ਨਵਾਂ ਜਹਾਨ/ਕਿੱਸੇ ਅਲਫ ਲੇਲਾ ਵਾਲੇ

ਨਵਾਂ ਜਹਾਨ  (1945)  ਧਨੀ ਰਾਮ ਚਾਤ੍ਰਿਕ
ਕਿੱਸੇ ਅਲਫ ਲੇਲਾ ਵਾਲੇ
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)

ਕਿੱਸੇ ਅਲਫ ਲੇਲਾ ਵਾਲੇ.

੧.ਬੜੇ ਚਿਰਾਂ ਤੋਂ ਪਟੀਆਂ ਪੜ੍ਹਾਂਦਾ ਰਿਹੋਂ ਤੂੰ,
ਸੁਅਰਗਾਂ ਦੇ ਸੁਪਨੇ ਵਿਖਾਂਦਾ ਰਿਹੋਂ ਤੂੰ,
ਕਹਾਣੀ ਸੁਆਦੀ ਬਣਾਂਦਾ ਰਿਹੋਂ ਤੂੰ,
ਲਗਾਂਦਾ ਰਿਹੋਂ ਖੂਬ ਮਿਰਚਾਂ ਮਸਾਲੇ,
ਮੁਕਾ ਹੁਣ ਤੇ ਕਿੱਸੇ ਅਲਫ ਲੇਲਾ ਵਾਲੇ।
੨.ਕਰਾਮਾਤ ਹਰ ਗਲ ਦੇ ਵਿਚ ਤੂੰ ਫਸਾਈ,
ਮੇਰੀ ਜਾਨ ਖਾ ਗਈ ਤੇਰੀ ਪੰਡਿਤਾਈ,
ਹੜਪ ਕਰ ਗਿਓਂ ਮੇਰੀ ਸਾਰੀ ਕਮਾਈ,
ਨ ਸਮਝੇ ਮੈਂ ਸ਼ਤਰੰਜ ਤੇਰੀ ਦੇ ਚਾਲੇ,
ਮੁਕਾ ਹੁਣ ਤੇ ਕਿੱਸੇ ਅਲਫ ਲੇਲਾ ਵਾਲੇ।
੩.ਤੂੰ ਦਿਉਤੇ ਘੜੇ, ਦੇਵੀਆਂ ਭੀ ਬਣਾਈਆਂ,
ਮੁਰਾਦਾਂ ਮੰਗਾਈਆਂ ਤੇ ਸੁਖਣਾ ਸੁਖਾਈਆਂ,
ਤੇ ਨੱਕ ਨਾਲ ਸੌ ਸੌ ਲਕੀਰਾਂ ਕਢਾਈਆਂ,
ਕਰਾਏ ਕਈ ਮੈਤੋਂ ਕਜੀਏ ਕਸਾਲੇ,
ਮੁਕਾ ਹੁਣ ਤੇ ਕਿੱਸੇ ਅਲਫ ਲੇਲਾ ਵਾਲੇ।
੪.ਗੁਲਾਮੀ ਦੇ ਸੰਗਲ ਬੜੇ ਤੂੰ ਬਣਾਏ,
ਸਚਾਈ ਲੁਕਾਈ, ਡਰਾਵੇ ਵਧਾਏ,
ਅਜ਼ਾਦੀ ਮੇਰੀ ਤੇ ਕਈ ਭਾਰ ਪਾਏ,
ਬੜੇ ਜਾਲ ਤਾਣੇ ਤੂੰ ਮੇਰੇ ਦੁਆਲੇ,
ਮੁਕਾ ਹੁਣ ਤੇ ਕਿੱਸੇ ਅਲਫ ਲੇਲਾ ਵਾਲੇ।

੫.ਅਞਾਣਾ ਜਦੋਂ ਸਾਂ, ਰਿਹਾ ਪਰਚ ਜਾਂਦਾ,
ਖਿਡੌਣੇ ਤੇਰੇ ਨੂੰ ਰਿਹਾ ਸਿਰ ਝੁਕਾਂਦਾ,
ਮੈਂ ਤੰਗ ਆ ਗਿਆ ਹੁਣ ਤੇ ਮੱਥੇ ਘਸਾਂਦਾ,
ਨਹੀਂ ਜਾਂਦੇ ਐਨੇ ਸਿਆਪੇ ਸੰਭਾਲੇ,
ਮੁਕਾ ਹੁਣ ਤੇ ਕਿੱਸੇ ਅਲਫ ਲੇਲਾ ਵਾਲੇ।

੬.ਜ਼ਮਾਨੇ ਨੇ ਕਰ ਲਈ ਏ ਦੁਨੀਆਂ ਸਿਆਣੀ,
ਗਲੋਂ ਲਹਿ ਗਈ ਉਹ ਬਿਮਾਰੀ ਪੁਰਾਣੀ,
ਉਹ ਪਿਛਲੀ ਜਹਾਲਤ ਨਾ ਜਾਏ ਪਛਾਣੀ,
ਨਵੀਂ ਰੋਸ਼ਨੀ ਨੇ ਨਵੇਂ ਦਿਨ ਵਿਖਾਲੇ,
ਮੁਕਾ ਹੁਣ ਤੇ ਕਿੱਸੇ ਅਲਫ ਲੇਲਾ ਵਾਲੇ।

੭.ਹੈ ਸਾਇਨਸ ਨੇ ਗਿਆਨ ਕੀਤਾ ਸੁਖਾਲਾ,
ਸਚਾਈ ਨੇ ਕਰ ਦਿੱਤਾ ਘਰ ਘਰ ਉਜਾਲਾ,
ਨ ਸੁਰਗਾਂ ਦਾ ਲਾਲਚ, ਨ ਨਰਕਾਂ ਦਾ ਪਾਲਾ,
ਹੋਏ ਦੂਰ ਵਹਿਮਾਂ ਤੇ ਭਰਮਾਂ ਦੇ ਜਾਲੇ,
ਮੁਕਾ ਹੁਣ ਤੇ ਕਿੱਸੇ ਅਲਫ ਲੇਲਾ ਵਾਲੇ।

੮.ਤੂੰ ਰਬ ਅੱਗੇ ਮੇਰੀਆਂ ਸ਼ਕੈਤਾਂ ਲਗਾ ਲੈ,
ਮੇਰੇ ਮਗਰ ਕੁੱਤੇ ਦੁੜਾ ਕੇ ਡਰਾ ਲੈ,
ਬਗਾਵਤ ਬਣਾ ਲੈ, ਯਾ ਕਾਫਰ ਧੁਮਾ ਲੈ,
ਤੂੰ ਕਰ ਛੋੜ ਮੈਨੂੰ, ਖੁਦਾ ਦੇ ਹਵਾਲੇ,
ਮੁਕਾ ਹੁਣ ਤੇ ਕਿੱਸੇ ਅਲਫ ਲੇਲਾ ਵਾਲੇ।

————————