ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)
51184ਨਵਾਂ ਜਹਾਨ — ਬੇੜੀ1945ਧਨੀ ਰਾਮ ਚਾਤ੍ਰਿਕ

ਬੇੜੀ.

ਸ਼ਹੁ ਵਿਚ ਇਕ ਬੇੜੀ ਚੱਲੇ।
ਨ ਚੱਪੂ, ਨ ਵੰਝ, ਮੁਹਾਣਾ,
ਡਗਮਗ ਡੋਲਣ ਪੱਲੇ,
ਸ਼ਹੁ ਵਿਚ ਇਕ ਬੇੜੀ ਚੱਲੇ।
੧.ਕਾਲੀ ਰਾਤ, ਹਨੇਰੀ ਵੱਗੇ,
ਕੁਝ ਨ ਸੁੱਝੇ ਪਿੱਛੇ, ਅੱਗੇ,
ਕਾਂਗ ਉਥੱਲ, ਪਥੱਲੇ,
ਸ਼ਹੁ ਵਿਚ ਇਕ ਬੇੜੀ ਚੱਲੇ।
੨.ਨਜ਼ਰ ਨ ਆਵੇ ਕੋਈ ਕਿਨਾਰਾ,
ਨਾ ਕੋਈ ਚਮਕੇ ਨੂਰ-ਮੁਨਾਰਾ,
ਸਾਥੀ ਨਾਲ ਨਾ ਰੱਲੇ।
ਸ਼ਹੁ ਵਿਚ ਇਕ ਬੇੜੀ ਚੱਲੇ।
੩.ਹਲਕੀ ਜਿਹੀ ਕਿਰਨ ਜੇ ਮਿਲਦੀ,
ਰਾਹ ਪੈ ਜਾਂਦੀ ਠਿਲ੍ਹਦੀ ਠਿਲ੍ਹਦੀ,
ਕੰਢਾ ਹੈ ਕਿਤ ਵੱਲੇ।
ਸ਼ਹੁ ਵਿਚ ਇਕ ਬੇੜੀ ਚੱਲੇ।
੪.ਥਰ ਥਰ ਕੰਬੇ, ਰੁੜ੍ਹ ਨਾ ਜਾਵਾਂ,
ਕੂਕੇ ਕਰ ਕਰ ਲੰਮੀਆਂ ਬਾਹਵਾਂ,
ਕੋਈ ਡੁਬਦੀ ਨੂੰ ਝੱਲੇ।
ਸ਼ਹੁ ਵਿਚ ਇਕ ਬੇੜੀ ਚੱਲੇ।