ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)
51165ਨਵਾਂ ਜਹਾਨ — ਰਬਾਬ1945ਧਨੀ ਰਾਮ ਚਾਤ੍ਰਿਕ

ਰਬਾਬ.
ਰਬਾਬੀ! ਧਰ ਦੇ ਹੇਠ ਰਬਾਬ।

੧.ਚੂਲਾਂ ਹਿੱਲੀਆਂ, ਖੋਚਲ ਕਿੱਲੀਆਂ,
ਤਾਰਾਂ ਤਰਬਾਂ ਪੈ ਗਈਆਂ ਢਿੱਲੀਆਂ,
ਭੁਰ ਗਈ ਤੰਦੀ, ਘਸ ਗਿਆ ਜ਼ਖ਼ਮਾ,
ਖਲੜੀ ਹੋਈ ਖਰਾਬ,
ਰਬਾਬੀ! ਧਰ ਦੇ ਹੇਠ ਰਬਾਬ।
੨.ਬੋਤਲ ਸਖਣੀ ਕਰ ਗਿਆ ਸਾਕੀ,
ਮਹਫਿਲ ਵਿਚ ਰੌਣਕ ਨਹੀਂ ਬਾਕੀ,
ਅਥਰੂ ਡੋਲ੍ਹ ਸ਼ਮਾਂ ਦਾ ਚਾਨਣ,
ਦੇਂਦਾ ਜਾਏ ਜਵਾਬ,
ਰਬਾਬੀ! ਧਰ ਦੇ ਹੇਠ ਰਬਾਬ।
੩.ਟੁਟਦੇ ਜਾਣ ਖਿਲਾਰੇ ਤਾਣੇ,
ਭੁਲਦੇ ਜਾਂਦੇ ਗੀਤ ਪੁਰਾਣੇ,
ਅਖੀਆਂ ਅਗੋਂ ਹਟਦੇ ਜਾਂਦੇ,
ਘੜੇ ਸੁਨਹਿਰੀ ਖਾਬ,
ਰਬਾਬੀ! ਧਰ ਦੇ ਹੇਠ ਰਬਾਬ।
੪.ਇਸ ਰਬਾਬ ਨੂੰ ਤੀਲੀ ਲਾ ਦੇ,
ਲਭਦਾ ਈ ਤਾਂ ਕੋਈ ਹੋਰ ਲਿਆ ਦੇ,
ਨਵੀਆਂ ਤਰਜ਼ਾਂ, ਗੀਤ ਅਨੋਖੇ,
ਨਗ਼ਮਿਆਂ ਭਰੀ ਕਿਤਾਬ,
ਰਬਾਬੀ! ਧਰ ਦੇ ਹੇਠ ਰਬਾਬ।