ਪਾਦਰੀ ਸੇਰਗਈ/5
5
ਪਾਦਰੀ ਸੇਰਗਈ ਦੇ ਇਕਾਂਤਵਾਸ ਦਾ ਛੇਵਾਂ ਸਾਲ ਚਲ ਰਿਹਾ ਸੀ। 49 ਸਾਲ ਦੀ ਉਮਰ ਸੀ ਉਸਦੀ। ਜੀਵਨ ਉਸਦਾ ਬੜਾ ਕਠਿਨ ਸੀ। ਵਰਤਾਂ ਤੇ ਪ੍ਰਾਰਥਨਾਵਾਂ ਕਰਕੇ ਕਠਿਨ ਨਹੀਂ ਸੀ ਉਹ। ਇਹ ਤਾਂ ਕੁਝ ਮੁਸ਼ਕਿਲ ਨਹੀਂ ਸੀ, ਪਰ ਉਸਨੂੰ ਪ੍ਰੇਸ਼ਾਨ ਕਰਦਾ ਸੀ ਮਾਨਸਿਕ-ਸੰਘਰਸ਼, ਜਿਸਦੀ ਉਸਨੂੰ ਬਿਲਕੁਲ ਆਸ ਨਹੀਂ ਸੀ। ਇਸ ਸੰਘਰਸ਼ ਦੇ ਦੋ ਕਾਰਨ ਸਨ-ਸੰਦੇਹ ਤੇ ਵਾਸ਼ਨਾ। ਇਹ ਦੋਵੇਂ ਦੁਸ਼ਮਨ ਇਕੋ ਵੇਲੇ ਹੀ ਸਿਰ ਚੁਕਦੇ। ਉਸਨੂੰ ਲਗਦਾ ਕਿ ਇਹ ਦੋਵੇਂ ਦੋ ਵੱਖ ਵੱਖ ਦੁਸ਼ਮਨ ਹਨ, ਜਦ ਕਿ ਅਸਲ ਵਿਚ ਉਹ ਇਕ ਹੀ ਸਨ। ਜਿਉਂ ਹੀ ਸ਼ੰਕਾ ਮਿਟਦਾ, ਵਾਸ਼ਨਾ ਵੀ ਮਿਟ ਜਾਂਦੀ। ਪਰ ਉਹ ਸੋਚਦਾ ਕਿ ਇਹ ਦੋ ਵੱਖ ਵੱਖ ਸ਼ੈਤਾਨ ਹਨ ਅਤੇ ਉਹਨਾਂ ਨਾਲ ਵੱਖ ਵੱਖ ਹੀ ਸੰਘਰਸ਼ ਕਰਦਾ।
"ਹੇ ਪ੍ਰਮਾਤਮਾ! ਹੇ ਪ੍ਰਮਾਤਮਾ!" ਉਹ ਸੋਚਦਾ। "ਤੂੰ ਮੇਰੇ ਵਿਚ ਭਰੋਸਾ ਕਿਉਂ ਨਹੀਂ ਪੈਦਾ ਕਰਦਾ? ਜਿਥੋਂ ਤਕ ਵਾਸ਼ਨਾ ਦਾ ਸੰਬੰਧ ਹੈ, ਉਸ ਦੇ ਵਿਰੁੱਧ ਤਾਂ ਸੰਤ ਏਂਥਨੀ ਤੇ ਦੂਸਰਿਆਂ ਨੇ ਵੀ ਸੰਘਰਸ਼ ਕੀਤਾ, ਪਰ ਭਰੋਸਾ? ਉਹਨਾਂ ਵਿਚ ਭਰੋਸਾ ਸੀ, ਪਰ ਮੇਰੇ ਜੀਵਨ ਵਿਚ ਤਾਂ ਐਸੀਆਂ ਘੜੀਆਂ, ਘੰਟੇ ਅਤੇ ਦਿਨ ਵੀ ਆਉਂਦੇ ਹਨ, ਜਦੋਂ ਮੇਰੇ ਵਿਚ ਭਰੋਸਾ ਨਹੀਂ ਹੁੰਦਾ। ਜੇ ਇਹ ਸੰਸਾਰ, ਇਸਦੀ ਸੁੰਦਰਤਾ ਪਾਪ ਹੈ ਤੇ ਸਾਨੂੰ ਇਹ ਚੀਜ਼ਾਂ ਤਿਆਗ ਦੇਣੀਆਂ ਚਾਹੀਦੀਆਂ ਹਨ ਤਾਂ ਇਹ ਸੰਸਾਰ ਹੋਂਦ ਵਿਚ ਹੀ ਕਿਉਂ ਹੈ? ਤਾਂ ਤੂੰ ਇਹ ਲੋਭ-ਲਾਲਸਾ ਪੈਦਾ ਹੀ ਕਿਉਂ ਕੀਤੀ? ਤਾਂ ਕੀ ਇਹ ਲੋਭ-ਲਾਲਸਾ ਨਹੀਂ ਕਿ ਦੁਨੀਆਂ ਦੀਆਂ ਖੁਸ਼ੀਆਂ ਠੁਕਰਾ ਕੇ ਉਥੇ ਆਪਣੇ ਲਈ ਕੁਝ ਤਿਆਰ ਕਰ ਰਿਹਾ ਹਾਂ ਜਿਥੇ ਸ਼ਾਇਦ ਕੁਝ ਵੀ ਨਹੀਂ ਹੈ," ਉਸਨੇ ਆਪਣੇ ਆਪ ਨੂੰ ਕਿਹਾ ਤੇ ਕੰਬ ਉਠਿਆ। ਆਪਣੇ ਆਪ ਨਾਲ ਹੀ ਉਸਨੂੰ ਬੇਹੱਦ ਘ੍ਰਿਣਾ ਜਿਹੀ ਹੋਈ। "ਨੀਚ! ਕਮੀਨੇ! ਮਹਾਤਮਾ ਬਨਣਾ ਚਾਹੁੰਦੈ! "ਉਸਨੇ ਪ੍ਰਾਰਥਨਾ ਸ਼ੁਰੂ ਹੀ ਕੀਤੀ ਸੀ ਕਿ ਉਹ ਉਸ ਰੂਪ ਵਿਚ ਬਿਲਕੁਲ ਹੀ ਸਜੀਵ ਜਿਹਾ ਆਪਣੀਆਂ ਅੱਖਾਂ ਦੇ ਸਾਮ੍ਹਣੇ ਉਭਰਿਆ, ਜਿਸ ਤਰ੍ਹਾਂ ਦਾ ਕਿ ਉਹ ਮਠ ਵਿਚ ਲਗਦਾ ਹੁੰਦਾ ਸੀ-ਪਾਦਰੀਆਂ ਦਾ ਚੋਲਾ ਪਾਈ, ਸਿਰ ਉਤੇ ਟੋਪੀ ਰੱਖੀ, ਤੇਜਸਵੀ ਰੂਪ ਵਿਚ। ਉਸਨੇ ਆਪਣਾ ਸਿਰ ਹਿਲਾ ਕੇ ਕਿਹਾ - "ਨਹੀਂ; ਨਹੀਂ; ਇਹ ਅਸਲੀਅਤ ਨਹੀਂ ਹੈ। ਇਹ ਧੋਖਾ ਹੈ। ਮੈਂ ਦੂਸਰਿਆਂ ਨੂੰ ਧੋਖਾ ਦੇ ਸਕਦਾ ਹਾਂ, ਪਰ ਆਪਣੇ ਆਪ ਨੂੰ ਤੇ ਪ੍ਰਮਾਤਮਾ ਨੂੰ ਨਹੀਂ। ਤੇਜਸਵੀ ਨਹੀਂ, ਬਲਕਿ ਹਾਸੋਹੀਣਾ ਤੇ ਤਰਸਯੋਗ ਵਿਅਕਤੀ ਹਾਂ ਮੈਂ। ਉਸ ਨੇ ਆਪਣੇ ਚੋਲੇ ਦੇ ਪੱਲੇ ਹਟਾਏ, ਜਾਂਘੀਆ ਪਾਈ ਆਪਣੀਆਂ ਤਰਸਯੋਗ ਲੱਤਾਂ ਵੱਲ ਵੇਖਿਆ ਤੇ ਮੁਸਕਰਾ ਪਿਆ।
ਇਸ ਤੋਂ ਪਿਛੋਂ ਉਸਨੇ ਲੱਤਾਂ ਨੂੰ ਢੱਕ ਲਿਆ, ਪ੍ਰਾਰਥਨਾ ਕਰਨ, ਸਲੀਬ ਬਨਾਉਣ ਤੇ ਸੀਸ ਨਿਵਾਉਣ ਲਗਾ। "ਕੀ ਇਹ ਬਿਸਤਰਾ ਹੀ ਮੇਰੀ ਅਰਥੀ ਬਣੇਗਾ?" ਉਸ ਨੇ ਪ੍ਰਾਰਥਨਾ ਦੇ ਇਹ ਸ਼ਬਦ ਕਹੇ। ਤੇ ਕਿਸੇ ਸ਼ੈਤਾਨ ਨੇ ਜਿਵੇਂ ਉਸਦੇ ਕੰਨ ਵਿਚ ਕਿਹਾ, "ਇਕੱਲਾ ਬਿਸਤਰਾ ਵੀ ਤਾਂ ਅਰਥੀ ਹੀ ਹੈ। ਝੂਠ, ਇਹ ਝੂਠ ਹੈ।" ਉਸਨੂੰ ਆਪਣੀ ਕਲਪਨਾ ਵਿਚ ਉਸ ਵਿਧਵਾ ਦੇ ਮੋਢੇ ਦਿਖਾਈ ਦਿਤੇ, ਜਿਸ ਨਾਲ ਉਸਨੇ ਭੋਗ ਕੀਤਾ ਸੀ। ਉਸਨੇ ਆਪਣੇ ਆਪ ਨੂੰ ਝੰਝੋੜਿਆ ਤੇ ਅੱਗੇ ਪ੍ਰਾਰਥਨਾ ਕਰਨ ਲਗਾ। ਨਿਯਮਾਂ ਦਾ ਪਾਠ ਮੁਕਾ ਕੇ ਉਸਨੇ ਅੰਜੀਲ ਚੁਕੀ, ਉਸ ਨੂੰ ਖੋਲ੍ਹਿਆ ਤੇ ਅਚਾਨਕ ਉਹ ਹੀ ਸਫਾ ਖੁਲ ਗਿਆ, ਜੋ ਬਾਰ ਬਾਰ ਦੁਹਰਾਉਣ ਦੇ ਕਾਰਨ ਉਸਨੂੰ ਜ਼ਬਾਨੀ ਯਾਦ ਹੋ ਚੁਕਾ ਸੀ; "ਮੈਂ ਵਿਸ਼ਵਾਸ ਰਖਦਾ ਹਾਂ, ਪ੍ਰਮਾਤਮਾ, ਮੇਰੀ ਬੇਵਿਸ਼ਵਾਸੀ ਵਿਚ ਮਦਦ ਕਰੋ।" ਉਸਨੇ ਆਪਣੇ ਦਿਲ ਵਿਚ ਪੈਦਾ ਹੋਣ ਵਾਲੇ ਸਾਰੇ ਸ਼ੰਕਿਆਂ ਨੂੰ ਵਾਪਸ ਖਿੱਚ ਲਿਆ ਹੈ। ਜਿਸ ਤਰ੍ਹਾਂ ਸੰਤੁਲਨਹੀਣ ਡਾਂਵਾਂਡੋਲ ਚੀਜ਼ ਨੂੰ ਟਿਕਾਇਆ ਜਾਂਦਾ ਹੈ, ਉਸੇ ਤਰ੍ਹਾਂ ਝੂਲਦੀਆਂ ਟੰਗਾਂ ਵਾਲੀ ਤਿਪਾਈ ਉਤੇ ਆਪਣੇ ਵਿਸ਼ਵਾਸ ਨੂੰ ਟਿਕਾ ਕੇ ਉਹ ਸਾਵਧਾਨੀ ਨਾਲ ਪਿੱਛੇ ਹਟ ਗਿਆ ਤਾਂ ਕਿ ਕਿਤੇ ਉਹ ਠੋਕਰ ਖਾਕੇ ਡਿੱਗ ਨਾ ਜਾਏ। ਮੁੜ ਕੇ ਉਸਨੇ ਆਪਣੀਆਂ ਅੱਖਾਂ ਸਾਮ੍ਹਣੇ ਪਰਦੇ ਖਿੱਚ ਲਏ ਤੇ ਸ਼ਾਂਤ ਹੋ ਗਿਆ। ਉਸਨੇ ਆਪਣੇ ਬਚਪਨ ਦੀ ਪ੍ਰਾਰਥਨਾ ਦੁਹਰਾਈ: "ਪ੍ਰਮਾਤਮਾ, ਮੈਨੂੰ ਆਪਣੀ ਸ਼ਰਨ ਵਿਚ ਲੈ ਲਉ, ਮੈਨੂੰ ਆਪਣੀ ਸ਼ਰਨ ਵਿਚ ਲੈ ਲਉ..." ਤੇ ਇਸ ਨਾਲ ਉਸਦੇ ਮਨ ਨੂੰ ਚੈਨ ਹੀ ਨਹੀਂ ਮਿਲਿਆ, ਸਗੋਂ ਉਹ ਖੁਸ਼ੀ ਨਾਲ ਖੀਵਾ ਹੋ ਉਠਿਆ। ਉਸਨੇ ਸਲੀਬ ਦਾ ਨਿਸ਼ਾਨ ਬਣਾਇਆ ਤੇ ਗਰਮੀਆਂ ਵਾਲਾ ਚੋਲਾ ਆਪਣੇ ਸਿਰ ਹੇਠਾਂ ਰਖਕੇ ਤੰਗ ਜਿਹੀ ਬੈਂਚ ਵਾਲੇ ਆਪਣੇ ਬਿਸਤਰੇ ਉਤੇ ਲੇਟ ਗਿਆ। ਉਸਦੀ ਅੱਖ ਲਗ ਗਈ।
ਕੱਚੀ ਜਿਹੀ ਨੀਂਦ ਵਿਚ ਉਸਨੂੰ ਲੱਗਾ ਜਿਵੇਂ ਉਹ ਘੰਟੀਆਂ ਦੀ ਟਨਟਨਾਹਟ ਸੁਣ ਰਿਹਾ ਸੀ। ਇਹ ਸੁਪਨਾ ਸੀ ਜਾਂ ਅਸਲੀਅਤ, ਉਹ ਇਹ ਨਹੀਂ ਜਾਣ ਸਕਿਆ ਸੀ। ਪਰ ਇਸੇ ਵੇਲੇ ਦਰਵਾਜ਼ੇ ਉਤੇ ਦਸਤਕ ਹੋਈ ਤੇ ਉਹ ਪੂਰੀ ਤਰ੍ਹਾਂ ਜਾਗ ਪਿਆ। ਆਪਣੇ ਕੰਨਾਂ ਉਤੇ ਵਿਸ਼ਵਾਸ ਨਾ ਕਰਦਾ ਹੋਇਆ ਉਹ ਉਠਿਆ। ਦੁਬਾਰਾ ਦਸਤਕ ਹੋਈ। ਹਾਂ, ਇਹ ਤਾਂ ਨਜ਼ਦੀਕ ਹੀ; ਉਸੇ ਦੇ ਦਰਵਾਜ਼ੇ ਉਤੇ ਹੀ ਦਸਤਕ ਹੋਈ ਸੀ, ਤੇ ਕਿਸੇ ਔਰਤ ਦੀ ਆਵਾਜ਼ ਵੀ ਸੁਣਾਈ ਦਿਤੀ।
"ਹੇ ਪ੍ਰਮਾਤਮਾ! ਮਹਾਤਮਾਵਾਂ ਦੀਆਂ ਜੀਵਨੀਆਂ ਵਿਚ ਮੈਂ ਪੜ੍ਹਿਆ ਹੋਇਆ ਹੈ ਕਿ ਸ਼ੈਤਾਨ ਨਾਰੀ ਦਾ ਰੂਪ ਧਾਰ ਕੇ ਆਉਂਦਾ ਹੈ, ਤਾਂ ਕੀ ਇਹ ਸੱਚ ਹੋ ਸਕਦੈ? ਹਾਂ, ਇਹ ਆਵਾਜ਼ ਤਾਂ ਕਿਸੇ ਨਾਰੀ ਦੀ ਹੀ ਹੈ। ਕੋਮਲ, ਸਹਿਮੀ ਤੇ ਪਿਆਰੀ ਜਿਹੀ ਆਵਾਜ਼! ਥੂ!" ਉਸ ਨੇ ਥੁੱਕਿਆ। "ਨਹੀਂ; ਨਹੀਂ; ਮੈਨੂੰ ਇਹ ਭਰਮ ਲਗ ਰਿਹੈ," ਉਸਨੇ ਕਿਹਾ ਤੇ ਉਸੇ ਕੋਨੇ ਵੱਲ ਚਲਾ ਗਿਆ, ਜਿਥੇ ਛੋਟੀ ਜਿਹੀ ਮੇਜ਼ ਰਖੀ ਹੋਈ ਸੀ। ਆਪਣੇ ਆਮ ਤੇ ਉਸ ਸਹੀ ਅੰਦਾਜ਼ ਵਿਚ, ਜਿਸਦਾ ਉਹ ਆਦੀ ਸੀ ਤੇ ਜਿਸ ਨਾਲ ਉਸਨੂੰ ਸੰਤੋਖ ਅਤੇ ਸੁਖ ਮਿਲਦਾ ਸੀ, ਉਹ ਗੋਡਿਆਂ ਭਾਰ ਬੈਠ ਗਿਆ। ਉਹ ਝੁਕ ਗਿਆ, ਉਸਦੇ ਵਾਲ ਚਿਹਰੇ ਉਤੇ ਆ ਪਏ ਤੇ ਉਸਨੇ ਆਪਣਾ ਮੱਥਾ, ਜਿਸ ਉਤੇ ਵਾਲ ਗਾਇਬ ਹੋ ਗਏ ਸਨ, ਠੰਡੀ ਚਟਾਈ ਉਤੇ (ਫਰਸ਼ ਉਤੇ ਬਾਹਰੋਂ ਠੰਡੀ ਹਵਾ ਆ ਰਹੀ ਸੀ) ਰਖ ਦਿਤਾ।
...ਉਹ ਉਸੇ ਭਜਨ ਦਾ ਪਾਠ ਕਰ ਰਿਹਾ ਸੀ, ਜਿਸ ਬਾਰੇ ਬੁੱਢੇ ਪਾਦਰੀ ਪੀਮਨ ਨੇ ਕਿਹਾ ਸੀ ਕਿ ਉਹ ਮੋਹ ਨੂੰ ਦੂਰ ਕਰਨ ਵਿਚ ਸਹਾਇਤਾ ਕਰਦਾ ਹੈ। ਉਹ ਉਠਿਆ, ਉਸ ਦੀਆਂ ਮਜ਼ਬੂਤ, ਪਰ ਕੰਬਦੀਆਂ ਲੱਤਾਂ ਨੇ ਉਸਦੇ ਪਤਲੇ ਹੋ ਚੁੱਕੇ ਤੇ ਹਲਕੇ-ਫੁਲਕੇ ਸਰੀਰ ਨੂੰ ਆਸਾਨੀ ਨਾਲ ਚੁੱਕ ਲਿਆ। ਉਸ ਨੇ ਚਾਹਿਆ ਕਿ ਇਸ ਭਜਨ ਦਾ ਅੱਗੇ ਪਾਠ ਕਰਦਾ ਜਾਏ, ਪਰ ਐਸਾ ਨਾ ਕਰ ਸਕਿਆ ਤੇ ਆਪ-ਮੁਹਾਰੇ ਹੀ ਕੰਨ ਲਾ ਕੇ ਉਸ ਆਵਾਜ਼ ਨੂੰ ਸੁਨਣ ਦੀ ਉਡੀਕ ਕਰਨ ਲਗਾ। ਉਹ ਉਸ ਆਵਾਜ਼ ਨੂੰ ਸੁਨਣਾ ਚਾਹੁੰਦਾ ਸੀ। ਇਕਦਮ ਖ਼ਾਮੋਸ਼ੀ ਛਾਈ ਹੋਈ ਸੀ। ਕੋਨੇ ਵਿਚ ਰੱਖੇ ਲੱਕੜ ਦੋ ਡੋਲ ਵਿਚ ਛੱਤ ਤੋਂ ਪਾਣੀ ਦੀਆਂ ਬੂੰਦਾਂ ਡਿੱਗ ਰਹੀਆਂ ਸਨ। ਬਾਹਰ ਅਹਾਤੇ ਵਿਚ ਅਨ੍ਹੇਰਾ ਸੀ, ਠੰਡੀ ਧੁੰਦ ਛਾਈ ਹੋਈ ਸੀ ਜਿਹੜੀ ਬਰਫ ਨੂੰ ਖਤਮ ਕਰੀ ਜਾ ਰਹੀ ਸੀ। ਖ਼ਾਮੋਸ਼ੀ ਸੀ, ਗਹਿਰੀ ਖਾਮੋਸ਼ੀ। ਅਚਾਨਕ ਖਿੜਕੀ ਉਤੇ ਸਰਸਰਾਹਟ ਹੋਈ ਤੇ ਉਹੀ ਕੋਮਲ ਤੇ ਸਹਿਮੀ ਜਿਹੀ ਆਵਾਜ਼, ਐਸੀ ਆਵਾਜ਼, ਜਿਹੜੀ ਇਕ ਸੋਹਣੀ ਔਰਤ ਦੀ ਹੀ ਹੋ ਸਕਦੀ ਹੈ, ਸੁਣਾਈ ਦਿਤੀ:
"ਈਸਾ ਮਸੀਹ ਦੇ ਨਾਂ ਉਤੇ ਮੈਨੂੰ ਅੰਦਰ ਆਉਣ ਦਿਉ..."
ਪਾਦਰੀ ਸੇਰਗਈ ਨੂੰ ਲਗਾ ਜਿਵੇਂ ਉਸਦਾ ਸਾਰਾ ਖੂਨ ਦਿਲ ਵਲ ਤੇਜ਼ੀ ਨਾਲ ਦੌੜਕੇ ਉਥੇ ਹੀ ਰੁੱਕ ਗਿਆ। ਉਸਦਾ ਦਮ ਘੁਟਣ ਲਗਾ: "ਪ੍ਰਮਾਤਮਾ ਪ੍ਰਗਟ ਹੋਣ ਤੇ ਉਸਦੇ ਦੁਸ਼ਮਨ ਭਸਮ ਹੋ ਜਾਣ... "
"ਮੈਂ ਸ਼ੈਤਾਨ ਨਹੀਂ ਹਾਂ..." ਇਹ ਮਹਿਸੂਸ ਹੋ ਰਿਹਾ ਸੀ ਕਿ ਇਹਨਾਂ ਲਫ਼ਜ਼ਾਂ ਨੂੰ ਕਹਿਣ ਵਾਲੇ ਹੋਂਠ ਮੁਸਕਰਾ ਰਹੇ ਹਨ। "ਮੈਂ ਸ਼ੈਤਾਨ ਨਹੀਂ, ਇਕ ਮਾਮੂਲੀ ਗੁਨਾਹਗਾਰ ਔਰਤ ਹਾਂ, ਰਸਤਾ ਭੁੱਲ ਗਈ ਹਾਂ-ਸ਼ਾਬਦਿਕ ਅਰਥਾਂ ਵਿਚ ਹੀ (ਉਹ ਹੱਸ ਪਈ) ਠੰਡੀ-ਯੁੱਖ ਹੋ ਗਈ ਹਾਂ ਤੇ ਸ਼ਰਨ ਚਾਹੁੰਦੀ ਹਾਂ।"
ਪਾਦਰੀ ਸੇਰਗਈ ਨੇ ਸ਼ੀਸ਼ੇ ਨਾਲ ਚਿਹਰਾ ਲਾ ਦਿੱਤਾ। ਸ਼ੀਸ਼ੇ ਵਿਚ ਸਿਰਫ ਦੇਵ-ਮੂਰਤੀ ਦੇ ਸਾਮ੍ਹਣੇ ਜਗ ਰਹੇ ਦੀਵੇ ਦਾ ਹੀ ਪਰਤੌ ਨਜ਼ਰ ਆ ਰਿਹਾ ਸੀ। ਉਸ ਨੇ ਤਲੀਆਂ ਨਾਲ ਅੱਖਾਂ ਉਤੇ ਓਟ ਕਰਕੇ ਬਾਹਰ ਵੇਖਿਆ। ਧੁੰਧ, ਅਨ੍ਹੇਰਾ, ਦਰਖਤ ਤੇ ਉਹ ਸੱਜੇ ਪਾਸੇ? ਉਹ ਹੈ। ਹਾਂ, ਉਹੀ ਹੈ, ਔਰਤ, ਲੰਮੀ, ਵੱਡੀ ਵੱਡੀ ਫਰ ਦਾ ਚਿੱਟਾ ਕੋਟ ਅਤੇ ਟੋਪੀ ਪਾਈ, ਬਹੁਤ ਹੀ ਪਿਆਰੇ, ਦਿਆਲੂ ਤੇ ਸਹਿਮੇ ਹੋਏ ਚਿਹਰੇ ਵਾਲੀ, ਉਸਦੇ ਚਿਹਰੇ ਤੇ ਬਿਲਕੁਲ ਪਾਸ ਹੈ, ਉਸ ਵਲ ਝੁਕੀ ਹੋਈ। ਉਹਨਾਂ ਦੀਆਂ ਅੱਖਾਂ ਮਿਲੀਆਂ ਤੇ ਉਹ ਇਕ ਦੂਸਰੇ ਨੂੰ ਸਮਝ ਗਏ। ਇਸ ਨਜ਼ਰ ਤੋਂ ਪਿਛੋਂ ਕੋਈ ਐਸਾ ਸ਼ੱਕ ਬਾਕੀ ਹੀ ਨਹੀਂ ਰਹਿ ਸਕਦਾ ਸੀ ਕਿ ਇਹ ਕੋਈ ਸਾਧਾਰਨ, ਦਿਆਲੂ ਸੁੰਦਰ ਤੇ ਸਹਿਮੀ ਹੋਈ ਔਰਤ ਨਹੀਂ, ਬਲਕਿ ਕੋਈ ਸ਼ੈਤਾਨ ਹੈ।
"ਕੌਣ ਹੋ ਤੁਸੀਂ? ਕੀ ਚਾਹੁੰਦੇ ਹੋ?" ਉਸਨੇ ਪੁੱਛਿਆ।
"ਓ, ਦਰਵਾਜ਼ਾ ਖੋਹਲੋ ਨਾ," ਮਨਚਲੇ ਤੇ ਹਾਕਮਾਨਾ ਅੰਦਾਜ਼ ਵਿਚ ਉਸਨੇ ਜਵਾਬ ਦਿਤਾ। "ਮੈਂ ਠੰਡੀ-ਯੱਖ ਹੋ ਗਈ ਹਾਂ। ਕਹਿ ਤਾਂ ਰਹੀ ਹਾਂ ਕਿ ਰਸਤਾ ਭੁੱਲ ਗਈ ਹਾਂ।"
"ਪਰ ਮੈਂ ਤਾਂ ਸਾਧੂ ਹਾਂ, ਏਕਾਂਤਵਾਸੀ ਹਾਂ।"
"ਖੋਹਲ ਵੀ ਦਿਉ ਨਾ ਦਰਵਾਜ਼ਾ। ਜਾਂ ਤੁਸੀਂ ਇਹ ਚਾਹੁੰਦੇ ਹੋ ਕਿ ਜਦ ਤੱਕ ਤੁਸੀਂ ਪ੍ਰਾਰਥਨਾ ਕਰਦੇ ਰਹੋਗੇ, ਮੈਂ ਤੁਹਾਡੀ ਖਿੜਕੀ ਨਾਲ ਖੜੋਤੀ ਠੰਡੀ-ਯੱਖ ਹੁੰਦੀ ਰਹਾਂ।"
"ਪਰ ਤੁਸੀਂ ਕਿਸ ਤਰ੍ਹਾਂ..."
"ਮੈਂ ਤੁਹਾਨੂੰ ਖਾ ਤਾਂ ਨਹੀਂ ਜਾਵਾਂਗੀ। ਰੱਬ ਦੇ ਵਾਸਤੇ ਮੈਨੂੰ ਅੰਦਰ ਆਉਣ ਦਿਓ। ਮੈਂ ਤਾਂ ਠੰਡ ਨਾਲ ਜਮ ਗਈ ਹਾਂ।"
ਔਰਤ ਖ਼ੁਦ ਵੀ ਭੈ-ਭੀਤ ਹੋ ਉਠੀ ਸੀ। ਉਸ ਨੇ ਲਗਭਗ ਰੋਣਹਾਕੀ ਆਵਾਜ਼ ਵਿਚ ਇਹ ਕਿਹਾ ਸੀ।
ਉਹ ਖਿੜਕੀ ਤੋਂ ਹਟ ਗਿਆ। ਉਸਨੇ ਕੰਡਿਆਂ ਦੇ ਤਾਜ ਵਾਲੀ ਈਸਾ ਮਸੀਹ ਦੀ ਮੂਰਤੀ ਵਲ ਵੇਖਿਆ। "ਹੇ ਪ੍ਰਮਾਤਮਾ ਮੇਰੀ ਸਹਾਇਤਾ ਕਰੋ. ਮੇਰੀ ਸਹਾਇਤਾ ਕਰੋ ਹੇ ਪ੍ਰਮਾਤਮਾ।" ਉਸ ਨੇ ਸਲੀਬ ਦਾ ਨਿਸ਼ਾਨ ਬਣਾਉਂਦੇ ਹੋਏ ਝੁਕ ਕੇ ਸੀਸ ਨਿਵਾਉਂਦੇ ਹੋਏ ਕਿਹਾ, ਦਰਵਾਜ਼ੇ ਵਲ ਵਧਿਆ ਤੇ ਉਹਨੂੰ ਖੋਹਲ ਕੇ ਡਿਉੜੀ ਵਿਚ ਗਿਆ। ਡਿਉੜੀ ਵਿਚ ਉਸਨੇ ਟਟੋਲ ਕੇ ਬਾਹਰ ਦੇ ਦਰਵਾਜ਼ੇ ਦੀ ਕੁੰਡੀ ਨੂੰ ਲਭਿਆ ਤੇ ਉਸਨੂੰ ਖੋਹਲਣ ਲਗਾ। ਬਾਹਰੋਂ ਉਹਨਾਂ ਕਦਮਾਂ ਦੀ ਹੀ ਆਹਟ ਸੁਣਾਈ ਦੇ ਰਹੀ ਸੀ। ਉਹ ਖਿੜਕੀ ਤੋਂ ਹਟਕੇ ਦਰਵਾਜ਼ੇ ਵਲ ਆ ਰਹੀ ਸੀ। 'ਊਈ!" ਉਹ ਅਚਾਨਕ ਚਿੱਲਾਈ। ਉਹ ਸਮਝ ਗਿਆ ਕਿ ਉਸ ਦਾ ਪੈਰ ਦਲਹੀਜ਼ ਦੇ ਪਾਸ ਪਾਣੀ ਨਾਲ ਭਰੇ ਟੋਏ ਵਿਚ ਜਾ ਪਿਆ ਸੀ। ਉਸਦੇ ਹੱਥ ਕੰਬ ਰਹੇ ਸਨ ਤੇ ਦਰਵਾਜ਼ੇ ਵਿਚ ਕੱਸਕੇ ਫਸੀ ਹੋਈ ਕੁੰਡੀ ਬਾਹਰ ਨਹੀਂ ਨਿਕਲ ਰਹੀ ਸੀ।
"ਤੁਸੀਂ ਮੈਨੂੰ ਅੰਦਰ ਤਾਂ ਆਉਣ ਦਿਓ। ਮੈਂ ਬਿਲਕੁਲ ਭਿੱਜ ਗਈ ਹਾਂ। ਮੈਂ ਜਮ ਗਈ ਹਾਂ। ਤੁਸੀਂ ਸਿਰਫ ਆਪਣੀ ਆਤਮਾ ਦੀ ਰਖਿਆ ਲਈ ਸੋਚ ਰਹੇ ਹੋ ਤੇ ਇਥੇ ਮੇਰੀ ਕੁਲਫੀ ਬਣਦੀ ਜਾ ਰਹੀ ਹੈ।"
ਸੇਰਗਈ ਨੇ ਦਰਵਾਜ਼ੇ ਨੂੰ ਆਪਣੇ ਵਲ ਖਿਚਿਆ, ਕੁੰਡੀ ਨੂੰ ਉਪਰ ਚੁੱਕਿਆ ਤੇ ਠੀਕ ਅੰਦਾਜ਼ਾ ਨਾ ਕਰਦੇ ਹੋਏ ਦਰਵਾਜ਼ੇ ਨੂੰ ਏਨੀ ਜ਼ੋਰ ਨਾਲ ਬਾਹਰ ਨੂੰ ਧੱਕ ਦਿਤਾ ਕਿ ਉਹ ਮਾਕੋਵਕਿਨਾ ਨੂੰ ਜਾ ਲਗਾ।
"ਓਹ, ਮੁਆਫ਼ ਕਰਨਾ!" ਉਸਨੇ ਅਚਾਨਕ ਔਰਤ ਨੂੰ ਸੰਬੋਧਨ ਕਰਨ ਦੇ ਆਪਣੇ ਪੁਰਾਣੇ ਤੇ ਆਦਤਨ ਅੰਦਾਜ਼ ਨਾਲ ਕਿਹਾ।
"ਮੁਆਫ ਕਰਨਾ!" ਇਹ ਸ਼ਬਦ ਸੁਣਕੇ ਉਹ ਮੁਸਕਰਾ ਪਈ। "ਨਹੀਂ ਉਹ ਏਨਾਂ ਭੈ-ਉਪਜਾਊ ਤਾਂ ਨਹੀਂ ਹੈ," ਉਸਨੇ ਮਨ ਹੀ ਮਨ ਵਿਚ ਸੋਚਿਆ।
"ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਤੁਸੀਂ ਮੈਨੂੰ ਮੁਆਫ ਕਰ ਦਿਓ," ਪਾਦਰੀ ਸੇਰਗਈ ਦੇ ਕੋਲੋਂ ਦੀ ਲੰਘਦੀ ਹੋਈ ਉਹ ਬੋਲੀ। "ਮੈਂ ਕਦੀ ਵੀ ਐਸਾ ਕਰਨ ਦੀ ਹਿੰਮਤ ਨਾ ਕਰਦੀ। ਪਰ ਹਾਲਾਤ ਨੇ ਮਜਬੂਰ ਕਰ ਦਿਤਾ।"
"ਆਓ," ਉਸਨੂੰ ਅੱਗੇ ਵਧਣ ਦਾ ਰਸਤਾ ਵਿਖਾਉਂਦੇ ਹੋਏ ਸੇਰਗਈ ਨੇ ਕਿਹਾ। ਉਸਨੇ ਵਧੀਆ ਅਤਰ ਦੀ ਭਿੰਨੀ ਭਿੰਨੀ ਖੁਸ਼ਬੂ, ਜਿਸਨੂੰ ਉਹ ਕਦੋਂ ਦਾ ਭੁੱਲ ਚੁੱਕਾ ਸੀ, ਮਹਿਸੂਸ ਕੀਤੀ। ਉਹ ਡਿਉੜੀ ਲੰਘਕੇ ਕਮਰੇ ਵਿਚ ਪਹੁੰਚੀ। ਪਾਦਰੀ ਸੈਰਗਈ ਨੇ ਬਾਹਰ ਦਾ ਦਰਵਾਜ਼ਾ ਫਟਾਕ ਕਰਕੇ ਬੰਦ ਕਰ ਦਿਤਾ, ਪਰ ਕੁੰਡੀ ਨਾ ਅੜਾਈ ਤੇ ਡਿਉੜੀ ਲੰਘ ਕੇ ਕਮਰੇ ਵਿਚ ਆ ਪਹੁੰਚੇ।
'ਪ੍ਰਮਾਤਮਾ ਦੇ ਬੇਟੇ, ਈਸਾ ਮਸੀਹ, ਮੇਰੇ ਪਾਪੀ 'ਤੇ ਦਿਆ ਕਰੋ, ਦਿਆ ਕਰੋ ਮੇਰੇ ਪਾਪੀ 'ਤੇ, " ਉਹ ਲਗਾਤਾਰ ਮਨ ਹੀ ਮਨ ਵਿਚ ਪ੍ਰਾਰਥਨਾ ਕਰ ਰਿਹਾ ਸੀ, ਪਰ ਅਨਜਾਣੇ ਹੀ ਉਸਦੇ ਹੋਂਠ ਵੀ ਹਿਲਦੇ ਜਾ ਰਹੇ ਸਨ।
"ਤਸ਼ਰੀਫ ਰਖੋ, " ਉਹ ਬੋਲਿਆ। ਉਹ ਕਮਰੇ ਦੇ ਵਿਚਕਾਰ ਖੜੋਤੀ ਸੀ, ਉਸ ਤੋਂ ਪਾਣੀ ਦੀਆਂ ਬੂੰਦਾਂ ਫਰਸ਼ ਉਤੇ ਡਿੱਗ ਰਹੀਆਂ ਸਨ, ਉਸ ਦੀਆਂ ਅੱਖਾਂ ਮੁਸਕਰਾ ਰਹੀਆਂ ਸਨ।
'ਮੁਆਫ਼ ਕਰਨਾ, ਮੈਂ ਤੁਹਾਡੀ ਤਪੱਸਿਆ ਵਿਚ ਖਲਲ ਪਾਇਆ ਹੈ। ਪਰ ਮੇਰੀ ਹਾਲਤ ਤਾਂ ਤੁਸੀਂ ਵੇਖ ਹੀ ਰਹੇ ਹੋ। ਇਸ ਤਰ੍ਹਾਂ ਹੋਇਆ ਕਿ ਅਸੀਂ ਸ਼ਹਿਰੋਂ ਸਲੈੱਜਾਂ ਵਿਚ ਸੈਰ-ਸਪਾਟੇ ਲਈ ਇਥੇ ਆਏ ਸਾਂ ਤੇ ਫਿਰ ਮੈਂ ਸ਼ਰਤ ਲਗਾ ਬੈਠੀ ਕਿ ਵਰੋਬਿਉਵਕਾ ਤੋਂ ਇਕੱਲੀ ਹੀ ਸ਼ਹਿਰ ਵਾਪਸ ਜਾਵਾਂਗੀ, ਪਰ ਰਸਤਾ ਭੁੱਲ ਗਈ। ਜੇ ਮੈਂ ਤੁਹਾਡੀ ਕੋਠੜੀ ਤਕ ਨਾ ਆ ਪਹੁੰਚਦੀ, ਤਾਂ..." ਉਹ ਝੂਠ ਬੋਲਦੀ ਗਈ। ਪਰ ਸੇਰਗਈ ਦੇ ਚਿਹਰੇ ਨੂੰ ਵੇਖਕੇ ਉਸਨੂੰ ਘਬਰਾਹਟ ਮਹਿਸੂਸ ਹੋਈ ਤੇ ਉਹ ਆਪਣੇ ਝੂਠ ਨੂੰ ਜਾਰੀ ਨਾ ਰਖ ਸਕੀ ਤੇ ਚੁੱਪ ਹੋ ਗਈ। ਉਸਨੇ ਕਿਸੇ ਦੂਸਰੇ ਹੀ ਰੂਪ ਵਿਚ ਪਾਦਰੀ ਸੇਰਗਈ ਦੀ ਕਲਪਨਾ ਕੀਤੀ ਸੀ। ਜਿਸ ਤਰ੍ਹਾਂ ਦੀ ਉਸਨੇ ਕਲਪਨਾ ਕੀਤੀ ਸੀ, ਉਹ ਓਨਾ ਸੋਹਣਾ ਨਹੀਂ ਸੀ, ਪਰ ਉਸ ਦੀਆਂ ਨਜ਼ਰਾਂ ਵਿਚ ਉਹ ਬਹੁਤ ਹੀ ਸੋਹਣਾ ਸੀ। ਉਸਦੇ ਚਿੱਟੇ ਹੋ ਰਹੇ ਸਿਰ ਤੇ ਦਾੜੀ ਦੇ ਘੁੰਘਰਾਲੇ ਵਾਲਾਂ, ਤਿੱਖੀ, ਪਤਲੀ ਨੱਕ ਤੇ ਭਰਪੂਰ ਨਜ਼ਰ ਨਾਲ ਵੇਖਣ ਉਤੇ ਉਸ ਦੀਆਂ ਕੋਲਿਆਂ ਵਾਂਗ ਕਾਲੀਆਂ, ਚਮਕਦੀਆਂ ਅੱਖਾਂ ਨੇ ਉਸਨੂੰ ਚਕ੍ਰਿਤ ਕਰ ਦਿਤਾ।
ਉਹ ਭਾਂਪ ਗਿਆ ਕਿ ਉਹ ਸਭ ਕੁਝ ਝੂਠ ਬੋਲ ਰਹੀ ਹੈ। "ਖੈਰ, ਠੀਕ ਹੈ, "ਉਸਨੇ ਉਸ ਵਲ ਵੇਖਕੇ ਕਿਹਾ ਫਿਰ ਨਜ਼ਰ ਝੁਕਾ ਲਈ। "ਮੈਂ ਉਧਰ ਚਲਾ ਜਾਂਦਾ ਹੈ, ਤੁਸੀਂ ਇਥੇ ਆਰਾਮ ਕਰ ਲਓ।"
ਪਾਦਰੀ ਸੇਰਗਈ ਨੇ ਦੀਵਾ ਚੁੱਕਕੇ ਉਸ ਨਾਲ ਮੋਮਬੱਤੀ ਜਗਾਈ, ਮਾਕੋਵਕਿਨਾ ਨੂੰ ਪਰਨਾਮ ਕੀਤਾ ਤੇ ਪਿੱਛੇ ਵਾਲੀ ਛੋਟੀ ਜਿਹੀ ਕੋਠੜੀ ਵਿਚ ਚਲਾ ਗਿਆ। ਮਾਕੋਵਕਿਨਾ ਨੂੰ ਸੁਣਾਈ ਦਿਤਾ ਕਿ ਸੇਰਗਈ ਉਥੇ ਕਿਸੇ ਚੀਜ਼ ਨੂੰ ਧਿੱਕ ਰਿਹਾ ਸੀ। ਸ਼ਾਇਦ ਮੇਰੇ ਤੋਂ ਬਚਣ ਲਈ ਦਰਵਾਜ਼ੇ ਦੇ ਸਾਮ੍ਹਣੇ ਕੁਝ ਰਖ ਰਿਹਾ ਹੈ, "ਉਸਨੇ ਮੁਸਕਰਾਉਂਦੀ ਨੇ ਸੋਚਿਆ ਤੇ ਫ਼ਰ ਦਾ ਕੋਟ ਇਕ ਪਾਸੇ ਸੁੱਟ ਕੇ ਵਾਲਾਂ ਵਿਚ ਉਲਝ ਗਈ ਟੋਪੀ ਤੇ ਉਸ ਦੇ ਹੇਠਾਂ ਉਣੀ ਹੋਈ ਸ਼ਾਲ ਉਤਾਰਨ ਲਗੀ। ਜਦੋਂ ਉਹ ਖਿੜਕੀ ਪਾਸ ਖੜੋਤੀ ਹੋਈ ਸੀ, ਤਾਂ ਜ਼ਰਾ ਵੀ ਠੰਡੀ ਨਹੀਂ ਹੋਈ ਸੀ ਅਤੇ ਉਸਨੇ ਸਿਰਫ ਇਸ ਲਈ ਠੰਡ ਦੀ ਦੁਹਾਈ ਦਿਤੀ ਸੀ ਕਿ ਉਹ ਉਸਨੂੰ ਅੰਦਰ ਆਉਣ ਦੇਵੇ। ਪਰ ਦਰਵਾਜ਼ੇ ਕੋਲ ਉਸਦਾ ਪੈਰ ਪਾਣੀ ਵਾਲੇ ਟੋਏ ਵਿਚ ਜਾ ਪਿਆ ਸੀ, ਖੱਬਾ ਪੈਰ ਗਿੱਟਿਆਂ ਤਕ ਭਿੱਜਾ ਹੋਇਆ ਸੀ ਤੇ ਉਸ ਦੀਆਂ ਜੁੱਤੀਆਂ ਤੇ ਉਪਰ ਦੀਆਂ ਰਬੜ ਦੀਆਂ ਜੁੱਤੀਆਂ ਵਿਚ ਪਾਣੀ ਭਰਿਆ ਹੋਇਆ ਸੀ। ਉਹ ਉਸਦੇ ਬਿਸਤਰੇ, ਭਾਵ ਤੰਗ ਜਿਹੇ ਬੈਂਚ ਉਤੇ ਬੈਠ ਗਈ, ਜਿਸ ਉਤੇ ਸਿਰਫ ਘਾਹ-ਫੂਸ ਦਾ ਗੱਦਾ ਵਿਛਿਆ ਹੋਇਆ ਸੀ, ਤੇ ਜੁੱਤੀਆਂ ਲਾਹੁਣ ਲਗੀ। ਉਸਨੂੰ ਇਹ ਕੋਠੜੀ ਬਹੁਤ ਹੀ ਚੰਗੀ ਲਗੀ। ਚਾਰ ਕੁ ਮੀਟਰ ਲੰਮੀ ਅਤੇ ਤਿੰਨ ਕੁ ਮੀਟਰ ਚੌੜੀ ਇਹ ਕੋਠੜੀ ਸ਼ੀਸ਼ੇ ਦੀ ਤਰ੍ਹਾਂ ਚਮਕ ਰਹੀ ਸੀ। ਇਸ ਵਿਚ ਸਿਰਫ ਬਿਸਤਰਾ ਸੀ, ਜਿਸ ਉਤੇ ਉਹ ਬੈਠੀ ਹੋਈ ਸੀ, ਤੇ ਉਸਦੇ ਉਪਰ ਕਿਤਾਬਾਂ ਦਾ ਸ਼ੈਲਫ ਸੀ। ਕੋਨੇ ਵਿਚ ਛੋਟੀ ਜਿਹੀ ਮੇਜ਼ ਸੀ। ਦਰਵਾਜ਼ੇ ਦੇ ਕੋਲ ਠੋਕੀਆਂ ਹੋਈਆਂ ਕਿਲੀਆਂ ਉਤੇ ਜੱਤ ਦਾ ਕੋਟ ਤੇ ਚੋਲਾ ਲਟਕ ਰਿਹਾ ਸੀ। ਮੇਜ਼ ਉਤੇ ਕੰਡਿਆਂ ਦੇ ਤਾਜ ਵਾਲੀ ਈਸਾ ਮਸੀਹ ਦੀ ਮੂਰਤੀ ਸੀ ਤੇ ਉਸਦੇ ਸਾਮ੍ਹਣੇ ਦੀਵਾ ਜਗ ਰਿਹਾ ਸੀ। ਤੇਲ, ਪਸੀਨੇ ਅਤੇ ਮਿੱਟੀ ਦੀ ਅਜੀਬ ਜਿਹੀ ਵਾਸ਼ਨਾ ਆ ਰਹੀ ਸੀ। ਉਸਨੂੰ ਇਹ ਸਭ ਕੁਝ ਚੰਗਾ ਲਗ ਰਿਹਾ ਸੀ, ਇਹ ਵਾਸ਼ਨਾ ਵੀ।
ਭਿੱਜੇ ਹੋਏ ਪੈਰ, ਖ਼ਾਸ ਕਰਕੇ ਖੱਬਾ ਪੈਰ, ਉਸਨੂੰ ਫਿਕਰਮੰਦ ਕਰ ਰਹੇ ਸਨ। ਇਸ ਲਈ ਉਹ ਜਲਦੀ ਜਲਦੀ ਜੁੱਤੀਆਂ ਲਾਹੁਣ ਲਗੀ। ਉਹ ਲਗਾਤਾਰ ਮੁਸਕਰਾਉਂਦੀ ਜਾ ਰਹੀ ਸੀ। ਉਸਨੂੰ ਇਸ ਗੱਲ ਦੀ ਏਨੀ ਖੁਸ਼ੀ ਨਹੀਂ ਸੀ ਕਿ ਆਪਣੇ ਉਦੇਸ਼ ਵਿਚ ਸਫਲ ਹੋ ਗਈ ਸੀ, ਜਿੰਨੀ ਇਸ ਗੱਲ ਦੀ ਕਿ ਇਸ ਸੋਹਣੇ, ਇਸ ਅਦਭੁੱਤ ਤੇ ਅਜੀਬ ਢੰਗ ਨਾਲ ਆਕਰਸ਼ਕ ਆਦਮੀ ਦੇ ਦਿਲ ਵਿਚ ਹਲਚਲ ਪੈਦਾ ਕਰ ਦਿਤੀ ਸੀ। "ਉਸਨੇ ਦਿਲਚਸਪੀ ਜ਼ਾਹਿਰ ਨਹੀਂ ਕੀਤੀ, ਤਾਂ ਕੀ ਹੋਇਆ, "ਉਸਨੇ ਆਪਣੇ ਆਪ ਨੂੰ ਕਿਹਾ। “ਪਾਦਰੀ ਸੇਰਗਈ! ਧਰਮ-ਪਿਤਾ ਸੇਰਗਈ! ਇਹ ਹੀ ਹੈ ਨਾ ਤੁਹਾਡਾ ਨਾਂ?
“ਕੀ ਚਾਹੀਦਾ ਹੈ ਤੁਹਾਨੂੰ?" ਮੱਧਮ ਜਿਹੀ ਆਵਾਜ਼ ਵਿਚ ਜਵਾਬ ਮਿਲਿਆ।
‘‘ਕਿਰਪਾ ਕਰਕੇ ਮੈਨੂੰ ਮੁਆਫ ਕਰ ਦਿਓ ਕਿ ਮੈਂ ਤੁਹਾਡੀ ਤਪੱਸਿਆ ਵਿਚ ਖਲੱਲ ਪਾ ਦਿੱਤਾ ਹੈ। ਪਰ ਮੈਂ ਕੁਝ ਹੋਰ ਕਰ ਵੀ ਤਾਂ ਨਹੀਂ ਸਕਦੀ ਸੀ। ਮੈਂ ਬਿਮਾਰ ਹੋ ਜਾਂਦੀ। ਹੋ ਸਕਦਾ ਹੈ ਕਿ ਹੁਣ ਵੀ ਬਿਮਾਰ ਹੋ ਜਾਵਾਂ ਮੈਂ ਤਾਂ ਬਿਲਕੁਲ ਭਿੱਜੀ ਪਈ ਹਾਂ, ਪੈਰ ਬਰਫ਼ ਦੀ ਤਰ੍ਹਾਂ ਠੰਡੇ ਹਨ।"
“ਮੈਂ ਮੁਆਫ਼ੀ ਚਾਹੁੰਦਾ ਹਾਂ," ਮੱਧਮ ਜਿਹੀ ਆਵਾਜ਼ ਵਿੱਚ ਜਵਾਬ ਮਿਲਿਆ, "ਪਰ ਮੈਂ ਤੁਹਾਡੀ ਕੁਝ ਵੀ ਤਾਂ ਸੇਵਾ ਨਹੀਂ ਕਰ ਸਕਦਾ।"
“ਮੈਂ ਤਾਂ ਕਿਸੇ ਹਾਲਤ ਵਿਚ ਤੁਹਾਨੂੰ ਪ੍ਰੇਸ਼ਾਨ ਨਾ ਕਰਦੀ। ਮੈਂ ਤਾਂ ਬਸ, ਪਹੁ ਫੁੱਟਣ ਤਕ ਹੀ ਇਥੇ ਰਹਾਂਗੀ।"
ਪਾਦਰੀ ਸੇਰਗਈ ਨੇ ਕੋਈ ਜਵਾਬ ਨਾ ਦਿਤਾ। ਉਸਨੂੰ ਸੁਣਾਈ ਦਿੱਤਾ ਕਿ ਉਹ ਕੁਝ ਬੁੜਬੁੜਾ ਰਿਹਾ ਹੈ, ਸ਼ਾਇਦ ਪ੍ਰਾਰਥਨਾ ਕਰ ਰਿਹਾ ਹੈ।
"ਤੁਸੀਂ ਇਥੇ ਤਾਂ ਨਹੀਂ ਆਵੋਗੇ ਨਾ?" ਉਸਨੇ ਮੁਸਕਰਾਉਂਦਿਆਂ ਹੋਇਆ ਪੁੱਛਿਆ। "ਕਪੜੇ ਲਾਹ ਕੇ ਮੈਂ ਉਹਨਾਂ ਨੂੰ ਸੁਕਾਉਣਾ ਹੈ।"
ਪਾਦਰੀ ਸੇਰਗਈ ਨੇ ਕੋਈ ਜਵਾਬ ਨਾ ਦਿਤਾ ਅਤੇ ਦੂਸਰੇ ਕਮਰੇ ਵਿਚ ਅਡੋਲ ਪ੍ਰਾਰਥਨਾ ਕਰਦਾ ਰਿਹਾ।
“ਹਾਂ, ਇਹ ਹੈ ਅਸਲੀ ਇਨਸਾਨ,"ਉਸਨੇ ਪਾਣੀ ਨਾਲ ਭਰੀ ਹੋਈ ਜੁੱਤੀ ਨੂੰ ਪੂਰੇ ਜ਼ੋਰ ਨਾਲ ਉਤਾਰਨ ਦੀ ਕੋਸ਼ਿਸ਼ ਕਰਦੇ ਹੋਏ ਸੋਚਿਆ। ਉਹ ਉਸਨੂੰ ਖਿੱਚ ਰਹੀ ਸੀ, ਪਰ ਉਹ ਉਤਰ ਨਹੀਂ ਰਹੀ ਸੀ। ਉਸਨੂੰ ਹਾਸਾ ਆ ਗਿਆ ਤੇ ਉਹ ਜਾਣਦੀ ਸੀ ਕਿ ਪਾਦਰੀ ਸੇਰਗਈ ਉਸਦਾ ਹਾਸਾ ਸੁਣ ਰਿਹਾ ਹੈ ਤੇ ਇਸ ਉਦੇਸ਼ ਨਾਲ ਕਿ ਉਸ ਉਤੇ ਉਸਦੇ ਹਾਸੇ ਦਾ ਵੈਸਾ ਹੀ ਅਸਰ ਹੋ ਰਿਹਾ ਹੈ, ਜਿਸ ਤਰ੍ਹਾਂ ਦਾ ਕਿ ਉਹ ਚਾਹੁੰਦੀ ਸੀ, ਹੋਰ ਵੀ ਜ਼ੋਰ ਨਾਲ ਹੱਸ ਪਈ। ਅਸਲ ਵਿਚ ਇਸ ਖੁਸ਼ੀ ਭਰੇ ਹਾਸੇ ਦਾ, ਸੁਭਾਵਿਕ ਤੇ ਹਾਰਦਿੱਕ ਹਾਸੇ ਦਾ ਉਸ ਉਤੇ ਵੈਸਾ ਹੀ ਅਸਰ ਹੋਇਆ, ਜਿਸ ਤਰ੍ਹਾਂ ਦਾ ਉਹ ਚਾਹੁੰਦੀ ਸੀ।
"ਹਾਂ, ਐਸੇ ਵਿਅਕਤੀ ਨਾਲ ਪਿਆਰ ਕੀਤਾ ਜਾ ਸਕਦਾ ਹੈ। ਉਸ ਦੀਆਂ ਉਹ ਅੱਖਾਂ! ਉਸਦਾ ਉਹ ਸਾਦਾ-ਸਰਲ, ਰੁਅਬਦਾਰ ਤੇ ਚਾਹੇ ਉਹ ਕਿੰਨੀਆਂ ਵੀ ਪ੍ਰਾਰਥਨਾਵਾਂ ਕਿਉਂ ਨਾ ਕਰੇ -ਕਾਮੁਕ ਚਿਹਰਾ!" ਉਸ ਨੇ ਸੋਚਿਆ।"ਅਸਾਂ ਔਰਤਾਂ ਦੀਆਂ ਅੱਖਾਂ ਵਿਚ ਕੋਈ ਘੱਟਾ ਨਹੀਂ ਪਾ ਸਕਦਾ। ਜਦੋਂ ਉਸਨੇ ਸ਼ੀਸ਼ੇ ਨਾਲ ਮੂੰਹ ਚਪਕਾਇਆ ਸੀ ਤੇ ਮੈਨੂੰ ਵੇਖਿਆ ਸੀ, ਉਸੇ ਵੇਲੇ ਉਹ ਸਭ ਕੁਝ ਸਮਝ ਗਿਆ ਸੀ, ਜਾਣ ਗਿਆ ਸੀ। ਉਸ ਦੀਆਂ ਅੱਖਾਂ ਚਮਕ ਉਠੀਆਂ ਸਨ ਤੇ ਉਹਨਾਂ ਉਤੇ ਇਕ ਮੋਹਰ ਅੰਕਿਤ ਹੋ ਕੇ ਰਹਿ ਗਈ ਸੀ। ਉਸਦੇ ਦਿਲ ਵਿਚ ਪਿਅਰ ਦੀ ਲਹਿਰ ਦੌੜ ਗਈ ਸੀ, ਮੈਨੂੰ ਹਾਸਲ ਕਰਨ ਦੀ ਇੱਛਾ ਪੈਦਾ ਹੋ ਗਈ ਸੀ। ਹਾਂ, ਮੈਨੂੰ ਹਾਸਲ ਕਰਨ ਦੀ ਇੱਛਾ, "ਉਸਨੇ ਆਖਿਰ ਜੁੱਤੀ ਲਾਹ ਕੇ ਆਪਣੇ ਆਪ ਨੂੰ ਕਿਹਾ। ਹੁਣ ਉਹ ਆਪਣੀਆਂ ਜੁਰਾਬਾਂ ਲਾਹੁਣੀਆਂ ਚਾਹੁੰਦੀ ਸੀ। ਪਰ ਗੈਟਸ ਨਾਲ ਕੱਸੀਆਂ ਹੋਈਆਂ ਲੰਮੀਆਂ ਜਰਾਬਾਂ ਨੂੰ ਲਾਹੁਣ ਲਈ ਸਰਕਟ ਨੂੰ ਉਪਰ ਕਰਨਾ ਜ਼ਰੂਰੀ ਸੀ। ਉਸਨੂੰ ਇਸ ਤਰ੍ਹਾਂ ਕਰਦਿਆ ਸ਼ਰਮ ਮਹਿਸੂਸ ਹੋਈ ਤੇ ਉਹ ਕਹਿ ਉਠੀ-
"ਏਧਰ ਨਾ ਆਉਣਾ।"
ਕੰਧ ਦੇ ਪਿਛੋਂ ਕੋਈ ਜਵਾਬ ਨਾ ਮਿਲਿਆ। ਇਕੋ ਹੀ ਕਿਸਮ ਦੀ ਬੁੜਬੁੜ ਤੇ ਹਿਲਣ-ਜੁਲਣ ਦੀ ਆਵਾਜ਼ ਸੁਣਾਈ ਦੇ ਰਹੀ ਸੀ। "ਸ਼ਾਇਦ ਉਹ ਜ਼ਮੀਨ ਉਤੇ ਮੱਥਾ ਟੇਕ ਰਿਹਾ ਹੈ, "ਉਸਨੇ ਸੋਚਿਆ। ਪਰ ਕੁਝ ਨਹੀਂ ਹੋਵੇਗਾ ਮੱਥੇ ਰਗੜਨ ਨਾਲ, "ਉਹ ਆਪਣੇ ਆਪ ਨੂੰ ਕਹਿੰਦੀ ਗਈ। "ਉਹ ਮੇਰੇ ਬਾਰੇ ਸੋਚ ਰਿਹਾ ਹੈ। ਠੀਕ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਮੈਂ ਉਸ ਦੇ ਬਾਰੇ। ਵੈਸੀ ਹੀ ਭਾਵਨਾ ਨਾਲ ਉਹ ਇਹਨਾਂ ਟੰਗਾਂ ਬਾਰੇ ਸੋਚ ਰਿਹਾ ਹੈ, "ਗਿੱਲੀਆਂ ਜੁਰਾਬਾਂ ਨੂੰ ਲਾਹਕੇ ਨੰਗੇ ਪੈਰਾਂ ਨੂੰ ਬਿਸਤਰੇ ਉਤੇ ਰਖਦਿਆਂ ਤੇ ਫਿਰ ਉਹਨਾਂ ਨੂੰ ਆਪਣੇ ਹੇਠਾਂ ਦਬਾਉਂਦਿਆਂ ਹੋਇਆ ਉਸਨੇ ਖੁਦ ਨੂੰ ਕਿਹਾ। ਗੋਡਿਆਂ ਦੁਆਲੇ ਬਾਹਾਂ ਵਲੀ ਤੇ ਸੋਚ ਵਿਚ ਡੁੱਬੀ ਆਪਣੇ ਸਾਮ੍ਹਣੇ ਪਾਸੇ ਦੇਖਦੀ ਹੋਈ ਕੁਝ ਦੇਰ ਤਕ ਉਹ ਇਸੇ ਤਰ੍ਹਾਂ ਬੈਠੀ ਰਹੀ। "ਹਾਂ, ਇਹ ਵਿਰਾਨਾ, ਇਹ ਖਾਮੋਸ਼ੀ। ਕਦੀ ਕਿਸੇ ਨੂੰ ਕੁਝ ਪਤਾ ਨਹੀਂ ਲਗੇਗਾ..."
ਉਹ ਉੱਠੀ, ਜਰਾਬਾਂ ਲੈ ਕੇ ਅੰਗੀਠੀ ਕੋਲ ਗਈ ਤੇ ਅੰਗੀਠੀ ਦੇ ਮੂੰਹ ਅੱਗੇ ਉਹਨਾਂ ਨੂੰ ਲਟਕਾ ਦਿੱਤਾ। ਕੁਝ ਖਾਸ ਹੀ ਕਿਸਮ ਦਾ ਸੀ ਇਹ। ਉਸਨੇ ਉਸਨੂੰ ਘੁਮਾਇਆ, ਨੰਗੇ ਪੈਰੀਂ ਹੌਲੀ ਹੌਲੀ ਕਦਮ ਪੁਟਦੀ ਹੋਈ ਬਿਸਤਰੇ ਵਲ ਗਈ ਅਤੇ ਉਹਨਾਂ ਨੂੰ ਫਿਰ ਬਿਸਤਰੇ ਉਤੇ ਟਿਕਾਅ ਕੇ ਬੈਠ ਗਈ। ਕੰਧ ਦੇ ਪਿਛੇ ਬਿਲਕੁਲ ਖਾਮੋਸ਼ੀ ਛਾ ਗਈ। ਉਸਨੇ ਗਲੇ ਵਿਚ ਲਟਕਦੀ ਹੋਈ ਛੋਟੀ ਜਿਹੀ ਘੜੀ ਵਲ ਨਜ਼ਰ ਮਾਰੀ। ਰਾਤ ਦੇ ਦੋ ਵਜੇ ਸਨ। ਲਗਭਗ ਤਿੰਨ ਵਜੇ ਸਾਡੇ ਲੋਕ ਇਥੇ ਪਹੁੰਚ ਜਾਣਗੇ। ਬਸ, ਇਕ ਹੀ ਘੰਟਾ ਬਾਕੀ ਰਹਿ ਗਿਆ ਹੈ।
"ਤਾਂ ਕੀ ਇਕੱਲੀ ਹੀ ਮੈਂ ਇਥੇ ਬੈਠੀ ਰਹਾਂਗੀ? ਇਹ ਕੀ ਬਕਵਾਸ ਹੈ! ਨਹੀਂ ਚਾਹੁੰਦੀ ਇਹ ਮੈਂ! ਹੁਣੇ
ਬੁਲਾਉਂਦੀ ਹਾਂ ਉਸਨੂੰ।"
ਪਾਦਰੀ ਸੈਰਗਈ! ਧਰਮ-ਪਿਤਾ ਸੇਰਗਈ! ਸੇਰਗਈ ਦਮਿਤਰੀਵਿਚ, ਰਾਜਕੁਮਾਰ ਕਸਾਤਸਕੀ!"
ਉਧਰੋਂ ਕੋਈ ਜਵਾਬ ਨਾ ਮਿਲਿਆ।
"ਸੁਣੋ ਇਹ ਤਾਂ ਬੜੀ ਨਿਰਦੈਤਾ ਹੈ। ਅਗਰ ਮੈਂ ਐਸੀ ਜ਼ਰੂਰਤ ਮਹਿਸੂਸ ਨਾ ਕਰਦੀ, ਤਾਂ ਤੁਹਾਨੂੰ ਕਦੀ ਵੀ ਨਾ ਬੁਲਾਉਂਦੀ। ਮੈਂ ਬਿਮਾਰ ਹਾਂ। ਪਤਾ ਨਹੀਂ ਮੈਨੂੰ
ਕੀ ਹੋ ਗਿਐ, "ਉਸ ਨੇ ਦਰਦ ਭਰੀ ਆਵਾਜ਼ ਵਿਚ ਕਿਹਾ। "ਓਹ! ਓਹ!" ਬਿਸਤਰੇ ਉਤੇ ਡਿਗਦਿਆਂ, ਉਹ ਕੁਰਲਾ ਉਠੀ। ਇਹ ਅਜੀਬ ਜਿਹੀ ਗੱਲ ਹੋ ਸਕਦੀ ਹੈ, ਪਰ ਉਸਨੂੰ ਸਚਮੁਚ ਹੀ ਲਗਾ ਕਿ ਉਹ ਬਿਮਾਰ ਹੈ, ਬਹੁਤ ਬਿਮਾਰ ਹੈ, ਉਸਦੇ ਅੰਗ ਅੰਗ ਵਿਚ ਦਰਦ ਹੈ, ਜਿਵੇਂ ਕਿ ਉਹ ਤੇਜ਼ ਬੁਖਾਰ ਨਾਲ ਕੰਬ ਰਹੀ ਹੋਵੇ।
"ਸੁਣੋ ਤਾਂ ਮੇਰੀ ਮਦਦ ਕਰੋ। ਪਤਾ ਨਹੀਂ ਮੈਨੂੰ ਕੀ ਹੋ ਰਿਹੈ। ਓਹ! ਓਹ!" ਉਸਨੇ ਫਰਾਕ ਦੇ ਬਟਨ ਖੋਲ੍ਹਕੇ ਛਾਤੀ ਨੰਗੀ ਕਰ ਲਈ ਤੇ ਅਰਕਾਂ ਤਕ ਆਪਣੀਆਂ ਨੰਗੀਆਂ ਬਾਹਾਂ ਫੈਲਾ ਦਿਤੀਆਂ। 'ਓਹ! ਓਹ!"
ਪਾਦਰੀ ਸੇਰਗਈ ਇਸ ਸਾਰੇ ਸਮੇਂ ਦੇ ਦੌਰਾਨ ਪਿਛਲੀ ਕੋਠੜੀ ਵਿਚ ਖੜੋਤਾ ਪ੍ਰਾਰਥਨਾ ਕਰਦਾ ਰਿਹਾ ਸੀ। ਸ਼ਾਮ ਦੀਆਂ ਸਾਰੀਆਂ ਪ੍ਰਾਰਥਨਾਵਾਂ ਦਾ ਪਾਠ ਕਰਨ ਪਿਛੋਂ ਹੁਣ ਉਹ ਨੱਕ ਦੇ ਸਿਰੇ ਉਤੇ ਨਜ਼ਰ ਟਿਕਾਈ ਬੁੱਤ ਬਣਿਆ ਹੋਇਆ ਖੜੋਤਾ ਸੀ ਤੇ ਮਨ ਹੀ ਮਨ ਵਿਚ ਦੁਹਰਾ ਰਿਹਾ ਸੀ: “ਪ੍ਰਮਾਤਮਾ ਦੇ ਬੇਟੇ, ਈਸਾ ਮਸੀਹ, ਮੇਰੀ ਮਦਦ ਕਰੋ।"
ਪਰ ਉਸਨੇ ਸੁਣਿਆ ਸਭ ਕੁਝ ਸੀ। ਜਦੋਂ ਇਸ ਔਰਤ ਨੇ ਆਪਣਾ ਫ਼ਰਾਕ ਉਤਾਰਿਆ ਸੀ, ਤਾਂ ਉਸਨੂੰ ਰੇਸ਼ਮੀ ਕਪੜੇ ਦੀ ਸਰਸਰਾਹਟ ਸੁਣਾਈ ਦਿਤੀ ਸੀ, ਫਰਸ਼ ਉਤੇ ਨੰਗੇ ਪੈਰਾਂ ਦੀ ਆਹਟ ਤੇ ਹੱਥਾਂ ਨੂੰ ਲੱਤਾਂ ਉਤੇ ਫੇਰਨ ਦੀ ਆਵਾਜ਼ ਵੀ ਉਸਨੂੰ ਸੁਣਾਈ ਦਿਤੀ ਸੀ। ਉਸਨੇ ਮਹਿਸੂਸ ਕੀਤਾ ਸੀ ਕਿ ਉਹ ਦੁਰਬਲ ਹੈ, ਕਿਸੇ ਵੀ ਘੜੀ ਉਸਦਾ ਪਤਨ ਹੋ ਸਕਦਾ ਹੈ ਤੇ ਇਸੇ ਲਈ ਉਹ ਲਗਾਤਾਰ ਪ੍ਰਾਰਥਨਾ ਕਰਦਾ ਜਾ ਰਿਹਾ ਸੀ। ਉਸਨੂੰ ਲੋਕ-ਕਥਾ ਦੇ ਉਸ ਨਾਇਕ ਵਰਗਾ ਅਹਿਸਾਸ ਹੋ ਰਿਹਾ ਸੀ, ਜਿਸ ਲਈ ਮੁੜ ਕੇ ਵੇਖੇ ਬਗੈਰ ਹੀ ਅੱਗੇ ਵਧਦੇ ਜਾਣਾ ਜ਼ਰੂਰੀ ਸੀ। ਸੇਰਗਈ ਵੀ ਇਹ ਸਮਝ ਰਿਹਾ ਸੀ, ਇਹ ਅਨੁਭਵ ਕਰ ਰਿਹਾ ਸੀ ਕਿ ਉਸ ਦੇ ਆਲੇ ਦੁਆਲੇ, ਉਸਦੇ ਉਪਰ ਖਤਰਾ ਮੰਡਰਾ ਰਿਹਾ ਹੈ ਉਸਦਾ ਪਤਨ ਹੋ ਸਕਦਾ ਹੈ ਤੇ ਬਚਣ ਦੀ ਸਿਰਫ ਇਕ ਹੀ ਸੂਰਤ ਹੈ-ਉਸ ਵਲ ਬਿਲਕੁਲ ਨਾ ਵੇਖਿਆ ਜਾਏ। ਪਰ ਅਚਾਨਕ ਹੀ ਉਸਨੂੰ ਵੇਖਣ ਦੀ ਇੱਛਾ ਬੜੀ ਹੀ ਤੀਬਰ ਹੋ ਉਠੀ। ਇਸੇ ਘੜੀ ਉਸ ਔਰਤ ਨੇ ਕਿਹਾ,
“ਇਹ ਤਾਂ ਬੜੀ ਨਿਰਦੈਤਾ ਹੈ। ਮੇਰੀ ਤਾਂ ਜਾਨ ਵੀ ਨਿਕਲ ਸਕਦੀ ਏ।"
"ਹਾਂ, ਮੈਂ ਜਾਵਾਂਗਾ ਉਸ ਕੋਲ, ਪਰ ਉਸ ਪਾਦਰੀ ਦੀ ਤਰ੍ਹਾਂ ਹੀ ਜਿਸਨੇ ਆਪਣਾ ਇਕ ਹੱਥ ਵਿਭਚਾਰਨ ਉਤੇ ਰਖਿਆ ਸੀ ਤੇ ਦੂਸਰਾ ਅਗਨੀਕੁੰਡ ਵਿਚ ਪਾ ਦਿਤਾ ਸੀ। ਪਰ ਅਗਨੀਕੁੰਡ ਤਾਂ ਇਥੇ ਹੈ ਨਹੀਂ। ਉਸਨੇ ਏਧਰ ਉਧਰ ਨਜ਼ਰ ਫੇਰੀ ਹਾਂ, ਦੀਵਾ ਹੈ। ਉਸਨੇ ਦੀਵੇ ਦੀ ਲੋਅ ਉਤੇ ਆਪਣੀ ਉਂਗਲੀ ਧਰ ਦਿਤੀ ਅਤੇ ਨੱਕਮੂੰਹ ਸੁਕੇੜ ਕੇ ਦਰਦ ਸਹਿਣ ਲਈ ਤਿਆਰ ਹੋ ਗਿਆ। ਕਾਫੀ ਦੇਰ ਤਕ ਉਸਨੂੰ ਪੀੜ ਦਾ ਕੋਈ ਅਹਿਸਾਸ ਨਾ ਹੋਇਆ, ਪਰ ਅਚਾਨਕ ਉਹ ਇਹ ਨਾ ਤੈਅ ਕਰ ਸਕਿਆ ਕਿ ਉਸਨੂੰ ਦਰਦ ਹੋ ਰਹੀ ਹੈ ਕਿ ਨਹੀਂ ਤੇ ਜੇ ਹੋ ਰਹੀ ਹੈ, ਤਾਂ ਕਿੰਨੀ ਕੁ-ਉਸਨੇ ਬੁਰੀ ਤਰ੍ਹਾਂ ਮੂੰਹ ਬਣਾਇਆ ਤੇ ਝਟਕੇ ਨਾਲ ਆਪਣਾ ਹੱਥ ਪਿਛੇ ਹਟਾ ਲਿਆ। "ਨਹੀਂ, ਮੈਂ ਐਸਾ ਨਹੀਂ ਕਰ ਸਕਦਾ।"
"ਰੱਬ ਦੇ ਵਾਸਤੇ! ਉਫ, ਮੇਰੇ ਕੋਲ ਆਓ! ਮੇਰੀ ਜਾਨ ਨਿਕਲ ਰਹੀ ਹੈ, ਓਹ!"
"ਤਾਂ ਕੀ ਮੇਰਾ ਪਤਨ ਹੋ ਹੀ ਜਾਏਗਾ? ਨਹੀਂ, ਐਸਾ ਨਹੀਂ ਹੋਵੇਗਾ।"
"ਮੈਂ ਹੁਣੇ ਆਉਂਦਾ ਹਾਂ ਤੁਹਾਡੇ ਕੋਲ, "ਉਸਨੇ ਕਿਹਾ ਤੇ ਆਪਣਾ ਦਰਵਾਜ਼ਾ ਖੋਲ੍ਹਕੇ ਉਸ ਵਲ ਵੇਖੇ ਬਿਨਾਂ ਹੀ ਉਸਦੇ ਕੋਲੋਂ ਦੀ ਲੰਘਿਆ ਤੇ ਡਿਉੜੀ ਦੇ ਦਰਵਾਜ਼ੇ ਵੱਲ ਚਲਾ ਗਿਆ। ਉਥੇ, ਡਿਉੜੀ ਵਿਚ ਜਿਥੇ ਉਹ ਲੱਕੜਾਂ ਪਾੜਿਆ ਕਰਦਾ ਸੀ, ਉਸਨੇ ਅਨ੍ਹੇਰੇ ਵਿਚ ਉਸ ਮੁਢ ਨੂੰ ਟਟੋਲਿਆ ਜਿਸ ਉਤੇ ਰੱਖਕੇ ਉਹ ਬਾਲਣ ਲਈ ਲਕੜੀਆਂ ਪਾੜਦਾ ਹੁੰਦਾ ਸੀ ਤੇ ਕੰਧ ਨਾਲ ਰਖੀ ਹੋਈ ਕੁਹਾੜੀ ਨੂੰ ਵੀ ਲਭ ਲਿਆ।
"ਮੈਂ ਹੁਣੇ ਆਉਂਦਾ ਹਾਂ!" ਉਸਨੇ ਦੁਹਰਾਇਆ, ਸੱਜੇ ਹੱਥ ਵਿਚ ਕੁਹਾੜੀ ਫੜੀ, ਖੱਬੇ ਹੱਥ ਦੀ ਅੰਗੂਠੇ ਦੇ ਨਾਲ ਦੀ ਉਂਗਲੀ ਮੁਢ ਉਤੇ ਰੱਖੀ ਤੇ ਕੁਹਾੜੀ ਉਪਰ ਚੁੱਕ ਕੇ ਉਂਗਲੀ ਦੀ ਦੂਸਰੀ ਗੰਢ ਦੇ ਉਤੇ ਦੇ ਮਾਰੀ। ਉਂਗਲੀ ਏਨੀ ਹੀ ਮੋਟੀ ਲਕੜੀ ਦੇ ਮੁਕਾਬਲੇ ਵਿਚ ਜ਼ਿਆਦਾ ਆਸਾਨੀ ਨਾਲ ਕੱਟੀ ਗਈ, ਉਪਰ ਉਛਲੀ, ਮੁਢ ਦੇ ਸਿਰੇ ਉਤੇ ਜ਼ਰਾ ਕੁ ਰੁਕੀ ਤੇ ਫਿਰ ਫਰਸ਼ ਉਤੇ ਜਾ ਡਿੱਗੀ।
ਉਂਗਲੀ ਦੇ ਫਰਸ਼ ਉਤੇ ਡਿੱਗਣ ਦੀ ਆਵਾਜ਼ ਉਸਨੂੰ ਦਰਦ ਮਹਿਸੂਸ ਹੋਣ ਤੋਂ ਪਹਿਲਾਂ ਸੁਣਾਈ ਦਿੱਤੀ। ਉਹ ਦਰਦ ਨਾ ਹੋਣ ਦੇ ਕਾਰਨ ਹੈਰਾਨ ਹੋ ਹੀ ਰਿਹਾ ਸੀ ਕਿ ਉਸਨੇ ਬਹੁਤ ਜ਼ੋਰ ਦੀ ਪੀੜ ਮਹਿਸੂਸ ਕੀਤੀ ਤੇ ਨਾਲ ਹੀ ਗਰਮ ਲਹੂ ਦੀ ਧਾਰ ਵਗਣੀ ਸ਼ੁਰੂ ਹੋ ਗਈ। ਉਸਨੇ ਝਟਪਟ ਚੋਲੇ ਦੀ ਕੰਨੀਂ ਜ਼ਖਮ ਉਤੇ ਲਪੇਟੀ, ਉਸਨੂੰ ਆਪਣੀ ਵੱਖੀ ਨਾਲ ਘੁੱਟ ਲਿਆ, ਦਰਵਾਜ਼ੇ ਵਲ ਮੁੜਿਆ ਤੇ ਨਜ਼ਰਾਂ ਝੁਕਾਉਂਦੇ ਹੋਏ ਉਸ ਔਰਤ ਦੇ ਸਾਮ੍ਹਣੇ ਖੜੇ ਹੋ ਕੇ ਹੌਲੀ ਜੇਹੀ ਪੁੱਛਿਆ:
"ਕੀ ਚਾਹੀਦਾ ਹੈ ਤੁਹਾਨੂੰ?"
ਉਸਨੇ ਉਸਦੇ ਪੀਲੇ ਪਏ ਚਿਹਰੇ ਤੇ ਕੰਬਦੀ ਹੋਈ ਖੱਬੀ ਗਲ੍ਹ ਵਲ ਵੇਖਿਆ ਤੇ ਅਚਾਨਕ ਉਸਨੂੰ ਸ਼ਰਮ ਮਹਿਸੂਸ ਹੋਈ। ਉਹ ਉੱਛਲ ਕੇ ਖੜੀ ਹੋ ਗਈ, ਉਸਨੇ ਆਪਣਾ ਫਰ ਕੋਟ ਚੁੱਕਿਆ, ਉਸਨੂੰ ਆਪਣੇ ਉਪਰ ਪਾ ਲਿਆ, ਉਸਨੂੰ ਆਪਣੇ ਚਾਰ ਚੁਫੇਰੇ ਲਪੇਟ ਲਿਆ।
"ਮੈਨੂੰ ਪੀੜ ਹੋ ਰਹੀ ਸੀ... ਮੈਨੂੰ ਠੰਡ ਲਗ ਗਈ ਹੈ... ਮੈਂ... ਪਾਦਰੀ ਸੇਰਗਈ ...ਮੈਂ..."
ਹਲਕੀ ਹਲਕੀ ਖੁਸ਼ੀ ਨਾਲ ਚਮਕਦੀਆਂ ਹੋਈਆਂ ਆਪਣੀਆਂ ਅੱਖਾਂ ਉਪਰ ਚੱਕ ਕੇ ਉਹ ਬੋਲਿਆ:
"ਪਿਆਰੀ ਭੈਣ, ਤੂੰ ਆਪਣੀ ਅਮਰ ਆਤਮਾ ਨੂੰ ਪਤਨ ਦੇ ਖੱਡੇ ਵਿਚ ਕਿਉਂ ਡੇਗਣਾ ਚਾਹੁੰਦੀ ਸੈਂ? ਲੋਭ-ਲਾਲਸਾਵਾਂ ਤਾਂ ਇਸ ਦੁਨੀਆਂ ਵਿਚ ਆਉਣਗੀਆਂ ਹੀ, ਪਰ ਬੁਰਾ ਹੋਵੇ ਉਹਨਾਂ ਦਾ ਜਿਹੜਾ ਇਹਨਾਂ ਨੂੰ ਪੈਦਾ ਕਰਦੇ ਹਨ... ਪ੍ਰਾਰਥਨਾ ਕਰੋ ਕਿ ਪ੍ਰਮਾਤਮਾ ਸਾਨੂੰ ਮੁਆਫ ਕਰ ਦੇਵੇ।"
ਉਹ ਪਾਦਰੀ ਸੇਰਗਈ ਦੀ ਗੱਲ ਸੁਣ ਰਹੀ ਸੀ ਤੇ ਉਸ ਵੱਲ ਵੇਖ ਰਹੀ ਸੀ। ਅਚਾਨਕ ਹੀ ਉਸਨੂੰ ਫਰਸ਼ ਉਤੇ ਡਿੱਗਦੀਆਂ ਬੂੰਦਾਂ ਦੀ ਆਵਾਜ਼ ਸੁਣਾਈ ਦਿਤੀ। ਉਸਨੇ ਧਿਆਨ ਨਾਲ ਦੇਖਿਆ ਤਾਂ ਚੋਲੇ ਵਿਚ ਦਿਤੇ ਹੱਥ ਵਿਚੋਂ ਵਗਦਾ ਖੂਨ ਨਜ਼ਰ ਆਇਆ।
"ਹੱਥ ਨਾਲ ਤੁਸਾਂ ਕੀ ਕਰ ਦਿਤੈ?" ਉਸਨੂੰ ਉਹ ਆਵਾਜ਼ ਯਾਦ ਆਈ, ਜਿਹੜੀ ਉਸਨੇ ਸੁਣੀ ਸੀ ਉਹ ਝਟਪਟ ਦੀਵਾ ਚੁੱਕ ਕੇ ਡਿਉੜੀ ਵਲ ਨੱਠ ਉਠੀ। ਉਥੇ ਉਸਨੂੰ ਖੂਨ ਨਾਲ ਲੱਥਪਥ ਉਂਗਲੀ ਦਿਖਾਈ ਦਿਤੀ। ਉਸਦੇ ਚਿਹਰੇ ਦਾ ਰੰਗ ਤਾਂ ਸੇਰਗਈ ਦੇ ਚਿਹਰੇ ਦੇ ਰੰਗ ਨਾਲੋਂ ਵੀ ਜ਼ਿਆਦਾ ਪੀਲਾ ਪੈ ਗਿਆ ਸੀ। ਉਸਨੇ ਸੇਰਗਈ ਨੂੰ ਕੁਝ ਕਹਿਣਾ ਚਾਹਿਆ, ਪਰ ਉਹ ਹੌਲੀ ਹੌਲੀ ਆਪਣੀ ਕੋਠੜੀ ਵੱਲ ਚਲਾ ਗਿਆ ਤੇ ਉਸਨੇ ਦਰਵਾਜ਼ਾ ਬੰਦ ਕਰ ਲਿਆ।
"ਮੈਨੂੰ ਮੁਆਫ ਕਰ ਦਿਓ," ਉਹ ਬੋਲੀ। "ਕਿਸ ਤਰ੍ਹਾਂ ਆਪਣੇ ਪਾਪ ਦਾ ਪਸ਼ਚਾਤਾਪ ਕਰ ਸਕਦੀ ਹਾਂ ਮੈਂ?"
"ਚਲੀ ਜਾ।"
"ਲਿਆਓ, ਮੈਂ ਤੁਹਾਡੇ ਜ਼ਖਮ ਉਤੇ ਪੱਟੀ ਬੰਨ੍ਹ ਦਿਆਂ।"
"ਚਲੀ ਜਾ ਇਥੋਂ।"
ਉਹ ਜਲਦੀ ਜਲਦੀ ਕਪੜੇ ਤੇ ਫ਼ਰ ਦਾ ਕੋਟ ਵੀ ਪਾ ਕੇ ਤਿਆਰ ਹੋ ਗਈ ਤੇ ਇੰਤਜ਼ਾਰ ਕਰਨ ਲਗੀ। ਬਾਹਰ ਘੰਟੀਆਂ ਦੀ ਆਵਾਜ਼ ਸੁਣਾਈ ਦਿਤੀ।
"ਪਾਦਰੀ ਸੇਰਗਈ। ਮੈਨੂੰ ਮੁਆਫ ਕਰ ਦਿਓ।"
"ਜਾਓ। ਪ੍ਰਮਾਤਮਾ ਮੁਆਫ ਕਰੇਗਾ।"
"ਧਰਮ-ਪਿਤਾ ਸੇਰਗਈ, ਮੈਂ ਆਪਣਾ ਜੀਵਨ ਬਦਲ ਲਵਾਂਗੀ। ਮੈਨੂੰ ਠੁਕਰਾਓ ਨਹੀਂ।"
"ਜਾਓ।"
"ਮੁਆਫ ਕਰੋ ਤੇ ਅਸ਼ੀਰਵਾਦ ਦਿਓ।"
"ਪਿਤਾ, ਪੁਤ੍ਰ ਅਤੇ ਪਵਿੱਤਰ ਆਤਮਾ ਦੇ ਨਾਂ ਉਤੇ" ਕੰਧ ਦੇ ਪਿਛੋਂ ਸੁਣਾਈ ਦਿਤਾ,"ਜਾਓ।"
ਉਹ ਸਿਸਕੀਆਂ ਭਰਦੀ ਹੋਈ ਕੋਠੜੀ ਤੋਂ ਬਾਹਰ ਆਈ। ਵਕੀਲ ਉਸ ਵਲ ਵਧਿਆ ਤੇ ਬੋਲਿਆ:
"ਹਾਰ ਗਿਆ ਬਾਜ਼ੀ, ਕਮਬਖਤ ਕਿਸਮਤ ਹੀ ਐਸੀ ਹੈ। ਕਿਥੇ ਬੈਠੋਗੇ ਤੁਸੀਂ?""ਕਿਤੇ ਵੀ ਬੈਠ ਜਾਵਾਂਗੀ।"
ਉਹ ਬੈਠ ਗਈ ਤੇ ਸਾਰਾ ਰਸਤਾ ਉਸਨੇ ਇਕ ਵੀ ਸ਼ਬਦ ਮੂੰਹੋਂ ਨਹੀਂ ਕਢਿਆ।
ਇਕ ਸਾਲ ਪਿਛੋਂ ਉਹ ਤਪਸਵੀ ਅਰਸੇਨੀ ਦੀ ਅਗਵਾਈ ਹੇਠ, ਜਿਹੜਾ ਕਦੀ ਕਦੀ ਉਸਨੂੰ ਖ਼ਤ ਲਿਖਿਆ ਕਰਦਾ ਸੀ, ਮਠ ਵਿਚ ਬੇਹੱਦ ਸੰਜਮ ਦਾ ਜੀਵਨ ਬਿਤਾਉਣ ਲਗੀ।