ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)
51127ਨਵਾਂ ਜਹਾਨ — ਤੇਰਾ ਹੁਕਮ1945ਧਨੀ ਰਾਮ ਚਾਤ੍ਰਿਕ

ਤੇਰਾ ਹੁਕਮ

ਤੁੱਧੇ ਘੱਲੀ (ਅਤੇ) ਤੁੱਧੇ ਸੱਦੀ,
ਮੈਂ ਠਿਲ੍ਹ ਪਈ ਜਿਗਰਾ ਕਰਕੇ।
ਐਥੋਂ ਤਕ ਤਾਂ ਅੱਪੜ ਪਈ ਆਂ,
ਹੌਲੀ ਹੌਲੀ ਤਰ ਕੇ।
ਹਾਂਭ ਮੇਰੀ ਹੁਣ ਟੁਟਦੀ ਜਾਵੇ,
(ਅਤੇ) ਕੰਢਾ ਬੜਾ ਦੁਰਾਡਾ।
ਜਾਂ ਘਲ ਦੇ ਕੋਈ ਤੁਲ੍ਹਾ ਮੁਹਾਣਾ
(ਜਾਂ) ਚੁਕ ਲੈ ਬਾਹੋਂ ਫੜ ਕੇ।

——————————

ਤੈਥੋਂ ਵਿੱਛੁੜ, ਐਸੀ ਘੁੱਥੀ,

ਮੈਂ ਗਾਹਿਆ ਚੱਕ ਚੁਗਿਰਦਾ,
ਏਹੋ ਬੂਹਾ (ਮਤੇ) ਤੇਰਾ ਈ ਹੋਵੇ,
(ਮੈਂ) ਦਰ ਤਕਿਆ ਧਿਰ ਧਿਰ ਦਾ।
ਐਡੀ ਸਾਰੀ ਨਗਰੀ ਦੇ ਵਿਚ,
(ਮੈਨੂੰ) ਤੁਧ ਬਿਨ ਕੌਣ ਪਛਾਣੇ ?
ਖੋਲ ਬੂਹਾ, ਮੇਰੀ ਭਰ ਦੇ ਝੋਲੀ
ਸਦਕਾ ਅਪਣੇ ਸਿਰ ਦਾ।