ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)
51114ਨਵਾਂ ਜਹਾਨ — ਨਵੀਆਂ ਲੀਹਾਂ1945ਧਨੀ ਰਾਮ ਚਾਤ੍ਰਿਕ

ਨਵੀਆਂ ਲੀਹਾਂ

ਉਠ ਸੁੱਤੀਆਂ ਰੂਹਾਂ ਜਗਾ ਸਜਣਾ।
ਇਕ ਨਵਾਂ ਜਹਾਨ ਵਸਾ ਸਜਣਾ।

——ਸੁਟ ਪਰੇ ਪੁਰਾਣੀਆਂ ਲੀਰਾਂ ਨੂੰ,
ਨਕਲੀ ਖਿਚੀਆਂ ਤਸਵੀਰਾਂ ਨੂੰ,
ਢਾਹ ਮਸਤਕ ਦੀਆਂ ਲਕੀਰਾਂ ਨੂੰ,
ਤਕਦੀਰਾਂ ਨੂੰ ਪਲਟਾ ਸਜਣਾ।
ਉਠ ਸੁੱਤੀਆਂ......

——ਤੂੰ ਸੁਰਗ ਦੀ ਸੋ ਤੇ ਫੁਲ ਗਿਆ ਏਂ,
ਪਰ ਅਪਣਾ ਆਸਣ ਭੁਲ ਗਿਆ ਏਂ,
ਵਹਿਮਾਂ ਵਿਚ ਫਸਿਆ ਰੁਲ ਗਿਆ ਏਂ,
ਅਸਲੀਅਤ ਨੂੰ ਅਜ਼ਮਾ ਸਜਣਾ।
ਉਠ ਸੁੱਤੀਆਂ......

——ਤੈਨੂੰ ਮਤਲਬੀਏ ਚਮਕਾ ਰਹੇ ਨੇਂ,
ਭਾਈਆਂ ਤੋਂ ਪਾੜੀ ਜਾ ਰਹੇ ਨੇਂ,
ਨਫਰਤ ਦਾ ਜਾਲ ਵਿਛਾ ਰਹੇ ਨੇਂ,
ਬਚ ਬਚ ਕੇ ਪੈਰ ਟਿਕਾ ਸਜਣਾ।
ਉਠ ਸੁੱਤੀਆਂ ਰੂਹਾਂ......
ਇਕ ਨਵਾਂ ਜਹਾਨ......