.ਪਿਆਰ

੧੯੪੪

ਪਿਆਰ

ਦੁਪਹਿਰ ਤਕ ਉਹ ਇੱਕ ਲੰਮੀ ਚੌੜੀ ਵਾਦੀ ਦੇ ਲਾਗੇ ਪਹੁੰਚ ਗਏ। ਰੇਤਲੀ ਖੁਸ਼ਕ ਧਰਤੀ ਉਤੇ ਪੈਰਾਂ ਦੇ ਨਿਸ਼ਾਨ ਲਭਦੇ ਹੋਏ ਅਗੜ ਪਿਛੜ ਪੰਜੇ ਆਦਮੀ ਘੋੜਿਆਂ ਤੇ ਜਾ ਰਹੇ ਸਨ। ਧੁਪ ਤੇਜ਼ ਸੀ। ਇਸ ਲਈ ਕੁਝ ਚਿਰ ਲਈ ਉਹ ਇਕ ਸੁਕੇ ਹੋਏ ਦਰਖਤ ਦੀ ਪਤਲੀ ਛਾਂ ਵਿਚ ਖਲੋ ਗਏ। ਉਨ੍ਹਾਂ ਨੇ ਦੂਰ ਦੂਰ ਤਕ ਵੇਖਿਆ ਸਿਵਾਏ ਸੁਕੇ ਘਾਹ ਦੇ ਤੇ ਕਿਤੇ ਕਿਤੇ ਕਿਸੇ ਇਕ ਅਧੀ ਸੁਕੀ ਝਾੜੀ ਦੇ ਹੋਰ ਕੁਝ ਵੀ ਨਹੀਂ ਸੀ ਦਿਸਦਾ। ਦੂਰ ਦੂਰ ਤਕ ਲਾਲ ਜਿਹੇ ਰੰਗ ਦੀ ਮਿੱਟੀ ਅਤੇ ਪਥਰ ਦਿਸ ਰਹੇ ਸਨ। ਗਰਮੀ ਬਹੁਤ ਸੀ। ਉਹ ਚੁਪ ਚਾਪ ਖੜੇ ਸਨ। ਘੋੜਿਆਂ ਦੇ ਛੇਤੀ ਛੇਤੀ ਸਾਹ ਲੈਣ ਦੀ ਆਵਾਜ਼ ਆ ਰਹੀ ਸੀ। ਹਰ ਇਕ ਦੇ ਮਥੇ ਤੇ ਮੁੜ੍ਹਕੇ ਦੇ ਇਕ ਇਕ, ਦੋ ਦੋ ਤੁਪਕੇ ਉਮਡ ਆਏ ਸਨ।

ਉਨ੍ਹਾਂ ਵਿਚੋਂ ਇਕ ਆਦਮੀ ਨੇ ਜੋ ਕਿ ਅਮੀਰ ਜਾਪਦਾ ਸੀ, ਚੁਪ ਤੋੜੀ ਤੇ ਕਿਹਾ 'ਕਿਤੇ ਵੀ ਨਜ਼ਰ ਨਹੀਂ ਆਉਂਦੇ।' ਉਸ ਦੀ ਅਵਾਜ਼ ਤੋਂ ਨਿਰਾਸਤਾ ਪ੍ਰਗਟ ਹੋ ਰਹੀ ਸੀ।

'ਹਾਂ, ਉਹ ਸਵੇਰੇ ਤੜਕੇ ਦੇ ਜੁ ਤੁਰੇ ਹੋਏ ਨੇ' ਦੂਜੇ ਆਦਮੀ ਨੇ ਆਖਿਆ।

'ਪਰ ਉਨ੍ਹਾਂ ਨੂੰ ਪਤਾ ਨਹੀਂ ਕਿ ਅਸੀਂ ਵੀ ਉਨ੍ਹਾਂ ਦੇ ਮਗਰ ਆ ਰਹੇ ਹਾਂ' ਤੀਜੇ ਆਦਮੀ ਨੇ ਕਿਹਾ, ਜੋ ਕਿ ਇਕ ਨਿਕੇ ਜਿਹੇ ਚਿਟੇ ਘੋੜੇ ਤੇ ਸਵਾਰ ਸੀ।

'ਉਨ੍ਹਾਂ ਨੂੰ ਪਤਾ ਲਗ ਜਾਏਗਾ' ਸਰਦਾਰ ਨੇ ਆਪਣੇ ਬੁਲ੍ਹ ਟੁਕਦਿਆਂ ਹੋਇਆਂ ਆਖਿਆ।

'ਹਾਂ ਉਹ ਪੈਦਲ ਹੀ ਹਨ, ਅਤੇ ਬਹੁਤ ਦੂਰ ਨਹੀਂ ਗਏ ਹੋਣੇ' ਚਿਟੇ ਘੋੜੇ ਵਾਲੇ ਨੇ ਕਿਹਾ, ਜੇਕਰ ਛੇਤੀ ਛੇਤੀ ਤੁਰੀਏ ਤਾਂ ਜ਼ਰੂਰ ਉਨਾਂ ਨੂੰ ਫੜ ਲਵਾਂਗੇ।

ਉਹ ਅਗੇ ਤੁਰ ਪਏ।

'ਉਹ ਗਏ ਠੀਕ ਇਸੇ ਰਸਤੇ ਹੀ ਹਨ, ਉਨ੍ਹਾਂ ਦੇ ਪੈਰਾਂ ਦੇ ਨਿਸ਼ਾਨਾਂ ਤੋਂ ਠੀਕ ਪਤਾ ਪਿਆ ਲਗਦਾ ਹੈ।' ਅਮੀਰ ਆਦਮੀ ਨੇ ਆਪਣੇ ਘੋੜੇ ਨੂੰ ਤੇਜ਼ ਤੋਰਦਿਆਂ ਹੋਇਆਂ ਕਿਹਾ, 'ਛੇਤੀ ਤੁਰੋ ਨਹੀਂ ਤਾਂ ਉਹ ਦਰਿਆ ਪਾਰ ਕਰ ਜਾਣਗੇ ਅਤੇ ਫੇਰ ਉਨ੍ਹਾਂ ਨੂੰ ਫੜਨਾ ਮੁਸ਼ਕਲ ਹੋ ਜਾਵੇਗਾ'।

ਬਾਕੀਆਂ ਨੇ ਵੀ ਘੋੜਿਆਂ ਨੂੰ ਤੇਜ਼ ਤੋਰ ਦਿਤਾ। ਘੋੜਿਆਂ ਦੇ ਸੁੰਮ ਰੇਤਲੀ ਪਗ ਡੰਡੀ ਦੇ ਉਤੇ ਇਕ ਸੁਰੀਲੀ ਆਵਾਜ਼ ਪੈਦਾ ਕਰੀ ਜਾ ਰਹੇ ਸਨ। ਹੋਰ ਸਭ ਚੁਪ ਸੀ। ਅਮੀਰ ਆਦਮੀ ਆਪਣੇ ਖ਼ਿਆਲਾਂ ਦੇ ਸਾਗਰ ਵਿਚ ਰੁੜ੍ਹਿਆ ਜਾ ਰਿਹਾ ਸੀ। ਬਾਕੀ ਦੇ ਸਵਾਰ ਉਸ ਦੇ ਪਿਛੇ ਪਿਛੇ ਇਕ ਕਤਾਰ ਵਿਚ ਆ ਰਹੇ ਸਨ।

ਕੁਝ ਚਿਰ ਪਿਛੋਂ ਇਕ ਥਾਂ ਪੁਜੇ, ਜਿਥੇ ਟਿੱਲਿਆਂ ਦੇ ਨਾਲ ਨਾਲ ਸੁਕੀਆਂ ਹੋਈਆਂ ਕੰਡਿਆਂ ਵਾਲੀਆਂ ਝਾੜੀਆਂ ਉਗੀਆਂ ਹੋਈਆਂ ਸਨ। ਰੇਤਲੀ ਜ਼ਮੀਨ ਉਤੇ ਕਾਫੀ ਪੈਰਾਂ ਦੇ ਨਿਸ਼ਾਨ ਦਿਸ ਰਹੇ ਸਨ। ਇਕ ਥਾਂ ਸਰਦਾਰ ਨੇ ਭੂਰੇ ਰੰਗ ਦਾ ਲਹੂ ਦਾ ਇਕ ਵੱਡਾ ਸਾਰਾ ਧਬਾ ਵੇਖਿਆ ਜਿਥੋਂ ਦੀ ਕਿ ਉਸ ਦੀ ਧੀ ਲੰਘੀ ਸੀ ਅਤੇ ਤੁਰਦਿਆਂ ਤੁਰਦਿਆਂ ਉਸ ਦੇ ਪੈਰਾਂ ਵਿਚੋਂ ਲਹੂ ਵਗ ਪਿਆ ਸੀ।

ਉਨ੍ਹਾਂ ਦੇ ਅਗੇ ਅਗੇ ਉਨ੍ਹਾਂ ਦੇ ਪ੍ਰਛਾਵੇਂ ਜਾ ਰਹੇ ਸਨ। ਜਿਦਾਂ ਕਿ ਵਫਾਦਾਰ ਨੌਕਰ ਆਪਣੇ ਮਾਲਕ ਦਾ ਹੁਕਮ ਸੁਣਨ ਲਈ ਸਦਾ ਨਾਲ ਹੀ ਹੁੰਦਾ ਹੈ। ਇਕ ਲੰਮਾ ਚੌੜਾ ਖੁਲ੍ਹਾ ਮੈਦਾਨ ਸੀ, ਹਵਾ ਬਿਲਕੁਲ ਬੰਦ ਸੀ। ਸੂਰਜ ਹੌਲੀ ਹੌਲੀ ਆਪਣਾ ਸਫ਼ਰ ਖ਼ਤਮ ਕਰਦਾ ਕਰਦਾ ਆਪਣੇ ਟਿਕਾਣੇ ਦੇ ਲਾਗੇ ਅਪੜ ਰਿਹਾ ਸੀ। ਅਸਮਾਨ ਵਿਚ ਕਿਤੇ ਕਿਤੇ ਇਕ ਅਧੀ ਬਦਲੀ, ਇਕ ਹਾਰੇ ਹੋਏ ਖਿਡਾਰੀ ਵਾਂਗੂੰ ਨਿਰਾਸ਼ ਜਾ ਰਹੀ ਸੀ। ਉਪਰ ਅਸਮਾਨ ਵਿਚ ਇੱਲਾਂ ਚਕਰ ਲਾ ਰਹੀਆਂ ਸਨ; ਪਰ ਉਹ ਖੰਭ ਨਹੀਂ ਸਨ ਹਿਲਾ ਰਹੀਆਂ ਸ਼ਾਇਦ ਉਹ ਕਿਸੇ ਦੀ ਭਾਲ ਵਿਚ ਲਭਦੀਆਂ ਲਭਦੀਆਂ ਥਕ ਗਈਆਂ ਹੋਣਗੀਆਂ; ਪਰ ਫੇਰ ਵੀ ਉਸ ਦੇ ਮਿਲਣ ਦੀ, ਇਕ ਆਸ ਉਨ੍ਹਾਂ ਨੂੰ ਸਹਾਰਾ ਦੇ ਕੇ ਉਡਾਈ ਲਈ ਜਾ ਰਹੀ ਸੀ। ਸਰਦਾਰ ਨੇ ਮੂੰਹ ਨਾਲ ਸੀਟੀ ਵਜਾਣ ਦੀ ਕੋਸ਼ਸ ਕੀਤੀ ਪਰ ਉਸ ਦੇ ਮੂੰਹੋਂ ਇਕ ਠੰਢੀ ਆਹ ਨਿਕਲ ਕੇ ਰਹਿ ਗਈ।

ਦੋ ਸਵਾਰ ਸਾਥੀਆਂ ਤੋਂ ਕੁਝ ਪਿਛੇ ਰਹਿ ਗਏ, ਇਕ ਨੇ ਦੂਜੇ ਤੋਂ ਪਛਿਆ, “ਸਰਦਾਰ ਕਿਸ ਚੀਜ਼ ਦੇ ਪਿਛੇ ਜਾ ਰਿਹਾ ਹੈ?"

'ਤੈਨੂੰ ਪਤਾ ਨਹੀਂ?' ਉਸ ਨੇ ਘੋੜੇ ਦੇ ਕੰਨਾਂ ਦੇ ਪਰਛਾਵੇਂ ਨੂੰ ਵੇਖਦਿਆਂ ਹੋਇਆਂ ਕਿਹਾ।

'ਨਹੀਂ।'

'ਪਰ ਉਸ ਦੇ ਨਾਲ ਤਾਂ ਤੁਰਿਆ ਜਾ ਰਿਹਾ ਹੈਂ, ਵਾਹ ਇਹ ਚੰਗੀ ਅਕਲ ਹੈ। ਸੁਣ, ਗੱਲ ਇਹ ਹੈ ਕਿ ਸਰਦਾਰ ਦੀ ਲੜਕੀ ਅਜ ਸਵੇਰ ਦੀ ਘਰੋਂ ਕਿਸੇ ਨਾਲ ਭਜ ਆਈ ਹੈ।'

'ਪਰ ਉਸ ਨੇ ਇਹ ਕਿਉਂ ਕੀਤਾ?'

'ਸਰਦਾਰ ਉਸ ਦਾ ਵਿਆਹ ਇਕ ਬੁਢੇ ਆਦਮੀ ਨਾਲ ਕਰਨਾ ਚਾਹੁੰਦਾ ਸੀ, ਜਿਥੋਂ ਕਿ ਇਸ ਨੂੰ ਕਾਫ਼ੀ ਦੌਲਤ ਮਿਲਣ ਦੀ ਆਸ ਸੀ; ਪਰ ਲੜਕੀ ਨੂੰ ਇਹ ਨਹੀਂ ਸੀ ਪਸੰਦ।'

'ਸ਼ਾਇਦ ਵਡਿਆਂ ਦੀ ਵਡਿਆਈ ਇਸੇ ਵਿਚ ਹੀ ਹੈ।' ਉਸ ਨੇ ਅਪਣੇ ਸਿਰ ਤੇ ਹੱਥ ਫੇਰਦਿਆਂ ਹੋਇਆਂ ਕਿਹਾ, 'ਅਸੀਂ ਗ਼ਰੀਬ ਆਦਮੀ ਇਸ ਗਲੇ ਇਹਨਾਂ ਦੀ ਬਰਾਬਰੀ ਨਹੀਂ ਕਰ ਸਕਦੇ।'

ਸਰਦਾਰ ਨੇ ਪਿਛੇ ਨੂੰ ਸਿਰ ਭੰਵਾ ਕੇ ਵੇਖਿਆ, ਉਸ ਨੂੰ ਪਿਛੇ ਆ ਰਹੇ ਸਵਾਰਾਂ ਤੇ ਖਿਝ ਚੜ੍ਹੀ, ਉਹ ਉੱਚੀ ਆਵਾਜ਼ ਨਾਲ ਬੋਲਿਆ, 'ਓਹ ਨਿਮਕ ਹਰਾਮੋਂ, ਜਲਦੀ ਤੁਰੋ, ਕੀ ਪੀੜ ਪੈ ਗਈ ਜੇ।'

ਉਹਨਾਂ ਨੇ ਆਪਣੇ ਘੋੜੇ ਤੇਜ਼ ਤੋਰ ਦਿਤੇ। ਇਕ ਆਦਮੀ ਜੋ ਕਿ ਕਦ ਦਾ ਮਧਰਾ ਸੀ, ਸੋਚਨ ਲਗਾ, ‘ਓ ਨਿਮਕ ਹਰਾਮੋ..... ਹਰ ਵਾਰੀ ਇਹ ਇਦਾਂ ਹੀ ਕਹਿੰਦਾ ਹੈ। ਰਬ ਵੀ ਬੜਾ ਬੇਇਨਸਾਫ਼ ਹੈ। ਅਸੀਂ ਪੰਜ ਆਦਮੀ ਘੋੜਿਆਂ ਤੇ ਜਾ ਰਹੇ ਹਾਂ; ਪਰ ਸਾਡੇ ਵਿਚੋਂ ਇਕ ਨੂੰ ਹਕ ਹੈ ਕਿ ਉਹ ਦੂਜਿਆਂ ਤੇ ਹੁਕਮ ਚਲਾ ਸਕੇ। ਸਾਨੂੰ ਇਸ ਦਾ ਹੁਕਮ ਬੀਆਬਾਨ ਵਿਚ ਵੀ ਮੰਨਣਾ ਪੈਂਦਾ ਹੈ।' ਉਸਦੀ ਨਜ਼ਰ ਸਰਦਾਰ ਦੇ ਲੰਮੇ ਅਤੇ ਪਤਲੇ ਪਰਛਾਵੇਂ ਤੇ ਪਈ, 'ਮੈਂ ਇਸ ਪਾਸੋਂ ਕਿਉਂ ਡਰਾਂ ਮੇਰੇ ਨਾਲ ਘੁਲ ਕੇ ਵੇਖ ਲਵੇ, ਮੈਂ ਨਾ ਢਾਹ ਕੇ ਮਾਰਾਂ ਤਾਂ ਕਵ੍ਹੇ, ਪਰ ਫੇਰ ਵੀ ਮੈਨੂੰ ਇਸ ਦਾ ਹੁਕਮ ਮੰਨਣਾ ਪੈਂਦਾ ਹੈ। ਇਹ ਹੈ ਵੀ ਬੇਵਕੂਫ, ਭਲਾ ਜੇਕਰ ਉਹ ਭਜ ਗਈ ਤਾਂ ਕੀ ਹੋਇਆ? ਅਕਸਰ ਨੂੰ ਵਿਆਹ ਤਾਂ ਕਰਨਾ ਹੀ ਸੀ।'

ਪਰਛਾਵੇਂ ਪੈਰੋ ਪੈਰ ਵਧ ਰਹੇ ਸਨ; ਪਰ ਫੇਰ ਵੀ ਉਹ ਸਵਾਰਾਂ ਨਾਲੋਂ ਵਖ ਨਹੀਂ ਸਨ ਹੁੰਦੇ। ਪੰਛੀਆਂ ਦੀਆਂ ਡਾਰਾਂ ਉਹਨਾਂ ਦੇ ਉਤੋਂ ਦੀ ਉਡਦੀਆਂ ਲੰਘ ਜਾਂਦੀਆਂ। ਹਵਾ ਵੀ ਚਲਣੀ ਸ਼ੁਰੂ ਹੋ ਗਈ ਸੀ। ਕਿਤੇ ਕਿਤੇ ਕੋਈ ਉੱਚਾ ਟਿਬਾ ਵੀ ਨਜ਼ਰੀਂ ਪੈਂਦਾ ਸੀ। ਉਹ ਉਸੇ ਤਰ੍ਹਾਂ ਚੁਪ ਚਾਪ ਤੁਰੇ ਜਾ ਰਹੇ ਸਨ। ਘੋੜਿਆਂ ਦੀ ਟਾਪ ਤੋਂ ਸਿਵਾਇ ਹੋਰ ਕੋਈ ਵੀ ਆਵਾਜ਼ ਨਹੀਂ ਸੀ ਆਉਂਦੀ। ਮਧਮ ਜਿਹਾ ਚੰਦ ਵੀ ਆਸਮਾਨ ਵਿਚ ਆਪਣੀ ਮਰਯਾਦਾ ਵਿਚ ਬੱਧਾ ਆਇਆ ਹੋਇਆ ਸੀ; ਪਰ ਉਸ ਦੀ, ਤੇਜ਼ ਸੂਰਜ ਅਗੇ ਕੋਈ ਪੇਸ਼ ਨਹੀਂ ਸੀ ਜਾਂਦੀ। ਉਚੀਆਂ ਉਚੀਆਂ ਕਾਲੇ ਪੱਥਰ ਦੀਆਂ ਪਹਾੜੀਆਂ ਚੁਪ ਚਾਪ ਖਲੋਤੀਆਂ ਸਨ ਜਿਦਾਂ ਕਿਸੇ ਦਾ ਮਾਤਮ ਕਰ ਰਹੀਆਂ। ਸੂਰਜ ਇਸ ਧਰਤੀ ਦੇ ਨਜ਼ਾਰੇ ਤੋਂ ਦੂਰ ਨਹੀਂ ਸੀ ਜਾਣਾ ਚਾਹੁੰਦਾ, ਇਸ ਲਈ ਉਹ ਗ਼ਮਗੀਨ ਸੀ ਅਤੇ ਉਸ ਦਾ ਰੰਗ ਹੁਣ ਫ਼ਿਕਰ ਵਿਚ ਪੀਲਾ ਪੈ ਗਿਆ ਸੀ। ਉਹ ਆਪਣੀਆਂ ਆਖ਼ਰੀ ਕਿਰਨਾਂ ਨੂੰ ਧਰਤੀ ਤੇ ਨਿਸ਼ਾਨੀ ਵਜੋਂ ਛਡ ਜਾਣਾ ਚਾਹੁੰਦਾ ਸੀ। ਘੋੜਿਆਂ ਦੀ ਟਾਪ ਸੁਣ ਕੇ ਇਕ ਲਾਗੇ ਦੀ ਪਹਾੜੀ ਤੋਂ ਇਕ ਇੱਲ ਚੀਕਦੀ ਹੋਈ ਉੱਡ ਗਈ।

ਸਭ ਤੋਂ ਪਿਛਲੇ ਆਦਮੀ ਨੇ ਆਪਣੀ ਜੇਬ ਵਿਚੋਂ ਰੋਟੀ ਦਾ ਟੁਕੜਾ ਕਢ ਕੇ ਖਾਣਾ ਸ਼ੁਰੂ ਕਰ ਦਿਤਾ। ਜਿਸ ਤਰ੍ਹਾਂ ਉਸ ਦਾ ਮੂੰਹ ਹਿਲ ਰਿਹਾ ਸੀ ਉਸੇ ਤਰ੍ਹਾਂ ਹੀ ਉਸ ਦੇ ਪ੍ਰਛਾਵੇਂ ਦਾ ਮੂੰਹ ਭੀ ਹਰਕਤ ਕਰ ਰਿਹਾ ਸੀ। ਸਰਦਾਰ ਦੀ ਨਜ਼ਰ ਉਸ ਦੇ ਪਰਛਾਵੇਂ ਤੇ ਪਈ। ਉਸ ਨੇ ਪਿਛਾਂਹ ਨੂੰ ਮੂੰਹ ਮੋੜ ਕੇ ਨੌਕਰ ਵਲ ਵੇਖਿਆ ਅਤੇ ਇਕ ਕਚੀਚੀ ਖਾਧੀ। ਉਸ ਦੀਆਂ ਅੱਖਾਂ ਗੁਸੇ ਨਾਲ ਸੁਰਖ਼ ਹੋ ਰਹੀਆਂ ਸਨ। ਉਹ ਸੋਚ ਰਿਹਾ ਸੀ'ਮੇਰੀ ਧੀ ਇਕ ਗੈਰ ਨਾਲ ਨਿਕਲ ਜਾਏ, ਇਹ ਮੈਂ ਕਦੀ ਵੀ ਨਹੀਂ ਸਹਾਰ ਸਕਦਾ। ਕੁਝ ਵੀ ਹੋਵੇ ਮੈਂ ਉਸ ਬਦਮਾਸ਼ ਨੂੰ ਜ਼ਰੂਰ ਫੜਾਂਗਾ ਅਤੇ ਇਕ ਵਾਰੀ ਮਜ਼ਾ ਚਖਾ ਦਿਆਂਗਾ' ਉਸ ਨੇ ਮਿਆਨ ਵਿਚ ਪਈ ਹੋਈ ਤਲਵਾਰ ਵਲ ਵੇਖਿਆ, ਉਹ ਉਸ ਨੇ ਰਾਹ ਵਿਚ ਹੀ ਆਉਂਦਿਆਂ ਆਉਂਦਿਆਂ ਇਕ ਪੱਥਰ ਤੇ ਘਸਾ ਕੇ ਤੇਜ਼ ਕੀਤੀ ਸੀ, 'ਅਤੇ ਨਾਜੋ ਨੂੰ ਵੀ ਇਕ ਵਾਰੀ ਮੱਤ ਦਿਆਂਗਾ ਕਿ ਬਾਪ ਦੇ ਆਖੇ ਕਿੱਦਾਂ ਨਹੀਂ ਲਗੀਦਾ। ਇਸ ਨੇ ਤਾਂ ਮੇਰਾ ਨੱਕ ਹੀ ਵੱਢ ਛਡਿਆ ਹੈ। ਮੈਨੂੰ ਕਾਸੇ ਜੋਗਾ ਛਡਿਆ ਹੀ ਨਹੀਂ ਸੁ। ਪਿੰਡ ਵਾਲੇ ਮੂੰਹ ਵਿਚ ਉਂਗਲਾਂ ਪਾ ਪਾ ਕੇ ਇਹਦੀਆਂ ਗੱਲਾਂ ਕਰਦੇ ਹਨ ਅਤੇ ਜੇ ਕੋਈ ਪੁਛੇ ਕਿ ਉਹ ਕੌਣ ਹੋ ਤਾਂ ਕਹਿੰਦੇ ਹਨ- ਉਸ ਸਰਦਾਰ ਦੀ ਧੀ- ਨਾਂ ਮੇਰਾ ਬਦਨਾਮ ਹੋ ਰਿਹਾ ਹੈ। ਇਹੋ ਜਿਹੀ ਔਲਾਦ ਖੁਣੋਂ ਕੀ ਥੁੜਿਆ ਸੀ। ਜੇਹੀ ਹੋਈ ਤੇਹੀ ਨਾ ਹੋਈ'।

ਸੂਰਜ ਜਾ ਚੁਕਾ ਸੀ ਅਤੇ ਹੁਣ ਚੰਦ੍ਰਮਾ ਆਪਣਾ ਰੰਗ ਵਿਖਾਲਣ ਲਈ ਤਿਆਰ ਹੋ ਬੈਠਾ ਸੀ। ਹਵਾ ਤੇਜ਼ ਹੋ ਗਈ ਅਤੇ ਨਾਲ ਨਾਲ ਠੰਢ ਵੀ ਵਧ ਰਹੀ ਸੀ। ਚਿੱਟੇ ਘੋੜੇ ਵਾਲੇ ਸਵਾਰ ਨੇ ਆਪਣੇ ਸਾਥੀ ਨੂੰ ਕਿਹਾ, 'ਸਾਡਾ ਮਾਲਕ ਵੀ ਕਿੱਡਾ ਜ਼ਿੱਦੀ ਹੈ, ਭਲਾ ਜੇਕਰ ਉਹ ਚਲੀ ਗਈ ਤਾਂ ਕੀ ਹੋਇਆ।'

'ਚੁਪ ਰਹੁ’ ਦੂਜੇ ਨੇ ਕਿਹਾ, ਜੇ ਕਿਤੇ ਉਸ ਨੇ ਸੁਣ ਲਿਆ ਤਾਂ ਆਫ਼ਤ ਆ ਜਾਏਗੀ।

ਸਰਦਾਰ ਨੇ ਵੀ ਉਹਨਾਂ ਦੀਆਂ ਗੱਲਾਂ ਸੁਣ ਲਈਆਂ ਅਤੇ ਉਸ ਨੂੰ ਰੋਹ ਚੜ੍ਹ ਗਿਆ'ਮੈਂ ਜ਼ਿੱਦੀ ਹਾਂ?' ਉਹ ਕੜਕਿਆ 'ਕਮੀਨਾ, ਨਿਮਕ ਹਰਾਮ, ਕੀ ਤੂੰ ਇਹ ਬਰਦਾਸ਼ਤ ਕਰ ਸਕਦਾ ਹੈਂ ਕਿ ਤੇਰੀ ਧੀ ਕਿਸੇ ਓਪਰੇ ਨਾਲ ਨਿਕਲ ਜਾਏ?......... ਮੂੜ੍ਹ ਮਤ, ਨਾ ਅਕਲ ਤੇ ਨਾ ਮੌਤ। ਘਰ ਪੁਜ ਲੈ ਉਹਨਾਂ ਦੇ ਨਾਲ ਹੀ ਤੇਰੀ ਵੀ ਗਤ ਬਣਾਵਾਂਗਾ। ਠੀਕ ਤੁਸੀਂ ਲੋਕ ਗਵਾਰ ਹੀ ਜੇ। ਲੋਕ ਆਂਹਦੇ ਨੇ ਕਿ ਗਵਾਂਢੀ ਦਾ ਰੂਪ ਨਹੀਂ ਆਉਂਦਾ ਮਤ ਤਾਂ ਆ ਹੀ ਜਾਂਦੀ ਹੈ; ਪਰ ਤੁਹਾਨੂੰ ਕਦੇ ਵੀ ਮਤ ਨਹੀਂ ਆਵੇਗੀ, ਭਾਵੇਂ ਕਿੰਨਾ ਚਿਰ ਸਾਡੀਆਂ ਨੌਕਰੀਆਂ ਕਰ ਲਵੋ। ਤੁਹਾਨੂੰ ਮਾਰ ਖਾਣ ਵਿਚ ਇਕ ਸੁਆਦ ਆਉਂਦਾ ਹੈ........ ਬੇ-ਸ਼ਰਮ।'

ਉਹ ਗੁੱਸੇ ਵਿਚ ਕਈ ਕੁਝ ਬੋਲ ਗਿਆ। ਨੌਕਰ ਚੁਪ ਚਾਪ ਕਦੀ ਕਦੀ ਇਕ ਦੂਜੇ ਦਾ ਮੂੰਹ ਵੇਖ ਲੈਂਦੇ ਅਤੇ ਫਿਰ ਆਪਣੇ ਨਿੱਕੇ ਨਿੱਕੇ ਖ਼ਿਆਲਾਂ ਦੀ ਦੁਨੀਆਂ ਵਿਚ ਮਸਤ ਹੋ ਜਾਂਦੇ। ਬੇ-ਜ਼ਬਾਨ ਘੋੜੇ ਸਵੇਰ ਦੇ ਹੀ ਆਪਣੇ ਉਤੇ ਭਾਰ ਚੁਕੀ ਆ ਰਹੇ ਸਨ, ਇਸ ਲਈ ਉਹ ਵੀ ਥੱਕ ਗਏ ਸਨ; ਪਰ ਮਾਲਕਾਂ ਦੇ ਛਾਂਟਿਆਂ ਤੋਂ ਡਰਦੇ ਹੋਏ ਚੁਪ ਚਾਪ ਤੁਰੇ ਜਾ ਰਹੇ ਸਨ।

'ਛੇਤੀ ਛੇਤੀ ਤੁਰੋ।' ਸਰਦਾਰ ਨੇ ਕਿਹਾ।

ਮਧਰੇ ਆਦਮੀ ਨੇ ਆਪਣੇ ਘੋੜੇ ਦੀ ਲਗਾਮ ਖਿੱਚੀ ਅਤੇ ਇਕ ਵਾਰੀ ਰਕਾਬਾਂ ਦੇ ਉੱਤੇ ਉਠ ਕੇ ਖਲੋ ਗਿਆ । ਪੰਜੇ ਘੋੜੇ ਹੁਣ ਸੁੱਕੇ ਘਾਹ ਨੂੰ ਪੈਰਾਂ ਥੱਲੇ ਲਿਤਾੜਦੇ ਜਾ ਰਹੇ ਸਨ। ਸਰ ਸਰ ਦੀ ਆਵਾਜ਼ ਨਿਕਲ ਰਹੀ ਸੀ। ਅਨ੍ਹੇਰਾ ਆਪਣਾ ਕਬਜ਼ਾ ਜਮਾਣਾ ਚਾਹੁੰਦਾ ਸੀ; ਪਰ ਉਸ ਦੀ ਚੰਦ ਦੀ ਚਾਨਣੀ ਅਗੇ ਕੋਈ ਵੀ ਪੇਸ਼ ਨਹੀਂ ਸੀ ਜਾਂਦੀ। ਇਸ ਲਈ ਉਹ ਦੂਰ ਦੂਰ ਭੱਜ ਰਿਹਾ ਸੀ। ਦੂਰ ਸਾਰੇ ਦਰਿਆ ਦਾ ਪਾਣੀ ਚੰਦ ਦੀ ਚਾਣਨੀ ਵਿਚ ਚਮਕ ਰਿਹਾ ਸੀ, ਉਸੇ ਉਤੇ ਨਿੱਕੀਆਂ ਨਿੱਕੀਆਂ ਲਹਿਰਾਂ ਉਠ ਰਹੀਆਂ ਸਨ। ਦਰਿਆ ਦੇ ਕੰਢੇ ਤੇ ਕਿਤੇ ਕਿਤੇ ਇਕ ਅੱਧਾ ਦਰੱਖ਼ਤ ਵੀ ਉਗਿਆ ਹੋਇਆ ਸੀ।

ਉਹਨਾਂ ਦਾ ਰਾਹ ਇਕ ਉੱਚੀ ਨੀਵੀਂ ਜ਼ਮੀਨ ਤੋਂ ਦੀ ਜਾਂਦਾ ਸੀ। ਉਹ ਚੰਦ ਦੀ ਚਾਣਨੀ ਵਿਚ ਪੈਰਾਂ ਦੇ ਨਿਸ਼ਾਨ ਲੱਭਦੇ ਹੋਏ ਤੁਰੇ ਜਾ ਰਹੇ ਸਨ। ਉਹਨਾਂ ਦੇ ਪਰਛਾਵੇਂ ਹੁਣ ਉਹਨਾਂ ਦੇ ਖੱਬੇ ਪਾਸੇ ਵਲ ਸਨ। ਮਧਰੇ ਆਦਮੀ ਨੇ ਆਪਣੇ ਮਾਲਕ ਦੇ ਪਰਛਾਵੇਂ ਵਲ ਵੇਖਿਆ। ਉਸ ਦੀ ਟੋਪੀ ਅਤੇ ਉਸ ਦੇ ਵਿਚ ਲੱਗਾ ਹੋਇਆ ਇਕ ਖੰਭ ਹਵਾ ਵਿਚ ਹਿਲ ਰਿਹਾ ਸੀ। ਅਜ ਸਵੇਰ ਦੇ ਉਹ ਇਸ ਉਜਾੜ ਵਿਚ ਤੁਰੇ ਜਾ ਰਹੇ ਸਨ; ਅਜੇ ਤਕ ਉਹਨਾਂ ਨੂੰ ਕਿਸੇ ਵੀ ਆਦਮੀ ਦੀ ਸੂਰਤ ਨਹੀਂ ਸੀ ਦਿਸੀ। ਚਿਟੇ ਘੋੜੇ ਵਾਲੇ ਆਦਮੀ ਨੇ ਅਚਾਨਕ ਹੀ ਦਰਿਆ ਵਲ ਵੇਖਿਆ ਅਤੇ ਉਹ ਉੱਚੀ ਅਵਾਜ਼ ਨਾਲ ਬੋਲਿਆ:

'ਓਹ ਵੇਖੋ' ਤੇ ਉਸ ਨੇ ਆਪਣੀ ਉਂਗਲੀ ਨਾਲ ਦਰਿਆ ਵਲ ਇਸ਼ਾਰਾ ਕੀਤਾ।

ਸਾਰੇ ਹੀ ਇਕੋ ਵਾਰੀ ਖੜੋ ਗਏ ਅਤੇ ਸਰਦਾਰ ਨੇ ਪੁਛਿਆ, 'ਕੀ ਹੈ?'

ਓਹ ਦਰਿਆ ਦੇ ਕੰਢੇ ਤੇ ਕੌਣ ਆਂਦਮੀ ਖਲੋਤੇ ਹਨ?'

'ਕਿਥੇ?'

'ਉਸ ਉਚੇ ਰੁਖ ਦੇ ਲਾਗੇ' ਉਸ ਨੇ ਆਪਣਾ ਹੱਥ ਵਧਾ ਕੇ ਕਿਹਾ।

ਸਰਦਾਰ ਨੇ ਗਹੁ ਨਾਲ ਰੁਖ ਵਲ ਵੇਖਿਆ, 'ਠੀਕ ਉਹੋ ਹੀ ਹਨ... ਛੇਤੀ ਭਜੋ, ਫੜ ਲਓ ਉਸ ਬਦਮਾਸ਼ ਨੂੰ ਵੇਖਿਓ ਕਿਤੇ ਲੁਕ ਨਾ ਜਾਣ।' ਉਸ ਨੇ ਆਪਣੇ ਘੋੜੇ ਨੂੰ ਅਡੀ ਲਾਈ ਤੇ ਬਾਕੀਆਂ ਨੇ ਵੀ ਓਵੇਂ ਹੀ ਕੀਤਾ। ਘੋੜੇ ਹੁਣ ਬਹੁਤ ਤੇਜ਼ ਭਜੇ ਜਾ ਰਹੇ ਸਨ। ਸਰਦਾਰ ਨੇ ਆਪਣੀ ਤਲਵਾਰ ਮਿਆਨ ਵਿਚੋਂ ਧੂਹ ਲਈ ਅਤੇ ਉਸ ਨੂੰ ਉੱਚੀ ਹਵਾ ਵਿਚ ਹਿਲਾਂਦਾ ਜਾ ਰਿਹਾ ਸੀ। 'ਬਦਮਾਸ਼ ਮਕਾਰ,' ਉਹ ਬੋਲਿਆ, 'ਹੁਣ ਤੈਨੂੰ ਸੁਆਦ ਚਖਾਵਾਂਗਾ।' ਉਸ ਨੇ ਚੰਦ ਦੀ ਚਾਨਣੀ ਵਿਚ ਚਮਕ ਰਹੀ ਤੇਜ਼ ਧਾਰ ਵਾਲੀ ਤਲਵਾਰ ਵਲ ਵੇਖਿਆ। ‘ਹਾ ਹਾ..... ਹਾ.... ਹਾ' ਉਹ ਉੱਚੀ ਉੱਚੀ ਹਸਿਆ। ਸਰਦਾਰ ਨੇ ਉੱਚੀ ਦਿਤੀ ਲਲਕਾਰਿਆ। ਦਰਿਆ ਦਾ ਕੰਢਾ ਹੁਣ ਕੁਝ ਦੂਰ ਹੀ ਸੀ। ਦੋਵੇਂ ਆਦਮੀ ਹੁਣ ਸਾਫ਼ ਨਜ਼ਰ ਆ ਰਹੇ ਸਨ।

ਮੁਟਿਆਰ ਸਰਦਾਰ ਦੀ ਧੀ ਨਾਜੋ ਨੇ ਅਪਣੇ ਸਾਥੀ ਵਲ ਵੇਖਿਆ। ਉਸ ਦੀਆਂ ਅੱਖਾਂ ਤੋਂ ਹੈਰਾਨੀ ਦੇ ਚਿੰਨ੍ਹ ਪ੍ਰਗਟ ਹੋ ਰਹੇ ਸਨ, ਉਸ ਆਖਿਆ, 'ਬਲੀਜ਼, ਹੁਣ ਕੀ ਕਰੀਏ?'

ਸਵਾਰ ਹੋਰ ਨੇੜੇ ਆ ਗਏ।

ਉਹ ਚੁਪ ਚਾਪ ਖਲੋਤੇ ਇਕ ਦੂਜੇ ਦੇ ਮੂੰਹ ਵਲ ਵੇਖ ਰਹੇ ਸਨ।

ਨਾਜੋ ਦੀਆਂ ਮੋਟੀਆਂ ਮੋਟੀਆਂ ਅੱਖਾਂ ਕਦੀ ਆ ਰਹੇ ਆਪਣੇ ਪਿਤਾ ਵਲ ਤੇ ਕਦੀ ਉਸ ਦੇ ਪਿਆਰੇ ਬਲੀਜ਼ ਵਲ ਵੇਖਦੀਆਂ, ਬਲੀਜ਼ ਚੁਪ ਚਾਪ ਖੜਾ ਸੀ ਉਸ ਦੀਆਂ ਨਜ਼ਰਾਂ ਨਾਜੋ ਦੇ ਲੰਮੇ ਲੰਮੇ ਕਾਲੇ ਵਾਲਾਂ ਵਿਚ ਗੁਆਚੀਆਂ ਹੋਈਆ ਸਨ।

ਸਵਾਰ ਹੁਣ ਵੀਹ ਕੁ ਗਜ਼ਾਂ ਤੇ ਸਨ।

'ਨਾਜੋ' ਸਰਦਾਰ ਕੁੜਕਿਆ, ਉਸ ਦੀ ਆਵਾਜ਼ ਰਾਤ ਦੀ ਚੁਪ ਵਿਚ ਚਾਰੇ ਪਾਸੇ ਧਸ ਗਈ, 'ਨਾਜੋ' ਵਾਰੀ ਵਾਰੀ ਚੌਹਾਂ ਪਾਸਿਆਂ ਤੋਂ ਫੇਰ ਮਧਮ ਮਧਮ ਆਵਾਜ਼ਾਂ ਆਈਆਂ। ਤਲਵਾਰ ਅਗੇ ਨਾਲੋਂ ਜ਼ਿਆਦਾ ਲਿਸ਼ਕ ਰਹੀ ਸੀ। ਘੋੜਿਆਂ ਦੇ ਮੂੰਹ ਉਪਰ ਅਸਮਾਨ ਵਲ ਸਨ।

ਨਾਜੋ ਦਿਆਂ ਕੰਵਲ ਨੈਣਾਂ ਵਿਚੋਂ ਦੋ ਅਥਰੂ ਨਿਕਲੇ, ਉਸ ਦੀਆਂ ਗਲ੍ਹਾਂ ਦੇ ਉਤੋਂ ਦੀ ਵਹਿ ਜ਼ਮੀਨ ਤੇ ਹਰੇ ਹਰੇ ਘਾਹ ਵਿਚ ਸਮਾ ਗਏ ਅਤੇ ਦੂਜਿਆਂ ਦੇ ਆਉਣ ਲਈ ਉਸ ਦੀਆਂ ਗਲ੍ਹਾਂ ਤੇ ਪਤਲੇ ਪਤਲੇ ਰਾਹ ਪਾ ਗਏ। ਸਵਾਰ ਦਸਾਂ ਕੁ ਗਜ਼ਾ ਤੇ ਸਨ।

ਨਾਜੋ ਦੀਆਂ ਅੱਖਾਂ ਵਿਚੋਂ ਦੋ ਹੋਰ ਅਥਰੂ ਉਮਡ ਆਏ ਅਤੇ ਚੰਦ ਦੀ ਚਾਨਣੀ ਵਿਚ ਚਮਕਣ ਲਗੇ। ਉਸ ਦੀਆਂ ਬਾਹਾਂ ਹੌਲੀ ਹੌਲੀ ਉਪਰ ਉਠੀਆਂ ਅਤੇ ਬਲੀਜ਼ ਦੇ ਗਲ ਨਾਲ ਚੰਬੜ ਗਈਆਂ। ਉੱਚੇ ਦਰਖ਼ਤ ਤੇ ਸੁਤੇ ਹੋਏ ਪੰਛੀ ਟਾਪਾਂ ਸੁਣ ਕੇ ਫੜ.... ਫੜ ਕਰਦੇ ਉੱਡ ਗਏ। ਬਲੀਜ਼ ਨੇ ਆਪਣੀ ਬਾਂਹ ਉਸ ਦੇ ਲੱਕ ਦੁਆਲੇ ਪਾ ਦਿੱਤੀ ਤੇ ਫੇਰ ਦਰਿਆ ਵਿਚ ਉਤਰ ਗਏ।

'ਫੜ ਲਓ, ਵੇਖਿਓ ਕਿਤੇ ਨਿਕਲ ਨਾ ਜਾਣ।' ਸਰਦਾਰ ਦਾ ਗੁੱਸਾ ਵਧ ਚੁਕਾ ਸੀ। ਉਸ ਦੀਆਂ ਅੱਖਾਂ ਵਿਚੋਂ ਚੰਗਿਆੜੀਆਂ ਨਿਕਲ ਰਹੀਆਂ ਸਨ। ਘੋੜੇ ਕੰਢੇ ਤੇ ਅੱਪੜ ਕੇ ਇਕ ਦਮ ਖਲੋ ਗਏ। ਸਵਾਰਾਂ ਨੇ ਥੱਲੇ ਛਾਲਾਂ ਮਾਰੀਆਂ। ਬਲੀਜ਼ ਇਕੋ ਬਾਂਹ ਨਾਲ ਤਰਦਾ ਜਾ ਰਿਹਾ ਸੀ। ਦਰਿਆ ਵਿਚ ਮੋਟੀਆਂ ਮੋਟੀਆਂ ਲਹਿਰਾਂ ਉਠ ਰਹੀਆਂ ਸਨ।

'ਅਗੇ ਵਧੋ' ਸਰਦਾਰ ਫੇਰ ਬੋਲਿਆ, 'ਨਕਾਰਿਓ!' ਉਹ ਦੋਵੇਂ ਦਰਿਆ ਦਾ ਚੌਥਾ ਹਿੱਸਾ ਤਰ ਚੁਕੇ ਸਨ। ਕੰਢੇ ਤੇ ਖਲੋ ਗਿਆਂ 'ਚੋਂ ਕਿਸੇ ਦਾ ਵੀ ਹੀਆ ਨਹੀਂ ਸੀ ਪੈਂਦਾ ਕਿ ਉਹ ਦਰਿਆ ਵਿਚ ਉਤਰ ਸਕੇ। ਸਰਦਾਰ ਕਚੀਚਆਂ ਖਾ ਰਿਹਾ ਸੀ। ਉਸ ਨੇ ਵਾਰੀ ਵਾਰੀ ਸਾਰੇ ਨੌਕਰਾਂ ਵਲ ਵੇਖਿਆ; ਪਰ ਕੋਈ ਉਹਨਾਂ ਦੇ ਪਿੱਛੇ ਜਾਣ ਲਈ ਤਿਆਰ ਨਹੀਂ ਸੀ ਹੁੰਦਾ। ਘੋੜੇ ਪਾਣੀ ਪੀਣ ਲੱਗ ਪਏ। ਮਧਰਾ ਆਦਮੀ ਕਦੀ ਸਰਦਾਰ ਵਲ ਵੇਖਦਾ ਤੇ ਕਦੀ ਤਰਦੇ ਜਾ ਰਹੇ ਦੋਹਾਂ ਪ੍ਰੇਮੀਆਂ ਵਲ। ਉਸ ਦੇ ਦਿਲ ਵਿਚ ਵੀ ਦਰਿਆ ਵਾਂਗੂੰ ਨਿੱਕੀਆਂ ਲਹਿਰਾਂ ਉਠ ਰਹੀਆਂ ਸਨ। ਦਰਿਆ ਦੀਆਂ ਲਹਿਰਾਂ ਤਾਂ ਚਾਨਣੀ ਵਿਚ ਚਮਕ ਰਹੀਆਂ ਸਨ; ਪਰ ਉਸ ਦੇ ਦਿਲ ਦੀਆਂ ਲਹਿਰਾਂ ਹਨੇਰੇ ਵਿਚ ਹੀ ਸਨ। ਘੋੜੇ ਕੰਢੇ ਤੋਂ ਹਰਾ ਹਰਾ ਘਾਹ ਚੁਗਣ ਲਗ ਪਏ ਅਤੇ ਕਦੀ ਕਦੀ ਖ਼ੁਸ਼ੀ ਵਿਚ ਆਪਣੀ ਪੂਛ ਵੀ ਹਿਲਾ ਦਿੰਦੇ।

ਤਰ ਰਹੇ ਬਲੀਜ਼ ਅਤੇ ਨਾਜੋ ਵਲ ਵੇਖ ਕੇ ਸਰਦਾਰ ਦਾ ਗ਼ੁੱਸਾ ਵਧ ਗਿਆ। ਨੌਕਰ ਇਕ ਦੂਜੇ ਦੇ ਮੂੰਹ ਵਲ ਵੇਖ ਰਹੇ ਸਨ।

'ਫੜੋ।' ਉਹ ਫੇਰ ਬੋਲਿਆ 'ਨਿਮਕ ਹਰਾਮੋ!'

ਦੋਵੇਂ ਜਣੇ ਦਰਿਆ ਦੇ ਵਿਚਕਾਰ ਪਹੁੰਚ ਚੁਕੇ ਸਨ। ਪਾਣੀ ਤੇਜ਼ ਹੋਣ ਕਰ ਕੇ ਉਹ ਥੱਕ ਗਏ। ਬਲੀਜ਼ ਨੇ ਹੱਥ ਮਾਰਨਾ ਛੱਡ ਦਿਤਾ। ਉਹ ਹੁਣ ਪਾਣੀ ਦੇ ਨਾਲ ਨਾਲ ਹੀ ਜਾ ਰਹੇ ਸਨ। ਨਾਜੋ ਦੇ ਨੱਕ ਵਿਚ ਕੁਝ ਪਾਣੀ ਪੈ ਗਿਆ। ਉਸ ਦੀਆਂ ਬਾਹਾਂ ਢਿਲੀਆਂ ਪੈ ਗਈਆਂ ਅਤੇ ਬਲੀਜ਼ ਉਸ ਨਾਲੋਂ ਵੱਖ ਹੋ ਗਿਆ। ਨਾਜੋ ਨੂੰ ਇਕ ਗ਼ੋਤਾ ਆਇਆ, ਉਸ ਨੇ ਬਾਹਾਂ ਬਲੀਜ਼ ਵਲ ਵਧਾਈਆਂ, ਬਲੀਜ਼ ਨੇ ਉਸ ਨੂੰ ਫੜਨਾ ਚਾਹਿਆ, ਪਰ ਪਾਣੀ ਨੇ ਕੋਈ ਪੇਸ਼ ਨਾ ਜਾਣ ਦਿਤੀ। ਨਾਜੋ ਇਕ ਵਾਰੀ ਫੇਰ ਪਾਣੀ ਦੇ ਥਲੇ ਚਲੀ ਗਈ।

ਆਪਣੀ ਧੀ ਨੂੰ ਇਸ ਤਰ੍ਹਾਂ ਡੁਬਦਿਆਂ ਵੇਖ ਕੇ ਸਰਦਾਰ... ਕੁੜੀ ਦੇ ਪਿਤਾ ਦਾ ਗੁੱਸਾ ਠੰਢਾ ਹੋ ਗਿਆ। ਉਸਦੇ ਅੰਦਰ ਆਪਣੀ ਔਲਾਦ ਵਾਸਤੇ ਪਿਆਰ ਜਾਗਿਆ, ਉਹ ਬੋਲਿਆ, 'ਨਾਜੋ!.... ਮੇਰੀ ਬੱਚੀ! ਆ ਜਾ ਮੈਂ ਤੈਨੂੰ ਕੁਝ ਨਹੀਂ ਕਹਾਂਗਾ।' ਉਸਦਾ ਗਲ ਭਰ ਆਇਆ। 'ਨਾਜੋ!' ਉਹ ਫੇਰ ਬੋਲਿਆ, 'ਆ ਜਾ, ਮੈਂ ਤੈਨੂੰ ਆਪਣੀ ਹਥੀਂ ਇਸ ਨਾਲ ਤੋਰ ਦਿਆਂਗਾ।'

ਨਾਜੋ ਇਕ ਵਾਰੀ ਫੇਰ ਪਾਣੀ ਦੇ ਬਾਹਰ ਆਈ, ਬਲੀਜ਼ ਨੇ ਉਸ ਦੀ ਇਕ ਬਾਂਹ ਫੜ ਲਈ, ਪਰ ਪਾਣੀ ਤੇਜ਼ ਸੀ, ਮੁਟਿਆਰ ਥਲੇ ਜਾ ਰਹੀ ਸੀ। ਨਾਲ ਨਾਲ ਬਲੀਜ਼ ਵੀ ਥਲੇ ਨੂੰ ਖਿਚੀ ਜਾ ਰਿਹਾ ਸੀ।

ਕੰਢੇ ਤੇ ਖਲੋਤੇ ਸਰਦਾਰਨਹੀਂ, ਕੁੜੀ ਦੇ ਪਿਤਾ, ਦੇ ਹਥੋਂ ਤਲਵਾਰ ਡਿਗ ਪਈ, ਉਸ ਨੇ ਕਮਲਿਆਂ ਵਾਂਗੂੰ ਦਰਿਆ ਵਿਚ ਛਾਲ ਮਾਰ ਦਿਤੀ।

(ਅਧਾਰ ਤੇ)