤੂੰ ਕਿਉਂ ਹੋਈ ਹੈਰਾਨ ਮਾਤਾ ਪੂਰਨ ਆਖਦੇ ਲੂਣਾਂ ਨੂੰ ਬਾਲ ਕੋਈ
ਤੇਰੇ ਵੱਸ ਨਾਹੀਂ ਸੁਣਦਾ ਕੋਲ ਜਾ ਪਿਛਲਾ ਖਨਾ ਖਾਬ ਖਿਆਲ ਕੋਈ
ਦਾਮਨਗੀਰ ਮੈਂ ਆਪਣੇ ਬਾਪ ਦਾ ਜਿਸ ਪੁਛਿਆ ਨਹੀਂ ਅਹਿਵਾਲ ਕੋਈ
ਕਾਦਰਯਾਰ ਜਹੀ ਮੇਰੇ ਬਾਪ ਐਸੀ ਕੌਣ ਕਰਦਾ ਪੁਤਰ ਨਾਲ ਕੋਈ
ਸੇ-ਸਬਤੀ ਦੇ ਨਾਲ ਬਚਨ ਕੀਤਾ ਰਾਜਾ ਝਟ ਲਥਾ ਸ਼ਰਮਿੰਦਗੀ ਤੋਂ
ਦਿਲੋਂ ਜਾਣਦਾ ਮੈਂ ਕੀ ਵਰਤਯਾ ਸੀ ਸਖਤ ਦਿਲ ਹੋਯਾ ਉਹਦੀ ਜ਼ਿੰਦਗੀ ਤੋਂ
ਦਰਗਾਹ ਵਿਚ ਕੀ ਜਾ ਜਵਾਬ ਦੇਸਾਂ ਇਕ ਦਮਨਾ ਹੋਯਾ ਫਰਜਿੰਦਗੀ ਤੋਂ
ਕਾਦਰਯਾਰ ਸਲਵਾਨ ਦਾ ਉਸ ਵੇਲੇ ਰੰਗ ਜਦ ਹੋਯਾ ਫਰਜਿੰਦਗੀ ਤੋਂ
ਜੀਮ-ਜਾਓ ਤੁਸੀਂ ਆਪਣੇ ਘਰੀਂ ਬਾਰੀਂ ਪੂਰਨ ਆਖਦਾ ਬਾਪ ਨੂੰ ਸੁਣੀ ਰਾਜ
ਨਾਲ ਲੂਣਾ ਨੂੰ ਵੇਖਣਾ ਇਸਤ੍ਰੀ ਜੀ ਅਗੋ ਸਚ ਨਤਾਰਨਾ ਪੂਰੀ ਰਾਜਾ
ਨਾਲ ਮਾਂਦੀ ਸੌਂਪਣਾ ਬਹੁਤ ਕਰਦਾ ਬਾਹੋਂ ਪਕੜ ਲੈ ਜਾ ਤੂੰ ਹੁਣੀ ਰਾਜਾ
ਕਾਦਰਯਾਰ ਓਸ ਵਕਤ ਫਿਕਰ ਕਰਕੇ ਕਿਸਾ ਜੋੜਿਆ ਬੈਠ ਕੇ ਗੁਣੀ ਰਾਜਾ
ਹੇ-ਹਕਮ ਕੀਤਾ ਰਾਜੇ ਓਸ ਵੇਲੇ ਘਰ ਚਲ ਪੂਰਨ ਆਖੇ ਲਗ ਪੂਤਾ
ਕੂੰਜੀ ਲੈ ਤੂੰ ਦਸਤ ਖਜ਼ਾਨਿਆਂ ਦੀ ਹੁਣ ਬੰਨ ਤੂੰ ਰਾਜੇ ਦੀ ਪੱਗ ਪੂਤਾ
ਮੈਂ ਵੀ ਸ਼ਾਦੀਆਂ ਮਾਨਸਾਂ ਜਗ ਅੰਦਰ ਮੇਰੇ ਸੀਨੇ ਦੀ ਬੁਝ ਸੀ ਅੱਗ ਪੂਤਾ
ਕਾਦਰਯਾਰ ਰਾਜਾ ਸਲਵਾਨ ਆਖੇ ਮੈਨੂੰ ਸੌਂਤਰਾ ਸਦਸੀ ਜੱਗ ਪੂਤਾ
ਖੇ-ਖੁਸ਼ੀ ਜਹਾਨ ਦੀ ਮੈਨੂੰ ਪੂਰਨ ਆਖਦਾ ਬੰਨ ਕੇ ਰੱਖਦੇ ਹੋ
ਮੇਰੇ ਵਲੋਂ ਤਾਂ ਰਾਜ ਲੁਟਾ ਦਿਓ ਜੇਕਰ ਆਪ ਕਮਾ ਨਾ ਸਕਦੇ ਹੋ
ਜਿਨੂੰ ਦਰਦ ਜੋ ਮੈਂ ਸਮਝ ਲੀਤਾ ਤੁਸੀਂ ਤਰਲੇ ਕਰਦੇ ਮਾਰੇ ਨਕਦੇ ਹੋ
ਕਾਦਰਯਾਰ ਮੀਆ ਘਰ ਪਕਾਉਣਾ ਮੈਂ ਨਹੀਂ ਰਹਿਣਾ ਜੋੜੀ ਤੱਕ ਦੇ ਹੋ
ਦਾਵਦੇ ਇਕੇ ਨਾਥ ਦੁਆ ਪੂਰਨ ਫੇਰ ਮਾਪਿਆਂ ਨੂੰ ਇਕ ਬਚਨ ਕਹਿਸੀ
ਤਖਤ ਬਹਿਗਾ ਫੇਰ ਭਰਾ ਮੇਰਾ ਹੋਗਾ ਤੁਸਾਂ ਵਿਚੋਂ ਜੇਹੜਾ ਰਾਜ ਬਹਿਸੀ

ਉਹ ਤੇ ਹੋਗੇ ਰਾਜਾ ਬੜਾ ਤੇਰੇ ਕੋਲੋਂ ਜਿਤੇ ਪੈਣ ਮੁਕਦਮੇ ਫਤਹਿ ਲੈਸੀ
ਕਾਦਰਯਾਰ ਦੇਸੀ ਰਬ ਲਾਲ ਅਗੇ ਫੇਰ ਰਾਜਾ ਰਾਜ ਤੇਰੇ ਮਕ ਵਹਿਸੀ
ਰੋ ਰੋਇਕੇ ਆਖਦਾ ਮਾਂ ਤਾਈਂ ਜਿਹੜਾ ਕਰਮ ਲਿਖਿਆ ਸੋਈ ਪਾਇਆ ਮੈਂ
ਇਸੇ ਸ਼ਹਿਰ ਥੀਂ ਬਾਪ ਤਗਯਥ ਕੀਤਾ ਕੇਹੜਾ ਤੱਤ ਨਾਲ ਕਢਾਇਆ ਮੈਂ
ਕਿਸਨੂੰ ਖੋਲਕੇ ਦਿਲ ਦਾ ਹਾਲ ਦਸਾਂ, ਜੇਹੜਾ ਭਾਰ ਸਰੀਰ ਤੇ ਚਾਇਆ ਮੈਂ
ਜੇ- ਜ਼ਰਾ ਨਾ ਪਵੇ ਖਿਆਲ ਮੇਰੇ ਫੇਰ ਮਾਈ ਹਥ ਬਧਿਓ ਸੂ
ਕਹਿੰਦਾ ਮਾਂ ਨੂੰ ਪਿਉ ਨਾ ਮਾਰ ਮੇਰੇ, ਕੀਤਾ ਥਾਪ ਦਾ ਸਭ ਚਾ ਦਸਿਓ ਸੂ
ਇਹਨਾਂ ਜੋਗੀਆਂ ਦਾ ਕਰ ਕੂਚ ਡੇਰਾ, ਪਲਾ ਹਿਰਸ ਹਵਾ ਦਾ ਲਦਿਓ ਸੂ
ਕਾਦਰਯਾਰ ਪੂਰਨ ਜਦੋਂ ਟੁਰਨ ਲਗਾ, ਮਾਂਈ ਇਛਰਾਂ ਨੂੰ ਤਦੋ ਸਦਿਓ ਸੂ
ਸੀਨ-ਸਮਝ ਮਾਤਾ ਤੂੰ ਤਾਂ ਭਲੀਏ, ਪੂਰਨ ਭਗਤ ਖਲੋਇਕੇ ਕੇ ਮੱਤੀਂ
ਗੋਪੀ ਚੰਦ ਦੀ ਮਾਂ ਸਲਾਹੀਏ ਜੀ, ਜਿਨ ਤਰਿਆ ਪੁਤਰ ਫਕੀਰ ਹਥੀਂ
ਤੂੰ ਵੀ ਤੋਰ ਮਾਤਾ ਰਾਜੀ ਹੋ ਮੈਨੂੰ ਅਤੇ ਜਾਂਦਿਆਂ ਮੂਲ ਨਾ ਦੇਰ ਘੱਤੀਂ
ਕਾਦਰਯਾਰ ਮੀਆਂ ਭਗਤ ਪੂਰਨ ਆਖੇ ਰੋ ਰੋ ਕੇ ਮਰੇ ਨਾ ਮਗਰ ਵਤੀਂ
ਸੀਨ-ਸੀ ਖੋਰਾ ਮੈਥੋਂ ਜੁਦਾ ਹੋਇਓ ਮਸਾਂ ਮਸਾਂ ਮੈਂ ਤੇ ਵੇਖਿਆ ਮੁਖ ਤੇਰਾ
ਚਵੀਂ ਬਰਸ ਗੁਜਰੇ ਨਾਅਰੇ ਮਾਰਦੀ ਨੂੰ, ਅਜੇ ਰੋਜ ਨਾ ਡਿਠੜਾ ਮੁਖ ਤੇਰਾ
ਦਸੀਂ ਪੂਰਨਾ ਵੇ ਹੋਈ ਕਿਸ ਤਰ੍ਹਾਂ ਸੀ, ਉਮਰ ਹਯਾਤੀ ਦਾ ਦੁਖ ਤੇਰਾ
ਕਾਦਰਯਾਰ ਮੈਂ ਰੋਜ ਚਿਤਾਰਦੀ ਸਾਂ, ਲਗਾ ਉਮਰ ਹਯਾਤੀ ਦਾ ਦੁਖ ਤੇਰਾ
ਸੁਆਦ-ਸਾਹਿਬ ਨੇ ਦਿੱਤੀ ਜਿੰਦਗਾਨੀ, ਤੂੰ ਕੀ ਲਗੀ ਸਚ ਪਛਾਣ ਮਾਏਂ
ਗੋਰਖ ਨਾਥ ਨੇ ਕਢਿਆ ਖੂਹ ਵਿਚੋਂ, ਦਿਤੇ ਨੈਣ ਪ੍ਰਾਣ ਰਬ ਆਣ ਮਾਏ
ਚਿੰਤਾ ਖ਼ਫ਼ਾ ਹੋ ਕੇ ਮੇਰਾ ਕਾਲ ਕਚੇ ਭਾਵੇਂ ਗੈਰ ਨੂੰ ਮਨ ਵਿਚ ਧਾਰ ਮਾਏਂ
ਕਾਦਰਯਾਰ ਇਹ ਕੋਲ ਇਕਰਾਰ ਕੀਤਾ, ਫੇਰ ਮਿਲਾਗਾ ਤੈਨੂੰ ਆਣ ਮਾਏਂ
ਜੁਆਬ ਜਾਮਨੀ ਗੁਰੂ ਦੀ ਵਿਚ ਲੈ ਕੇ, ਮਾਤਾ ਤੋਰਿਆ ਵਿਚ ਇਕਰਾਰ ਲੋਕੋ
ਦਿਲੋਂ ਅਖਦੀ ਰੱਬ ਦਾ ਭਲਾ ਹੋਏ ਸਾਂਝ ਰਖੀ ਸੂ ਜਹਾਨ ਲੋਕੋ
ਡਿਗੇ ਲਾਲ ਹਥਾਂ ਵਿਚ ਲੱਭਦੇ ਨਹੀਂ ਕਰਮਾਂ ਵਾਲਿਆਂ ਨੂੰ ਦੂਜੀ ਵਾਰ ਲੋਕੋ
ਪੂਰਨ ਹੋ ਤੁਰਿਆ ਦਾ ਵਿਦਾ ਇਛਰਾਂ ਤੋਂ ਕਿੱਸਾ ਜੜਿਆ ਸੀ ਕਾਦਰਯਾਰ ਲੋਕੋ
ਤੋਏ-ਤਰਫ ਤੁਰਿਆ ਗੁਰ ਆਪਣੇ ਦੇ ਜਾਏ ਚਰਨਾਂ ਤੇ ਸੀਸ ਨਿਵਾਉਦਾ ਏ
ਹਥ ਜੋੜੇ ਪਰਦਖਣਾ ਤਿੰਨ ਕਰਦਾ, ਮੂੰਹੋ ਬਲਕੇ ਅਲਖ ਜਗਾਉਂਦਾ ਏ
ਸਾਰ ਸੰਤਾਂ ਦੀ ਫਿਰ ਉਹ ਢੂੰਡ ਕਰਕੇ ਹਥੀਂ ਆਪਣੇ ਆਸਣ ਲਾਉਂਦਾ ਏ
ਕਾਦਰਯਾਰ ਫਿਰ ਪਛਿਆ ਗਰਾਂ ਤੇਰੋ ਮਾਈ ਬਾਪ ਦਾ ਹਾਲ ਸੁਣਾਉਂਦਾ ਏ
ਜੋਏ ਐਨ ਤੇ ਗੋੈਨ ਫਿਕਰ ਕਰਕੇ, ਹਰਫ ਵਾ ਦਾ ਜੋੜਿਆ ਕਾਫ ਤਾਈਂ
ਕਾਫ ਗਾਫ ਤੇ ਲਾਮ ਯਕ ਮੁਸਤੇ ਕਰਕੇ ਤੇ ਮੀਮ ਨੂੰ ਨੂੰਨ ਆਦਾ ਹੈ ਵਾ ਤਾਈਂ
ਲਾਮ ਅਲਫ ਕੋਲੋਂ ਬੈਂਤ ਮੁਕ ਗਏ ਅੱਜ ਕਿੱਸਾ ਜੜਨਾ ਸੀ ਤੋੜ ਯੇ ਤਾਈਂ
ਕਾਦਰਯਾਰ ਕਹਿੰਦਾ ਪੜ੍ਹਣ ਵਾਲਿਆਂ ਨੂੰ ਕੋਈ ਦੇਸ਼ ਨਾ ਦੇਣਾ ਮੈਂ
ਮੋਜਿਆਂ ਮਾਛੀ ਕੇ ਪਿੰਡ ਹੈ ਗਲਾ ਮੇਰੀ ਸੰਧੂ ਜਾਤ ਦਾ ਆਂਖ ਸੁਣਾਇਆ ਮੈਂ
ਇਕੀ ਸੌ ਚਾਲੀ ਜਾਂ ਬੈਂਤ ਤਿਆਰ ਕੀਤਾ ਸਭ ਨਾ ਭਾਈਆਂ ਨੂੰ ਚਾ ਸੁਣਾਇਆਂ ਮੈਂ
ਕਿਸਾਂ ਪੂਰਨ ਭਗਤ ਦਾ ਫਿਕਰ ਕਰਕੇ ਸੋਲਾਂ ਦਿਨਾਂ ਦੇ ਵਿਚ ਮੁਕਇਆਂ ਮੈਂ
ਕਾਦਰਯਾਰ ਜੇ ਏਸਨੂੰ ਖੁਸ਼ ਕਰਸੀ ਖੁਸ਼ ਰਹੇਗਾ ਆਂਖ ਸੁਣਾਇਆ ਮੈਂ



ਸੱਭਰਵਾਲ ਪ੍ਰਿੰਟਿਗ ਪਰੈਸ 'ਕ੍ਰਸ਼ਨ ਨਗਰ ਅੰਮ੍ਰਿਤਸਰ ਛਾਪਕ-ਬਲਵਿੰਦਰ ਸਿੰਘ ਕੋਹਲੀ