58729ਨਵਾਂ ਮਾਸਟਰ — ਮੇਰਾ ਮਨੋਰਥਪਾਂਧੀ ਸਤਿਨਾਮ ਸਿੰਘ

ਮੇਰਾ ਮਨੋਰਥ

ਨਵਾਂ ਮਾਸਟਰ ਕਹਾਣੀ ਪੜ੍ਹ ਕੇ ਮੇਰੇ ਇਕ ਮਿੱਤਰ ਨੇ ਆਖਿਆ ਸੀ, "ਹਾਂ, ਕਮਿਊਨਿਜ਼ਮ ਦਾ ਪਰਚਾਰ ਹੀ ਤਾਂ ਹੈ।"

ਮੇਰੀਆਂ ਬਹੁਤੀਆਂ ਕਹਾਣੀਆਂ ਸਬੰਧੀ ਮੇਰੇ ਹੋਰ ਪਾਠਕਾਂ ਦੀ ਰਾਏ ਵੀ ਇਹੋ ਹੀ ਹੋ ਸਕਦੀ ਹੈ। ਜੇ ਇਕ ਨੇਕ-ਨੀਯਤ ਅਗਾਂਹ ਵਧੂ ਲੇਖਕ ਦੀ ਰਚਨਾ ਦਾ ਮਨੋਰਥ ਕਿਸੇ ਸੁਨਹਿਰੀ ਭਵਿਖਤ ਦੇ ਸੁਪਨੇ ਦੇ ਪ੍ਰਤੱਖ ਹੋਣ ਵਿਚ ਸਹਾਇਤਾ ਕਰਨਾ ਹੋਵੇ ਤਾਂ ਉਸ ਦੀ ਰਚਨਾਂ ਨੂੰ ਪਰਚਾਰ ਆਖਕੇ ਛੁਟਿਆਇਆ ਨਹੀਂ ਜਾ ਸਕਦਾ। ਕਿਸੇ ਵੀ ਸਾਹਿੱਤਕ ਰਚਨਾ ਨੂੰ ਪਰਚਾਰ ਆਖਣ ਤੋਂ ਪਹਿਲਾਂ ਸਾਹਿੱਤ ਅਤੇ ਪਰਚਾਰ ਦਾ ਸਬੰਧ ਸਮਝਣਾ ਜ਼ਰੂਰੀ ਹੈ।

ਸਾਹਿੱਤ ਕਿਸ ਵਾਸਤੇ ਹੈ? ਅਜ ਤਕ ਇਸ ਸਬੰਧੀ ਦੋ ਰਾਵਾਂ ਬਣੀਆਂ ਹਨ। ਇਕ ਸਾਹਿੱਤ ਨੂੰ ਸਾਹਿੱਤ ਵਾਸਤੇ ਹੀ ਮੰਨਦੇ ਹਨ ਅਤੇ ਦੂਜੇ ਸਾਹਿੱਤ ਨੂੰ ਲੋਕਾਂ ਵਾਸਤੇ ਦਸਦੇ ਹਨ। ਜੇ ਸਾਹਿੱਤ ਕੇਵਲ ਸਾਹਿੱਤ ਵਾਸਤੇ ਹੀ ਮੰਨ ਲਿਆ ਜਾਏ ਤਾਂ ਇਸ ਵਿਚ ਬਿਆਨਣ ਲਈ ਵਿਸ਼ੇ ਲਭਣੇ ਅਸੰਭਵ ਹੋ ਜਾਂਦੇ ਹਨ। ਕਿਉਂਕਿ ਸਾਹਿੱਤ ਮਨੁੱਖ ਦੀ ਕਾਢ ਹੈ ਅਤੇ ਇਸ ਵਿਚੋਂ ਇਸ ਦਾ ਆਪਣਾ ਜੀਵਨ ਝਾਕਦਾ ਹੈ। ਮਨੁੱਖ ਅਤੇ ਇਸ ਨਾਲ ਸਬੰਧਤ ਕੁਦਰਤ ਤੋਂ ਸਿਵਾ ਸਾਹਿੱਤ ਦਾ ਹੋਰ ਕੋਈ ਵਿਸ਼ਾ ਨਹੀਂ ਹੋ ਸਕਦਾ। ਸੰਸਾਰ ਦੇ ਸਾਹਿੱਤ ਦਾ ਇਤਿਹਾਸ ਇਸ ਸਚਾਈ ਦਾ ਗਵਾਹ ਹੈ।

ਸਾਇੰਸ ਅਤੇ ਕਲਾ ਮਨੁੱਖ ਦੇ ਸੇਵਾਦਾਰ ਹਨ। ਪਰ ਜਿਵੇਂ ਸਾਇੰਸ ਦੀਆਂ ਕਾਢਾਂ ਤੋਂ ਸਰਮਾਏਦਾਰ ਦੇਸ਼ਾਂ ਵਿਚ ਕੇਵਲ ਧਨੀ ਲੋਕ ਹੀ ਲਾਭ ਲੈ ਸਕਦੇ ਹਨ, ਉਹ ਕਲਾ ਨੂੰ ਵੀ ਆਪਣੀ ਦਾਸੀ ਬਣਾਉਣ ਦਾ ਹਰ ਸੰਭਵ ਉਪਰਾਲਾ ਕਰਦੇ ਹਨ। ਸਾਇੰਸ ਉਹਨਾਂ ਨੂੰ ਆਰਥਕ ਲਾਭ ਪੁਚਾਉਂਦੀ ਹੈ, ਅਤੇ ਇਸ ਲਾਭ ਦੀ ਸਲਾਮਤੀ ਵਾਸਤੇ ਉਹ ਕਲਾ ਨੂੰ ਹਥਿਆਰ ਬਣਾ ਕੇ ਵਰਤਦੇ ਹਨ, ਕਿਉਂਕਿ ਕਲਾ ਲੋਕਾਂ ਦੀ ਸੋਚ ਸਮਝ ਨੂੰ ਕਿਸੇ ਖਾਸ ਪਾਸੇ ਢਾਲਣ ਵਿਚ ਸਹਾਇਤਾ ਕਰਦੀ ਹੈ। ਇਸ ਸਚਾਈ ਵਲੋਂ ਅੱਖਾਂ ਬੰਦ ਨਹੀਂ ਕੀਤੀਆਂ ਜਾ ਸਕਦੀਆਂ। 'ਕਲਾ ਕਲਾ ਵਾਸਤੇ' ਦੇ ਹਾਮੀਆਂ ਦਾ ਅਗਾਂਹ ਵਧੂ ਕਲਾ ਨੂੰ ਪਰਚਾਰ ਆਖ਼ਣਾ ਇਸ ਦਾ ਠੋਸ ਸਬੂਤ ਹੈ।

ਮਨੁੱਖਾ ਇਤਿਹਾਸ ਦੇ ਕਿਸੇ ਵੀ ਸਮੇਂ ਵਿਚ ਉਪਰੋਕਤ ਦੋ ਵੰਨਗੀਆਂ ਦਾ ਸਾਹਿੱਤ ਨਖੇੜਿਆ ਜਾ ਸਕਦਾ ਹੈ, ਕਿਉਂਕਿ ਹਰ ਸਮੇਂ ਵਿਚ ਸਮਾਜਕ ਸੂਝਵਾਨ ਸਾਹਿੱਤਕਾਰ ਵੀ ਹੋਏ ਹਨ।

ਆਮ ਲੋਕਾਂ ਦੇ ਲਾਭ ਵਾਸਤੇ ਰਚੇ ਗਏ ਸਾਹਿੱਤ ਨੂੰ ਉਦੋਂ ਵੀ ਪਰਚਾਰ ਹੀ ਆਖਿਆ ਗਿਆ ਹੈ। ਸੂਫ਼ੀ, ਭਗਤ ਅਤੇ ਗੁਰੂ ਸਾਹਿੱਤ ਵਿਚੋਂ ਇਹ 'ਪਰਚਾਰ' ਸਾਹਿੱਤ ਅੱਡ ਕੀਤਾ ਜਾ ਸਕਦਾ ਹੈ।

ਸ਼੍ਰੇਣਿਕ ਬਣਤਰ ਵਾਲੇ ਸਮਾਜ ਵਿਚ ਸਾਹਿੱਤ (ਕਲਾ) ਸ਼੍ਰੇਣਿਕ ਜਾਂ ਇਕ ਪੱਖੀ ਹੁੰਦਾ ਹੈ। ਲੋਕਾਂ ਦੇ ਸਾਹਿੱਤ ਵਿਚ ਉਹਨਾਂ ਦੀਆਂ ਜਾਇਜ਼ ਲੋੜਾਂ ਦੀ ਮੰਗ ਹੁੰਦੀ ਹੈ, ਲੋੜਾਂ ਪੂਰੀਆਂ ਕਰਨ ਦਾ ਢੰਗ ਦਸਿਆ ਹੁੰਦਾ ਹੈ, ਉਸ ਰਾਹੀਂ ਸੋਝੀ ਦਿਤੀ ਜਾਂਦੀ ਹੈ ਕਿ ਧਨੀ ਸ਼੍ਰੇਣੀ ਨੂੰ ਖ਼ਤਮ ਕੀਤਿਆਂ ਹੀ ਉਹ ਜੀਵਨ ਦੇ ਸੁਖ ਅਰਾਮ ਵਿਚ ਸਭੇ ਸਾਝੀਵਾਲ ਹੋ ਸਕਦੇ ਹਨ। ਲੋਕ ਸਾਹਿੱਤ ਦੇ ਇਸ ਕਰਤਵ ਨੂੰ ਸਮਝਣ ਕਰਕੇ ਹੀ ਪੂੰਜੀ ਪਤੀ ਅਤੇ ਉਹਨਾਂ ਦੇ ਸਾਹਿੱਤਕਾਰ ਇਸ ਨੂੰ ਪਰਚਾਰ ਆਖਕੇ ਭੰਡਦੇ ਹਨ।

ਪਰ ਕੇਵਲ ਸਾਹਿੱਤ ਲਈ ਰਚਿਆ ਸਾਹਿੱਤ ਵੀ ਪਰਚਾਰਕ ਹੈ। ਉਹ ਧੁਨੀਆਂ ਦੇ ਲਾਭਾਂ ਦਾ ਪਰਚਾਰ ਕਰਦਾ। ਇਹ ਠੀਕ ਹੈ ਕਿ ਉਹ ਸਾਹਿੱਤ ਉਹਨਾਂ ਦੇ ਗੁਣ ਸਿਧੇ ਨਹੀਂ ਗਾਉਂਦਾ, ਜਿਸ ਕਰਕੇ ਉਸ ਨੂੰ ਪਰਚਾਰ ਰਹਿਤ ਅਤੇ ਕੇਵਲ ਸਾਹਿੱਤ ਵਾਸਤੇ ਹੀ ਆਖਿਆ ਜਾਂਦਾ ਹੈ। ਉਸ ਸਾਹਿੱਤ ਰਾਹੀਂ ਆਮ ਲੋਕਾਂ ਨੂੰ ਆਪਣੀ ਲੋੜ ਦਾ ਅਨੁਭਵ ਅਤੇ ਉਸ ਦੀ ਪੂਰਤੀ ਦਾ ਸਾਧਨ ਨਹੀਂ ਦਿਸਦਾ। ਉਹ ਹਨੇਰੇ ਵਿਚ ਰਖੇ ਜਾਂਦੇ ਹਨ। ਉਸ ਸਾਹਿੱਤ ਦਾ ਸੁਹਜ ਸਵਾਦ ਆਮ ਲੋਕਾਂ ਤੇ ਅਫ਼ੀਮ ਦਾ ਅਸਰ ਕਰਦਾ ਹੈ। ਉਹ ਆਪਾ ਵਿਸਰ ਕੇ ਨਿਤਾਣੇ ਹੋ ਜਾਂਦੇ ਹਨ। ਸਮਾਜ ਦੀ ਇਸ ਸ਼੍ਰੇਣਿਕ ਬਣਤਰ ਨੂੰ ਰਬੀ ਨਿਆਂ ਸਮਝਦੇ ਹਨ। ਆਪਣੀਆਂ ਲੋੜਾਂ ਨੂੰ ਨਾਜਾਇਜ਼ ਮੰਨ ਕੇ ਧਨੀਆਂ ਵਿਰੁਧ ਇਕੱਠੇ ਨਹੀਂ ਹੁੰਦੇ। ਅਤੇ ਧਨੀ ਸ਼੍ਰੇਣੀ ਇਹੋ ਚਾਹੁੰਦੀ ਹੈ।

ਸਾਹਿੱਤ ਸਾਹਿੱਤ ਲਈ ਦਾ ਕਬਨ ਨਿਰਮੂਲ ਹੈ। ਸ਼੍ਰੇਣਿਕ ਸਮਾਜ ਵਿਚ ਸਾਹਿੱਤ ਪੂੰਜੀ ਪਤੀਆਂ ਵਾਸਤੇ ਹੈ ਜਾਂ ਆਮ ਲੋਕਾਂ ਵਾਸਤੇ। ਇਕ ਨੇਕ ਨੀਯਤ ਸਾਹਿੱਤਕਾਰ ਨੇ ਇਹ ਨਿਰਣਾ ਕਰਨਾ ਹੈ ਕਿ ਉਹ ਕਿਨ੍ਹਾ ਵਾਸਤੇ ਲਿਖਦਾ ਹੈ। ਲੋਕਾਂ ਵਿਚੋਂ ਆਇਆ ਦਿਆਨਤ ਦਾਰ ਸਾਹਿੱਤਕਾਰ ਲੋਕਾਂ ਵਾਸਤੇ ਹੀ ਲਿਖੇਗਾ।

ਨਵੀਨ ਅਗਾਂਹ ਵਧੂ ਸਾਹਿੱਤ ਪਰਚਾਰ ਸਾਹਿੱਤ ਆਖ ਕੇ ਛੁਟਿਆਇਆ ਨਹੀਂ ਜਾ ਸਕਦਾ। ਸਾਹਿੱਤ ਦੇ ਕਿਸੇ ਵੀ ਰੂਪ ਨੂੰ ਪਰਖਣ ਵਾਸਤੇ ਬਣਤਰ ਜਾਂ ਕਲਾ ਟੈਕਨੀਕ ਦੀ ਕਸਵਟੀ ਤੇ ਲਾਉਣਾ ਪਵੇਗਾ। ਅਗਾਂਹ ਵਧੂ ਸਾਹਿੱਤ ਦੇ ਰੂਪਾਂ ਦੀ ਬਣਤਰ ਸਾਹਿੱਤ ਲਈ ਸਾਹਿੱਤ ਦੇ ਰੂਪਾਂ ਦੀ ਬਣਤਰ ਨਾਲੋਂ ਬਿਲਕੁਲ ਹੀ ਵਖਰੀ ਨਹੀਂ।

ਪਰ ਅਗਾਂਹ ਵਧੂ ਕਹਾਣੀ ਦਾ ਅੰਤ ਸੁਝਾਊ ਨਹੀਂ ਸਗੋਂ ਸਪਸ਼ਟ ਹੁੰਦਾ ਹੈ। ਘਟਨਾ ਵਿਕਾਸ਼ ਵਧ ਤੋਂ ਵਧ ਨਿਆਇ ਸ਼ਾਲੀ ਹੁੰਦਾ ਹੈ। ਬੋਲੀ ਠੇਠ ਆਮ ਲੋਕਾਂ ਦੀ ਵਰਤੀ ਜਾਂਦੀ ਹੈ। ਵਿਸ਼ੇ ਅਤੇ ਪ੍ਰਭਾਵ ਦੀ ਇਕਾਗਰਤਾ ਦੇ ਅਸਰ ਪਾਊ ਗੁਣਾਂ ਤੋਂ ਇਕ ਲੋਕ ਸਾਹਿੱਤਕਾਰ ਚੰਗੀ ਤਰ੍ਹਾਂ ਜਾਣੂੰ ਹੁੰਦਾ ਹੈ। ਇਸ ਕਹਾਣੀ ਦਾ ਸਭ ਤੋਂ ਵਡਾ ਗੁਣ ਇਹ ਹੈ ਕਿ ਇਹ ਜਨਤਕ ਸਮਾਜ ਦੇ ਜਿਸ ਪਾਤਰ ਸਬੰਧੀ ਲਿਖੀ ਜਾਂਦੀ, ਉਹ ਇਸ ਨੂੰ ਪੜ੍ਹ ਕੇ ਆਪਣੀ ਆਖ ਕੇ ਇਸ ਵਿਚੋਂ ਕੁਝ ਸਿਖ ਸਕਦਾ ਹੈ।

ਅਗਾਂਹ ਵਧੂ ਕਹਾਣੀ ਦੇ ਉਪ੍ਰੋਕਤ ਗੁਣ ਕੇਵਲ-ਸਾਹਿੱਤਵਾਸਤੇ-ਰਚੀ ਕਹਾਣੀ ਵਿਚੋਂ ਲਭਣੇ ਕਠਨ ਹਨ। ਦੋਹਾਂ ਦੇ ਫ਼ਰਕ ਦਾ ਕਾਰਨ ਦੋਹਾਂ ਦੇ ਵਸਤੂ ਭੇਦ ਵਿਚ ਹੈ। ਕਹਾਣੀ ਦੇ ਸਰੀਰ ਦੇ ਵਸਤੂ ਅਤੇ ਰੂਪ ਦਾ ਸਬੰਧ ਹਡ ਅਤੇ ਮਾਸ ਵਾਲਾ ਹੈ। ਵਸਤੂ ਕਹਾਣੀ ਨੂੰ ਲੋੜੀਂਦਾ ਦਾ ਰੂਪ ਦੇਂਦਾ ਹੈ।

ਨਵੀਨ ਅਗਾਂਹ ਵਧੂ ਸਾਹਿੱਤਕਾਰ ਕਹਾਣੀ ਦਾ ਵਸਤੂ ਅਪਣੇ ਆਲੇ ਦੁਆਲੇ ਚੋਂ ਲਭਦਾ ਹੈ। ਸਮਾਜਵਾਦੀ ਸੂਝ ਦੀ ਸਹਾਇਤਾ ਨਾਲ ਉਹ ਇਸ ਵਸਤੂ ਨੂੰ ਮਾਂਜ ਧੋ ਕੇ ਪੇਸ਼ ਕਰਦਾ ਹੈ। ਜੀਵਨ ਤਜਰਬਾ ਆਪੋ ਆਪਣੇ ਜੀਵਨ ਖੇਤਰ ਦਾ ਹੋਣ ਕਰਕੇ ਵਿਸ਼ੇ ਵਖ ਵਖ ਹੋ ਸਕਦੇ ਹਨ, ਪਰ ਉਹ ਇਕੋ ਇਕ ਪੜਾ ਸ਼੍ਰੇਣੀ ਰਹਿਤ ਸਮਾਜ ਵਲ ਵਧ ਰਹੇ ਹੁੰਦੇ ਹਨ।

ਇਸ ਪੁਸਤਕ ਦੀਆਂ ਬਹੁਤੀਆਂ ਕਹਾਣੀਆਂ ਵੀ ਮੇਰਾ ਆਪਣਾ ਜੀਵਨ ਤਜਰਬਾ ਹਨ। ਮੈਂ ਸਕੂਲਾਂ ਕਾਲਜਾਂ ਵਿਚ ਵਿਦਿਆ ਪੜ੍ਹੀ ਹੈ ਅਤੇ ਪੜ੍ਹਾਉਣ ਦਾ ਵੀ ਤਜਰਬਾ ਹੈ। ਮਾਪੇ ਗਰੀਬ ਹੋਣ ਕਰਕੇ ਮੈਂ ਮਨ ਪਸੰਦ ਵਿਦਿਆ ਪ੍ਰਾਪਤ ਨਹੀਂ ਕਰ ਸਕਿਆ। ਮੇਰੇ ਵਰਗੇ ਲਖਾਂ ਦੀ ਗਿਣਤੀ ਵਿਚ ਹਿੰਦੁਸਤਾਨ ਵਿਚ ਫਿਰਦੇ ਹਨ। ਹਰ ਸਾਲ ਹਜ਼ਾਰਾਂ ਵਿਦਿਆਰਥੀਆਂ ਨੂੰ ਵਿਦਿਆ ਅਧੂਰੀ ਛਡ ਸਕੂਲਾਂ ਕਾਲਜਾਂ ਵਿਚੋਂ ਨਿਕਲਣਾ ਪੈਂਦਾ ਹੈ, ਇਸ ਕਰਕੇ ਨਹੀਂ ਕਿ ਉਹ ਨਲਾਇਕ ਹੁੰਦੇ ਹਨ, ਗਰੀਬੀ ਬੇਵਸ ਕਰ ਦੇਂਦੀ ਹੈ। ਕਰੋੜਾਂ ਦਿਮਾਗ ਵਿਕਸਣ ਤੋਂ ਪਹਿਲਾਂ ਹੀ ਸਿਥਲ ਹੋ ਜਾਂਦੇ ਹਨ, ਇਸ ਸੰਗ੍ਰਹਿ ਵਿਚ 'ਪ੍ਰੇਮਾ ਅਵਾਰਾਗਰਦ' ਉਹਨਾਂ ਦੀ ਪ੍ਰਤੀਨਿਧਤਾ ਕਰਦਾ ਹੈ। ਪਾਠਕ ਉਸ ਦੇ ਸਾਥੀ 'ਜੀਵਨ ਵਿਚ' 'ਮਸ਼ੀਨ ਸ਼ਾਪ' ਅਤੇ 'ਵੈਰੀ' ਵਿਚ ਡੁਸਕਦੇ ਵੇਖਣਗੇ।

ਸਾਡੀ ਵਿਦਿਅਕ ਮਸ਼ੀਨਰੀ ਵਿਚ ਇਕ ਮਹਾਨ ਤਬਦੀਲੀ ਦੀ ਲੋੜ ਹੈ। ਇਥੇ ਮੁਢਲੀ ਵਿਦਿਆ ਮੁਫ਼ਤ ਨਹੀਂ। ਮਾਸਟਰਾਂ ਨੂੰ ਮਿਹਨਤ ਦਾ ਪੂਰਾ ਮੁਲ ਨਹੀਂ ਮਿਲਦਾ। ਵਿਦਿਆਰਥੀ ਅਤੇ ਮਾਸਟਰ ਭੁਖਾਂ ਕਟਣ ਅਤੇ ਅਧੇ ਕਜੇ ਫਿਰਨ ਲਈ ਮਜਬੂਰ ਹਨ। ਗਰੀਬ ਵਿਦਿਆਰਥੀਆਂ ਦੀਆਂ ਫੀਸਾਂ ਡਿਉੜ੍ਹੀਆਂ ਦੂਣੀਆਂ ਕਰਕੇ ਮਾਸਟਰਾਂ ਦੀ ਤਨਖਾਹ ਨਾ-ਮਾਤਰ ਵਧਾਈ ਜਾਂਦੀ ਹੈ। ਪਰ ਅਕਾਸ਼ੇ ਚੜ੍ਹ ਰਹੀ ਮਹਿੰਗਾਈ ਦਾ ਕਿਤੇ ਪੜਾ ਨਹੀਂ। ਗੁਜ਼ਾਰਾ ਕਰਨ ਵਾਸਤੇ ਮਾਸਟਰਾਂ ਨੂੰ ਗਰੀਬ ਵਿਦਿਆਰਥੀਆਂ ਤੇ ਟਿਊਸ਼ਨਾਂ ਦਾ ਭਾਰ ਪਾਉਣਾ ਪੈਂਦਾ ਹੈ। ਵਿਦਿਆਰਥੀ ਦੂਹਰੇ ਪੁੜਾ ਵਿਚ ਪਿਸਦੇ ਹਨ। ਵਿਚਾਰੇ ਬਾਵਾ ਸਿੰਘ ਵਰਗੇ ਟਰੇਂਡ ਮਾਸਟਰ ਅਭੋਲ ਹੀ ਵਿਦਿਆਰਥੀਆਂ ਦੇ 'ਵੈਰੀ' ਬਣ ਜਾਂਦੇ ਹਨ।

ਪਰ ਇਹਨਾਂ ਵਿਚ ਸੋਝੀਵਾਨ ਵਿਦਿਆਰਥੀਆਂ ਅਤੇ ਮਾਸਟਰਾਂ ਦੀ ਘਾਟ ਨਹੀਂ। 'ਨਵਾਂ ਮਾਸਟਰ' ਵਿਚ ਲਿਵਤਾਰ ਨੂੰ ਨਵੇਂ ਮਾਸਟਰ ਦੀ ਛੁਹ ਸੋਨਾ ਬਣਾ ਦੇਂਦੀ ਹੈ। ਅਤੇ ਹਰਨਾਮ ਸਿੰਘ ਵਰਗੇ ਸੈਂਕੜੇ ਮਾਸਟਰ ਅਜ ਆਪਣੇ ਸਾਥੀਆਂ ਅਤੇ ਵਿਦਿਆਰਥੀਆਂ ਦੀ ਉਹਨਾਂ ਦੇ ਵੈਰੀ ਨੰਬਰ ਇਕ ਨਾਲ ਜਾਣ ਪਛਾਣ ਕਰਾ ਰਹੇ ਹਨ।

ਸਾਨੂੰ ਦਸਿਆ ਜਾਂਦਾ ਹੈ ਪਿਆਰ ਰੂਹਾਂ ਦਾ ਸੌਦਾ ਹੈ, ਇਸ ਦਾ ਫਾਨੀ ਸਰੀਰ ਨਾਲ ਕੋਈ ਸਬੰਧ ਨਹੀਂ। ਪਿਆਰ ਵਿਚ ਪ੍ਰੇਮਕਾ ਨੂੰ ਮਿਲਣ ਦੀ ਲੋੜ ਨਹੀਂ। ਆਪਣੇ ਪਿਆਰ ਦੇ ਵਲਵਲੇ ਨੂੰ ਪ੍ਰਜਵਲਤ ਕਰਕੇ ਤੁਸੀਂ ਮਹਾਨ ਵਿਯਕਤੀ ਬਣ ਸਕਦੇ ਹੋ। ਇਦਾਂ ਪਿਆਰ ਸਬੰਧੀ ਕਈ ਕਿਸਮ ਦੇ ਗਲਤ ਖ਼ਿਆਲ ਨੌਜਵਾਨਾਂ ਦੇ ਮਨਾਂ ਵਿਚ ਠੋਂਸੇ ਜਾਂਦੇ ਹਨ।

ਅਜ ਆਪਣਾ ਜੀਵਨ ਸਾਥੀ ਆਪ ਚੁਣਨ ਦੀ ਕੁਦਰਤੀ ਅਤੇ ਜਾਇਜ਼ ਚਾਹ ਦੀ ਪੂਰਨਤਾ ਮਨੁਖ ਦੀ ਆਰਥਕ ਸਮਰਥਾ ਤੇ ਨਿਰਭਰ ਹੈ। ਸਾਡੇ ਵਿਆਹ ਜਾਇਦਾਦਾਂ ਦੇਸੌਦੇ ਹਨ। ਇਥੇ ਸਰੀਰਕ ਅਤੇ ਦਿਮਾਗ਼ੀ ਮਿਹਨਤ ਦੇ ਨਾਲ ਪਿਆਰ ਦਾ ਸਵਰਗ ਵੀ ਖ਼ਰੀਦਿਆ ਵੇਚਿਆ ਜਾਂਦਾ ਹੈ। 'ਸਮੇਂ ਸਮੇਂ' ਕਹਾਣੀ ਵਿਚ ਮਧ ਸ਼੍ਰੇਣੀ ਦੇ ਇਕ ਆਮ ਨੌਜਵਾਨ ਦੀਆਂ ਉਮੰਗਾਂ ਹਨ ਜਿਨ੍ਹਾਂ ਦੀ ਨੀਂਹ ਉਸ ਦੇ ਮਨ ਉਤੇ ਗ਼ਲਤ ਵਿਦਿਆ ਅਤੇ ਸਮਾਜਕ ਅਸਰਾਂ ਤੇ ਹੈ। ਅਸਫ਼ਲਤਾ ਦੀਆਂ ਠੋਕਰਾਂ ਉਸ ਵਿਚ ਸੂਝ ਜਗਾ ਦੇਂਦੀਆਂ ਹਨ, ਅਤੇ ਉਸ ਨੂੰ ਸਫ਼ਲ ਪਿਆਰ ਦਾ ਸਵਰਗ ਲੋਕ ਇਨਕਲਾਬ ਵਿਚ ਦਿਸ ਪੈਂਦਾ ਹੈ।

ਸਾਡੇ ਕਿਰਤੀ 'ਮਸ਼ੀਨ ਸ਼ਾਪ' ਵਿਚ ਸਾਂਝੀ ਕਾਰ ਕਰਦੇ ਹਨ। ਪਰ ਮਸ਼ੀਨ ਸ਼ਾਪ ਅਤੇ ਕਿਰਤੀਆਂ ਦੀ ਮਿਹਨਤ ਤੋਂ ਬਣੇ ਮੁਨਾਫ਼ੇ ਦੀ ਮਾਲਕੀ ਕੇਵਲ ਇਕ ਪੂੰਝੀ ਦਾਰ ਦੀ ਹੈ। ਇਸ ਸਮਾਜਕ ਵਸਤੂ ਅਤੇ ਰੂਪ ਵਿਚ ਅਜੋੜ ਹੁਣ ਦੇਰ ਤਕ ਨਹੀਂ ਰਹਿ ਸਕਦਾ। ਕਿਰਤੀ ਹੁਣ ਚੇਤੰਨ ਹੋ ਚੁਕੇ ਹਨ। ਮਧ ਸ਼੍ਰੇਣੀ ਦੇ ਫੋਰਮੈਨ ਹੁਣ ਜ਼ਿਆਦਾ ਦੇਰ ਉਹਨਾਂ ਦੀ ਵਿਰੋਧਤਾ ਨਹੀਂ ਕਰ ਸਕਣਗੇ। ਇਸ ਵਿਚ ਉਹਨਾਂ ਦੀ ਪੂੰਜੀ ਪਤੀ ਦੇ ਨਾਲ ਹੀ ਮੌਤ ਹੈ। ਉਹਨਾਂ ਨੂੰ ਕਿਰਤੀਆਂ ਦਾ ਸਾਥ ਦੇਣਾ ਹੀ ਪਵੇਗਾ।

ਪੂੰਜੀ ਪਤਾਂ ਦੇ ਸਮਾਜ ਵਿਚ ਅਨਪੜ੍ਹਤਾ, ਪਿਆਰ ਦੀ ਵੇਚ ਵਟ ਅਤੇ ਮਿਹਨਤ ਦੀ ਲੁਟ ਘਸੁਟ ਦੇ ਨਾਲ ਨਾਲ ਜੰਗ ਦਾ ਮਾਰੂ ਰੋਗ ਵੀ ਲੱਗਾ ਹੁੰਦਾ ਹੈ। ਪੂੰਜੀ ਪਤਾਂ ਦੀ ਮੰਡੀਆਂ ਦੀ ਭੁਖ ਜੰਗ ਦਾ ਕਾਰਨ ਬਣਦੀ ਹੈ। ਜੰਗ ਵਿਚ ਆਮ ਲੋਕਾਂ ਦੇ ਜਵਾਨ ਪੁਤਰਾਂ ਨੂੰ ਦੇਸ਼ ਸੇਵਾ ਦੇ ਨਾਂ ਤੇ ਸ਼ਹੀਦ ਕੀਤਾ ਜਾਂਦਾ ਹੈ। ਜੰਗ ਪਿਛੋਂ ਬੇਰੁਜ਼ਗਾਰੀ ਅਤੇ ਮਹਿੰਗਾਈ ਵਧ ਜਾਂਦੀ ਹੈ। ਹਰ ਨੇਕ ਨੀਯਤ ਸ਼ਹਿਰੀ ਜੰਗ ਵਿਰੁਧ ਹੈ। ਲੋਕ ਜੰਗ ਨਹੀਂ ਚਾਹੁੰਦੇ। ਉਹ ਜੰਗ ਵਿਰੁਧ ਅਮਨ ਵਾਸਤੇ ਜੰਗ ਲਈ 'ਯੋਧੇ' ਬਣ ਗਏ ਹਨ।

ਅਮਨ ਲਹਿਰ ਵੀਹਵੀਂ ਸਦੀ ਵਿਚ ਮਨੁਖਾ ਜੀਵਨ ਦੀ ਇਕ ਮਹਾਨ ਘਟਨਾ ਹੈ। ਸ਼੍ਰੇਣੀ ਰਹਿਤ ਸਮਾਜ ਤਕ ਪੁਜਣ ਦੇ ਰਾਹ ਤੇ ਇਹ ਇਕ ਜ਼ਰੂਰੀ ਪੜਾ ਹੈ। 'ਜੰਗ ਵਿਚ ਨਾ ਜਾਈਂ' ਅਤੇ 'ਯੋਧੇ' ਸੰਸਾਰ ਅਮਨ ਲਹਿਰ ਦਾ ਲੋਕਾਂ ਨਾਲ ਸਬੰਧ ਚਿਤਰਨ ਦੇ ਦੋ ਯਤਨ ਹਨ।

'ਪਿਆਰ' 'ਹੂਰਾਂ' ਅਤੇ 'ਜੀਵਨ ਵਿਚ' ਸਬੰਧੀ ਰਾਇ ਬਣਾਉਣ ਤੋਂ ਪਹਿਲਾਂ ਪਾਠਕ ਸਮਝ ਲੈਣਗੇ ਕਿ ਇਹ ਕਹਾਣੀਆਂ ਮੈਂ ਸੋਲਾਂ ਸਾਲ ਦੀ ਉਮਰ ਵਿਚ ਲਿਖੀਆਂ ਸਨ। ਉਸ ਸਮੇਂ ਮੈਨੂੰ ਸਮਾਜਵਾਦ ਦੀ ਸੂਝ ਉਕੀ ਹੀ ਨਹੀਂ ਸੀ।

ਅੰਮ੍ਰਿਤਸਰ,

੮-੪-੫੩

ਪਾਂਧੀ ਸਤਿਨਾਮ ਸਿੰਘ