ਨਵਾਂ ਜਹਾਨ/ਖੁਲੇ ਦਰਵਾਜ਼ੇ

ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)
51187ਨਵਾਂ ਜਹਾਨ — ਖੁਲੇ ਦਰਵਾਜ਼ੇ1945ਧਨੀ ਰਾਮ ਚਾਤ੍ਰਿਕ

ਖੁਲੇ ਦਰਵਾਜ਼ੇ.

ਗ਼ਜ਼ਲ।

ਪੁਰਾਣਾ ਭੇਦ ਜ਼ਾਹਰ ਹੋ ਚੁਕਾ ਹੈ,

ਉਠ, ਦਲੇਰੀ ਕਰ।


ਤੇਰੇ ਖੜਕਾਣ ਦੀ ਹੈ ਲੋੜ,

ਖੁਲ ਜਾਣਾ ਹੈ ਆਪੇ ਦਰ।


ਤੁਰੀ ਹੋਈ ਰੌਸ਼ਨੀ ਦੀ ਰੌ,

ਤੇਰੇ ਤਕ ਆਣ ਪਹੁੰਚੀ ਹੈ,


ਹਨੇਰਾ ਦੂਰ ਕਰ ਸਾਰਾ,

ਪੁਚਾ ਕੇ ਚਾਨਣਾ ਘਰ ਘਰ।


ਖਜ਼ਾਨਾ ਗਿਆਨ ਦਾ ਭਰਿਆ-

ਪਿਆ ਹੈ ਚੱਪੇ ਚੱਪੇ ਤੇ,


ਤਲਿੱਸਮ ਤੋੜ ਕੇ, ਕਢ ਦੇ,

ਖਿਆਲੀ ਭੂਤਨੇ ਦਾ ਡਰ।


ਤੇਰੇ ਤੇ ਰੱਬ ਦੇ ਵਿਚਕਾਰ,

ਪਰਦਾ ਸੀ ਨ ਹੈ ਉਹਲਾ,


ਤੁਸੀਂ ਦੋਵੇਂ ਤਮਾਸ਼ਾਗਰ,
ਤੇ ਦੁਨੀਆਂ ਇਕ ਤਮਾਸ਼ਾ ਘਰ।

ਸਚਾਈ ਨੇ ਸਚਾਈ ਅੰਤ

ਜ਼ਾਹਰ ਹੋ ਕੇ ਰਹਿਣਾ ਹੈ,


ਤਣੇ ਹੋਏ ਜਾਲ ਤੋੜੀ ਗਲ,

ਮੁਹਿਮ ਭਰਮਾਂ ਦੀ ਕਰ ਲੈ ਸਰ।


ਜੇ ਹਿੰਮਤ ਹੈ ਤਾਂ ਘੜ ਤਕਦੀਰ,

ਅਪਣੀ ਆਪਣੇ ਹੱਥੀਂ,


ਪਰਾਈ ਨਾਉ ਤੇ ਨ ਤਰ,

ਨ ਲੈ ਕਿਧਰੋਂ ਉਧਾਰੇ ਪਰ।


ਹਰਿਕ ਗੇੜਾ ਲਿਆਂਦਾ ਹੈ,

ਨਵੀਂ ਦੁਨੀਆਂ, ਨਵਾਂ ਨਕਸ਼ਾ,


ਜ਼ਮਾਨੇ ਨਾਲ ਤੁਰਿਆ ਚਲ,
ਤੇ ਡਰ ਡਰ ਕੇ ਨ ਹਰ ਹਰ ਕਰ।

————————