58733ਨਵਾਂ ਮਾਸਟਰ — ਜੀਵਨ ਵਿਚਪਾਂਧੀ ਸਤਿਨਾਮ ਸਿੰਘ

ਜੀਵਨ ਵਿਚ

੧੯੪੪

ਜੀਵਨ ਵਿਚ

ਕਦੀ ਕਦੀ ਜਦੋਂ ਮੈਂ ਉਦਾਸ ਹੋ ਜਾਂਦਾ ਹਾਂ ਤਾਂ ਉਸ ਵੇਲੇ ਕਿਤਾਬਾਂ ਜਾਂ ਰਸਾਲੇ ਹੀ ਮੇਰਾ ਸਾਥ ਦਿਆ ਕਰਦੇ ਹਨ।

ਰਸਾਲਿਆਂ ਜਾਂ ਕਿਤਾਬਾਂ ਤੋਂ ਸ਼ਾਂਤੀ ਹਾਸਲ ਕਰਨੀ ਬੜੀ ਅਸੰਭਵ ਹੈ। ਪਤਾ ਨਹੀਂ ਲੇਖਕ ਆਸ਼ਾਵਾਦੀ ਕਿਉਂ ਨਹੀਂ ਲਿਖਦੇ, ਉਹ ਵੀ ਆਪਣੇ ਹੀ ਰੋਣੇ ਰੋ ਰਹੇ ਹੁੰਦੇ ਹਨ। ਲਿਖਤ ਵਿਚ ਖੰਭ ਟੁਟੀਆਂ ਆਸਾਂ ਅਸਮਾਨ ਵਲ ਵੇਖ ਸਹਿਕ ਰਹੀਆਂ ਹੁੰਦੀਆਂ ਹਨ। ਲਿਖਾਰੀ ਦੀਆਂ ਆਹਾਂ, ਨਾ ਪੂਰੀਆਂ ਹੋਣ ਵਾਲੀਆਂ ਚਾਹਾਂ, ਤਰਲੇ, ਹਾਵੇ ਅਤੇ ਹੰਝੂ ਹੀ ਕਹਾਣੀ ਵਿਚ ਦਿਸ ਰਹੇ ਹੁੰਦੇ ਹਨ। ਇਸ ਹਾਲਤ ਵਿਚ ਕੋਈ ਕਦੀ ਖੁਸ਼ੀ ਨਹੀਂ ਲੱਭ ਸਕਦਾ; ਪਰ ਫੇਰ ਵੀ ਮੈਂ ਰਸਾਲੇ ਹੀ ਪੜ੍ਹਨ ਲਗ ਜਾਂਦਾ, ਜਦੋਂ ਮੇਰੀ ਤਬੀਅਤ ਉਦਾਸ ਹੋਵੇ। ਮੈਂ ਆਪਣੀ ਉਦਾਸੀ ਭੁਲ ਕੇ ਲੇਖਕ ਦੀ ਗ਼ਮੀ ਨਾਲ ਖੇਡਣ ਵਿਚ ਬੜਾ ਸੁਆਦ ਲੈਂਦਾ ਹਾਂ।

ਕਈਆਂ ਥਾਵਾਂ ਤੇ ਕਈ ਐਹੋ ਜਹੀਆਂ ਗੱਲਾਂ ਵੀ ਆ ਜਾਂਦੀਆਂ ਹਨ ਕਿ ਬਦੋ ਬਦੀ ਹਾਸਾ ਆ ਜਾਂਦਾ ਹੈ। ਉਸ ਵੇਲੇ ਮੈਂ ਬਹੁਤ ਉੱਚੀ ਉੱਚੀ ਹਸਦਾ ਹਾਂ। ਰੱਜ ਕੇ ਹੱਸਦਾ ਹਾਂ। ਫੇਰ ਜਗਿਆਸ ਨੂੰ ਵੀ ਆਵਾਜ਼ ਦਿੰਦਾ ਹਾਂ। ਉਹ ਆਉਂਦਾ ਹੈ ਤੇ ਮੈਂ ਉਸ ਨੂੰ ਵੀ ਹਸਣ ਲਈ ਕਹਿੰਦਾ ਹਾਂ। ਉਹ ਮੇਰੀ ਆਦਤ ਤੋਂ ਜਾਣੂੰ ਹੈ, ਇਸ ਲਈ ਉਹ ਬੁਲ੍ਹਾਂ ਤੇ ਬਣਾਉਟੀ ਹਾਸਾ ਲਿਆ ਕੇ ਮੈਨੂੰ ਬੇਵਕੂਫ਼ ਬਣਾ ਕੇ ਫੇਰ ਆਪਣੀ ਖੇਡ ਵਿਚ ਰੁਝ ਜਾਂਦਾ ਹੈ ਤੇ ਮੈਂ ਅਗੇ ਪੜ੍ਹਨਾ ਸ਼ੁਰੂ ਕਰ ਦਿੰਦਾ ਹਾਂ।

ਇਕ ਥਾਵੇਂ ਲਿਖਿਆ ਸੀ, "ਉਨ੍ਹੀਵੀਂ ਸਦੀ ਦੇ ਦੂਜੇ ਅੱਧ ਵਿਚ ਸਾਇੰਸ ਦੀਆਂ ਲੱਭੀਆਂ ਸਚਿਆਈਆਂ ਨੇ ਪ੍ਰਤੱਖ ਰੂਪ ਧਾਰਨ ਕਰ ਲਿਆ। ਇਹ ਮਨੁੱਖੀ ਦਿਮਾਗ਼ ਦੀ ਇਕ ਜ਼ਬਰਦਸਤ ਉਲਾਂਘ ਸੀ, ਜਿਸ ਨੇ ਮਨੁਖ ਨੂੰ ਪੁਰਾਣੇ ਅਕੀਦਿਆਂ, ਰਿਵਾਇਤਾਂ ਤੇ ਰਿਵਾਜਾਂ ਦੀ ਸੌੜੀ ਤੇ ਇਕ ਥਾਂ ਖੜਿਆਂ ਤਰੱਕੀ ਹੋਈ ਦੁਨੀਆਂ ਵਿਚੋਂ ਕੱਢ ਕੇ ਇਕ ਬਿਲਕੁਲ ਨਵੀਂ ਤੇ ਆਜ਼ਾਦ ਵਿਚਾਰਾਂ ਵਾਲੀ ਦੁਨੀਆਂ ਵਿਚ ਲੈ ਆਂਦਾ। ਨਿਕੇ ਮੋਟਿਆਂ ਅਕੀਦਿਆਂ ਦਾ ਤਾਂ ਕੀ ਕਹਿਣਾ ਹੋਇਆ ਮਜ਼੍ਹਬ ਤੇ ਰਬ ਵਰਗੀ ਪੁਰਾਣੀ ਤੇ ਸਤਿਕਾਰੀ ਹੋਈ ਸੰਸਥਾ ਨੂੰ ਵੀ ਮਨੁੱਖ ਨੇ ਹਲੂਣ ਦਿਤਾ। ਵਾਲਟੇਅਰ ਵਰਗੇ ਮੰਨੇ ਹੋਏ ਫਿਲਾਸਫਰ ਨੇ ਵੀ ਕਹਿ ਦਿਤਾ, 'ਜਦ ਪਹਿਲਾ ਬਦਮਾਸ਼ ਪਹਿਲੇ ਬੇਵਕੂਫ ਨੂੰ ਪਹਿਲੀ ਵਾਰ ਮਿਲਿਆ ਤਾਂ ਧਰਮ ਹੋਂਦ ਵਿਚ ਆਇਆ।' .......ਮੈਨੂੰ ਵਾਲਟੇਅਰ ਦੀ ਇਹ ਗੱਲ ਪੜ੍ਹ ਕੇ ਹਾਸਾ ਆ ਗਿਆ, ਮੈਂ ਉੱਚੀ ਉੱਚੀ ਹਸਣ ਲਗ ਪਿਆ ਹਸਦਿਆਂ ਹਸਦਿਆਂ ਮੈਂ ਅਗੇ ਵਾਂਗੂੰ ਜਗਿਆਸ ਨੂੰ ਸਦਿਆ ਅਤੇ ਕਿਹਾ, 'ਵੇਖ ਵਾਲਟੇਅਰ ਕੀ ਲਿਖਦਾ ਹੈ।' ਰਸਾਲਾ ਉਸ ਦੇ ਹੱਥ ਦਿਤਾ ਅਤੇ ਉਹ ਸਹਿਜੇ ਸਹਿਜੇ ਪੜ੍ਹਨ ਲਗਾ।

ਜੇ ਵਡੇ ਵਡੇ ਫਿਲਾਸਫਰ ਹੀ ਇਕ ਉੱਚੀ ਹਸਤੀ, ਰਬ ਨੂੰ ਨਹੀਂ ਮੰਨਦੇ ਤਾਂ ਦੂਜਿਆਂ ਦਾ ਕੀ ਹਾਲ ਹੋਵੇਗਾ। ਇਹ ਸਭ ਕਸੂਰ ਸਾਇੰਸ ਦਾ ਹੀ ਹੈ। ਇਨ੍ਹਾਂ ਨੇ ਥੋੜੀ ਜੇਹੀ ਖੋਜ ਕਰ ਲਈ ਤੇ ਬਸ ਰਬ ਹੀ ਬਣ ਬੈਠੇ। ਇਹ ਕਹਿੰਦੇ ਹਨ ਦੁਨੀਆਂ ਐਟਮ ਦੀ ਬਣੀ ਹੋਈ ਹੈ, ਪਰ ਇਹ ਐਟਮ ਦੇ ਬਣਾਉਣ ਵਾਲਾ ਕੌਣ ਹੈ? ਉਹ ਜ਼ਰੂਰ ਰਬ ਹੀ ਹੈ। ਹੋਰ ਚੀਜ਼ਾਂ ਤਾਂ ਭਲਾ ਬਣ ਹੀ ਗਈਆਂ ਸਹੀ, ਪਰ ਜੀਵਾਂ ਵਿਚ ਚੇਤਨ ਸ਼ਕਤੀ ਕਿਥੋਂ ਆ ਗਈ? ਸਾਇੰਸਦਾਨ ਝੂਠੇ ਹਨ ਇਹ ਕੋਰਾ ਝੂਠ ਹੈ।

ਮੈਂ ਪੜ੍ਹ ਰਿਹਾ ਸਾਂ ਕਿ ਗਲੀ ਵਿਚੋਂ ਕਿਸੇ ਮੇਰਾ ਨਾਂ ਲੈ ਕੇ ਆਵਾਜ਼ ਦਿਤੀ। ਮੈਂ ਆਵਾਜ਼ ਤੋਂ ਹੀ ਅਨੁਮਾਨ ਲਾ ਲਿਆ ਕਿ ਜਗਿਆਸ ਦਾ ਮਾਸਟਰ ਉਸ ਨੂੰ ਪੜ੍ਹਾਉਣ ਆਇਆ ਹੈ। ਮੈਂ ਜਗਿਆਸ ਨੂੰ ਆਵਾਜ਼ ਦਿਤੀ, ਪਰ ਉਹ ਬਾਹਰ ਖੇਡਣ ਗਿਆ ਹੋਇਆ ਸੀ। ਮੈਨੂੰ ਗੁੱਸਾ ਆ ਗਿਆ। ਕਈ ਵਾਰੀ ਮੈਂ ਕਹਿ ਚੁਕਾ ਹਾਂ ਕਿ ਜਦੋਂ ਮਾਸਟਰ ਨੇ ਆਉਣਾ ਹੋਵੇ ਤਾਂ ਬਾਹਰ ਨਾ ਜਾਇਆ ਕਰ ਪਰ ਪਤਾ ਨਹੀਂ ਇਸ ਨੂੰ ਕਿਉਂ ਨਹੀਂ ਸਮਝ ਆਉਂਦੀ। ਹਛਾ ਆ ਲਵੇ ਮੈਂ ਇਸ ਵਾਰੀ ਜ਼ਰੂਰੀ ਕੁਟਾਂਗਾ। ਮੈਂ ਦਿਲ ਵਿਚ ਖਿਝਦਾ ਹੋਇਆ ਉਠਿਆ ਅਤੇ ਮੇਜ਼ ਤੋਂ ਮਿੱਟੀ ਝਾੜ ਕੇ ਉਤੇ ਮੈਲਾ ਜਿਹਾ ਮੇਜ਼ ਪੋਸ਼ ਵਿਛਾਇਆ। ਮੇਜ਼ ਪੋਸ਼ ਤੇ ਥਾਂ ਥਾਂ ਸਿਆਹੀ ਦੇ ਦਾਗ਼ ਲਗੇ ਹੋਏ ਸਨ। ਇਕ ਨੁਕਰੋਂ ਪਾਟਾ ਹੋਇਆ ਸੀ। ਦੋ ਕੁਰਸੀਆਂ ਵੀ ਮੇਜ਼ ਕੋਲ ਰਖ ਦਿਤੀਆਂ ਅਤੇ ਬਾਰੀ ਵਿਚੋਂ ਥਲੇ ਨੂੰ ਝਾਕਿਆ, ਮਾਸਟਰ ਨੂੰ ਉਪਰ ਆ ਜਾਣ ਵਾਸਤੇ ਕਿਹਾ।

ਉਹ ਉਪਰ ਆ ਗਿਆ ਅਤੇ ਇਕ ਕੁਰਸੀ ਤੇ ਬੈਠ ਗਿਆ। ਮੈਂ ਪੁਛਿਆ 'ਜਗਿਆਸ ਕਿਹੋ ਜਿਹਾ ਪੜ੍ਹਦਾ ਹੈ?'

'ਬਹੁਤ ਅੱਛਾ ਹੈ।'

'ਪਾਸ ਹੋ ਜਾਏਗਾ?'

'ਹਾਂ! ਬੜੀ ਚੰਗੀ ਤਰ੍ਹਾਂ, ਲਾਇਕ ਲੜਕਾ ਹੈ।'

ਇਹ ਸੁਣ ਕੇ ਮੇਰਾ ਗੁਸਾ ਘਟ ਗਿਆ, ਬੱਚਾ ਜੁ ਹੋਇਆ ਬੱਚਿਆਂ ਨੂੰ ਖੇਡ ਹੀ ਪਿਆਰੀ ਹੁੰਦੀ ਹੈ। ਵੱਡਾ ਹੋ ਕੇ ਆਪੇ ਸਮਝ ਜਾਏਗਾ।

ਏਨੇ ਨੂੰ ਜਗਿਆਸ ਆ ਗਿਆ ਅਤੇ ਮਾਸਟਰ ਨੇ ਉਸ ਨੂੰ ਸਵਾਲ ਲਿਖਾਇਆ, 'ਏਕ ਲਾਖ ਪਚਾਨਵੇਂ ਹਜ਼ਾਰ ਨੌਂ ਸੌ ਪਾਂਚ ਰੁਪਏ, ਦੋ ਆਨੇ ਆਠ ਪਾਈ ਕਾ ਸੂਦ ਸਵਾ ਦੋ ਸਾਲ ਕਾ, ਸਾੜ੍ਹੇ ਤੀਨ ਰੁਪਏ ਫੀ ਸਦੀ ਫੀ ਸਾਲ ਕੇ ਹਿਸਾਬ ਸੇ ਦਰਿਆਫਤ ਕਰੋ।'

ਮੈਂ ਐਨੀ ਰਕਮ ਸੁਣ ਕੇ ਡਰ ਗਿਆ। ਕੀ ਏਡੀਆਂ ਵੱਡੀਆਂ ਰਕਮਾਂ ਕਦੇ ਕਿਸੇ ਪਾਸ ਹੁੰਦੀਆਂ ਨੇ ਵੀ ਕਿ ਜਗਿਆਸ ਵਰਗਿਆਂ ਮੁੰਡਿਆਂ ਨੂੰ ਝੁਠਾਣ ਵਾਸਤੇ ਲਿਖੀਆਂ ਜਾਂਦੀਆਂ ਹਨ? ਜੇ ਕਿਤੇ ਮੇਰੇ ਪਾਸ ਏਨੀ ਵੱਡੀ ਰਕਮ ਹੋਵੇ! ਉਹ ਦੋ ਆਨੇ ਅਠ ਪਾਈ ਮੈਂ ਚਲੋ ਛਡ ਦਿੰਦਾ ਹਾਂ। ਬਾਕੀ ਦੀ ਰਕਮ ਮੇਰੇ ਪਾਸ ਹੋਵੇ ਤਾਂ.....! ਮੈਂ ਬੜਾ ਅਮੀਰ ਹੋਵਾਂ। ਫੇਰ ਇਸ ਤੰਗ ਜੇਹੇ ਮਕਾਨ ਵਿਚ ਨਾ ਰਿਹਾ ਕਰਾਂ। ਮਜੀਠਾ ਰੋਡ ਤੇ ਇਕ ਆਲੀਸ਼ਾਨ ਕੋਠੀ ਬਣਾਵਾਂ। ਨੌਕਰ ਹੋਣ, ਕੋਈ ਮੇਰੇ ਬੂਟ ਲੈ ਆਵੇ, ਕੋਈ ਸੋਟੀ ਫੜ ਲਿਆਵੇ ਤੇ ਕੋਈ ਮੈਨੂੰ ਕੋਟ ਦੀ ਜੇਬ ਵਿਚੋਂ ਐਨਕ ਕਢ ਦੇਵੇ। ਮੈਂ ਤਿਆਰ ਹੋ ਕੇ ਕਾਰ ਵਿਚ ਬੈਠ ਕੇ ਸੈਰ ਕਰਨ ਜਾਇਆ ਕਰਾਂ। ਲੋਕੀ ਮੈਨੂੰ ਝਕ ਝੁਕ ਕੇ ਸਲਾਮਾਂ ਕਰਨ। ਮੈਂ ਫੇਰ ਇਕ ਅਡ ਥਾਵੇਂ ਬੈਠ ਕੇ ਲਿਖਿਆ ਕਰਾਂ ਅਤੇ ਮੈਂ ਇਕ ਵੱਡਾ ਭਾਰਾ ਲਿਖਾਰੀ ਬਣ ਜਾਵਾਂ। ਮੇਰੀ ਲਿਖਤ ਵਿਚ ਖੁਸ਼ੀਆਂ ਹੀ ਖੁਸ਼ੀਆਂ ਹੋਇਆ ਕਰਨਗੀਆਂ। ਮੈਂ ਹੋਰ ਲੇਖਕਾਂ ਵਾਂਗੂੰ ਕਦੀ ਰੋਣੇ ਨਾ ਰੋਇਆ ਕਰਾਂਗਾ। ਮੇਰੀ ਕਹਾਣੀ ਵਿਚ ਇਕ ਅਨੋਖਾ ਰਸ ਭਰਿਆ ਹੋਵੇਗਾ। ਬੱਚੇ ਬੱਚੇ ਦੇ ਮੂੰਹ ਤੇ ਮੇਰਾ ਨਾਂ ਹੋਵੇਗਾ। ਸਭ ਮੈਨੂੰ ਜਾਣਦੇ ਹੋਣਗੇ ਤੇ ਰਸਾਲਿਆਂ ਦੇ ਐਡੀਟਰ ਆਕੇ ਮੇਰੇ ਅੱਗੇ ਬੇਨਤੀਆਂ ਕਰਨਗੇ, 'ਜੀ ਕੋਈ ਲੇਖ ਆਦਿ ਦੇਣ ਦੀ ਕਿਰਪਾ ਕਰੋ' ਮੈਂ ਹਸ ਕੇ ਕਹਿ ਦਿਆ ਕਰਾਂਗਾ 'ਵਕਤ ਨਹੀਂ ਮਿਲਦਾ।' ਉਨ੍ਹਾਂ ਨੂੰ ਖੂਬ ਤੰਗ ਕਰਾਂ ਜਿਹੜੇ ਹੁਣ ਮੈਨੂੰ ਤੰਗ ਕਰਦੇ ਹਨ। ਹੁਣ ਜੇਕਰ ਮੈਂ ਕੁਝ ਲਿਖ ਕੇ ਭੇਜਦਾ ਹਾਂ ਤਾਂ ਆਖ ਦਿੰਦੇ ਹਨ ਆਪ ਦੀ ਕਹਾਣੀ ਕੋਈ ਖਾਸ ਚੰਗੀ ਨਹੀਂ ਹੈ।' ਉਸ ਵੇਲੇ ਮੈਂ ਇਨ੍ਹਾਂ ਐਡੀਟਰਾਂ ਨੂੰ ਚੰਗੀ ਤਰ੍ਹਾਂ ਖਿਝਾਵਾਂ। ਜਗਿਆਸ ਲਈ ਕੋਈ ਅੰਗ੍ਰੇਜ਼ ਮਾਸਟਰ ਸਦਿਆ ਕਰਾਂ। ਸਾਡੇ ਦੇਸੀ ਮਾਸਟਰਾਂ ਨੂੰ ਤਾਂ ਪੜ੍ਹਾਉਣ ਦੀ ਜਾਚ ਹੀ ਨਹੀਂ ਹੈ। ਸੋਟੀਆਂ ਮਾਰ ਮਾਰ ਕੇ ਬੱਚੇ ਦਾ ਦਿਮਾਗ਼ ਖਰਾਬ ਕਰ ਦਿੰਦੇ ਤੇ ਹਨ। ਬੱਚਾ ਫੇਰ ਕੋਈ ਤਰੱਕੀ ਨਹੀਂ ਕਰ ਸਕਦਾ। ਇਨ੍ਹਾਂ ਸੋਟੀਆਂ ਦੀ ਮਾਰ ਦਾ ਸਦਕਾ ਹੀ ਸਾਡੇ ਬੱਚੇ ਘਟ ਪੜ੍ਹਦੇ ਹਨ। ਡਰਦੇ ਸਕੂਲ ਨਹੀਂ ਜਾਂਦੇ। ਅਤੇ ਫੇਰ ਸਾਡੀ ਕੌਮ ਵਿਚ ਦਸ ਫੀ ਸਦੀ ਪੜ੍ਹੇ ਨਾ ਹੋਣ ਤਾਂ ਹੋਰ ਕਿੰਨੇ ਕੁ ਹੋਣ।

ਮੈਂ ਆਪਣੇ ਖਿਆਲਾਂ ਵਿਚ ਹੀ ਮਸਤ ਸਾਂ, ਪਤਾ ਨਹੀਂ ਕਿਸ ਵਕਤ ਮਾਸਟਰ ਚਲਾ ਗਿਆ। ਮੇਰੇ ਖਿਆਲਾਂ ਦੀ ਲੜੀ ਜਗਿਆਸ ਨੇ ਤੋੜੀ ਅਤੇ ਕਿਹਾ 'ਭਾ ਜੀ, ਤੁਸੀਂ ਮੈਲਾ ਮੇਜ਼ ਪੋਸ਼ ਕਿਉਂ ਮੇਜ਼ ਤੇ ਵਿਛਾ ਦਿਤਾ ਸੀ?' ਤੁਹਾਨੂੰ ਕਈ ਵਾਰੀ ਕਿਹਾ ਹੈ ਕਿ ਮੈਨੂੰ ਇਕ ਭਰਜਾਈ ਲਿਆ ਦਿਓ, ਉਹ ਆਪੇ ਕਪੜੇ ਧੋ ਦਿਆ ਕਰੇਗੀ। ਅਤੇ ਤੁਹਾਨੂੰ ਰੋਟੀ ਆਪ ਨਾ ਪਕਾਉਣੀ ਪਿਆ ਕਰੇਗੀ। ਜਗਿਆਸ ਦੀਆਂ ਅੱਖਾਂ ਵਿਚ ਸ਼ਰਾਰਤ ਸੀ।

'ਜਾ ਖੇਡ ਜਾ ਕੇ' ਮੈਂ ਕਿਹਾ 'ਇਦਾਂ ਦੀਆਂ ਗੱਲਾਂ ਨਹੀਂ ਕਰੀਦੀਆਂ।' ਉਹ ਬਾਹਰ ਨੂੰ ਭਜ ਗਿਆ। ਕਿੱਡਾ ਭੋਲਾ ਹੈ ਜਗਿਆਸ, ਮੇਰਾ ਨਿੱਕਾ ਭਰਾ। ਆਪਣੀ ਰੋਟੀ ਦਾ ਖਰਚ ਤੁਰਦਾ ਨਹੀਂ ਅਤੇ ਇਹ ਭਰਜਾਈ ਪਿਆ ਮੰਗਦਾ ਹੈ। ਉਹਨੂੰ ਕਿਥੋਂ ਖਵਾਵਾਂਗਾ। ਇਸ ਨੂੰ ਕੀ ਸਮਝ, ਬੱਚਾ ਜੂ ਹੋਇਆ। ਮੈਂ ਜਗਿਆਸ ਨੂੰ ਸੱਦਿਆ ਅਤੇ ਉਹ ਸਵਾਲ ਇਕ ਵਾਰੀ ਫੇਰ ਪੜ੍ਹਨ ਲਈ ਕਿਹਾ ਜਿਹਾੜਾ ਉਹਦੇ ਮਾਸਟਰ ਨੇ ਲਿਖਇਆ ਸੀ; ਪਰ ਇਸ ਵਾਰੀ ਮੈਂ ਉਹਨਾਂ ਖਿਆਲਾਂ ਵਿਚ ਗੁੰਮ ਨਾ ਹੋ ਸਕਿਆ। ਮੈਂ ਬਾਹਰ ਸੈਰ ਕਰਨ ਜਾਣਾ ਸੀ, ਜੁਤੀ ਵੀ ਇਕ ਪਾਸਿਓਂ ਮੇਰੀ ਗ਼ਰੀਬੀ ਦਰਸਾ ਰਹੀ ਸੀ, ਉਸ ਨੂੰ ਮੋਚੀ ਪਾਸ ਲਿਜਾਣ ਦੀ ਸਲਾਹ ਕੀਤੀ। ਜੇਬ ਵਿਚ ਹਥ ਮਾਰਿਆ ਤਾਂ ਜੇਬ ਵੀ ਮੇਰੀ ਗ਼ਰੀਬੀ ਹੀ ਦਸ ਰਹੀ ਸੀ ਮੈਂ ਪਾਟੀ ਹੋਈ ਜੁਤੀ ਹੀ ਪਾ ਕੇ ਬਾਹਰ ਚਲਾ ਗਿਆ।

'ਭਾ ਜੀ, ਸਕੂਲ ਵਾਲਾ ਮਾਸਟਰ ਕਹਿੰਦਾ ਸੀ ਕਿ ਫੀਸ ਲੈ ਕੇ ਆਈਂ' ਜਗਿਆਸ ਨੇ ਕਿਹਾ 'ਨਹੀਂ ਤਾਂ ਤੈਨੂੰ ਕੱਲ ਇਮਤਿਹਾਨ ਵਿਚ ਨਹੀਂ ਬੈਠਣ ਦਿਤਾ ਜਾਵੇਗਾ।'

'ਇਸ ਵੇਲੇ ਮੇਰੇ ਪਾਸ ਇਕ ਧੇਲਾ ਵੀ ਨਹੀਂ ਹੈ' ਮੈਂ ਕਿਹਾ।

'ਪਰ ਉਹ ਅਗੇ ਵੀ ਕਈ ਵਾਰੀ ਕਹਿ ਚੁਕਾ ਹੈ ਅਤੇ ਕੱਲ ਸਾਲਾਨਾ ਇਮਤਿਹਾਨ ਹੈ ਜੇ ਫ਼ੀਸ ਨਾ ਦਿਤੀ ਗਈ ਤਾਂ ਫੇਲ੍ਹ ਹੋ ਜਾਵਾਂਗਾ, ਉਸ ਦਸਿਆ।

'ਮਾਸਟਰ ਨੂੰ ਮੇਰੇ ਵਲੋਂ ਕਹਿ ਦੇਈਂ ਕਿ ਦੋ ਕੁ ਦਿਨਾਂ ਨੂੰ ਫੀਸ ਜ਼ਰੂਰ ਦੇ ਦਿਆਂਗੇ।' ਮੈਂ ਪਗ ਲਾਹ ਕੇ ਕਿੱਲੀ ਤੇ ਟੰਗ ਦਿਤੀ ਅਤੇ ਮੰਜੀ ਤੇ ਲੇਟ ਗਿਆ। ਕਈ ਕਿਸਮਾਂ ਦੇ ਖ਼ਿਆਲਾਂ ਨੇ ਮੇਰੇ ਦਿਮਾਗ਼ ਤੇ ਹੱਲਾ ਬੋਲ ਦਿਤਾ। ਜੇ ਮਾਸਟਰ ਦੇ ਦਿਲ ਵਿਚ ਰਹਿਮ ਨਾ ਆਇਆ ਤਾਂ ਇਕ ਸਾਲ ਦੀਆਂ ਫ਼ੀਸਾਂ ਹੋਰ ਭਰਨੀਆਂ ਪੈ ਜਾਣਗੀਆਂ। ਰੱਬ ਵੀ ਕੋਈ ਇਨਸਾਫ ਨਹੀਂ ਕਰਦਾ। ਕੋਈ ਵੱਡਾ ਗ਼ਰੀਬ ਹੈ ਤੇ ਕੋਈ ਵੱਡਾ ਅਮੀਰ। ਮੈਂ ਹਰ ਰੋਜ਼ ਗੁਰਦੁਆਰੇ ਜਾਂਦਾ ਹਾਂ, ਮੱਥਾ ਰਗੜਦਾ ਹਾਂ ਅਰਦਾਸਾਂ ਕਰਦਾ ਹਾਂ ਪਰ ਸ਼ਾਇਦ ਮੈਂ ਕੋਈ ਵੱਢੀ ਨਹੀਂ ਦਿੰਦਾ ਇਸ ਲਈ ਰੱਬ ਦੇ ਪਹਿਰੇਦਾਰ ਮੇਰੀਆਂ ਅਰਜ਼ਾ ਉਸ ਤਕ ਪੁਜਣ ਨਹੀਂ ਦਿੰਦੇ ਹੋਣੇ? ਨਹੀਂ ਤਾਂ ਅਜ ਤਕ ਮੈਂ ਵੀ ਚੰਗਾ ਅਮੀਰ ਹੋ ਗਿਆ ਹੁੰਦਾ। ਇਹ ਰਬ ਕੋਈ ਇਨਸਾਫ ਨਹੀਂ ਕਰਦਾ। ਕੋਈ ਨਵਾਂ ਰੱਬ ਚਾਹੀਦਾ ਹੈ ਜੋ ਕਿ ਇਨਸਾਫ਼ ਪਸੰਦ ਹੋਵੇ। ਮੈਂ ਤਾਂ ਗ਼ਰੀਬੀ ਦਾ ਰੋਗੀ ਹਾਂ ਪਰ ਜਗਿਆਸ ਕਿਉਂ ਐਵੇਂ ਤੰਗ ਹੋ ਰਿਹਾ ਹੈ। ਇਸ ਨੂੰ ਜੀਵਨ ਦੇ ਸਾਰੇ ਸੁਖ ਮਿਲਣੇ ਚਾਹੀਦੇ ਹਨ। ਬੱਚੇ ਦੀਆਂ ਸਾਰੀਆਂ ਖ਼ਾਹਸ਼ਾਂ ਪੂਰੀਆਂ ਹੋ ਜਾਣੀਆਂ ਚਾਹੀਦੀਆਂ ਹਨ। ਕਿਸੇ ਗਲੋਂ ਘੱਟ ਨਹੀਂ ਰਖਣਾ ਚਾਹੀਦਾ। ਬੱਚਿਆਂ ਦੇ ਸਿਰ ਤੇ ਹੀ ਕੌਮਾਂ ਹੁੰਦੀਆਂ ਹਨ। ਜਿਸ ਤਰ੍ਹਾਂ ਦੇ ਬੱਚੇ ਹੋਣਗੇ ਉਸੇ ਤਰ੍ਹਾਂ ਦੀਆਂ ਹੀ ਕੌਮਾਂ ਹੋ ਜਾਣਗੀਆਂ। ਜੇ ਬੱਚਿਆਂ ਦੇ ਦਿਲਾਂ ਵਿਚ ਕੌਮ ਪਿਆਰ ਦੀ ਰੂਹ ਫੂਕ ਦਿਤੀ ਜਾਏਗੀ ਤਾਂ ਕੌਮ ਬੜੀ ਛੇਤੀ ਵਧੇਗੀ। ਇਹ ਰੂਹ ਤਾਂ ਹੀ ਉਨ੍ਹਾਂ ਵਿਚ ਪੈਦਾ ਕੀਤੀ ਜਾ ਸਕਦੀ ਹੈ ਜੇਕਰ ਉਨ੍ਹਾਂ ਦੀਆਂ ਸਾਰੀਆਂ ਖ਼ਾਹਸ਼ਾਂ ਪੂਰੀਆਂ ਹੋ ਜਾਣ।

ਸੋਚਿਆਂ ਕੀ ਬਣੇਗਾ, ਉਠ ਮਨਾ ਕੁਝ ਲਿਖ, ਜੇ ਕਿਤੇ ਕੋਈ ਐਡੀਟਰ ਮੰਨ ਪਵੇ ਅਤੇ ਜਗਿਆਸ ਪਾਸ ਹੋ ਜਾਵੇ। ਮੈਂ ਲਿਖਣ ਦੀ ਕੋਸ਼ਸ਼ ਕੀਤੀ, ਪਰ ਦਿਮਾਗ਼ ਵਿਚ ਗੜਬੜ ਮਚੀ ਹੋਈ ਸੀ। ਅਧੂਰੇ ਖ਼ਿਆਲ ਦਿਮਾਗ਼ ਦੀਆਂ ਕੰਧਾਂ ਨੂੰ ਖੜਕਾ ਰਹੇ ਸਨ। ਕਲਮ ਮੇਜ਼ ਤੇ ਰਖ ਦਿਤੀ ਅਤੇ ਕਮਰੇ ਵਿਚ ਟਹਿਲਣਾ ਸ਼ੁਰੂ ਕਰ ਦਿਤਾ, ਪਰ ਕੋਈ ਫ਼ਾਇਦਾ ਨਾ ਹੋਇਆ। ਮੈਂ ਆਪਣਾ ਪੁਰਾਣਾ ਦੋਸਤ ਰਸਾਲਾ ਚੁਕਿਆ ਅਤੇ ਪੜ੍ਹਨ ਲਗ ਪਿਆ। ਲਿਖਿਆ ਸੀ ਕਾਲੂ ਸੁੰਨ-ਮੁੰਨ ਅੱਧ ਬੇ-ਹੋਸ਼ਾ ਮੌਲਵੀ ਸਾਹਿਬ ਦੇ ਠੇਡਿਆਂ ਨਾਲ ਬੌਂਦਲਿਆ, ਭਮਤ੍ਰਿਆ ਆਪਣੇ ਤਪੜ ਉਤੇ ਜਾ ਡਿਗਿਆ। ਉਸ ਨੂੰ ਗਰੀਬ ਦੇ ਬਸਤੇ ਦੀਆਂ ਕਿਤਾਬਾਂ ਏਧਰ ਓਧਰ ਖਿੰਡ ਗਈਆਂ, ਤੇ ਦਵਾਤ ਵਿੱਚੋਂ ਸਾਰੀ ਸਿਆਹੀ ਉਸ ਦੇ ਕੋਟ ਉਤੇ ਡੁਲ੍ਹ ਗਈ, ਮੈਨੂੰ ਮੌਲਵੀ ਤੇ ਗੁਸਾ ਆ ਗਿਆ, ਜੇ ਕਿਤੇ ਮੇਰੇ ਸਾਹਮਣੇ ਹੋਵੇ ਤਾਂ ਮੈਂ ਬੁਰੀ ਤਰ੍ਹਾਂ ਝਾੜਾਂ। ਇਹੋ ਜਿਹੇ ਜ਼ਾਲਮ ਕਸਾਈ ਉਸਤਾਦਾਂ ਦਾ ਹੀ ਸਦਕਾ ਬੱਚੇ ਸਕੂਲਾਂ ਨੂੰ ਨਫ਼ਰਤ ਕਰਦੇ ਹਨ। ਹੋਰ ਕੋਈ ਖ਼ਾਸ ਵਜ੍ਹਾ ਨਹੀਂ। ਅਗੇ ਲਿਖਿਆ ਸੀ 'ਮੌਲਵੀ ਹੋਰਾਂ ਦਾ ਆਖ਼ਰੀ ਠੇਡਾ ਵੱਜਣ ਨਾਲ ਕਾਲੂ ਚੀਕ ਪਿਆ। ਪਤਾ ਨਹੀਂ ਉਸ ਦੀ ਚੀਕ ਵਿਚ ਕੀ ਸੀ? ਜਿਵੇਂ ਉਸਦੀ ਰੂਹ ਨੇ ਓੜਕ ਇਕ ਭਰਵਾਂ ਹੰਭਲਾ ਮਾਰ ਕੇ ਚਿਰਾਂ ਦੀ ਬਰਦਾਸ਼ਤ ਦੇ ਜੱਰੇ ਹੋਏ ਖਲੇਪੜ ਵਗਾ ਮਾਰੇ ਹੋਣ। ਉਹਦੀਆਂ ਕੰਬਦੀਆਂ ਉਂਗਲਾਂ ਵਿਚ ਜਿਵੇਂ ਹਰਖ ਸੀ। ਉਹ ਖੜਾ ਹੋ ਗਿਆ।'

ਮੈਂ ਇਸ ਤੋਂ ਅਗੇ ਨਹੀਂ ਥਾਂ ਪੜ੍ਹ ਸਕਦਾ। ਮੇਰੀਆਂ ਅੱਖਾਂ ਅਗੇ ਹਨੇਰਾ ਜਿਹਾ ਗਿਆ। ਜਗਿਆਸ ਨੂੰ ਸਦ ਕੇ ਅਗੋਂ ਪੜ੍ਹਨ ਵਾਸਤੇ ਕਿਹਾ। ਉਸ ਸ਼ੁਰੂ ਕੀਤਾ'ਕਾਲੂ ਦੀਆਂ ਫਿਕੀਆਂ ਸਲੇਟੀ ਅੱਖਾਂ ਵਿਚ ਨਾਰੰਚੀ ਤੇਜ ਚਮਕਣ ਲਗਾ। ਉਹਦੀਆਂ ਪੁਤਲੀਆਂ ਸੁੰਗੜ ਗਈਆਂ ਤੇ ਉਨ੍ਹਾਂ ਵਿਚ ਪੀਤੇ ਹੋਏ ਸਬਰ ਦੀਆਂ ਨੀਲੀਆਂ ਕਿਰਮਚੀ ਕਿਰਨਾਂ ਭਖ ਉਠੀਆਂ ਤੇ ਉਹ ਹਟਕੋਰਿਆਂ ਵਿਚ ਬੋਲਿਆ, '....ਰਾਤੀਂ ਮੇਰੀ ਮਾਂ.... ਮਰ... ਗਈ ਸੀ।'

ਭਾਵੇਂ ਇਹ ਇਕ ਕਹਾਣੀ ਹੀ ਸੀ ਤਾਂ ਵੀ ਮੇਰੀਆਂ ਅੱਖਾਂ ਵਿਚੋਂ ਦੋ ਅਥਰੂ ਡਿਗ ਪਏ। ਮੇਰੇ ਕੰਨ ਅਗੋਂ ਨਹੀਂ ਸਨ ਸੁਣਨਾ ਚਾਹੁੰਦੇ। ਮੈਂ ਜਗਿਆਸੂ ਨੂੰ ਇਸ਼ਾਰੇ ਨਾਲ ਅਗੋਂ ਪੜ੍ਹਨੋਂ ਵਰਜਿਆ, ਪਰ.... ਇਕੋ ਹੀ ਲਾਈਨ ਰਹਿ ਗਈ ਹੈ।' ਆਖਕੇ ਉਸ ਪੜ੍ਹਿਆ 'ਉਹ ਆਪਣੀਆਂ ਕਿਤਾਬਾਂ ਇਕੱਠੀਆਂ ਕੀਤੇ ਬਿਨਾਂ ਹੌਲੀ ਹੌਲੀ ਟੁਰਦਾ ਬਾਹਰ ਨਿਕਲ ਗਿਆ।

'ਉਸ ਦਿਨ ਪਿਛੋਂ ਮੁੜ ਕਾਲੂ ਸਕੂਲ ਨਾ ਆਇਆ।'

ਮੇਰੀਆਂ ਅੱਖਾਂ ਵਿਚੋਂ ਅੱਥਰੂ ਡਿਗ ਰਹੇ ਸਨ। ਜਗਿਆਸ ਮੇਰੀ ਵਲ ਹੈਰਾਨੀ ਭਰੀਆਂ ਅੱਖਾਂ ਨਾਲ ਵੇਖ ਰਿਹਾ ਸੀ। ਮੈਥੋਂ ਨਾ ਰਿਹਾ ਗਿਆ। ਮੈਂ ਆਪਣੇ ਯਤੀਮ ਵੀਰ ਜਗਿਆਸ ਨੂੰ ਘੁਟ ਕੇ ਹਿਕ ਨਾਲ ਲਾ ਲਿਆ।

ਕੁਝ ਦਿਨਾਂ ਤੋਂ ਪਿਛੋਂ ਜਗਿਆਸ ਰੋਂਦਾ ਰੋਂਦਾ ਘਰ ਆਇਆ। 'ਕੀ ਗੱਲ ਹੈ?' ਮੈਂ ਪੁਛਿਆ।

ਉਸ ਨੇ ਹਟਕੋਰੇ ਲੈਂਦਿਆਂ ਕਿਹਾ, 'ਮੈਂ ...... ਫੇਲ੍ਹ...... ਹੋ ਗਿਆ ਹਾਂ.....।'

ਮੈਨੂੰ ਉਸ ਦਿਨ ਵਾਲੀ ਗੱਲ ਚੇਤੇ ਆਈ, '....ਫ਼ੀਸ ਲੈਕੇ ਆਈਂ ਨਹੀਂ ਤਾਂ ਇਮਤਿਹਾਨ ਵਿਚ ਨਹੀਂ ਬੈਠਣ ਦਿਤਾ ਜਾਵੇਗਾ? ਕੀ ਜਗਿਆਸ ਦਾ ਮਾਸਟਰ ਕਾਲੂ ਦੇ ਮੌਲਵੀ ਨਾਲੋਂ ਘਟ ਹੈ? ਮੈਂ ਬਦੋ ਬਦੀ ਹੱਸਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਮੈਂ ਬੇਵਕੂਫੀਆਂ ਤੇ ਹਸਿਆ ਕਰਦਾ ਹਾਂ।

'ਜਗ਼ਿਆਸ! ਤੂੰ ਫੇਲ੍ਹ ਹੋ ਗਿਆ ਹੈਂ ਕਿਉਂਕਿ ਫ਼ੀਸ ਨਹੀਂ ਦਿਤੀ ਸੀ।' ਮੈਂ ਜਗਿਆਸ ਦੇ ਸਿਰ ਤੇ ਪਿਆਰ ਨਾਲ ਹਥ ਫੇਰਿਆ, ਉਸ ਦੇ ਅਥਰੂ ਸੁਕ ਗਏ। ਮੈਂ ਆਪਣੀ ਜੇਬ ਵਿਚ ਹਥ ਪਾਇਆ, ਸਿਰਫ਼ ਦੋ ਰੁਪਏ ਨਿਕਲੇ, ਉਹੋ ਹੀ ਜਗਿਆਸ ਨੂੰ ਦੇ ਦਿਤੇ ਅਤੇ ਬਾਜ਼ਾਰ ਜਾ ਕੇ ਖ਼ਰਚ ਲੈਣ ਲਈ ਕਿਹਾ। ਉਹ ਹੈਰਾਨ ਮੇਰੇ ਵਲ ਵੇਖ ਰਿਹਾ ਸੀ ਸ਼ਾਇਦ ਕਹਿ ਰਿਹਾ ਸੀ।

'ਭਾ ਜੀ ਤੁਸੀਂ ਤਾਂ ਮੈਨੂੰ ਮਾਰਨਾ ਸੀ ਪਰ....।'