ਨਵਾਂ ਜਹਾਨ/ਤੇਰੀ ਗਦ ਵਿਚ ਬਾਲ ਅਞਾਣਾ

ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)

ਤੇਰੀ ਗੋਦ ਵਿਚ ਬਾਲ ਅਞਾਣਾ

੧.ਅੰਬ ਦੀਆਂ ਫਾੜੀਆਂ, ਨੈਣ ਮਮੋਲੇ,
ਹਸੂੰ ਹੱਸੂੰ ਕਰਨ ਬਲੌਰੀ ਗੋਲੇ।
ਹਿੱਕ ਨਾਲ ਲਾ ਲਾ, ਕਰਨੀ ਏਂ ਛੀ ਛੀ,
ਰੱਜਨੀ ਏਂ ਬੁੱਲੀਆਂ ਦਾ ਰਸ ਪੀ ਪੀ।

ਭੁੱਲ ਗਿਆ ਸੌਣਾ ਖਾਣਾ,
ਤੇਰੀ ਗੋਦ ਵਿਚ ਬਾਲ ਅਞਾਣਾ।

——————————

੨.ਵੇਖਨੀ ਏਂ ਵਿੰਗੀ ਵਰਾਛ ਜਦੋਂ ਲਾਲ ਦੀ,

ਮੱਥੇ ਉੱਤੇ ਧੁੰਮੇ ਤੇਰੇ, ਲਾਲੀ ਕਮਾਲ ਦੀ।
ਹੱਸਦੇ ਨੂੰ ਤੱਕ ਤੱਕ, ਖੀਵੀ ਹੁੰਦੀ ਜਾਨੀ ਏਂ,
ਸੈਨਤਾਂ ਦੇ ਨਾਲ ਪਈ ਪੀਆ ਨੂੰ ਤਕਾਨੀ ਏਂ।

ਤਣਨੀ ਏਂ ਤੰਦਣ ਤਾਣਾ,
ਤੇਰੀ ਗੋਦ ਵਿਚ ਬਾਲ ਅਞਾਣਾ।

——————————

੩.ਪਿਆਰ ਦੀ ਦੁਨੀਆਂ ਤੂੰਹੇਂ ਵਸਾਈ,
ਸ਼ਹੁ ਦੀ ਸੂਰਤ ਪੁਤ ਵਿਚ ਆਈ।
ਰੱਬ ਨੇ ਸੁੱਤਾ ਪ੍ਰੇਮ ਜਗਾਇਆ,
ਸਾਂਝੀਆਂ ਸੱਧਰਾਂ, ਬੂਟਾ ਲਾਇਆ।

ਰਲ ਮਿਲ ਪਾਣੀ ਪਾਣਾ।
ਤੇਰੀ ਗੋਦ ਵਿਚ ਬਾਲ ਅਞਾਣਾ।

——————————

੪.ਤੂੰ ਤੇ ਸ਼ਹੁ ਰਲ ਇਕ ਮਿਕ ਹੋ ਗਏ,

ਮਕਸਦ ਪੂਰਾ ਕਰਨ ਖਲੋ ਗਏ।
ਸੁਹਣੇ ਜੱਗ ਦੇ ਸੁਹਜ ਵਧਾਣੇ,
ਬੂਟੇ ਲਾ ਲਾ ਫੁੱਲ ਖਿੜਾਣੇ।

ਕੱਠਿਆਂ ਤੁਰਿਆਂ ਜਾਣਾ,
ਤੇਰੀ ਗੋਦ ਵਿਚ ਬਾਲ ਅਞਾਣਾ।

——————————