ਨਵਾਂ ਜਹਾਨ/ਸ਼ੂਦਰ ਅਛੂਤ
ਸ਼ੂਦਰ-ਅਛੂਤ.
ਜਮਦਿਆਂ ਮਾਨੁੱਖ ਨੇ,
ਮਾਨੁੱਖਤਾ ਨੂੰ ਧਾਰਿਆ,
ਮਨੂ ਨੇ ਕਮਜ਼ੋਰ ਨੂੰ,
ਸ਼ੂਦਰ ਬਣਾ, ਧਤਕਾਰਿਆ।
ਜੀ ਉਠੀ ਇਨਸਾਨੀਅਤ ਨੇ,
ਫੇਰ ਗਲ ਨੂੰ ਲਾ ਲਿਆ,
ਸਿਰ ਨਹੀਂ ਹੰਕਾਰ ਦਾ-
ਉਠਦਾ ਸ਼ਰਮ ਦਾ ਮਾਰਿਆ।
ਬਾਹਮਣ-ਖਤਰੀ
ਟਿੱਕਿਆਂ ਵਾਲੇ,
ਜਾਤਾਂ ਦੇ ਹੰਕਾਰੀ।
ਸੰਤ-ਮਹੰਤ,
ਸੰਭਾਲੀ ਬੈਠੇ,
ਰਬ ਦੀ ਠੇਕੇਦਾਰੀ।
ਛੁਹ ਛਾਇਆ ਦਾ
ਕੋਹੜ ਸੰਭਾਲੀ,
ਤੁਰਦਿਆਂ ਸ਼ਰਮ ਨਾ ਆਵੇ,
ਮਾਨੁਖਤਾ ਦੇ ਜੌਹਰ ਬਾਝੋਂ,
ਲਾਨਤ ਹੈ ਇਹ ਸਾਰੀ।