ਨਵਾਂ ਜਹਾਨ/ਪੰਛੀ-ਆਲ੍ਹਣਾ
ਪੰਛੀ-ਆਲ੍ਹਣਾ.
੧.ਨੀਂਦਰ ਉਸ਼ਾ ਦੀ ਉੱਖੜੀ,
ਚਾਨਣ ਦਾ ਬੂਹਾ ਖੁਲ੍ਹ ਗਿਆ।
ਸੂਰਜ ਨੇ ਮੇਰੇ ਆਲ੍ਹਣੇ ਵਿਚ,
ਪੈਰ ਆ ਕੇ ਰੱਖਿਆ।
ਉਸ ਰੱਖਿਆ, ਮੈਂ ਚੁੱਕਿਆ,
ਸਾਥੀ ਨਾ ਕੋਈ ਉਡੀਕਿਆ।
ਬਸ ਖੰਭ ਖੁਲ੍ਹੇ ਕਰ ਲਏ,
ਤੇ ਆਲ੍ਹਣੇ ਤੋਂ ਚਲ ਪਿਆ।
੨.ਖੁਲ੍ਹੀ ਹਵਾ ਵਿਚ ਪੇਲਦਾ,
ਧਰਤੀ ਤੇ ਚੋਗਾ ਭਾਲਦਾ।
ਖੇਤਾਂ ਦੇ ਸਿੱਟੇ ਭੋਰਦਾ,
ਰੁੱਖਾਂ ਦੇ ਮੇਵੇ ਚੱਖਦਾ।
ਚੇਤਾ ਨਹੀਂ ਦਿਨ ਭਰ ਦੇ ਵਿਚ,
ਕਿੰਨੀਆਂ ਕੁ ਮੌਜਾਂ ਮਾਣੀਆਂ।
ਤਕ ਤਕ ਉੱਚੀਆਂ ਨੀਵੀਆਂ,
ਕਿਸ ਨਾਲ ਪ੍ਰੀਤਾਂ ਪਾਈਆਂ।
ਕੁਝ ਪਾਲੀਆਂ, ਕੁਝ ਤੋੜੀਆਂ,
ਓੜਕ ਦਿਹਾੜਾ ਬੀਤਿਆ।
੩.ਹੁਣ ਸੰਝ ਸਿਰ ਤੇ ਆ ਗਈ,
ਚੋਖਾ ਹਨੇਰਾ ਪੈ ਗਿਆ।
ਸਾਥੀ ਨਾ ਕੋਈ ਜਾਪਦਾ,
ਅਗੇ ਕੋਈ, ਪਿੱਛੇ ਕੋਈ।
ਕੁਝ ਜਾ ਚੁਕੇ,
ਕੁਝ ਜਾ ਰਹੇ।
ਇਕ ਮੈਂ ਇਕੱਲਾ ਰਹਿ ਗਿਆ।
੪.ਖਤਰਾ ਕੀ ਹੈ?
ਕੱਲਾ ਸਹੀ।
ਆਇਆ ਭੀ ਤਾਂ,
ਕੱਲਾ ਹੀ ਸਾਂ।
ਹਰ ਰੋਜ਼ ਆਉਂਦੇ ਜਾਂਦਿਆਂ,
ਮਿਣ ਛੱਡਿਆ ਹੈ ਰਾਹ ਮੈਂ।
ਡੂੰਘੇ ਹਨੇਰੇ ਵਿੱਚ ਭੀ,
ਭੁਲਦਾ ਨਹੀਂ ਮੈਂ ਆਲ੍ਹਣਾ।
ਉੱਡਾਂਗਾ ਅੱਖਾਂ ਮੀਟ ਕੇ,
ਤਦ ਭੀ ਮੇਰਾ ਘਰ ਆਪਣਾ,
ਪੈਰਾਂ ਤਲੇ ਆ ਜਾਇਗਾ।