ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ/ਪੰਜਾਬੀ ਨਿੱਕੀ ਕਹਾਣੀ ਵਿਚ ਕੌਮੀ ਪਛਾਣ

ਪੰਜਾਬੀ ਨਿੱਕੀ ਕਹਾਣੀ ਵਿਚ

ਕੌਮੀ ਪਛਾਣ


ਕੋਈ ਵੀ ਸਾਹਿਤ ਦੇ ਕੌਮੀ ਪਛਾਣ ਨਹੀਂ, ਤਾਂ ਉਹ ਕੁਝ ਵੀ ਨਹੀਂ। ਇਹ ਇਕ ਸੱਚ ਹੈ। ਪਰ ਇਹ ਸੱਚ ਸਾਹਿਤ-ਵਿਸ਼ੇਸ਼ ਨੂੰ ਬਾਹਰ ਦੇਖਣ ਵਾਲੇ ਵਿਅਕਤੀ ਲਈ ਪਛਾਨਣਾ ਜਿੰਨਾ ਸੌਖਾ ਹੈ, ਸਾਹਿਤ-ਵਿਸ਼ੇਸ਼ ਨਾਲ ਸੰਬੰਧਿਤ ਵਿਅਕਤੀ ਲਈ ਇਹ ਪਛਾਨਣਾ ਸ਼ਾਇਦ ਏਨਾ ਸੌਖਾ ਨਾ ਹੋਵੇ। ਸਭਿਆਚਾਰਕ ਪਛਾਣ ਵਾਂਗ, ਕੌਮੀ ਪਛਾਣ ਦੀ ਸਮੱਸਿਆ ਵੀ ਅਕਸਰ ਸੰਕਟ ਸਥਿਤੀ ਵਿਚ ਹੀ ਉੱਠਦੀ ਹੈ। ਸਾਧਾਰਨ ਤੌਰ ਉਤੇ ਅਸੀਂ ਇਸ ਪਛਾਣ ਨੂੰ ਅਚੇਤ ਹੰਡਾਈ ਜਾਂਦੇ ਹਾਂ, ਪਰ ਸੰਕਟ ਸਥਿਤੀ ਵਿਚ ਅਸੀਂ ਇਸ ਬਾਰੇ ਸੁਚੇਤ ਰੂਪ ਵਿਚ ਸੋਚਣ ਲਈ ਮਜਬੂਰ ਹੋ ਜਾਂਦੇ ਹਾਂ। ਹਰ ਸੰਕਟ-ਸਥਿਤੀ ਦਾ ਚਿਹਰਾ-ਹਰਾ ਆਪਣਾ ਹੁੰਦਾ ਹੈ, ਜਿਸ ਦਾ ਪਿਛਲੀ ਹਰ ਸੰਕਟੋ-ਸਥਿਤੀ ਨਾਲ ਕੋਈ ਸੰਬੰਧ ਤਾਂ ਹੋ ਸਕਦਾ ਹੈ, ਪਰ ਪਛਾਣ ਆਪਣੀ ਵੱਖਰੀ ਹੁੰਦੀ ਹੈ।

ਕੌਮੀ ਪਛਾਣ ਵੀ ਕੋਈ ਸਥਿਰ ਅਬਦਲ ਜੜ੍ਹ-ਰੂਪ ਚੀਜ਼ ਨਹੀਂ ਹੁੰਦੀ। ਪਰੰਪਰਾ ਦਾ ਹਵਾਲਾ ਇਸ ਵਾਸਤੇ ਜ਼ਰੂਰੀ ਹੈ, ਪਰ ਇਸ ਦੀ ਸਮਝ ਸਮਕਾਲੀਨਤਾ ਦੇ ਚੌਖਟੇ ਦੇ ਅੰਦਰ ਹੀ ਆਉਂਦੀ ਹੈ। ਸਮਕਾਲੀ ਸਮਾਜ ਵਿਚ ਚੱਲ ਰਹੇ ਅਮਲ ਇਸ ਕੌਮੀ-ਪਛਾਣ ਨੂੰ ਨਵਾਂ ਨਖ-ਸ਼ੰਖ ਦੇ ਰਹੇ ਹੁੰਦੇ ਹਨ, ਇਸ ਵਿਚ ਨਵੇਂ ਅੰਸ਼ ਭਰ ਰਹੇ ਹੁੰਦੇ ਹਨ। ਪਰੰਪਰਾ ਦੇ ਹਵਾਲੇ ਨਾਲ ਇਹਨਾਂ ਨਵੇਂ ਅੰਸ਼ਾਂ ਨੂੰ ਸਮਝਣਾ ਅਤੇ ਇਹਨਾਂ ਨਵੇਂ ਅੰਸ਼ਾਂ ਦੇ ਚਾਨਣ ਵਿਚ ਪਰੰਪਰ ਉਪਰ ਮੁੜ-ਨਜ਼ਰ ਮਾਰਨਾ ਜ਼ਰੂਰੀ ਹੁੰਦਾ ਹੈ। ਤਾਂ ਹੀ ਕੋਈ ਠੋਸ ਤਸਵੀਰ ਉਭਰ ਸਕਦੀ ਹੈ।

ਕੌਮੀ ਪਛਾਣ ਹੈ ਕੀ? ਇਸ ਦਾ ਉੱਤਰ ਕੋਈ ਵੀ ਸਮਾਜ-ਵਿਗਿਆਨੀ ਦੇ ਦੇਵੇਗਾ। ਇਥੇ ਸਪਸ਼ਟ ਕਰਨ ਵਾਲੀ ਗੱਲ ਇਹ ਹੈ ਕਿ ਸਭਿਆਚਾਰਕ ਪਛਾਣ ਅਤੇ ਕਮੀ ਪਛਾਣ ਇਕ ਚੀਜ਼ ਨਹੀਂ। ਸਭਿਆਚਾਰਕ ਪਛਾਣ ਲਈ ਕਿਸੇ ਇਕ ਜਨਸਮੂਹ ਨੂੰ ਦੂਜੇ ਜਨ-ਸਮੂਹ ਨਾਲੋਂ ਨਿਖੇੜਦਾ ਹਰ ਨਿੱਕੇ ਤੋਂ ਨਿੱਕਾ ਵਿਸਥਾਰ ਵੀ ਮਹੱਤਵਪੂਰਨ ਹੈ। ਪਰ ਕੌਮੀ ਪਛਾਣ ਵਿਚ ਕਿਸੇ ਸਮੁੱਚੀ ਕੌਮ ਦੀ ਮਾਨਸਿਕਤਾ ਆਪਣੀ ਹਦ ਦਾ ਪ੍ਰਗਟਾਅ ਕਿਸੇ ਆਦਰਸ਼, ਅਸੂਲ, ਵਸਤ, ਸਥਾਨ ਜਾਂ ਸ਼ਖ਼ਸੀਅਤ ਨਾਲ ਜੋੜ ਲੈਂਦੀ ਹੈ। ਇਹ ਸਥਿਤੀ ਅਲਪ-ਕਾਲੀ ਵੀ ਹੋ ਸਕਦੀ ਹੈ, ਦੀਰਘ-ਕਾਲੀ ਵੀ। ਸਾਹਿਤ ਵਿਚ ਕੌਮੀ ਪਛਾਣ ਲੱਭਣ ਲਈ ਇਹ ਗੱਲ ਧਿਆਨ ਵਿਚ ਰੱਖਣੀ ਜ਼ਰੂਰੀ ਹੈ ਕਿ ਸਾਹਿਤ ਨੂੰ ਸਮਾਜਕ ਚੇਤਨਾ ਦਾ ਇਕ ਰੂਪ ਕਿਹਾ ਜਾਂਦਾ ਹੈ। ਇਸ ਲਈ ਇਸ ਦੇ ਵਾਸਤੇ ਵਧੇਰੇ ਮਹੱਤਵ-ਪੂਰਨ ਸਵਾਲ ਇਹ ਹੈ ਕਿ ਸਮਕਾਲੀ ਹਾਲਤਾਂ ਵਿਚ ਇਹ ਕੌਮੀ ਪਛਾਣ ਮੁੱਖ ਰੂਪ ਵਿਚ ਕਿੱਥੇ ਨਿਹਿਤ ਹੈ? ਕਿਸ ਅੰਸ਼ ਨਾਲ ਮੁੱਖ ਤੌਰ ਉਤੇ ਜੁੜੀ ਹੋਈ ਹੈ? ਅਤੇ ਇਸ ਅੰਸ਼ ਦਾ ਸਮਕਾਲੀ ਹਾਲਤਾਂ ਵਿਚ ਕੀ ਅਰਥ ਹੈ, ਕੀ ਮਹੱਤਵ ਹੈ?

ਆਪਣੀ ਗੱਲ ਦੀ ਵਿਆਖਿਆ ਲਈ ਪੰਜਾਬੀ ਦੇ ਬਦੇਸ਼ੀ ਬੈਠੇ ਕਹਾਣੀਕਾਰਾਂ ਸਵਰਨ ਚੰਦਨ, ਪ੍ਰੀਤਮ ਸਿੱਧੂ ਆਦਿ ਦੀ ਉਦਾਹਰਣ ਦਿੱਤੀ ਜਾ ਸਕਦੀ ਹੈ। ਉਹਨਾਂ ਦੀ ਸਾਰੀ ਰਚਨਾ ਦਾ ਧੁਰਾ ਕੌਮੀ ਪਛਾਣ ਦਾ ਸੰਕਟ ਹੈ। ਇਹ ਸੰਕਟ ਉਸ ਬੇਗਾਨਗੀ ਵਿਚੋਂ ਪੈਦਾ ਹੋ ਰਿਹਾ ਹੈ, ਜਿਹੜੀ ਉਹ ਆਪਣੇ ਅਪਣਾਏ ਹੋਏ ਮਾਹੌਲ ਵਿਚ ਮਹਿਸੂਸ ਕਰ ਰਹੇ ਹਨ। ਇਹ ਬੇਗਾਨਗੀ ਦਾ ਅਹਿਸਾਸ ਸਭਿਆਚਾਰੀਕਰਨ ਜਾਂ Acculturation ਦੇ ਚਲ ਰਹੇ ਅਮਲ ਵਿਚ ਹਾਰੀ ਹੋਈ ਧਿਰ ਦਾ ਅਹਿਸਾਸ ਹੈ, ਜਿਹੜੀ ਆਪਣੀ ਖ਼ਤਮ ਹੋ ਰਹੀ ਹਸਤੀ ਨੂੰ ਪਿੱਛੇ ਰਹਿ ਗਈ ਕੌਮੀ-ਪਛਾਣ ਦਾ ਠੁੰਮਣਾ ਦੇਣਾ ਚਾਹੁੰਦੀ ਹੈ। ਇਸ ਕੌਮੀ ਪਛਾਣ ਨੂੰ ਉਹ ਇਖ਼ਲਾਕੀ ਕਦਰਾਂ ਕੀਮਤਾਂ ਦੇ ਨਾਲ ਜੋੜਦੀ ਹੈ। ਇਹ ਕਦਰਾਂ-ਕੀਮਤਾਂ ਇਸ ਧਿਰ ਨੂੰ ਪੱਛਮ ਦੇ ਉੱਨਤ ਸਨਅੱਤੀ ਸਮਾਜ ਦੀਆਂ ਨਿੱਘਰ ਚੁੱਕੀਆਂ ਕਦਰਾਂ-ਕੀਮਤਾਂ ਦੇ ਮੁਕਾਬਲੇ ਉਤੇ ਉੱਚਤਾ ਦਾ ਅਹਿਸਾਸ ਦੇਦੀਆਂ ਹਨ। ਇਸੇ ਦ੍ਰਿਸ਼ਟੀਕੋਨ ਤੋਂ ਉਹ ਪੱਛਮੀ ਸਦਾਚਾਰ ਉਤੇ ਟਿੱਪਣੀ ਕਰਦੇ ਹਨ, ਜਿਹੜੀ ਕਿ ਨਸਲ-ਮੁਖੀ (Ethnocentric) ਟਿੱਪਣੀ ਹੋ ਨਿਬੜਦੀ ਹੈ।

ਇਹਨਾਂ ਸਾਰੇ ਕਹਾਣੀਕਾਰਾਂ ਦੀ ਸਾਰੀ ਸਥਿਤੀ ਵਿਚ ਕਈ ਦਵੰਦ ਅਤੇ ਵਿਰੋਧ ਦੇਖੇ ਜਾ ਸਕਦੇ ਹਨ। ਪਰ ਸਾਡੇ ਲਈ ਸਭ ਤੋਂ ਉਘੜਵਾਂ ਵਿਰੋਧ ਇਹ ਹੈ ਕਿ ਜਿਨ੍ਹਾਂ ਸਦਾਚਾਰਕ ਕਦਰਾਂ-ਕੀਮਤਾਂ ਨਾਲ ਉਹਨਾਂ ਨੇ ਆਪਣੀ ਕੌਮੀ ਪਛਾਣ ਨੂੰ ਜੋੜ ਲਿਆ ਹੈ, ਉਹ ਕਦਰਾਂ-ਕੀਮਤਾਂ ਉਹਨਾਂ ਦੇ ਕੌਮੀ ਸਮਾਜ ਵਿਚ ਇਸ ਵੇਲੇ ਉਹ ਮਹੱਤਾ ਨਹੀਂ ਰਖਦੀਆਂ ਜਿਹੜੀ ਉਹਨਾਂ ਦੇ ਦਿਮਾਗ਼ ਵਿਚ ਹੈ। ਬਾਵਜੂਦ ਇਸ ਗੱਲ ਦੇ ਕਿ ਇਹ ਲੇਖਕ ਆਪਣੇ ਮਾਹੌਲ ਦੇ ਅਤਿ ਉੱਤੇ ਜੀਵ ਹਨ, ਉਹਨਾਂ ਦਾ ਦ੍ਰਿਸ਼ਟੀਕੋਨ ਉਹਨਾਂ ਹਾਲਤਾਂ ਨੂੰ ਪ੍ਰਤਿਬਿੰਬਤ ਕਰਦਾ ਹੈ, ਜਿਹੜੀਆਂ ਉਹਨਾਂ ਵਲੋਂ ਆਪਣੇ ਸਮਾਜ ਨੂੰ ਛੱਡਣ ਵੇਲੇ ਇਥੇ ਪਾਈਆਂ ਜਾਂਦੀਆਂ ਸਨ - ਭਾਵ, ਅਰਧ-ਜਾਗੀਰੂ, ਅਰਧ-ਸਰਮਾਇਦਾਰਾਂ। ਇਸੇ ਕਰਕੇ ਉਹ ਆਪਣੇ ਪਿੱਛੇ ਛੱਡੇ ਸਮਾਜ ਨਾਲ ਵੀ ਪਛਾਣ ਕਾਇਮ ਨਹੀਂ ਕਰ ਸਕਦੇ, ਜਿਸ ਤੋਂ ਉਹ ਆਪਣੇ ਆਪ ਨੂੰ ਉੱਨਤ ਦਸਦੇ ਹਨ, ਪਰ ਅਸਲ ਵਿਚ ਜਿਸ ਤੋਂ ਉਹ ਪੱਛੜੇ ਹੋਏ ਹਨ। ਚੰਗੀ ਗੱਲ ਇਹ ਹੈ ਕਿ ਉਹਨਾਂ ਦਾ ਇਹ ਪਿਛਲਾ ਭਰਮ ਅਜੇ ਨਹੀਂ ਤਿੜਕਿਆ, ਨਹੀਂ ਤਾਂ ਉਹ ਕੌਮੀ ਪਛਾਣ ਦੇ ਪੱਖ ਦੂਹਰੇ ਸੰਕਟ ਵਿਚ ਗ੍ਰਸੇ ਜਾਣ।

1947 ਦਾ ਸਾਲ ਸਾਡੀ ਕੌਮੀ ਚੇਤਨਾ ਦੇ ਪੱਖੋਂ ਇਕ ਪੂਰਤੀ ਦਾ ਸਾਲ ਸੀ। ਪਰ ਪੰਜਾਬੀ ਸਾਹਿਤਕਾਰ ਲਈ ਇਹ ਸਾਲ ਬੌਧਕ ਅਤੇ ਭਾਵਕ ਸੰਕਟ ਦਾ ਸਾਲ ਸੀ, ਜਦੋਂ ਉਸ ਦੀ ਆਪਣੀ ਪਛਾਣ ਤਿੜਕ ਗਈ। ਇਸ ਤਿੜਕੀ ਪਛਾਣ ਨੂੰ ਉਸ ਨੇ ਹਿੰਦੂ-ਮੁਸਲਿਮ-ਸਿੱਖ ਇਤਿਹਾਦ ਦੇ ਆਦਰਸ਼ ਨਾਲ ਮੁੜ ਜੋੜਨ ਦੀ ਕੋਸ਼ਿਸ਼ ਕੀਤੀ। ਸਾਡੇ ਸਥਾਪਤ ਕਹਾਣੀਕਾਰਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਇਸ ਆਦਰਸ਼ ਨੂੰ ਅਰਪਿਤ ਹਨ, ਜਿਹੜਾ ਆਦਰਸ਼ ਮਹਾਤਮਾ ਗਾਂਧੀ ਅਤੇ ਜਵਾਹਰ ਲਾਲ ਨਹਿਰੂ ਦੀ ਅਗਵਾਈ ਹੇਠ ਸਾਡੀ ਕੌਮੀ ਪਛਾਣ ਬਣ ਗਿਆ ਸੀ। ਉਸ ਸਮੇਂ ਨਾਨਕ ਸਿੰਘ, ਗੁਰਬਖ਼ਸ਼ ਸਿੰਘ 'ਪ੍ਰੀਤ ਲੜੀ', ਕਰਤਾਰ ਸਿੰਘ ਦੁੱਗਲ, ਸੁਜਾਨ ਸਿੰਘ, ਸੰਤੋਖ ਸਿੰਘ ਧੀਰ ਅਤੇ ਨਵਤੇਜ ਸਿੰਘ ਅਤੇ ਲਗਭਗ ਹਰ ਸਥਾਪਤ ਅਤੇ ਉੱਭਰ ਰਹੇ ਕਹਾਣੀਕਾਰ ਨੇ ਇਸ ਆਦਰਸ਼ ਨੂੰ ਮੁੱਖ ਰੱਖ ਕੇ ਕਹਾਣੀਆਂ ਲਿਖੀਆਂ।

ਖ਼ਾਸ ਦੌਰਾਂ ਵਿਚ ਕੌਮੀ ਪਛਾਣ ਵਿਸ਼ੇਸ਼ ਹਸਤੀਆਂ ਨਾਲ ਵੀ ਜੁੜ ਸਕਦੀ ਹੈ। ਪੰਜਾਬੀ ਕਹਾਣੀ ਦੇ ਖੇਤਰ ਵਿਚ ਖ਼ਾਸ ਕਰਕੇ ਜਵਾਹਰ ਲਾਲ ਨਹਿਰੂ ਅਤੇ ਮਹਾਤਮਾ ਗਾਂਧੀ ਦਾ ਜ਼ਿਕਰ ਇਸ ਤਰ੍ਹਾਂ ਨਾਲ ਆਉਂਦਾ ਰਿਹਾ ਹੈ। ਦੁੱਗਲ ਦੀਆਂ ਕੁਝ ਕਹਾਣੀਆਂ ਦੇ ਪ੍ਰਤੱਖ ਜਾਂ ਪੱਖ ਨਾਇਕ ਇਹ ਹਸਤੀਆਂ ਹਨ। ਨਵਤੇਜ ਦੀਆਂ ਕਹਾਣੀਆਂ ਵਿਚ ਕਿਤੇ ਕਿਤੇ ਪੰਡਤ ਨਹਿਰੂ ਦਾ ਵਡਿਆਵਾਂ ਜ਼ਿਕਰ ਮਿਲਦਾ ਹੈ। ਇਕ ਖ਼ਾਸ ਸਮੇਂ ਲੋਕਨਾਇਕ ਵਜੋਂ ਪੰਡਤ ਨਹਿਰੂ ਦਾ ਉਭਰਨਾ ਉਸ ਨੂੰ ਕੌਮੀ ਪਛਾਣ ਨਾਲ ਇਕਮਿਕ ਕਰਦਾ ਹੈ। ਪਰ ਹਸਤੀਆਂ ਨਾਲ ਕੌਮੀ ਪਛਾਣ ਦਾ ਜੁੜਿਆ ਰਹਿਣਾ ਆਖ਼ਰ ਉਪਯੋਗੀ ਨਹੀਂ ਰਹਿੰਦਾ, ਕਿਉਂਕਿ ਇਹ ਹਸਤੀਆਂ ਸੰਕਟ-ਸਥਿਤੀ ਦੀ ਵੰਗਾਰ ਨੂੰ ਕਬੂਲਦਿਆਂ ਐਸੇ ਆਦਰਸ਼ਾਂ ਦੇ ਸਾਕਾਰ ਰੂਪ ਵਜੋਂ ਸਾਹਮਣੇ ਆਉਂਦੀਆਂ ਹਨ, ਜਿਨ੍ਹਾਂ ਲਈ ਕੋਈ ਕੌਮ ਉਸ ਵੇਲੇ ਲੜ ਰਹੀ ਹੁੰਦੀ ਹੈ। ਪਰ ਅਕਸਰ ਇਹ ਵੀ ਵਾਪਰ ਸਕਦਾ ਹੈ ਅਤੇ ਵਾਪਰਦਾ ਰਿਹਾ ਹੈ ਕਿ ਸਮਾਂ ਪਾ ਕੇ ਆਪਣੀ ਹਸਤੀ ਨੂੰ ਕਾਇਮ ਰੱਖਣ ਲਈ ਸੰਕਟ ਨੂੰ ਕਾਇਮ ਰੱਖਣਾ ਇਹ ਹਸਤੀਆਂ ਆਪਣਾ ਲਕਸ਼ ਬਣਾ ਲੈਂਦੀਆਂ ਹਨ। ਦੂਜੀ ਗੱਲ ਅਕਸਰ ਇਹ ਵਾਪਰਦੀ ਹੈ ਕਿ ਹਸਤੀਆਂ ਕਾਇਮ ਰਹਿੰਦੀਆਂ ਹਨ, ਅਸੂਲ ਅਤੇ ਆਦਰਸ਼, ਜਿਨ੍ਹਾਂ ਨੂੰ ਉਹ ਸੰਬੰਧਤ ਸਮੇਂ ਵਿਚ ਸਾਕਾਰ ਕਰ ਰਹੀਆਂ ਹੁੰਦੀਆਂ ਹਨ, ਪਿੱਛੇ ਪੈ ਜਾਂਦੇ ਅਤੇ ਅਕਸਰ ਭੁੱਲ ਜਾਂਦੇ ਹਨ। ਇਸ ਸੰਬੰਧ ਵਿਚ ਦੋ ਕਹਾਣੀਆਂ ਧਿਆਨ ਵਿਚ ਆਉਂਦੀਆਂ ਹਨ -- ਇਕ, ਕਰਤਾਰ ਸਿੰਘ ਦੁੱਗਲ ਦੀ ਸਤਾਈ ਮਈ, ਦੋ ਵਜੇ ਬਾਅਦ ਦੁਪਹਿਰ ਅਤੇ ਦੂਜੀ ਗੁਲਜ਼ਾਰ ਸਿੰਘ ਸੰਧੂ ਦੀ ‘ਲੋਕ-ਨਾਇਕ'। ਦੋਵੇਂ ਕਹਾਣੀਆਂ ਪੰਡਿਤ ਨਹਿਰੂ ਦੀ ਮੌਤ ਦੀ ਖ਼ਬਰ ਤੋਂ ਉਪਜੇ ਪ੍ਰਤਿਕਰਮਾਂ ਨੂੰ ਪੇਸ਼ ਕਰਦੀਆਂ ਹਨ। ਦੋਵੇਂ ਯਥਾਰਥਕ ਹੋ ਸਕਦੀਆਂ ਹਨ, ਪਰ ਸੰਧੂ ਦੀ ਕਹਾਣੀ ਪਹਿਲਾਂ ਹੀ ਉਸ ਖ਼ਦਸ਼ੇ ਨੂੰ ਸੱਚ ਹੁੰਦਾ ਦਸਦੀ ਹੈ, ਜਿਹੜਾ ਅਸੀਂ ਉੱਪਰ ਪ੍ਰਗਟ ਕੀਤਾ ਹੈ। ਇਸ ਵਿਚ ਹਸਤੀ ਦੀ ਪੂਜਾ ਸ਼ੁਰੂ ਹੈ, ਪਰ ਉਸ ਦੇ ਅਸੂਲਾਂ ਨੂੰ ਭੁਲਾ ਦਿਤਾ ਗਿਆ ਹੈ।

ਕੌਮੀ ਉਸਾਰੀ ਦੇ ਪਿੜ ਵਿਚ ਘਾਲਣਾਵਾਂ ਅਤੇ ਪ੍ਰਾਪਤੀਆਂ ਕੌਮੀ ਗੌਰਵ ਦਾ ਚਿੰਨ੍ਹ ਬਣਦਿਆਂ ਕੌਮੀ ਪਛਾਣ ਦਾ ਪ੍ਰਗਟਾਅ ਬਣ ਸਕਦੀਆਂ ਹਨ। ਪਦਾਰਥਕ ਸਭਿਆਚਾਰ ਦੇ ਪਿੜ ਵਿਚ ਇਹ ਕਿਸੇ ਹੱਦ ਤਕ ਸਾਡੇ ਲਈ ਐਸਾ ਚੰਨ ਬਣੀਆਂ ਵੀ ਹਨ। ਪਰ ਸਾਡੀ ਸਾਹਿਤ-ਚੇਤਨਾ ਵਿਚ ਇਹ ਕੌਮੀ ਪਛਾਣ ਵਜੋਂ ਨਹੀਂ ਉਤਰ ਸਕੀਆਂ। ਇਸ ਦਾ ਕਾਰਨ ਸ਼ਾਇਦ ਇਹ ਹੈ ਕਿ ਨਿੱਜੀ ਮਾਲਕੀ ਦੇ ਆਧਾਰ ਉਤੇ ਉਸਰਿਆ ਸਮਾਜਕ ਢਾਂਚਾ ਇਹਨਾਂ ਨੂੰ ਆਪਣੇ ਪ੍ਰਛਾਵੇਂ ਵਿਚ ਲੈ ਲੈਂਦਾ ਹੈ। ਇਸੇ ਲਈ ਜੇ ਕੁਝ ਕਹਾਣੀਆਂ ਵਿਚ ਇਹਨਾਂ ਘਾਲਣਾਵਾਂ ਦਾ ਜ਼ਿਕਰ ਹੋਇਆ ਵੀ ਹੈ ਤਾਂ ਨਿੱਜੀ ਮਾਲਕੀ ਦੇ ਸਿੱਟੇ ਵਜੋਂ ਪੈਦਾ ਹੋਣ ਵਾਲੀਆਂ ਕੁਰੀਤੀਆਂ ਨੂੰ ਉਘਾੜਨ ਦੇ ਪ੍ਰਸੰਗ ਵਿਚ ਹੋਇਆ ਹੈ। ਹਰ ਥਾਂ ਅਫ਼ਸਰਸ਼ਾਹੀ, ਅਨਿਆਂ, ਫਲ ਦੀ ਕਾਣੀ ਵੰਡ ਇਹਨਾਂ ਪ੍ਰਾਪਤੀਆਂ ਤੋਂ ਉਪਜਦੀ ਸ਼ੁਭ ਭਾਵਨਾ ਨੂੰ ਨਾਲੋ ਨਾਲ ਹੜੱਪ ਕਰੀ ਜਾਂਦੀ ਹੈ।

ਜਿਵੇਂ ਕਿ ਪਹਿਲਾਂ ਕਿਹਾ ਜਾ ਚੁੱਕਾ ਹੈ, ਕੌਮੀ ਪਛਾਣ ਸਮੇਂ ਸਮੇਂ ਵੱਖ ਵੱਖ ਅੰਸ਼ਾਂ ਨੂੰ ਆਪਣਾ ਵਾਹਣ ਬਣਾਉਂਦੀ ਹੈ। ਇਸ ਤਰ੍ਹਾਂ ਨਾਲ ਇਹ ਪਛਾਣ ਕੌਮੀ ਦੇ ਬਹੁਗਿਣਤੀ ਜੀਵਾਂ ਦੇ ਵਿਵਹਾਰ ਦੇ ਪੈਟਰਨਾਂ ਅਤੇ ਉਹਨਾਂ ਪਿੱਛੇ ਕੰਮ ਕਰਦੇ ਆਦਰਸ਼ਾਂ ਅਤੇ ਕਦਰਾਂ-ਕੀਮਤਾਂ ਨਾਲ ਜੁੜ ਜਾਂਦੀ ਹੈ। ਪਿਛਲੇ ਦੱਸ ਸਾਲਾਂ ਦੇ ਅਰਸੇ ਵਿਚ ਸਾਡੇ ਇਤਿਹਾਸ ਵਿਚ ਕੁਝ ਐਸੀਆਂ ਘਟਣਾਵਾਂ ਵਾਪਰੀਆਂ ਹਨ, ਜਿਨ੍ਹਾਂ ਨੇ ਉਹਨਾਂ ਸਭ ਆਦਰਸ਼ਾਂ ਅਤੇ ਕਦਰਾਂ-ਕੀਮਤਾਂ ਉਤੇ ਪ੍ਰਸ਼ਨ-ਚਿੰਨ੍ਹ ਲਾ ਦਿਤਾ ਹੈ, ਜਿਨ੍ਹਾਂ ਨਾਲ ਸਾਡੀ ਕੌਮੀ ਪਛਾਣ ਪ੍ਰੰਪਰਾਈ ਤੌਰ ਉਤੇ ਜੁੜੀ ਰਹੀ ਹੈ। 1975 ਵਿਚ ਐਮਰਜੈਂਸੀ ਦਾ ਲਾਗੂ ਕੀਤਾ ਜਾਣਾ ਅਤੇ ਉਸ ਨਾਲ ਕੁਝ ਲੋਕ-ਤੰਤਰ-ਵਿਰੋਧੀ ਅਤੇ ਅਨ-ਮਾਨਵੀ ਗੁਣਾਂ ਦਾ ਜੜਾਂ ਫੜਣਾ ਅਤੇ ਵਧਦੇ ਜਾਣਾ; ਹਾਕਮ ਸ਼ਰੇਣੀਆਂ ਵਲੋਂ ਸੌੜੇ ਹਿਤਾਂ ਦੀ ਖ਼ਾਤਰ ਮਨੁੱਖੀ ਜਾਮਿਆਂ ਵਿਚ ਜਿੰਨ ਪੈਦਾ ਕਰਨਾ, ਉਹਨਾਂ ਜਿੰਨਾਂ ਦਾ ਬੇਕਾਬੂ ਹੋ ਜਾਣਾ ਅਤੇ ਨਿਕਲਣ ਲੱਗਿਆਂ ਸਮੁੱਚੀ ਕੌਮ ਨੂੰ ਢਾਹ ਲਾਉਣ ਦਾ ਖ਼ਤਰਾ ਪੈਦਾ ਕਰ ਦੇਣਾ; ਉਹਨਾਂ ਦੇ ਸਿੱਟਿਆਂ ਨੂੰ ਵੀ ਹਾਕਮ ਸ਼ਰੇਣੀਆਂ ਵਲੋਂ ਆਪਣੇ ਹੱਕ ਵਿਚ ਭੁਗਤਾ ਜਾਣਾ; ਇਹ ਸਾਰਾ ਕੁਝ ਅਤੇ ਇਹੋ ਜਿਹਾ ਕਈ ਕੁਝ ਹੋਰ ਅੱਜ ਸਾਡੇ ਲੋਕ-ਤੰਤਰੀ ਢਾਂਚੇ, ਸਾਡੀ ਧਰਮਨਿਰਪੇਖਤਾ, ਪ੍ਰੰਪਰਾਈ ਮਾਨਵਵਾਦ ਅਤੇ ਉਦਾਰ ਭਾਵਨਾ, ਪੱਛੜੀਆਂ ਅਤੇ ਪਸਿੱਤੀਆਂ ਸ਼ਰੇਣੀਆਂ ਲਈ ਸਾਡੀ ਕਥਿਤ ਹਮਦਰਦੀ ਆਦਿ ਉਪਰ ਪ੍ਰਸ਼ਨ-ਚਿੰਨ ਲਾਉਂਦਾ ਹੈ, ਜਿਨ੍ਹਾਂ ਨਾਲ ਸਾਡੀ ਕੌਮੀ ਪਛਾਣ ਜੁੜੀ ਰਹੀ ਹੈ। ਖ਼ਤਰਾ ਪੂਰਾ ਹੈ ਕਿ ਹੋਰ ਵਿਕਸਤ ਸਰਮਾਇਦਾਰਾ ਸਨਅੱਤੀ ਦੇਸ਼ ਵਾਂਗ ਨਿੱਜੀ ਜਾਇਦਾਦ ਅਤੇ ਨਿੱਜੀ ਤਾਕਤੇ ਸਾਡੇ ਲਈ ਵੀ ਕੌਮੀ ਪਛਾਣ ਦਾ ਚਿੰਨ੍ਹ ਨਾ ਬਣ ਜਾਏ, ਜਿਸ ਵਿਚ ਸਾਧਾਰਨ ਵਿਅਕਤੀ ਫਿਰ ਇਹਨਾਂ ਨਿੱਜੀ ਟੀਚਿਆਂ ਲਈ ਖਾਜਾ ਬਣ ਕੇ ਰਹਿ ਜਾਏ, ਅਤੇ ਆਦਰਸ਼ਾਂ ਅਤੇ ਕਦਰਾਂ-ਕੀਮਤਾਂ ਦੀ ਗੱਲ ਕੁਥਾਵੇਂ ਹੋ ਜਾਏ। ਇਸ ਵੇਲੇ ਲੱੜ ਘਬਰਾ ਕੇ ਨਿਰਾਸ਼ਾ ਵਿਚ ਡਿੱਗਣ ਦੀ ਨਹੀਂ, ਨਾ ਹੀ ਸੋਹਣੀ ਸ਼ਬਦਾਵਲੀ ਨਾਲ ਸਥਿਤੀ ਦੀ ਪੋਚਾ ਪਾਚੀ ਕਰਨ ਅਤੇ ਇਸ ਨੂੰ ਲਿਸ਼ਕਾ ਕੇ ਪੇਸ਼ ਕਰਨ ਦੀ ਹੈ। ਲੋੜ ਬੀਤੇ ਦੀ ਸ਼ਰਨ ਲੈਣ ਜਾਂ ਉਸ ਨੂੰ ਵਡਿਆਉਣ ਦੀ ਨਹੀਂ, ਸਗੋਂ ਹਕੀਕਤਾਂ ਨੂੰ ਸਮਝਣ ਅਤੇ ਆਪਣੀਆਂ ਕੀਮਤਾਂ ਨੂੰ ਪੁਨਰ ਸਥਾਪਤ ਕਰਨ ਦੀ ਹੈ।

ਸਮੱਸਿਆ ਵੀ ਅਤੇ ਸਥਿਤੀ ਵੀ ਜਟਿਲ ਹੈ। ਇਸ ਲਈ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਪੰਜਾਬੀ ਨਿੱਕੀ ਕਹਾਣੀ ਨੇ, ਜੋ ਕਿ ਕਵਿਤਾ ਤੋਂ ਮਗਰੋਂ ਪ੍ਰਤਿਕਰਮ ਦੇਣ ਵਿਚ ਸਭ ਤੋਂ ਅੱਗੇ ਹੁੰਦੀ ਹੈ, ਅਜੇ ਤੱਕ ਨਵੀਆਂ ਹਾਲਤਾਂ ਦਾ ਹੁੰਗਾਰਾ ਨਹੀਂ ਭਰਿਆ। ਸ਼ਾਇਦ ਹਾਲਾਤ ਨਾਲ ਨਿੱਕੀ ਕਹਾਣੀ ਦਾ ਬਰ ਮੈਚ ਨਹੀਂ ਖਾਂਦਾ। ਜਿਹੜੀਆਂ ਕੁਝ ਕਹਾਣੀਆਂ ਸਾਹਮਣੇ ਆਈਆਂ ਹਨ ਉਹਨਾਂ ਤੋਂ ਅਜੇ ਇਸੇ ਗੱਲ ਦਾ ਪਤਾ ਲਗਦਾ ਹੈ ਕਿ ਲੇਖਕ ਸੇਧ ਟਟੋਲ ਰਹੇ ਹਨ। ਇਹਨਾਂ ਤੋਂ ਪੰਜਾਬੀ ਕਹਾਣੀਕਾਰਾਂ ਦਾ ਇਹ ਫ਼ਿਕਰ ਤਾਂ ਪ੍ਰਤੱਖ ਨਜ਼ਰ ਆਉਂਦਾ ਹੈ ਕਿ ਇਸ ਸੰਕਟ ਸਥਿਤੀ ਵਿਚ ਉਹਨਾਂ ਦੇ ਹੱਥੋਂ ਕਿਤੇ ਐਸੀਆਂ ਕਦਰਾਂ-ਕੀਮਤਾਂ ਦਾ ਪੱਲਾ ਨਾ ਛੁੱਟ ਜਾਏ ਜਿਹੜੀਆਂ ਪੰਜਾਬੀ ਸਾਹਿਤ ਅਤੇ ਪੰਜਾਬੀ ਕਹਾਣੀ ਪ੍ਰੰਪਰਾ ਦਾ ਅੰਗ ਰਹੀਆਂ ਹਨ। ਪਰ ਤਾਂ ਵੀ ਨਵੀਂ ਹਕੀਕਤ ਨੂੰ ਕਿਵੇਂ ਸਮਝਿਆ, ਸਮਝਾਇਆ ਅਤੇ ਪੇਸ਼ ਕੀਤਾ ਜਾਏ, ਇਸ ਬਾਰੇ ਸਪਸ਼ਟਤਾ ਨਹੀਂ।

ਇਸ ਪੱਖੋਂ ਗੁਰਮੇਲ ਮਡਾਹੜ ਦੇ ਕਹਾਣੀ-ਸੰਗ੍ਰਹਿ ਧਰਤੀ ਲਹੂ-ਲੁਹਾਣ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਇਸ ਨੌਜਵਾਨ ਕਹਾਣੀਕਾਰ ਨੇ 'ਨੀਲਾ ਤਾਰਾ' ਕਾਰਵਾਈ ਤੋਂ ਪਹਿਲਾਂ ਅਤੇ ਪਿੱਛੋਂ ਦੀ ਸਾਰੀ ਹਕੀਕਤ ਨੂੰ ਪੇਸ਼ ਕਰਨ ਦਾ ਸਾਹਸੀ ਯਤਨ ਕੀਤਾ ਹੈ ਅਤੇ ਪੂਰੀ ਬੇਬਾਕੀ ਨਾਲ ਸਮੁੱਚੇ ਦ੍ਰਿਸ਼ ਵਿਚ ਸ਼ਾਮਲ ਮੁੱਖ ਧਿਰਾਂ ਨੂੰ ਬੇਨਕਾਬ ਕੀਤਾ ਹੈ। ਕਿਤੇ ਕਿਤੇ ਇਹ ਯਤਨ ਪੱਤਰਕਾਰੀ ਪੱਧਰ ਦਾ ਹੈ, ਖ਼ਾਸ ਕਰਕੇ ਮਿੱਨੀ ਜਾਂ ਲਘੂ ਕਹਾਣੀਆਂ ਵਿਚ। ਪਰ ਕਈ ਥਾਵਾਂ ਉਤੇ, ਖ਼ਾਸ ਕਰਕੇ ਟਾਈਟਲ ਕਹਾਣੀ ਵਿਚ, ਉਹ ਆਪਣੇ ਪਾਤਰਾਂ ਨੂੰ ਵਖੋ ਵਖਰੀਆਂ ਵਿਰੋਧੀ ਖਿੱਚਾਂ ਨਾਲ ਪਿੰਜਿਆ ਜਾਂਦਾ ਵੀ ਦਿਖਾ ਗਿਆ ਹੈ। ਗੁਰਮੇਲ ਮਡਾਹੜ ਦੇ ਪਾਤਰ ਪਿੰਡਾਂ ਦੇ ਲੋਕ ਹਨ। ਉਹ ਪੇਂਡੂ ਭਾਈਚਾਰੇ ਦੀਆਂ ਕਦਰਾਂ-ਕੀਮਤਾਂ ਤੋਂ ਬਿਨਾਂ ਆਪਣੀ ਹੋਂਦ ਦਾ ਕਿਆਸ ਵੀ ਨਹੀਂ ਕਰ ਸਕਦੇ। ਪਰ ਨਾਲ ਹੀ ਹਾਲਾਤ, ਜਿਨ੍ਹਾਂ ਦੀ ਸਿਖਰ 'ਨੀਲਾ ਤਾਰਾ' ਹੈ, ਉਹਨਾਂ ਨੂੰ ਅਚੇਤ ਤੌਰ ਉਤੇ ਉਸ ਖਾਈ ਵਲ ਲਿਜਾ ਰਹੇ ਹਨ, ਜਿਥੇ ਪਰਾਈ ਭਾਈਚਾਰਕ ਕੀਮਤਾਂ ਦਾ ਅਚੇਤ ਪੱਧਰ ਉਤੇ ਕਾਇਮ ਰਹਿਣਾ ਸੰਭਵ ਨਹੀਂ। 'ਧਰਤੀ ਲਹੂ-ਲੁਹਾਣ' ਦਾ ਅੰਤ ਪ੍ਰੰਪਰਾਈ, ਉਪਭਾਵਕ ਹੈ, ਪਰ ਲੇਖਕ ਦੇ ਸਿਹਤਮੰਦ ਮਾਨਵਵਾਦੀ ਫ਼ਿਕਰ ਨੂੰ ਪ੍ਰਗਟ ਕਰਦਾ ਹੈ।

ਇਸ ਸਮੇਂ ਵਿਚ ਕਰਤਾਰ ਸਿੰਘ ਦੁੱਗਲ ਦੀਆਂ ਦੋ ਕਹਾਣੀਆਂ ਛਪੀਆਂ ਹਨ - 'ਬੰਦ ਬੰਦ ਕਟਵਾਣ ਵਾਲੇ' ਅਤੇ 'ਨੰਗਾ ਸੱਚ'। ਪਹਿਲੀ ਕਹਾਣੀ ਵਿਚ ਉਹ ਸਮੁਦਾਇਕ ਮਿੱਥ ਨੂੰ ਇਕ ਵਿਅਕਤੀ ਦੇ ਆਚਰਨ ਅਤੇ ਦੂਜੇ (ਪ੍ਰੇਮਕਾ) ਦੀ ਭਾਵਕ ਪ੍ਰਿਜ਼ਮ ਵਿਚੋਂ ਦੇਖਦਾ ਹੈ। ਕਹਾਣੀ ਦਾ ਸਿਰਲੇਖ ਹਾਲਾਤ ਵਿਚਲੇ ਵਿਅੰਗ ਨੂੰ ਉਭਾਰਦਾ ਹੈ। ਦੂਜੀ ਕਹਾਣੀ ਵਿਚ ਧਾਰਮਕ ਚਿੰਨ੍ਹ ਮਨੁੱਖਾ ਜ਼ਿੰਦਗੀਆਂ ਨਾਲ ਖੇਡ ਕਰ ਰਹੇ ਹਨ - ਕਿਸੇ ਨੂੰ ਬਚਾ ਰਹੇ ਹਨ, ਕਿਸੇ ਨੂੰ ਮਰਵਾ ਰਹੇ ਹਨ। ਜਿਥੇ ਉਹ ਮਰਵਾ ਰਹੇ ਹਨ, ਓਥੇ ਵਹਿਸ਼ਤ ਪੈਦਾ ਕਰ ਰਹੇ ਹਨ, ਜਿਥੇ ਬਚਾ ਰਹੇ ਹਨ, ਉਥੇ ਕਰੂਰਤਾ। ਬਚਾਉਂਦਾ ਧਰਮ ਨਹੀਂ, ਸਗੋਂ ਮੌਕੇ ਦੇ ਮੁਤਾਬਕ ਮਨੁੱਖੀ ਹਿੰਮਤ ਅਤੇ ਸਿਆਣਪ ਬਚਾਉਂਦੀ ਹੈ।

ਇਸੇ ਤਰ੍ਹਾਂ ਗੁਲਜ਼ਾਰ ਸਿੰਘ ਸੰਧੂ ਦੀ ਪਿੱਛੇ ਜਿਹੇ ਛਪੀ ਕਹਾਣੀ 'ਮੁਰਗੇ ਦਾ ਪੰਜਾ' ਸਿਰਫ਼ ਦਿੱਲੀ ਵਿਚਲੀਆਂ ਘਟਣਾਵਾਂ ਨੂੰ ਪੇਸ਼ ਕਰਨ ਦਾ ਮਨ ਨਹੀਂ ਰੱਖਦੀ, ਸਗੋਂ ਉਸ ਦਰਿੰਦਗੀ ਉਤੇ ਟਿੱਪਣੀ ਕਰਦੀ ਹੈ, ਜਿਸ ਨੇ ਸ਼ੁਭ-ਭਾਵਨਾਵਾਂ ਵਾਲੇ ਮਨਾਂ ਵਿਚ ਵੀ "ਆਪਣੇ ਦੇਸ਼ ਦੀ ਰਾਣੀ" ਦੀ ਮੌਤ ਨੂੰ ਸੰਭਵ ਤੌਰ ਉਤੇ ਕਾਰ ਹੇਠਾਂ ਆ ਜਾਣ ਵਾਲੇ ਮੁਰਗੇ ਦੇ ਪੰਜੇ ਦੇ ਬਰਾਬਰ ਲਿਆ ਖੜਾ ਕੀਤਾ ਹੈ। ਵਿਅਕਤੀ-ਪੂਜਾ ਵਿਅਕਤੀ-ਨਿਘਾਰ ਦੇ ਬਰਾਬਰ ਹੋ ਗਈ ਹੈ। ਨਾਲ ਹੀ, ਸਮੁਦਾਇਕ ਮਿੱਥ ਨੂੰ ਇਹ ਕਹਾਣੀ ਵੀ ਛੂਹੰਦੀ ਦੀ ਹੈ, ਸਗੋਂ ਉਸ ਨੂੰ ਭੰਗ ਕਰਦੀ ਹੈ।

ਉਪ੍ਰੋਕਤ ਦੇ ਨਾਲ ਨਾਲ ਇਹਨਾਂ ਤਿੰਨਾਂ ਕਹਾਣੀਆਂ ਵਿਚ ਹੀ ਇਹ ਹਕੀਕਤ ਤਾਂ ਉਭਰਦੀ ਹੈ ਕਿ ਗੁਲਜ਼ਾਰ ਸਿੰਘ ਸੰਧੂ ਦੇ ਸ਼ਬਦਾਂ ਵਿਚਲੀ "ਲਘੂ ਕੁਲ" ਆਪਣੀ ਹੋਂਦ ਨੂੰ ਮਧਕਾਲੀਨ ਮਿੱਥਾਂ ਨਾਲ ਜੋੜ ਕੇ ਰੱਖ ਰਹੀ ਹੈ ਅਤੇ ਵੀਹਵੀਂ ਸਦੀ ਦੇ ਆਖ਼ਰੀ ਦਹਾਕਿਆਂ ਦੀ ਕੌੜੀ ਹਕੀਕਤ ਦਾ ਸਾਹਮਣਾ ਤਾਰਕਿਕ ਸੱਚਣੀ ਨਾਲ ਕਰਨ ਨੂੰ ਤਿਆਰ ਨਹੀਂ। ਪਰ ਇਹਨਾਂ ਕਹਾਣੀਆਂ ਵਿਚ ਜਿਹੜੀ ਹਕੀਕਤ ਨਹੀਂ ਉਭਰਦੀ, ਉਹ ਇਹ ਹੈ ਕਿ ਇਸ ਗੱਲ ਦਾ ਲਾਭ ਦਿਲਚਸਪੀ ਰੱਖਦੀ ਰਾਜਸੀ ਧਿਰ ਉਠਾ ਰਹੀ ਹੈ ਅਤੇ ਆਪਣੇ ਰਾਜਸੀ ਲਾਭ ਦੀ ਖ਼ਾਤਰ ਸਮੁੱਚੀ ਕੌਮੀ ਪਛਾਣ ਨੂੰ ਵਲੂੰਧਰ ਰਹੀ ਹੈ।

ਸਮੁੱਚੇ ਤੌਰ ਉਤੇ ਅੱਜ ਦੀ ਸਮੱਸਿਆ ਮਹਾਕਾਵਿਕ ਪਸਾਰ ਵਾਲੇ ਨਾਵਲ ਦੀ ਮੰਗ ਕਰਦੀ ਹੈ। ਨਿੱਕੀ ਕਹਾਣੀ ਨੂੰ ਇਹ ਸਾਰੀ ਸਥਿਤੀ ਆਪਣੇ ਰੂਪਾਕਾਰ ਵਿਚ ਬੰਨ੍ਹਦਿਆਂ ਅਜੇ ਕੁਝ ਦੇਰ ਲੱਗੇਗੀ।

ਸ਼ਾਇਦ ਪਹਿਲੀ ਵਾਰੀ ਪੰਜਾਬੀ ਨਿੱਕੀ ਕਹਾਣੀ ਵਾਪਰਦੀਆਂ ਘਟਣਾਵਾਂ ਦੇ ਰੂਬਰੂ ਆਪਣੇ ਆਪ ਨੂੰ ਨਿਸੱਤਾ ਦੇਖ ਰਹੀ ਹੈ।

( 31 ਮਾਰਚ ਅਤੇ 1-2 ਅਪ੍ਰੈਲ,
1985 ਨੂੰ "ਪੰਜਾਬੀ ਸਾਹਿਤ ਵਿਚ
ਕੌਮੀ ਪਛਾਣ" ਵਿਸ਼ੇ ਉਤੇ ਪੰਜਾਬ
ਯੂਨੀਵਰਸਿਟੀ, ਚੰਡੀਗੜ ਦੇ ਪੰਜਾਬੀ
ਵਿਭਾਗ ਵਲੋਂ ਕਰਾਈ ਗਈ ਕੁਲ
ਹਿੰਦ ਗੋਸ਼ਟੀ ਵਿਚ ਪੜਿਆ ਗਿਆ)