ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)

ਤੇਰੀ ਉਡੀਕ.

ਮਾਹੀਆ! ਤੇਰੀ ਉਡੀਕ,
ਕਰੀਂ ਚਲਾਂ ਕਦ ਤੀਕ?

੧.ਤੜਕਾ ਹੋਇਆ,
ਲਾਲੀ ਹੱਸੀ।
ਪੰਛੀ ਚਹਿਕੇ,
ਦੁਨੀਆਂ ਵੱਸੀ।
ਦਿਲ ਧੜਕੰਦਾ-ਮੁਠ ਵਿਚ ਫੜ ਕੇ,
ਰਾਹ ਮੈਂ ਤੱਕਿਆ, ਕੋਠੇ ਚੜ੍ਹ ਕੇ।
ਆ ਜਾਏਂ ਕਿਤੇ ਨਜੀਕ।
ਮਾਹੀਆ! ਤੇਰੀ ਉਡੀਕ, ਕਰੀਂ ਚਲਾਂ ਕਦ...
੨.ਚੜ੍ਹੀ ਦੁਪਹਿਰ,
ਮੈਂ ਰਿੱਧਾ ਪੱਕਾ,
ਥਾਲ ਪਰੋਸਿਆ,
ਫੜ ਲਿਆ ਪੱਖਾ।
ਵਿੱਚ ਬਰੂਹਾਂ-ਨਿਗਾਹ ਜਮਾਈ,
ਕੁੰਡਾ ਖੜਕੇ, ਖੰਘੇ ਮਾਹੀ।
ਅੰਦਰ ਲਵਾਂ ਧਰੀਕ।
ਮਾਹੀਆ! ਤੇਰੀ ਉਡੀਕ, ਕਰੀਂ ਚਲਾਂ ਕਦ....
੩.ਸੰਝਾਂ ਪਈਆਂ,
ਦੀਵੇ ਜਗ ਪਏ।

ਘਰੋ ਘਰੀ ਵਲ ਪੰਛੀ ਵਗ ਪਏ।
ਸੌਂਦੀ ਜਾਏ ਦੁਨੀਆਂ ਸਾਰੀ,
ਮੇਰੇ ਅੰਦਰ ਫਿਰੇ ਕਟਾਰੀ।
ਮੁੜ ਨਾ ਜਾਏ ਰਫੀਕ।
ਮਾਹੀਆ! ਤੇਰੀ ਉਡੀਕ, ਕਰੀਂ ਚਲਾਂ ਕਦ....

੪.ਭਿੰਨੀ ਰਾਤ,
ਖਿੜੀ ਫੁਲਵਾੜੀ,
ਮੈਂ ਰੋ ਰੋ ਕੇ ਭਿਉਂ ਲਈ ਸਾੜ੍ਹੀ।
ਘੜੀਆਂ ਗਿਣੀਆਂ,
ਪਹਿਰ ਗੁਜ਼ਾਰੇ।
ਅਖੀਆਂ ਵਿਚ ਦੀ-ਲੰਘੇ ਤਾਰੇ।
ਮੋਟੇ ਅਤੇ ਬਰੀਕ।
ਮਾਹੀਆ! ਤੇਰੀ ਉਡੀਕ, ਕਰੀਂ ਚਲਾਂ ਕਦ....

੫.ਤੇਰੇ ਵਸ ਵਿਚ ਸਭ ਕੁਝ ਮੇਰਾ,
ਤੂੰ ਤ੍ਰੱਠੇਂ ਤਾਂ ਵੱਸੇ ਖੇੜਾ।
ਤਾਂਘਾਂ ਤੜਫਣ, ਵਾਹ ਨਾ ਚੱਲੇ,
ਗੋਰਖਧੰਦਾ ਪੈ ਗਿਆ ਪੱਲੇ।
ਗ਼ਲਤ ਬਣਾ ਜਾਂ ਠੀਕ।
ਮਾਹੀਆ! ਤੇਰੀ ਉਡੀਕ,
ਕਰੀਂ ਚਲਾਂ ਕਦ ਤੀਕ?

————————